ਯਾਦ ਸਹਾਰੇ...ਮੁਹੱਬਤ ਦੇ ਦਿਤੇ ਫੱਟਾਂ ਨੂੰ

ਏਜੰਸੀ

ਵਿਚਾਰ, ਕਵਿਤਾਵਾਂ

    ਅਸੀਂ ਹੰਝੂਆਂ ਦੇ ਸੰਗ ਕਿੰਝ ਭਰੀਏ।

File Photo

ਮੁਹੱਬਤ ਦੇ ਦਿਤੇ ਫੱਟਾਂ ਨੂੰ,
    ਅਸੀਂ ਹੰਝੂਆਂ ਦੇ ਸੰਗ ਕਿੰਝ ਭਰੀਏ।

ਤੇਰੀ ਯਾਦ ਸਹਾਰੇ ਜਿਉਂਦੇ ਹਾਂ,
    ਇਹ ਨਾ ਆਵੇ ਦਸ ਕੀ ਕਰੀਏ?

ਤੂੰ ਤਾਂ ਸੀ ਰਿਸ਼ਤਾ ਤੋੜ ਲਿਆ,
    ਤੇਰੀ ਯਾਦ ਨੇ ਰਿਸ਼ਤਾ ਤੋੜਿਆ ਨਾ।

ਅਸੀਂ ਲੱਖ ਕਿਹਾ ਭਾਵੇਂ ਮੁੜਨੇ ਨੂੰ,
    ਉਹਨੇ ਸਾਡੇ ਤੋਂ ਮੁੱਖ ਮੋੜਿਆ ਨਾ।

ਟੁੱਟੇ ਦਿਲ ਨੂੰ ਜੋੜਿਆ ਨਾ।
    ਇਸ ਨੂੰ ਵੀ ਆਦਤ ਜਿੱਤਣ ਦੀ,

ਅਸੀਂ ਜਿੱਤ ਕੇ ਬਾਜ਼ੀ ਤਾਂ ਹਾਰੀਏ।
    ਤੇਰੀ ਯਾਦ ਸਹਾਰੇ ਜਿਉਂਦੇ ਹਾਂ

ਖ਼ਬਰੇ ਬੇ-ਦਰਦ ਜ਼ਮਾਨੇ ਨੂੰ,
    ਸਾਡੀ ਲੱਗੀ ਤੋਂ ਸਾੜਾ ਕਿਉਂ ਹੋਇਆ?

ਅਸੀਂ ਕਿਸੇ ਦਾ ਮਾੜਾ ਸੋਚਿਆ ਨਾ,
    ਸਾਡੇ ਨਾਲ ਇਹ ਮਾੜਾ ਕਿਉਂ ਹੋਇਆ?

ਵੱਖ ਹਾੜਾ ਕਿਉਂ ਹੋਇਆ?
    ਤੂੰ ਤਾਂ ਕਹਿ ਮਜਬੂਰੀ ਛਡਿਆ, 

ਅਸੀਂ ਪੀੜ ਬਿਰਹਾ ਦੀ ਕਿੰਝ ਜਰੀਏ।
ਤੇਰੀ ਯਾਦ ਸਹਾਰੇ ਜਿਉਂਦੇ ਹਾਂ....
    

ਹਰ ਪੀੜ ਪਰਾਈ ਵੀ ਤਾਂ ਹੁਣ, 
ਮੈਨੂੰ ਅਪਣੀ ਜਿਹੀ ਹੀ ਲਗਦੀ ਏ।
    

ਨਿਤ ਰਾਤਾਂ ਨੂੰ ਜਾਗਾਂ ਕੱਟਦਾ, 
ਨੀਂਦ ਵੀ ਖ਼ੁਆਬਾਂ ਨੂੰ ਠਗਦੀ ਏ।
    ਅੱਖ ਵਗਦੀ ਏ।

ਸਮਝ ਰਤਾ ਨਾ ਆਉਂਦੀ ਆ,
    ਇਹ ਦਰਦ ਦਾ ਦਰਿਆ ਕਿੰਝ ਤਰੀਏ।
ਤੇਰੀ ਯਾਦ ਸਹਾਰੇ ਜਿਉਂਦੇ ਹਾਂ....
    ਤੇਰੇ ’ਤੇ ਸ਼ਿਕਵਾ ਕੀ ਕਰਨਾ, 

ਅਸੀਂ ਸਮਝ ਲਿਆ ਖੇਲ ਤਕਦੀਰਾਂ ਦਾ।
    ਇਕ ਪਲ ਦਾ ਭਰੋਸਾ ਨਾ ਹੁੰਦਾ,
ਬਿਨ ਰੂਹ ਦੇ ਸੱਜਣ ਸਰੀਰਾਂ ਦਾ।
    ਟੁੱਟੇ ਦਿਲਗੀਰਾਂ ਦਾ।

ਗਿੱਲ ਸ਼ੀਸ਼ੇ ਅੱਗੇ ਖੜ ਪੁਛਦਾ,
    ਅਸੀਂ ਤੜਫ-ਤੜਫ ਕੇ ਕਿਉਂ ਮਰੀਏ।
ਤੇਰੀ ਯਾਦ ਸਹਾਰੇ ਜਿਉਂਦੇ ਹਾਂ,
    ਇਹ ਨਾ ਆਵੇ ਦਸ ਕੀ ਕਰੀਏ?
-ਜਸਵੰਤ ਗਿੱਲ ਸਮਾਲਸਰ, 97804-51878