file photo
ਦੁਆ ਪੰਜਾਬੀ ਨੂੰ
ਬੁੱਲ੍ਹਾ, ਵਾਰਸ ਬਣ ਕੇ ਤੂੰ ਰੁਸ਼ਨਾ ਪੰਜਾਬੀ ਨੂੰ,
ਮਾਂ ਬੋਲੀ ਹੈ ਮਾਂ ਦੇ ਵਾਂਗਰ ਚਾਹ ਪੰਜਾਬੀ ਨੂੰ।
ਸੂਬੇ ਰਾਣੀ ਸੋਹਣੀ ਬੋਲੀ ਮਾਣ ਅਸਾਂ ਦਾ ਇਹ,
ਲਿਖ ਕੇ ਕਵਿਤਾ, ਗੀਤ, ਗ਼ਜ਼ਲ ਤੂੰ ਗਾ ਪੰਜਾਬੀ ਨੂੰ।
ਏ,ਬੀ, ਸੀ ਵੀ ਵਕਤ ਮੁਤਾਬਕ ਬਹੁਤ ਜ਼ਰੂਰੀ ਹੈ,
ਦਿਲ ਦੇ ਵਿਚੋਂ ਨਾ ਪਰ ਤੂੰ ਵਿਸਰਾ ਪੰਜਾਬੀ ਨੂੰ।
ਮਾਂ ਬੋਲੀ ਦੇ ਵਿਚ ਪਰੋਸਣ ਜਿਹੜੇ ਐਬਾਂ ਨੂੰ,
ਮਾਂ ਬੋਲੀ ਦੇ ਦੁਸ਼ਮਣ ਲਾਉਂਦੇ ਢਾਹ ਪੰਜਾਬੀ ਨੂੰ।
ਅੱਖਰ ਅੱਖਰ ਫੁੱਲਾਂ ਵਾਂਗਰ ਮਹਿਕ ਖਿਡਾਉਂਦੇ ਨੇ,
ਅੱਖਰ ਦਰ ਅੱਖਰ ਤੂੰ ਯਾਰ ਸਜਾ ਪੰਜਾਬੀ ਨੂੰ।
ਬਣ ਜਾ ਆਸ਼ਕ ਕਿ ਜ਼ਮਾਨਾ ਦੇਖੇ ਇਸ਼ਕ ਤੇਰਾ,
ਇਸ਼ਕ, ਇਬਾਦਤ ਤੇ ਮਹਿਬੂਬ ਬਣਾ ਪੰਜਾਬੀ ਨੂੰ।
ਸੂਰਜ ਬਣ ਕੇ ਚਮਕੇ ਅਦਬਾਂ ਵਾਲੇ ਅੰਬਰ ’ਤੇ,
ਮੇਰੇ ਦਿਲ ਦੀ ਇਹ ‘ਗੁਰਮੀਤ’ ਦੁਆ ਪੰਜਾਬੀ ਨੂੰ।
ਬੁੱਲ੍ਹਾ, ਵਾਰਸ ਬਣ ਕੇ ਤੂੰ ਰੁਸ਼ਨਾ ਪੰਜਾਬੀ ਨੂੰ,
ਮਾਂ ਬੋਲੀ ਹੈ ਮਾਂ ਦੇ ਵਾਂਗਰ ਚਾਹ ਪੰਜਾਬੀ ਨੂੰ।
-ਗੁਰਮੀਤ ਸਿੰਘ, ਪਠਾਨਕੋਟ।