ਵਿਦਿਆ ਬੋਲੀਆਂ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਬਾਰ੍ਹੀਂ ਬਰਸੀਂ ਖਟਣ ਗਿਆ ਸੀ, ਖੱਟ ਕੇ ਲਿਆਇਆ ਟਾਈ...........

Students During Study

ਬਾਰ੍ਹੀਂ ਬਰਸੀਂ ਖਟਣ ਗਿਆ ਸੀ,
ਖੱਟ ਕੇ ਲਿਆਇਆ ਟਾਈ,
ਵਰਦੀ, ਬਸਤਿਆਂ ਤੇ ਸਰੀਰ ਦੀ ਰੱਖੋ ਸਫ਼ਾਈ।

ਬਾਰੀਂ ਬਰਸੀਂ ਖਟਣ ਗਿਆ ਸੀ, 
ਖੱਟ ਕੇ ਲਿਆਂਦੀਆਂ ਫ਼ਾਈਲਾਂ,
ਪੜ੍ਹੋ ਕਿਤਾਬਾਂ ਨੂੰ ਵੇਖਣਾ ਛੱਡੋ ਮੋਬਾਈਲਾਂ।

ਬਾਰ੍ਹੀਂਂ ਬਰਸੀਂ ਖਟਣ ਗਿਆ ਸੀ,
ਖੱਟ ਕੇ ਲਿਆਂਦੇ ਪਾਈਏ,
ਅਪਣੇ ਅਧਿਆਪਕ ਦੇ ਪੈਰੀਂ ਹੱਥ ਲਾਈਏ। 

ਬਾਰ੍ਹੀਂ ਬਰਸੀਂ ਖਟਣ ਗਿਆ ਸੀ,
ਖੱਟ ਕੇ ਲਿਆਂਦੀ ਬੋਰੀ,
ਵਿੱਦਿਆ ਗਹਿਣੇ ਨੂੰ ਕੋਈ ਨਹੀਂ ਕਰਦਾ ਚੋਰੀ। 

ਬਾਰ੍ਹੀਂ ਬਰਸੀਂ ਖਟਣ ਗਿਆ ਸੀ,
ਖੱਟ ਕੇ ਲਿਆਂਦਾ ਛੈਣਾ,
ਅਪਣੇ ਵੱਡਿਆਂ ਦਾ ਸਦਾ ਮੰਨਣਾ ਕਹਿਣਾ। 

ਬਾਰ੍ਹੀਂ  ਬਰਸੀਂ ਖਟਣ ਗਿਆ ਸੀ,
ਖੱਟ ਕੇ ਲਿਆਂਦੀਆਂ ਗਾਈਆਂ,
ਛੱਡ ਸ਼ਰਾਰਤਾਂ ਨੂੰ ਦਿਲ ਲਾ ਕੇ ਕਰੋ ਪੜ੍ਹਾਈਆਂ।

ਬਾਰ੍ਹੀਂ  ਬਰਸੀਂ ਖੱਟਣ ਗਿਆ ਸੀ,
ਖੱਟ ਕੇ ਲਿਆਂਦੇ ਪਤਾਸੇ,
ਸਕੂਲ ਨੂੰ ਜਾਂਦਿਆਂ ਦੇ ਕਿਰਨ ਬੁੱਲਾਂ 'ਚੋਂ ਹਾਸੇ।

ਬਾਰ੍ਹੀਂ ਬਰਸੀਂ ਖੱਟਣ ਗਿਆ ਸੀ,
ਖੱਟ ਕੇ ਲਿਆਂਦੇ ਗਾਉਂਦੇ,
ਜਿਹੜੇ ਪੜ੍ਹਦੇ ਨੇ ਉਹੀ ਰੁਤਬੇ ਪਾਉਂਦੇ। 

ਬਾਰ੍ਹੀਂ ਬਰਸੀਂ ਖੱਟਣ ਗਿਆ ਸੀ,
ਖੱਟ ਕੇ ਲਿਆਂਦੇ ਢਾਈਏ,
ਮਿਲ ਕੇ ਰਿਹਾ ਕਰੋ ਦੋਸਤੀ ਸਦਾ ਵਧਾਈਏ। 

ਬਾਰ੍ਹੀਂ  ਬਰਸੀਂ ਖੱਟਣ ਗਿਆ ਸੀ,
ਖੱਟ ਕੇ ਲਿਆਂਦੇ ਬਾਉ,
ਧਰਤੀ ਮਾਤਾ ਤੇ ਵੱਧ ਤੋਂ ਵੱਧ ਰੁੱਖ ਲਗਾਉ।

ਬਾਰ੍ਹੀਂ ਬਰਸੀਂ ਖਟਣ ਗਿਆ ਸੀ,
ਖੱਟ ਕੇ ਲਿਆਂਦੀ ਤਾਣੀ,
ਫ਼ਾਲਤੂ ਡੋਲ੍ਹੋ ਨਾ ਜੀਵਨ ਸਾਡਾ ਪਾਣੀ।

ਬਾਰ੍ਹੀਂ ਬਰਸੀਂ ਖਟਣ ਗਿਆ ਸੀ,
ਖੱਟ ਕੇ ਲਿਆਂਦੀ ਚੂਰੀ,
ਨਾਲ ਪੜ੍ਹਾਈ ਦੇ ਖੇਡਾਂ ਬਹੁਤ ਜ਼ਰੂਰੀ। 

ਬਾਰ੍ਹੀਂ ਬਰਸੀਂ ਖਟਣ ਗਿਆ ਸੀ,
ਖੱਟ ਕੇ ਲਿਆਂਦਾ ਬਤਾਰੂ,
ਕਦੇ ਵੀ ਖਾਉ ਨਾ ਬਹੁਤੀ ਚੀਜ਼ ਬਜ਼ਾਰੂ।

ਬਾਰ੍ਹੀਂ ਬਰਸੀਂ ਖਟਣ ਗਿਆ ਸੀ,
ਖੱਟ ਕੇ ਲਿਆਂਦੀ ਕਾਨੀ,
ਲੋਚੇ ਬੱਚਿਆਂ ਦਾ ਪਿਆਰ ਸਦਾ 'ਅਸਮਾਨੀ'।

-ਜਸਵੰਤ ਸਿੰਘ ਅਸਮਾਨੀ, ਸੰਪਰਕ : 98720-67104