ਉੁਬਲੇ ਧਰਤੀ ਅੰਬਰ ਦੇਖੋ, ਉਬਲਿਆ ਜੱਗ ਸਾਰਾ,
ਕੁਦਰਤ ਦੇ ਨਾਲ ਛੇੜਛਾੜ ਦਾ, ਮਨੁੱਖ ਨੇ ਕੀਤਾ ਕਾਰਾ।
ਨਦੀਆਂ, ਨਾਲ਼ੇ, ਸਾਗਰ ਸੁੱਕੇ, ਇਹ ਕੈਸਾ ਵਰਤਾਰਾ,
ਜਲ ਨੂੰ ਜੀਵਨ ਨਾ ਸਮਝਿਆ, ਤਾਂ ਵਕਤ ਪਵੇਗਾ ਭਾਰਾ।
ਪੰਛੀ ਫਿਰਨ ਤ੍ਰਾਹ-ਤ੍ਰਾਹ ਕਰਦੇ, ਜੰਗਲ ਕੱਟ ਮੁਕਾਏ,
ਜੰਗਲਾਂ ਦੀ ਥਾਂ ਉਸਾਰ ਇਮਾਰਤਾਂ, ਬੰਦਾ ਖ਼ੁਦ ਨੂੰ ਸ਼ੇਰ ਕਹਾਏ।
ਵਕਤ ਬੀਤ ਗਿਆ ਜੇਕਰ ਜ਼ਿਆਦਾ, ਫਿਰ ਹੋਣਾ ਨੀ ਕੋਈ ਚਾਰਾ,
ਜਲ ਨੂੰ ਜੀਵਨ ਨਾ ਸਮਝਿਆ ਤਾਂ, ਵਕਤ ਪਵੇਗਾ ਭਾਰਾ।
ਵੱਡੇ-ਵੱਡੇ ਹਥਿਆਰ ਬਣਾ ਕੇ, ਬੰਦਾ ਖ਼ੁਦ ਦੀ ਕਰਦਾ ਰਾਖੀ,
ਇਕ ਪਰਮਾਣੂ ਹਥਿਆਰ ਚੱਲ ਗਿਆ, ਤਾਂ ਕੁੱਝ ਨੀ ਰਹਿਣਾ ਬਾਕੀ।
ਗਲੇਸ਼ੀਅਰ ਧੜਾ ਧੜ ਜਾਣ ਪਿਘਲਦੇ, ਵਧਦਾ ਜਾਂਦਾ ਪਾਰਾ,
ਜਲ ਨੂੰ ਜੀਵਨ ਨਾ ਸਮਝਿਆ, ਤਾਂ ਵਕਤ ਪਵੇਗਾ ਭਾਰਾ।
ਪਾਣੀ ਰੱਬ ਦੀ ਨ੍ਹੇਮਤ ਵੱਡੀ, ਕਿਉਂ ਕਰਦਾ ਇਸ ਦੀ ਹਾਨੀ,
ਇਸ ਤੋਂ ਬਿਨਾਂ ਮਿਟ ਜਾਊ ਸਭ ਕੁੱਝ, ਨਾ ਰਹਿਣੀ ਕੋਈ ਨਿਸ਼ਾਨੀ।
ਸਾਰੀਆਂ ਗ਼ਲਤੀਆਂ ਨੋਟ ਕਰ ਰਿਹਾ, ਉਹ ਬੈਠਾ ਪਾਲਣਹਾਰਾ,
ਜਲ ਨੂੰ ਜੀਵਨ ਨਾ ਸਮਝਿਆ, ਤਾਂ ਵਕਤ ਪਵੇਗਾ ਭਾਰਾ।
ਪਾਣੀ ਪਿੱਛੇ ਹੋਊ ਲੜਾਈ, ਵੱਢ ਟੁੱਕ ਹੋਊ ਭਾਰੀ,
ਪਾਣੀ ਬਣਨਾ ਕਾਲ਼ ਦੁਨੀਆ ਦਾ, ਜੇ ਨਾ ਸੋਚ ਵਿਚਾਰੀ।
'ਸ਼ਾਹ' ਦੇ ਵਿਚ ਫਿਰ 'ਸਾਹ' ਨੀ ਰਹਿਣੇ, ਉੱਡਜੂ ਭੌਰ ਵਿਚਾਰਾ,
ਜਲ ਨੂੰ ਜੀਵਨ ਨਾ ਸਮਝਿਆ, ਤਾਂ ਵਕਤ ਪਵੇਗਾ ਭਾਰਾ।
-ਮੱਖਣ ਸ਼ਾਹ
ਮੋਬਾ : 95927-81512