ਕਾਵਿ-ਕਿਆਰੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਕਾਵਿ-ਕਿਆਰੀ

Flowers

ਗ਼ਜ਼ਲ
ਦੁਨੀਆਂ ਦੀ ਨਜ਼ਰ ਤੋਂ ਬਚ ਬਚ ਕੇ ਮੈਂ ਪ੍ਰੇਮ ਦਾ ਸਾਜ ਵਜਾਉਂਦਾ ਸਾਂ।
ਮੈਂ ਜਲਵੇ ਉਸ ਦੇ ਕਰ ਕਰ ਕੇ ਨੈਣਾਂ ਦੀ ਪਿਆਸ ਬੁਝਾਉਂਦਾ ਸਾਂ।
ਇਕ ਸੁੰਦਰ ਪ੍ਰੀਤ ਨਗਰ ਅੰਦਰ ਆਸਾਂ ਦੇ ਮਹਿਲ ਦੀ ਚਾਹਤ ਸੀ,
ਫੁੱਲਾਂ ਦੇ ਰੰਗ ਵਿਚ ਰਹਿੰਦਾ ਸਾਂ ਕਲੀਆਂ ਵਾਂਗ ਮੁਸਕੁਰਾਉਂਦਾ ਸਾਂ।

ਨਿਤ ਸੋਜ਼ ਮਚਲਦੀ ਰਹਿੰਦੀ ਸੀ ਨਿਤ ਗੁਮਸੁਮ ਦਿਲ ਦੀਆਂ ਤਾਰਾਂ ਤੇ,
ਕੀਤੇ ਹੋਏ ਪਿਆਰ ਸੀ ਉਠ ਪੈਂਦੇ ਜਦ ਮਸਤੀ ਅੰਦਰ ਗਾਉਂਦਾ ਸਾਂ।
ਨਾ ਜਾਣੇ ਕਿਸ ਦੀ ਬੁਰੀ ਨਜ਼ਰ ਮੇਰੇ ਸੁੰਦਰ ਸੁਪਨੇ ਤੋੜ ਗਈ,
ਮੁੜ ਮਹਿਕ ਨਾ ਆਈ ਗੀਤਾਂ 'ਚੋਂ ਜੋ ਜੱਸ 'ਚ ਫੈਲਾਉਣਾ ਚਾਹੁੰਦਾ ਸਾਂ।

ਨਾ ਸਾਜ਼ ਰਿਹਾ ਨਾ ਸੋਜ਼ ਰਿਹਾ ਸੁਣ ਕਹਿੰਦੇ ਲੋਕ ਸ਼ੁਦਾਈ ਨੇ,
ਮੇਰੇ ਗੀਤ ਨਾ ਪੂਰੇ ਹੋ ਪਾਏ ਜੋ ਜੱਗ ਨੂੰ ਸੁਣਾਉਣਾ ਚਾਹੁੰਦਾ ਸਾਂ।
ਇਸ ਪਿਆਰ ਦੇ ਗੋਰਖਧੰਦੇ ਵਿਚ ਰੂਹ ਭਟਕੀ ਮੇਰੀ ਨਸਰ ਨਸਰ,
ਉਹ ਦਿਲ ਨਾ ਮੈਨੂੰ ਮਿਲ ਸਕਿਆ ਜਿਸ ਨੂੰ ਅਪਨਾਉਣਾ ਚਾਹੁੰਦਾ ਸਾਂ।

ਉਹ ਜਾਣੇ-ਪਛਾਣੇ ਚਿਹਰੇ ਵੀ ਹੁਣ ਤੇ ਅਣਜਾਣੇ ਲਗਦੇ ਨੇ,
ਮੈਂ ਅਪਣਿਆਂ ਸੰਗ ਰਲ ਮਿਲ ਕੇ ਦੁਖ ਦਰਦ ਵੰਡਾਉਣਾ ਚਾਹੁੰਦਾ ਸਾਂ।
ਬਲਦੇਵ ਸਿੰਘ ਬੱਦਨ, ਸੰਪਰਕ : 99588-31357

ਗ਼ਜ਼ਲ
ਅਸੀ ਲੋਚਦੇ ਰਹੇ ਉਹਦਾ ਪਿਆਰ ਉਮਰ ਭਰ।
ਅਸੀ ਖੋਜਦੇ ਰਹੇ ਸੱਚਾ ਯਾਰ ਉਮਰ ਭਰ।
ਕੀਤਾ ਸੀ ਜਿਸ ਨੇ ਵਾਅਦਾ ਉਹ ਮਿਲੇਗਾ ਕਦੀ,
ਵਾਅਦੇ ਤੇ ਉਸ ਦੇ ਕੀਤਾ ਇਤਬਾਰ ਉਮਰ ਭਰ।

ਮਿਲਣੀ ਦਾ ਪਲ ਕਦੇ ਨਾ ਆਇਆ ਵੇ ਦੋਸਤਾ,
ਕਰਦੇ ਰਹੇ ਸਾਂ ਜਿਸ ਦਾ ਇੰਤਜ਼ਾਰ ਉਮਰ ਭਰ।
ਆਇਆ ਸੀ ਹੋਸ਼ ਸਾਨੂੰ ਸੂਲਾਂ ਤੇ ਪਿਆਰਿਆ,
ਲੜਦੇ ਰਹੇ ਅਸੀ ਸਾਂ ਯਲਗਾਰ ਉਮਰ ਭਰ।

ਨਾ ਬਾਤ ਸਾਡੀ ਪੁੱਛੀ ਉਸ ਸਾਡੇ ਬੂਹੇ ਆ,
ਕਹਿੰਦਾ ਰਿਹਾ ਜੋ ਖ਼ੁਦ ਨੂੰ ਗ਼ਮਖ਼ਾਰ ਉਮਰ ਭਰ।
ਜਿੱਥੇ ਕਿਤੇ ਉਹ ਵੱਸੇ ਆਬਾਦ ਹੀ ਰਹੇ,
ਦਿਲ 'ਚੋਂ ਮੇਰੇ ਨਿਕਲੇਗੀ ਇਹ ਪੁਕਾਰ ਉਮਰ ਭਰ।
ਪਰਮਜੀਤ ਸਿੰਘ ਨਿੱਕੇ ਘੁੰਮਣ, ਸੰਪਰਕ 97816-46008

ਬੰਦਿਸ਼ਾਂ
ਕਾਸ਼ ਕਿਤੇ ਮੈਂ ਚਿੜੀ ਬਣ ਜਾਵਾਂ,
ਦੂਰ ਵਿਚ ਅਸਮਾਨੀਂ ਉਡਾਰੀ ਲਾ ਆਵਾਂ।
ਛੁੱਟ ਜਾਵਾਂ ਬੰਦਿਸ਼ਾਂ ਦੀ ਕੈਦ 'ਚੋਂ, 
ਖੁਲ੍ਹ ਕੇ ਸਾਹ ਮੈਂ ਲੈ ਲਵਾਂ।

ਜੋ ਕਟਣਾ ਚਾਹੁਣ ਪਰ ਮੇਰੇ, 
ਐਸੇ ਲੋਕਾਂ ਤੋਂ, ਦੂਰ ਹੀ ਰਹਾਂ।
ਤਿਣਕਾ-ਤਿਣਕਾ ਕਰ ਐਸਾ ਘਰ ਬਣਾਵਾਂ, 
ਜਿਥੇ ਹਰ ਸੁਪਨੇ ਨੂੰ ਪੂਰਾ ਕਰ ਪਾਵਾਂ।

ਉਡਦੀ ਉਡਦੀ ਜਦ ਮੈਂ ਥੱਕ ਜਾਵਾਂ,
ਫਿਰ ਬੇਫ਼ਿਕਰੀ ਨੀਂਦ ਦੇ ਸੁਪਨਿਆਂ 'ਚ ਗੁੰਮ ਜਾਵਾਂ।
ਰਮਨਪ੍ਰੀਤ ਕੌਰ 'ਸਫ਼ਰੀ', ਸੰਪਰਕ : 99146-89690