ਆਨਲਾਈਨ ਖ਼ਰੀਦਦਾਰੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਆਨਲਾਈਨ ਖ਼ਰੀਦਦਾਰੀ ਦਾ ਯੁੱਗ ਆਇਆ, ਹੋਈ ਪਈ ਹੈ ਮਾਰੋ ਮਾਰ ਮੀਆਂ।

Online shopping


ਆਨਲਾਈਨ ਖ਼ਰੀਦਦਾਰੀ ਦਾ ਯੁੱਗ ਆਇਆ, ਹੋਈ ਪਈ ਹੈ ਮਾਰੋ ਮਾਰ ਮੀਆਂ।
    ਕਹਿੰਦੇ ਸਸਤੀ ਬੜੀ ਹੀ ਚੀਜ਼ ਮਿਲਦੀ, ਮੁੱਲ ਇਕ ਦਾ, ਆਉਂਦੀਆਂ ਚਾਰ ਮੀਆਂ।
ਬੂਟਾਂ, ਸੂਟਾਂ ਅਤੇ ਸੁਰਖ਼ੀਆਂ ਦੇ,  ਘਰ ਘਰ ਲੱਗੇ ਹਨ ਅੰਬਾਰ ਮੀਆਂ।
    ਬਰਗਰ, ਪੀਜ਼ੇ, ਨੂਡਲ ਖਾ ਖਾ ਕੇ, ਵਧਾਈ ਜਾਂਦੇ ਨੇ ਅਪਣਾ ਭਾਰ ਮੀਆਂ।
ਪੈਂਦਾ ਸਭ ਨੂੰ ਨਗਦ ਭੁਗਤਾਨ ਕਰਨਾ, ਏਥੇ ਚਲਦਾ ਨਹੀਂ ਉਧਾਰ ਮੀਆਂ।
    ਪਰ ਜੰਗਲ ਨਾਲੋਂ ਕਿਤੇ ਜ਼ਿਆਦਾ, ਖ਼ਤਰਨਾਕ ਹੁੰਦਾ ਹੈ ਬਜ਼ਾਰ ਮੀਆਂ।
ਨਿੱਤ ਨਵੀਂ ਤੋਂ ਨਵੀਂ ਸਕੀਮ ਦੇ ਕੇ, ਵਧਾ ਕਿੰਨਾ ਉਹ ਗਏ ਵਪਾਰ ਮੀਆਂ।
    ਮਸ਼ਹੂਰੀ ਸਿਰ ’ਤੇ ਚੀਜ਼ਾਂ ਵੇਚ ਜਾਂਦੇ, ਸਾਨੂੰ ਲਗਦੈ ਅਸੀਂ ਹੁਸ਼ਿਆਰ ਮੀਆਂ।
ਪਹਿਲਾਂ ਲੋਕ ਸੀ ਆਪ ਬਜ਼ਾਰ ਜਾਂਦੇ, ਹੁਣ ਆ ਗਿਆ ਘਰੇ ਬਜ਼ਾਰ ਮੀਆਂ।
- ਜਗਜੀਤ ਗੁਰਮ, ਤਰਕਸ਼ੀਲ ਚੌਂਕ, ਬਰਨਾਲਾ।
ਮੋਬਾਈਲ : 9915264836