ਸੱਧਰਾਂ ਦਾ ਮਹਿਲ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਸੱਧਰਾਂ ਦਾ ਮਹਿਲ ਹੋਇਆ ਚਕਨਾ ਚੂਰ ਨੀ ਮਾਏ?

Photo

ਸੱਧਰਾਂ ਦਾ ਮਹਿਲ ਹੋਇਆ ਚਕਨਾ ਚੂਰ ਨੀ ਮਾਏ?

ਕਿਤੇ ਮੁੱਲ ਕੌਡੀ ਨਹੀਂ ਕਿਤੇ ਕੋਹਿਨੂਰ ਨੀ ਮਾਏ?

ਨਾਲ ਤਕਦੀਰ ਤਾਂ ਬਣ ਚਟਾਨ ਲੜਦੀ ਰਹੀ ਹਾਂ,

ਜ਼ਖ਼ਮ ਅਪਣਿਆਂ ਦੇ ਨੇ ਤੋੜਿਆ ਗ਼ਰੂਰ ਨੀ ਮਾਏ?

ਚਿਹਰਾ ਸੀ ਜੋ ਕਦੇ ਲਿਸ਼-ਲਿਸ਼ ਕਰਦਾ ਰਹਿੰਦਾ,

ਨਾਲ ਦੁੱਖਾਂ ਦੇ ਹੁਣ ਹੋਇਆ ਬੇਨੂਰ ਨੀ ਮਾਏ?

ਫੱਟ ਤਲਵਾਰ ਦੇ ਤਾਂ ਕਦੇ-ਨਾ-ਕਦੇ ਮਿਟ ਜਾਂਦੇ,

ਕੌੜੇ ਬੋਲ ਦਿਲ ਵਿਚ ਬਣ ਜਾਂਦੇ ਨਾਸੂਰ ਨੀ ਮਾਏ?

ਸਾਂਝੀ ਨਾ ਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ,

ਕੋਈ ਸੱਚ ਜਾਣੇ ਨਾ ਜਾਣੇ ਵੇਖਦਾ ਹਜ਼ੂਰ ਨੀ ਮਾਏ?

ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ,

ਨਕਾਬ ਉਤਾਰੂੰ ਉਹਦਾ ਜੋ ਕੋਈ ਮਗ਼ਰੂਰ ਨੀ ਮਾਏ?

ਢਾਹ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ,

'ਜਲੰਧਰੀ' ਨੇਕ ਅਮਲਾਂ ਦਾ ਹੁੰਦਾ ਸਰੂਰ ਨੀ ਮਾਏ?

ਅਮਨਦੀਪ ਕੌਰ ਜਲੰਧਰੀ, ਮੋਬਾਈਲ : 88720-40085