Poem: ਆਜ਼ਾਦੀ, ਆਜ਼ਾਦੀ ਨੇ ਭੈਣ ਭਾਈ, ਦੋ ਮਜ੍ਹਬਾਂ ਦੇ ਵਿਚਕਾਰ ਵੰਡੇ....

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

Poem: ਵੰਡੀ ਧਰਤੀ, ਧਰਮ ਵੰਡੇ, ਹਸਦੇ ਸੱਭ ਪ੍ਰਵਾਰ ਵੰਡੇ,

Freedom divided the sisters, between two sects

 

Poem:  ਆਜ਼ਾਦੀ ਨੇ ਭੈਣ ਭਾਈ, ਦੋ ਮਜ੍ਹਬਾਂ ਦੇ ਵਿਚਕਾਰ ਵੰਡੇ,

ਵੰਡੀ ਧਰਤੀ, ਧਰਮ ਵੰਡੇ, ਹਸਦੇ ਸੱਭ ਪ੍ਰਵਾਰ ਵੰਡੇ,

ਹਾਲੀ-ਪਾਲੀ ਵੰਡੇ, ਖੂਹ ਨਿੱਕੇ ਵੱਡੇ, ਕਾਰੋਬਾਰ ਵੰਡੇ,

ਮਾਪਿਆਂ ਕੋਲੋਂ ਵੰਡੇ ਬੱਚੇ, ਡੰਗਰ ਵੱਛਾ, ਖੇਤੀ, ਕੀ ਔਜ਼ਾਰ ਵੰਡੇ,

ਭਰੇ ਭਕੁੰਨੇ ਵੰਡੇ ਘਰ ਸੱਭ, ਲਾਣੇ ਬਾਣੇ, ਕੋਠੀਆਂ ਸੱਭ ਪ੍ਰਵਾਰ ਵੰਡੇ,

ਪਿੰਡ ਦੀਆਂ ਸੱਥਾਂ, ਵੰਡੇ ਅਖਾੜੇ, ਦਿਲਾਂ ’ਚ ਵਸਦੇ ਪਿਆਰ ਵੰਡੇ,

ਗ਼ਰੀਬ ਗੁਰਬੇ ਤਾਂ ਵੰਡੇ ਸਾਰੇ, ਵੱਡੇ ਵੱਡੇ ਸਰਦਾਰ ਵੰਡੇ,

ਨਦੀਆਂ ਨਾਲੇ ਵੰਡੇ ਸਾਰੇ, ਰਾਵੀ, ਜਿਹਲਮ, ਚਨਾਬ ਵੰਡੇ,

ਮੰਦਰ, ਮਸਜਿਦ, ਗੁਰੂ ਵੰਡੇ, ਮੜ੍ਹੀਆਂ, ਕਬਰਾਂ, ਮਜ਼ਾਰ ਵੰਡੇ,

ਵੰਡੀਆਂ ਮਜ੍ਹਬਾਂ, ਜਾਤਾਂ ਸੱਭੇ, ਰਾਜੇ, ਰੰਕ, ਕੰਗਾਲ ਵੰਡੇ,

ਵੰਡੀਆਂ ਕੁੜੀਆਂ ਚਿੜੀਆਂ ਮਾਪੇ, ਭੈਣ, ਭਾਈ, ਪ੍ਰਵਾਰ ਵੰਡੇ,

ਵੰਡੀਆਂ ਮੱਝੀਆਂ, ਹੀਰਾਂ ਰਾਂਝੇ, ਸੱਸੀ, ਪੁੰਨੂ ਕਿਰਦਾਰ ਵੰਡੇ,

ਆਜ਼ਾਦੀ ਨੇ ਸਾਡੇ ਸਜਣਾ, ਹਸਦੇ ਹੋਏ ਪ੍ਰਵਾਰ ਵੰਡੇ,

ਸੰਤਾਲੀ, ਚੌਰਾਸੀ ਦੇ ਵਿਚ ਸਜਣਾ, ਵੰਡੇ ਅਸੀਂ ਹਰ ਵਾਰ ਵੰਡੇ,

ਸੰਦੀਪ ਆਜ਼ਾਦੀ ਮਿਲੀ ਨਾ ਸੌਖੀ, ਆਪਾਂ ਸਿੰਘ ਸਰਦਾਰ ਵੰਡੇ,

ਸਿਰ ਰੱਖ ਤਲੀ ’ਤੇ ਲਈ ਆਜ਼ਾਦੀ, ਜ਼ਿੰਦਗੀਆਂ, ਸਿਰ, ਕਿਰਦਾਰ ਵੰਡੇ,

- ਸੰਦੀਪ ਸਿੰਘ ‘ਬਖੋਪੀਰ’ (ਮੋ. 98153 21017)