Poem : ਨੱਥ-ਚੂੜਾ ਰੋੜ੍ਹਿਆਂ ਨਾ ਹੜ੍ਹ ਰੁਕਦੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

Poem : ਥੁੱਕ ਨਾਲ ਪੱਕਦੇ ਨਾ ਵੜੇ ਮਿੱਤਰੋ, ਦਿਤਿਆਂ ਸਰਾਪ ਨਾ ਬੰਦਾ ਮਰਦਾ!

Poem in punjabi

Poem in punjabi : ਥੁੱਕ ਨਾਲ ਪੱਕਦੇ ਨਾ ਵੜੇ ਮਿੱਤਰੋ, ਦਿਤਿਆਂ ਸਰਾਪ ਨਾ ਬੰਦਾ ਮਰਦਾ!
    ਸਾਧਾਂ ਦੇ ਤਵੀਤਾਂ ਨਾਲ ਹੋਣ ਮੁੰਡੇ ਨਾ, ਕਦੇ ਨਾ ਸ਼ਰਾਬੀ ਬੰਦਾ ਪੈਰੀਂ ਖੜਦਾ!
ਗਲੀਆਂ ’ਚ ਫਿਰਦੀ ਕਤੀੜ ਭੌਂਕਦੀ, ਜੰਗਲਾਂ ’ਚ ਫਿਰਦੇ ਨੇ ਸ਼ੇਰ ਬੁੱਕਦੇ!
    ਫੂਕ ਫੂਕ ਗੁੱਡੀਆਂ ਨਾ ਮੀਂਹ ਪੈਂਦੇ ਨੇ, ਨੱਥ-ਚੂੜਾ ਰੋੜਿ੍ਹਆਂ ਨਾ ਹੜ੍ਹ ਰੁਕਦੇ!
ਪਿੱਤਲ ਨਾ ਬਣੇ ਕਦੇ ਸੋਨਾ ਮਿੱਤਰੋ, ਲਗਦੇ ਨਾ ਅੰਬ ਵੇਖੇ ਕਦੇ ਅੱਕਾਂ ਨੂੰ! 
    ਪੱਥਰ ਨਾ ਦਿੰਦੇ ਕਦੇ ਦੁੱਧ ਮਿੱਤਰੋ, ਦਿੰਦੇ ਨੇ ਸ਼ੈਤਾਨ ਬੰਦੇ ਧੋਖਾ ਅੱਖਾਂ ਨੂੰ! 
ਪਾਣੀ ’ਚ ਮਧਾਣੀ ਨਾ ਘਿਉ ਕਢਦੀ, ਨਾ ਬਾਬੇ ਦੀਆਂ ਫੂਕਾਂ ਨਾਲ ਫੋੜੇ ਸੁਕਦੇ! 
    ਨਾਰੀਅਲ ਰੋੜਿ੍ਹਆਂ ਨਾ ਦੁੱਖ ਟੁੱਟਦੇ,  ਟੁੱਟਦੇ ਨਾ ਪਾਪ ਲੋਕੋ ਜਾਪ ਕੀਤਿਆਂ! 
ਟੂਣਿਆਂ ਦੇ ਨਾਲ ਨਹੀਉਂ ਘਰ ਵਸਦੇ,  ਟੁੱਟਦੇ ਨਾ ਰੋਗ ਪਿਸ਼ਾਬ ਪੀਤਿਆਂ! 
    ਪੜ੍ਹ ਕੇ ਕਿਤਾਬਾਂ ਬੰਦਾ, ‘ਬੰਦਾ’ ਬਣਦਾ, ਝੂਠਿਆਂ ਦੇ ਅੱਗੇ ਨਹੀਉਂ ਸੱਚੇ ਝੁਕਦੇ! 
ਗਧਾ ਕਦੇ ਬਣਦਾ ਨਾ ਘੋੜਾ ਮਿੱਤਰੋ,  ਮਾਰ ਮਾਰ ਨਕਲਾਂ ਨਾ ‘ਸਾਹਿਬ’ ਬਣਦੇ! 
    ਲੁੱਟ ਲੁੱਟ ਲੋਕਾਂ ਨੂੰ ਜੋ ਮਹਿਲ ਪਾਉਂਦੇ ਨੇ, ਵਿਚੋ-ਵਿਚ ਰਹਿੰਦੇ ਗੋਹੇ ਵਾਂਗ ਧੁੱਖਦੇ! 
-ਸੁਖਦੇਵ ਸਲੇਮਪੁਰੀ, ਪਿੰਡ ਸਲੇਮਪੁਰ, ਲੁਧਿਆਣਾ। ਮੋਬਾ : 097806-20233