ਬਾਲ ਕਵਿਤਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਬੰਸਰੀ ਵਜਾਉਂਦਾ ਜਾਵੇ, ਮਿੱਠਾ ਮਿੱਠਾ ਗਾਉਂਦਾ ਜਾਵੇ।

Children's poetry

ਬੰਸਰੀ (ਗੀਤ)

ਬੰਸਰੀ ਵਜਾਉਂਦਾ ਜਾਵੇ, ਮਿੱਠਾ ਮਿੱਠਾ ਗਾਉਂਦਾ ਜਾਵੇ।
ਕਿੰਨਾ ਸੋਹਣਾ ਨਿੱਕਾ ਜਿਹਾ ਬਾਲ ਬਚਿਉ।
ਕਰੀ ਜਾਂਦਾ ਵੇਖ ਲਉ ਕਮਾਲ ਬਚਿਉ।
 ਸੰਗੀਤ ਵਿਚੋਂ ਗੀਤ ਦਾ ਪਿਆਰ ਡੁਲ੍ਹਦਾ,
 ਕੱਢਦਾ ਤਰਜ਼ ਕਦੀ ਨਹੀਂ ਉਹ ਭੁਲਦਾ।
 ਰਿਹਾ ਉਹ ਫ਼ਰਜ਼ ਪੂਰਾ ਪਾਲ ਬਚਿਉ,
 ਕਰੀ ਜਾਂਦਾ ਵੇਖ ਲਉ ਕਮਾਲ ਬਚਿਉ।
ਵਾਰੀ,ਵਾਰੀ ਸੁਰਾਂ 'ਚੋਂ ਆਵਾਜ਼ ਕਢਦਾ,
ਸੰਗੀਤ ਵਾਲੀ ਕੋਈ ਨਾ ਕਸਰ ਛਡਦਾ।
ਤਾਲ ਨਾਲ ਮਿਲਾਵੇ ਪੂਰਾ ਤਾਲ ਬਚਿਉ,
ਕਰੀ ਜਾਂਦਾ ਵੇਖ ਲਉ ਕਮਾਲ ਬਚਿਉ।
 ਵੱਖ ਵੱਖ ਧੁਨਾਂ ਦੀ ਅਵਾਜ਼ ਆਂਵਦੀ,
 ਬੰਸਰੀ ਵਜਾਵੇ ਜਿਵੇਂ ਕੋਇਲ ਗਾਂਵਦੀ।
 ਕਰੀਂ ਜਾਂਦਾ ਸੱਭ ਨੂੰ ਨਿਹਾਲ ਬਚਿਉ,
 ਕਰੀ ਜਾਂਦਾ ਵੇਖ ਲਉ ਕਮਾਲ ਬਚਿਉ।
ਬੱਚੇ ਬੁੱਢੇ ਨਰ, ਨਾਰੀ ਗਾਈ ਜਾਂਦੇ ਨੇ,
ਹਰ ਪਾਸੇ ਸੱਭ ਨੂੰ ਨਜ਼ਾਰੇ ਆਈ ਜਾਂਦੇ ਨੇ।
ਹਰ ਕੋਈ ਬੋਲੇ ਨਾਲੋ ਨਾਲ ਬਚਿਉ,
ਕਰੀ ਜਾਂਦਾ ਵੇਖ ਲਉ ਕਮਾਲ ਬਚਿਉ।
 ਹਰ ਕੋਈ ਉਸ ਨੂੰ ਪਿਆਰ ਕਰਦਾ,
 ਸੁਣ ਕੇ  ਸੰਗੀਤ ਮਨ ਜਾਵੇ ਠਰਦਾ।
 ਚਾਰੇ ਪਾਸੇ ਕਰੇ ਉਹ ਕਮਾਲ ਬਚਿਉ,
 ਕਰੀ ਜਾਂਦਾ ਵੇਖ ਲਉ ਕਮਾਲ ਬਚਿਉ।
-ਹਰੀ ਸਿੰਘ ਸੰਧੂ ਸੁਖੇਵਾਲਾ, ਮੋਬਾਈਲ : 98774-76161

ਮਾਮਾ ਆਇਆ (ਗੀਤ)

ਮੇਰਾ ਮਾਮਾ ਆਇਆ, ਨਾਨੀ ਦਾ ਜੋ ਜਾਇਆ,
ਮੇਰੀ ਮੰਮੀ ਦੇ ਭਰਾ, ਮੈਨੂੰ ਘੁਟ ਘੁਟ ਛਾਤੀ ਲਾਇਆ।
ਦਾਦੇ ਦੇ ਪੈਰੀਂ ਹੱਥ ਲਾ, ਅਸ਼ੀਰਵਾਦ ਪਾਇਆ,
ਮੇਰਾ ਮਾਮਾ ਆਇਆ, ਅੱਜ ਮੇਰਾ ਮਾਮਾ ਆਇਆ।
ਵੇਖ ਕੇ ਮਾਮਾ ਮੈਨੂੰ ਚੜ੍ਹ ਗਿਆ ਚਾਅ,
ਉੱਠ ਕੇ ਤੂੰ ਵੇਖ ਮੰਮੀ, ਕੌਣ ਰਿਹਾ ਆ।
ਸੇਬ ਅਤੇ ਕੇਲਿਆਂ ਦਾ ਥੈਲਾ ਆ ਫੜਾਇਆ,
ਮੇਰਾ ਮਾਮਾ ਆਇਆ, ਅੱਜ ਮੇਰਾ ਮਾਮਾ ਆਇਆ।
ਨਿੱਕੀ ਭੈਣ ਮੇਰੀ, ਮਾਮਾ ਵੇਖ ਭੱਜੀ ਆਈ,।
ਆਣ ਕੇ ਜੱਫ਼ੀ  ਉਸ ਨੇ ਲੱਤਾਂ ਨੂੰ ਸੀ ਪਾਈ।
ਡੈਡੀ ਜੀ ਨੂੰ ਆਣ, ਹੱਥ ਮਾਮੇ ਨੇ ਮਿਲਾਇਆ,
ਮੇਰਾ ਮਾਮਾ ਆਇਆ, ਅੱਜ ਮੇਰਾ ਮਾਮਾ ਆਇਆ।
ਮੇਰਾ ਮਾਮਾ, ਮੰਮੀ ਜੀ ਨੂੰ ਜਾਨ ਤੋਂ ਪਿਆਰਾ,
ਮੇਰੇ ਨਾਨਾ ਜੀ ਦਾ ਉਹ, ਅੱਖੀਆਂ ਦਾ ਤਾਰਾ।
ਦਾਲ ਬਣੀ ਪਹਿਲਾਂ, ਦਾਦੀ ਪਨੀਰ ਵੀ ਬਣਾਇਆ,
ਮੇਰਾ ਮਾਮਾ ਆਇਆ, ਅੱਜ ਮੇਰਾ ਮਾਮਾ ਆਇਆ।
ਵਿਆਹ 'ਤੇ ਹੁੰਦੀ ਮਾਮੇ ਦੀ ਬਹੁਤ ਲੋੜ ਏ,
ਇਸ ਦੀ ਥਾਂ, ਨਾ ਕੋਈ ਲੈ ਸਕੇ ਹੋਰ ਏ।
ਬਾਸਰਕੇ ਵਾਲੇ 'ਮਨਮੋਹਨ' ਸਮਝਾਇਆ,
ਮੇਰਾ ਮਾਮਾ ਆਇਆ, ਅੱਜ ਮੇਰਾ ਮਾਮਾ ਆਇਆ।
-ਮਨਮੋਹਨ ਸਿੰਘ ਬਾਸਰਕੇ, ਮੋਬਾਈਲ ਨੰ 99147-16616

ਬੱਚੇ (ਕਵਿਤਾ)

ਕਿੰਨੇ ਸੋਹਣੇ ਪਿਆਰੇ ਬੱਚੇ। ਸੱਭ ਦੇ ਨਾਲੋਂ ਨਿਆਰੇ ਬੱਚੇ।
ਨਾ ਕੋਈ ਫ਼ਿਕਰ ਤੇ ਨਾ ਕੋਈ ਫ਼ਾਕਾ, ਮੌਜਾਂ ਦੇ ਵਿਚ ਸਾਰੇ ਬੱਚੇ।
ਛੁੱਟੀ ਵਾਲੇ ਦਿਨ ਘਰ ਅੰਦਰ, ਪਾਉਂਦੇ ਕਿਵੇਂ ਖਲਾਰੇ ਬੱਚੇ।
ਸੂਰਜ ਵਾਂਗੂ ਰਹਿਣ ਚਮਕਦੇ, ਮਾਂ ਦੀ ਅੱਖ ਦੇ ਤਾਰੇ ਬੱਚੇ।
ਸ਼ਾਮ ਢਲੇ ਤੋਂ ਨੱਚਣ ਟੱਪਣ, ਲੈਂਦੇ ਬੜੇ ਨਜ਼ਾਰੇ ਬੱਚੇ।
ਮਾਪੇ ਖ਼ੁਸ਼ੀ 'ਚ ਖੀਵੇ ਹੋਵਣ, ਜਾਂਦੇ ਜਦ ਸਤਿਕਾਰੇ ਬੱਚੇ।
- ਜਗਤਾਰ ਪੱਖੋ, ਮੋਬਾਈਲ : 9465196946