ਇਕ ਪਾਸੇ ਸਕੂਲ ਇਬਾਦਤਗਾਹਾਂ : ਇਕ ਪਾਸੇ ਠੇਕਾ ਥਾਣਾ, ਇਹ ਤੇਰੇ ਤੇ ਨਿਰਭਰ ਮਿੱਤਰਾ ਤੂੰ ਕਿਹੜੇ ਪਾਸੇ ਨੂੰ ਜਾਣਾ।

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

    ਕਿਹਦੀ ਕਿਹਦੀ ਨਬਜ਼ ਦੇਖੇਂਗਾ ਇਥੇ ਹਰ ਇਕ ਬੰਦਾ ਰੋਗੀ...

photo

 

ਇਕ ਪਾਸੇ ਸਕੂਲ ਇਬਾਦਗਾਹਾਂ, ਇਕ ਪਾਸੇ ਠੇਕਾ ਥਾਣਾ।
ਇਹ ਤੇਰੇ ਤੇ ਨਿਰਭਰ ਮਿੱਤਰਾ ਤੂੰ ਕਿਹੜੇ ਪਾਸੇ ਨੂੰ ਜਾਣਾ।
    ਕਿਹਦੀ ਕਿਹਦੀ ਨਬਜ਼ ਦੇਖੇਂਗਾ ਇਥੇ ਹਰ ਇਕ ਬੰਦਾ ਰੋਗੀ।
    ਹੁਣ ਇਸ ਸ਼ਹਿਰ ਦਾ ਹਰ ਇਕ ਬੰਦਾ ਈਮਾਨ ਤਲੀਮੋ ਕਾਣਾ।
ਕਿਸੇ ਦੀ ਭੁੱਖ ਦਾ ਕੀ ਖਿਆਲ ਕਰਨਗੇ ਨੀਤਾਂ ਦੇ ਜੋ ਊਣੇ।
ਪੀੜਤਾਂ ਦੇ ਹਾਲ ਪੁਛਦੇ ਸਮੱਗਰੀ ’ਚੋਂ ਵੇਚਣ ਦਾਣਾ ਦਾਣਾ।
    ਬੇਸੁਰਿਆਂ ਦਾ ਬਹੁਮਤ ਹੋਇਆ ਸੋਸ਼ਲ ਮੀਡੀਆ ਪ੍ਰਧਾਨ ਹੋਈ,
    ਜਿਹਦੇ ਵਿਚ ਸੁਰ ਤਾਲ ਨਹੀਂ ਉਹੀਉ ਕਹਿੰਦੇ ਗਾਣਾ ਗਾਣਾ।
ਦੇਖੋ ਪੁੱਤ ਕਪੁੱਤ ਹੋਵਣ ਲੱਗੇ, ਪੋਤੇ ਵੀ ਡੰਗੋਰੀ ਖੋਹਵਣ ਲੱਗੇ,
ਬਾਬਾ ਅੱਜ ਰੋ ਪਿਆ ਚੇਤੇ ਕਰ ਕੇ ਅਪਣਾ ਵਕਤ ਪੁਰਾਣਾ।
    ਭੁੱਖੇ ਢਿੱਡਾਂ ਤੇ ਨਾ ਤਰਸ ਕਰੇ ਦੇਖੋ ਯਾਰੋ ਬਜ਼ਾਰ ਦੀ ਬੇਰਹਿਮੀ,
    ਮੋਬਾਈਲ ਫ਼ੋਨ, ਬੰਦੂਕਾਂ ਸਸਤੇ ਮਿਲਦੇ ਮਹਿੰਗਾ ਬੜਾ ਹੈ ਖਾਣਾ।
ਕੌਨਵੈਂਟ ਪੜਾਈ, ਮੋਬਾਈਲਾਂ ਦਾ ਭੰਡਾਰ, ਬੋਧਿਕਤਾ ਦਾ ਨਿਘਾਰ,
ਸਤਿਕਾਰ ਸਲੀਕਾ ਭੁੱਲ ਗਿਆ ਪੰਜਾਬ ਦਾ ਨਿੱਕਾ ਨਿਆਣਾ।
    ਸਾਡਾ ਨਿੱਤ ਵਲੈਤੀਂਂ ਫੇਰਾ, ਬਣਿਆ ਸ਼ਹਿਰ ਪ੍ਰਵਾਸੀਆਂ ਦਾ ਡੇਰਾ, 
    ਨਵੇਂ ਪੰਜਾਬ ਦੀ ਕਹਾਣੀ ਸਿਰਜ ਰਿਹਾ ਸ਼ਹਿਰ ਜੋ ਲੁਧਿਆਣਾ।
ਟੁਟਦੇ ਰਿਸ਼ਤੇ, ਕਾਤਲ, ਲੁੱਟ, ਵਾਰਦਾਤਾਂ, ਖ਼ੂਨ ਖਰਾਬੇ, ਠੱਗੀਆਂ,
‘ਸੇਖੋਂ’ ਤੇਰੇ ਤੋਂ ਇਹ ਲੋਟ ਨਹੀਂ ਆਉਣਾ ਇਹ ਜੋ ਉਲਝਿਆ ਤਾਣਾ।
 - ਗੁਰਦਿੱਤ ਸਿੰਘ ਸੇਖੋਂ, ਪਿੰਡ ਤੇ ਡਾਕ ਦਲੇਲ ਸਿੰਘ ਵਾਲਾ।
ਮੋਬਾਈਲ : 97811-72781