Poem: ਲਾੜੀ ਮੌਤ ਵਿਆਹਵਣ ਜਾਣਾ ਏ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਲਾੜੀ ਮੌਤ ਵਿਆਹਵਣ ਜਾਣਾ ਏ, ਮੇਰੇ ਸੋਹਣੇ ਲਾਲਾਂ ਨੇ

Poem of chaar sahibzaade

Poem: ਲਾੜੀ ਮੌਤ ਵਿਆਹਵਣ ਜਾਣਾ ਏ
ਮੇਰੇ ਸੋਹਣੇ ਲਾਲਾਂ ਨੇ
    ਲਾੜੀ ਮੌਤ ਵਿਆਹਵਣ ਜਾਣਾ ਏ
    ਮੈਂ ਰਹੀ ਘੋੜੀਆਂ ਗਾ
ਕਲ ਨੂੰ ਧਰਮ ਨਿਭਾਵਣ ਜਾਣਾ ਏ।
ਮੇਰੇ ਜਿਗਰ ਦੇ ਟੋਟੇ ਨੇ
    ਦੋਵੇਂ ਚੰਨ ਅਰਸ਼ ਦੇ ਲਗਦੇ
    ਪਾ ਸੁੰਦਰ ਬਸਤਰ ਉਹ
ਬੰਨ੍ਹ ਦਸਤਾਰਾਂ ਬੜੇ ਹੀ ਫਬਦੇ
ਇਨ੍ਹਾਂ ਛੋਟੀ ਉਮਰੇ ਹੀ
    ਵੱਡੜੇ ਕਰਮ ਕਮਾਵਣ ਜਾਣਾ ਏ
    ਮੇਰੇ ਸੋਹਣੇ ਲਾਲਾਂ ਨੇ
ਲਾੜੀ ਮੌਤ ਵਿਆਹਵਣ ਜਾਣਾ ਏ।
ਸਿਰ ਵਾਰ ਗਿਆ ਦਾਦਾ
    ਹਿੰਦੂ ਧਰਮ ਬਚਾਉਣ ਤਾਈਂ
    ਹੁਣ ਪੋਤੇ ਤੁਰ ਪਏ ਨੇ
ਉਸੇ ਰਾਹ ’ਤੇ ਚਾਈਂ ਚਾਈਂ
ਹੱਕ ਸੱਚ ਦੀ ਅਲਖ ਜਗਾ
    ਸ਼ਹੀਦੀ ਰੀਤ ਪੁਗਾਵਣ ਜਾਣਾ ਏ
    ਮੇਰੇ ਸੋਹਣੇ ਲਾਲਾਂ ਨੇ
ਲਾੜੀ ਮੌਤ ਵਿਆਹਵਣ ਜਾਣਾ ਏ।
ਧਰਮਾਂ ਦੀ ਰਾਖੀ ਲਈ
    ਡਟ ਗਏ ਸੂਬੇ ਨਾਲ ਨਿਆਣੇ
    ਕਾਰਜ ਉਹ ਕਰ ਚਲੇ
ਸੋਚਾਂ ਦੇ ਵਿਚ ਪਏ ਸਿਆਣੇ
ਕੀ ਜਜ਼ਬਾ ਧਰਮ ਦਾ ਹੈ
    ਸਿੱਖੀ ਸਿਦਕ ਵਿਖਾਵਣ ਜਾਣਾ ਏ
    ਮੇਰੇ ਸੋਹਣੇ ਲਾਲਾਂ ਨੇ
ਲਾੜੀ ਮੌਤ ਵਿਆਹਵਣ ਜਾਣਾ ਏ।
ਅੱਜ ਖ਼ਲਕਤ ਬਹਿ ਗਈ ਏ
    ਜ਼ਾਲਮ ਦੇ ਜ਼ੁਲਮਾਂ ਤੋਂ ਡਰ ਕੇ
    ਹਿੱਕ ਤਾਣ ਖਲੋ ਗਏ ਨੇ
ਨਿੱਕੇ ਬਾਲ ਕਚਹਿਰੀ ਵੜ ਕੇ
ਨਾ ਮੰਨਣੀ ਈਨ ਕੋਈ
    ਮੁਗ਼ਲੇ ਚਿੱਤ ਕਰਾਵਣ ਜਾਣਾ ਏ
    ਮੇਰੇ ਸੋਹਣੇ ਲਾਲਾਂ ਨੇ
ਲਾੜੀ ਮੌਤ ਵਿਆਹਵਣ ਜਾਣਾ ਏ
ਮੈਂ ਰਹੀ ਘੋੜੀਆਂ ਗਾ
    ਕਲ ਨੂੰ ਧਰਮ ਨਿਭਾਵਣ ਜਾਣਾ ਏ।
-ਨਿਰਮਲ ਸਿੰਘ ਰੱਤਾ, ਅੰਮ੍ਰਿਤਸਰ। 8427007623

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।