ਆ ਵੇ ਕਾਵਾਂ, ਜਾਹ ਵੇ ਕਾਵਾਂ ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਆ ਵੇ ਕਾਵਾਂ, ਜਾਹ ਵੇ ਕਾਵਾਂ, ਬਹਿ ਤਲੀ 'ਤੇ, ਚੋਗ ਚੁਗਾਵਾਂ।

poetry

ਆ ਵੇ ਕਾਵਾਂ, ਜਾਹ ਵੇ ਕਾਵਾਂ,
ਬਹਿ ਤਲੀ 'ਤੇ, ਚੋਗ ਚੁਗਾਵਾਂ।

    ਸੁਨੇਹਾ ਲੈ ਮਾਹੀਏ ਦਾ ਆਵੀਂ,
    ਦਿਲ ਦੀ ਤੈਨੂੰ ਗੱਲ ਸੁਣਾਵਾਂ।

ਆ ਵੇ ਕਾਵਾਂ.....
ਤੋਤੇ, ਚਿੜੀਆਂ ਸੱਭ ਭੇਜੇ ਮੈਂ,
    ਮੋਰ ਵੀ ਗਿਆ ਪਾ ਪੈਲਾਂ।

    ਵਿਚ ਵਿਛੋੜੇ ਇੰਝ ਤੜਫਾਂ ਮੈਂ,
ਜਿਉਂ ਹੀਰ, ਸੱਸੀ ਤੇ ਲੈਲਾ।

ਦਰਦ ਜੁਦਾਈ ਦਾ ਅੜਿਆ,
    ਦਸ ਮੈਂ ਕੀਹਨੂੰ ਵਿਖਾਵਾਂ।
    ਆ ਵੇ ਕਾਵਾਂ.....

ਅਖੀਆਂ ਬੂਹੇ ਵਲ ਨੇ ਟਿਕੀਆਂ,
ਰਾਹ ਤੱਕਣ ਨਿਤ ਉਸ ਦਾ।
    ਐਡੀ ਤਾਂ ਕੋਈ ਗੱਲ ਵੀ ਨਾਹੀਂ,
    ਜਿੰਨਾ ਮਾਹੀਆ ਰੁਸਦਾ।
ਖ਼ੁਸ਼ੀਆਂ ਟਲ ਕੇ ਪਾਸੇ ਹੋਈਆਂ,
ਗੀਤ ਗ਼ਮਾਂ ਦੇ ਗਾਵਾਂ।
ਆ ਵੇ ਕਾਵਾਂ......

ਪਾਕ ਮੁਹੱਬਤਾਂ ਦੇ ਲੜ ਲੱਗ ਕੇ,
    ਦਗਾ ਨਾ ਕਦੇ ਕਮਾਈਏ।
    ਇਕ ਦੂਜੇ ਤੋਂ ਵਾਰ ਕੇ ਆਕੜ,
ਚੁੱਲ੍ਹੇ ਵਿਚ ਜਲਾਈਏ।
ਜੇ ਤੁਰੀਏ ਤਾਂ ਧੁਰ ਪਹੁੰਚੀਏ,
    ਭਾਵੇਂ ਔਖੀਆਂ ਨੇ ਇਹ ਰਾਹਵਾਂ।
    ਆ ਵੇ ਕਾਵਾਂ......

ਦਿਲ ਦੇ ਵਿਹੜੇ ਖ਼ੈਰ ਪੈ ਜਾਵੇ,
ਬੇੜੀ ਹੋ ਜਾਏ ਪਾਰ ਮੇਰੀ।
    ਦੇਵਾਂ ਦੁਆਵਾਂ ਰੱਜ-ਰੱਜ ਤੈਨੂੰ,
    ਸਫਲੀ ਹੋ ਜਾਏ ਕਾਰ ਤੇਰੀ।

ਕਮੀ ਕੋਈ ਨਾ ਛਡਾਂ ਤੈਨੂੰ,
ਵਿਚ ਸੋਨੇ ਚੁੰਝ ਮੜ੍ਹਾਵਾਂ।
    ਆ ਵੇ ਕਾਵਾਂ, ਜਾਹ ਵੇ ਕਾਵਾਂ,
    ਬਹਿ ਤਲੀ 'ਤੇ, ਚੋਗ ਚੁਗਾਵਾਂ।

-ਮਨਜੀਤ ਕੌਰ ਧੀਮਾਨ, ਸ਼ੇਰਪੁਰ, ਲੁਧਿਆਣਾ। 
9464633059