Safar-E-Shahadat: ਧੰਨ ਬਾਬਾ ਮੋਤੀ ਮਹਿਰਾ ਜੀ
Safar-E-Shahadat: ਧੰਨ ਬਾਬਾ ਮੋਤੀ ਮਹਿਰਾ ਜੀ, ਜਿਸ ਨੇ ਵੱਡਾ ਪੁੰਨ ਕਮਾਇਆ ਗੋਬਿੰਦ ਦੇ ਲਾਲਾਂ ਨੂੰ, ਠੰਢੇ ਬੁਰਜ ’ਚ ਦੁੱਧ ਪਿਲਾਇਆ
ਧੰਨ ਬਾਬਾ ਮੋਤੀ ਮਹਿਰਾ ਜੀ, ਜਿਸ ਨੇ ਵੱਡਾ ਪੁੰਨ ਕਮਾਇਆ
ਗੋਬਿੰਦ ਦੇ ਲਾਲਾਂ ਨੂੰ, ਠੰਢੇ ਬੁਰਜ ’ਚ ਦੁੱਧ ਪਿਲਾਇਆ
ਜਦ ਗੰਗੂ ਪਾਪੀ ਨੇ, ਲਾਲਾਂ ਤਾਈਂ ਕੈਦ ਕਰਾਇਆ
ਸੂਬੇ ਸਰਹੰਦ ਦੇ ਨੇ, ਠੰਢੇ ਬੁਰਜ ਦਾ ਹੁਕਮ ਸੁਣਾਇਆ
ਮੰਨ ਹੁਕਮ ਵਜੀਦੇ ਦਾ, ਪਹਿਰੇਦਾਰਾਂ ਪਹਿਰਾ ਲਾਇਆ
ਇਥੇ ਚਿੜੀ ਵੀ ਨਾ ਫੜਕੇ, ਪਹਿਰਾ ਦੂਣਾ ਸਖ਼ਤ ਕਰਾਇਆ
ਉਤੋਂ ਪੋਹ ਦੀ ਸਰਦੀ ਸੀ, ਠੰਢੀ ਵਾ ਨੇ ਕਹਿਰ ਕਮਾਇਆ
ਸੇਵਾ ਕਰੀਏ ਲਾਲਾਂ ਦੀ, ਬਾਬਾ ਜੀ ਦੇ ਮਨ ਵਿਚ ਆਇਆ
ਤੱਤੇ ਦੁੱਧ ਦਾ ਗੜਵਾ ਸੀ, ਬਾਬਾ ਜੀ ਨੇ ਦੇਣਾ ਚਾਹਿਆ
ਪਰ ਪਹਿਰੇਦਾਰਾਂ ਨੇ ਧੱਕੇ, ਮਾਰ ਕੇ ਪਿੱਛੇ ਹਟਾਇਆ
ਲਾਲਾਂ ਕੋਲ ਜਾਣ ਲਈ, ਮੋਤੀ ਜੀ ਨੇ ਦਾਅ ਚਲਾਇਆ
ਗਹਿਣੇ ਅਪਣੀ ਪਤਨੀ ਦੇ, ਦੇ ਕੇ ਉਨ੍ਹਾਂ ਤਾਈਂ ਵਿਰਾਇਆ
ਤੱਕ ਦਾਦੀ ਪੋਤਿਆਂ ਨੂੰ, ਮੋਤੀ ਮਹਿਰੇ ਸੀਸ ਨਿਵਾਇਆ
ਬਹਿ ਕੇ ਵਿਚ ਚਰਨਾਂ ਦੇ ਸ਼ਰਧਾ ਨਾਲ ਸੀ ਦੁੱਧ ਛਕਾਇਆ
ਪਤਾ ਲੱਗਾ ਜਾਂ ਸੂਬੇ ਨੂੰ, ਕਚਹਿਰੀ ਸਣ ਪ੍ਰਵਾਰ ਬੁਲਾਇਆ
ਸੇਵਾ ਕਰੇ ਕਾਫ਼ਰਾਂ ਦੀ, ਤੈਨੂੰ ਡਰ ਨਹੀਂ ਕਿਸੇ ਦਾ ਆਇਆ
ਸਾਰੇ ਕੋਹਲੂ ਪੀੜ ਦਿਉ, ਵਜੀਦੇ ਮੁੱਖੋਂ ਹੁਕਮ ਸੁਣਾਇਆ
ਸੂਬੇ ਸਰਹੰਦ ਦੇ ਨੇ, ਲੋਕੋ ਡਾਹਢਾ ਕਹਿਰ ਕਮਾਇਆ
ਸਾਰਾ ਟੱਬਰ ਵਾਰ ਦਿਤਾ, ਮੋਤੀ ਮਹਿਰਾ ਨਾ ਘਬਰਾਇਆ
‘ਫ਼ੌਜੀਆ’ ਮੋਤੀ ਮਹਿਰੇ ਨੇ ਜੀਵਨ ਗੁਰਾਂ ਦੇ ਲੇਖੇ ਲਾਇਆ।
-ਅਮਰਜੀਤ ਸਿੰਘ ਫ਼ੌਜੀ ,ਪਿੰਡ ਦੀਨਾ ਸਾਹਿਬ
95011-27033