Safar-E-Shahadat: ਲਾਲ ਦਸਮੇਸ਼ ਜੀ ਦੇ ਕਿੰਨੇ ਸੋਹਣੇ ਲਗਦੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

Safar-E-Shahadat:ਪੈ ਗਿਆ ਹਨੇਰਾ ਜਦ ਸਰਸਾ ਨਦੀ ਦੇ ਉੱਤੇ, ਬਾਲ ਨੇ ਨਿਆਣੇ ਜਾਂਦੇ ਹਨੇਰਿਆਂ ਨੂੰ ਚੀਰਦੇ।

Safar-E-Shahadat

ਲਾਲ ਦਸਮੇਸ਼ ਜੀ ਦੇ ਕਿੰਨੇ ਸੋਹਣੇ ਲਗਦੇ,
ਜਾਂਦੇ ਮਾਤਾ ਗੁਜਰੀ ਨਾਲ ਬੜੇ ਸੋਹਣੇ ਫਬਦੇ।
ਠੰਢ ਭਰਪੂਰ ਹੋਈ ਜ਼ੁਲਮ ਦੀ ਹਨੇਰੀ ਆਈ,
ਜ਼ੁਲਮ ਨੂੰ ਸਹਿਣ ਤੋਂ ਭੋਰਾ ਨਹੀਂਓ ਡਰਦੇ।
ਪੈ ਗਿਆ ਹਨੇਰਾ ਜਦ ਸਰਸਾ ਨਦੀ ਦੇ ਉੱਤੇ,
ਬਾਲ ਨੇ ਨਿਆਣੇ ਜਾਂਦੇ ਹਨੇਰਿਆਂ ਨੂੰ ਚੀਰਦੇ।
ਉਮਰ ਹੈ ਖੇਡਣ ਚਾਅ ਤੇ ਮਲ੍ਹਾਰਾਂ ਦੀ,
ਦਾਦੀ ਮਾਂ ਤੇ ਬੱਚੇ ਜਾਂਦੇ ਭਵਿੱਖ ਨੂੰ ਸੰਵਾਰਦੇ।
ਪੈ ਗਿਆ ਵਿਛੋੜਾ ਜਦ ਸਮੁੱਚੇ ਪ੍ਰਵਾਰ ਦਾ,
ਦਾਦੀ ਮਾਂ ਆਖੇ ਇਹ ਭਾਣਾ ਕਰਤਾਰ ਦਾ।
ਪਹੁੰਚੇ ਜਦ ਕੁੰਮੇ ਮਾਸ਼ਕੀ ਦੀ ਝੌਂਪੜੀ ’ਚ,
ਉਹ ਭੁੱਖੇ ਤਾਈਂ ਬੱਚਿਆਂ ਨੂੰ ਭੋਜਨ ਛਕਾਵਦੇ।
ਕਰ ਵਿਸ਼ਵਾਸ ਜਦ ਗੰਗੂ ਦੇ ਸੀ ਨਾਲ ਚੱਲੇ,
ਲਾਲਚ ਦੇ ਵਿਚ ਗੰਗੂ ਪੁਲਿਸ ਨੂੰ ਫੜਾਂਵਦੇ।
ਫੜ ਸਿਪਾਹੀ ਲੈ ਚੱਲੇ ਜਦ ਬੱਚਿਆਂ ਨੂੰ,
ਸੂਬਾ ਸਰਹਿੰਦ ਕੈਦ ਠੰਢੇ ਬੁਰਜ ਦੀ ਸੁਣਾਂਵਦੇ।
ਠੰਢੀ ਠੰਢੀ ਹਵਾ ਚੱਲੇ ਠੰਢ ਬੜੀ ਪੋਹ ਦੀ ਏ,
ਦਾਦੀ ਦੀਆਂ ਬੁੱਕਲਾਂ ਦਾ ਨਿੱਘ ਪੋਤੇ ਮਾਣਦੇ।
ਉਮਰ ਨਿਆਣੀ ਦਾਦੀ ਮੂੰਹ ਪਈ ਚੁੰਮਦੀ,
ਦਿਲ ਨੀ ਡੁਲਾਉਣਾ ਤੁਸੀਂ ਪੋਤੇ ਮਹਾਰਾਜ ਦੇ।
ਨਿੱਕੀਆਂ ਨੇ ਜਿੰਦਾ ਪਰ ਵੱਡੇ ਹਨ ਜਿਗਰੇ,
ਦੋਵੇਂ ਬੱਚੇ ਗੱਲਾਂ ਤਾਹੀਓਂ ਵੱਡੀਆਂ ਨੇ ਕਰਦੇ।
ਭੁੱਖੇ ਭਾਣੇ ਬਾਲ ਦੋਵੇਂ ਤੀਜੀ ਮਾਤਾ ਗੁਜਰੀ,
ਮੋਤੀ ਰਾਮ ਮਹਿਰਾ ਆ ਕੇ ਦੁੱਧ ਨੇ ਪਿਆਂਵਦੇ।
ਕਚਿਹਰੀਓਂ ਅਵਾਜ਼ ਪਈ ਜ਼ਾਲਮਾਂ ਦੀ,
ਬਦਲਣਾ ਏ ਧਰਮ ਤੁਹਾਡਾ ਹੁਕਮ ਸੁਣਾਂਵਦੇ।
ਮਿਲੂ ਜਾਇਦਾਦ ਭਾਰੀ ਹੋਜੂ ਰਾਜਭਾਗ ਤੁਹਾਡਾ,
ਬੱਚਿਆਂ ਨੂੰ ਮੂਹੋਂ ਸੂਬਾ ਬੋਲ ਨੇ ਪੁਕਾਰਦੇ।
ਸਿੱਖੀ ਹੈ ਧਰਮ ਸਾਡਾ ਪੁੱਤ ਦਸਮੇਸ਼ ਦੇ,
ਬੱਚੇ ਨੇ ਜੈਕਾਰੇ ਲਾਉਂਦੇ ਬੋਲੇ ਸੋ ਨਿਹਾਲ ਦੇ।
ਮਨਦੇ ਨੀ ਕਹਿਣਾ ਜੇ ਚਿਣ ਦਿਉ ਕੰਧਾਂ ਵਿਚ,
ਕਾਜੀ ਲੋਕ ਧਰਮ ਦਾ ਫ਼ਤਵਾ ਸੁਣਾਂਵਦੇ।
ਨਿੱਕੀਆਂ ਨੇ ਜਿੰਦਾ ਸਾਕਾ ਹੋ ਗਿਆ ਏ ਵੱਡਾ,
ਤਾਹੀਓਂ ਲੋਕੀ ਜਾ ਕੇ ਸੀਸ ਸਰਹੰਦ ’ਤੇ ਝੁਕਾਂਵਦੇ।
ਪਾ ਕੇ ਖ਼ੂਨ ਸਿੱਖੀ ਦੀਆਂ ਕੰਧਾਂ ਵਿਚ ਬੱਚਿਆਂ ਨੇ,
ਉਹ ਸਿੱਖੀ ਤਾਈਂ ਅਪਣਾ ਫ਼ਰਜ਼ ਨਿਭਾਂਵਦੇ।
ਕੀਤਾ ਕੰਮ ਬੱਚਿਆਂ ਨੇ ਜੱਗ ’ਤੇ ਅਨੋਖੜਾ,
ਤਾਂਹੀਉਂ ਸਾਹਿਬਜ਼ਾਦੇ ਅੱਜ ਬਾਬੇ ਅਖਵਾਂਵਦੇ।
ਨਾਇਬ ਸਿੰਘ ਬਹਿਣੀਵਾਲ
ਸੰਪਰਕ:9463420061    

ਲਾਲ ਦਸਮੇਸ਼ ਜੀ ਦੇ