Poem: ਗ਼ਜ਼ਲ (ਕਿਸਾਨ)

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਵਾਹ-ਵਾਹ ਇਹਦਾ ਜਜ਼ਬਾ, ਧਰਮੀਂ ਜਿਗਰ ਚਟਾਨ ਇਹੇ, ਪਰਵਿਸ਼ ਧੰਨ, ਪਿਤਾ ਧੰਨ, ਮਾਤਾ, ਰੱਬੀ ਰੂਹ ਕਿਸਾਨ ਇਹੇ

Farmers

Poem: ਵਾਹ-ਵਾਹ ਇਹਦਾ ਜਜ਼ਬਾ, ਧਰਮੀਂ ਜਿਗਰ ਚਟਾਨ ਇਹੇ
ਪਰਵਿਸ਼ ਧੰਨ, ਪਿਤਾ ਧੰਨ, ਮਾਤਾ, ਰੱਬੀ ਰੂਹ ਕਿਸਾਨ ਇਹੇ
ਹੰਝੂ ਗੋਲੇ, ਲੂਹਣ ਛਰਲੇ, ਗੋਲੀਆਂ ਹਿੱਕਾਂ ਤੇ ਹਨ
  ਬਖ਼ਸ਼ੇ ਤਮਗ਼ੇ ਸਰਕਾਰ ਵਲੋਂ, ਦੇਸ਼ ਦਵੇ ਸਨਮਾਨ ਇਹੇ
ਤੇਰੇ ਪੁੱਤ ਖੜੇ ਲੈ ਸੰਗੀਨਾਂ, ਅੰਦਰ ਪਾਲੇ ਦੁਸ਼ਮਣ ਦੇ
  ਵਾਰ ਕਰਦੈਂ ਤਾਂ ਪੁੱਤ ਮਰਨੇ, ਕਿੰਝ ਬਚੂ ਸੰਵਿਧਾਨ ਇਹੇ
ਦੇਖਾਂ ਕਦਮ ਕਦਮ ਤੇ ਹੱਦਾਂ, ਕਿੱਲਾਂ-ਤਾਰਾਂ ਵਾੜਾਂ ਹਨ
  ਤੋਪਾਂ ਬੀੜੀਆਂ ਹਰ ਪਾਸੇ, ਕੈਸਾ ਹੈ ਇਮਤਿਹਾਨ ਇਹੇ
ਕਰਜ਼ਾ ਕਿਰਤੀ ਵਲ, ਮੁਨਾਫ਼ਾ, ਸੱਭ ਸ਼ਾਹ ਦਾ ਕਹਿਣ ਵਹੀਆਂ
  ਉਮਰਾਂ ਬੀਤੀਆਂ ਭੱਠ ਝੋਕਾਂ, ਮਾਰ ਰਿਹੈ ਦੀਵਾਨ ਇਹੇ
ਕੱਕਰ ਉਤੇ ਨੰਗੇ ਪੈਰੀਂ, ਪਾਟੀਆਂ ਬਿਆਈਆਂ ਨੇ
  ਸਰਕਾਰ ਅਜਾਰੇਦਾਰੀ ਨੂੰ, ਰੇਸ਼ਮ ਵਿਛਾਏ ਥਾਨ ਇਹੇ
ਵਿਸ਼ਵਾਸ਼ਘਾਤੀ ਪੀੜ੍ਹੀਆਂ ਤੋਂ, ਪਿੱਠ ’ਤੇ ਕਰਦੇ ਵਾਰ ਰਹੇ
  ਪੰਜਾਬੀਆ ਲੈ ਸਾਂਭ ਕਮਾਨਾਂ, ਬੈਠੇ ਸਿੰਨ ਨਿਸ਼ਾਨ ਇਹੇ
ਧੀਆਂ-ਪੁੱਤਰੋ ਕਰਿਉ ਸੰਘਰਸ਼ , ਪੰਜਾਬ ਲਈ ਰਣ ਅੰਦਰ
  ਧਰਤੀ ਮੰਗੇ ਸੀਸ, ਸ਼ਹਾਦਤ, ਮੁੜ ‘ਬਾਲੀ’ ਬਲੀਦਾਨ ਇਹੇ
ਐ ਆਵਾਜ਼ ਕਿਸਾਨਾਂ ਤੇਰੀ, ਕੌਣ ਸੁਣੂ ਕੂਕੀ ਜਾਹ..ਤੂੰ
  ਸਰਕਾਰਾਂ ਸਰਮਾਏਦਾਰਾਂ ’ਤੇ, ‘ਬਾਲੀ’ ਮਿਹਰਬਾਨ ਇਹੇ
-ਬਲਜਿੰਦਰ ਸਿੰਘ ‘ਬਾਲੀ ਰੇਤਗੜ੍ਹ’
919465129168