ਕਾਵਿ ਵਿਅੰਗ: ਨਸ਼ਾ, ਲੀਡਰ ਤੇ ਤਸਕਰ
ਨਸ਼ਾ ਅੱਜ ਸਰਕਾਰ ਨੇ ਆਮ ਕਰਤਾ, ਜਿਵੇਂ ਅਮਲੀਆਂ ਦਾ ਬਣਦਾ ਹੱਕ ਮੀਆਂ।
ਨਸ਼ਾ ਅੱਜ ਸਰਕਾਰ ਨੇ ਆਮ ਕਰਤਾ,
ਜਿਵੇਂ ਅਮਲੀਆਂ ਦਾ ਬਣਦਾ ਹੱਕ ਮੀਆਂ।
ਹੁਣ ਉਹ ਵੀ ਨਸ਼ੇ ਤੇ ਅਸਾਂ ਲਾਉਣੇ,
ਜਿਨ੍ਹਾਂ ਲਾਇਆ ਨਹੀਂ ਮੂੰਹ ਅਜੇ ਤਕ ਮੀਆਂ।
ਸਾਰੇ ਪੰਜਾਬ ਵਿਚ ਸਮੈਕ ਆਮ ਕਰਨੀ,
ਭੇਜੂ ਦਿੱਲੀ ਤੋਂ ਸਿਧੇ ਟਰੱਕ ਮੀਆਂ।
ਥੱਲੇ ਬੋਰੀਆਂ ਦੇ ਪੋਸਤ ਅਫ਼ੀਮ ਆਊ,
ਉਤੇ ਲੱਦੂ ਡਰਾਈਵਰ ਫੱਕ ਮੀਆਂ।
ਸਾਰੇ ਪੰਜਾਬ ਨੂੰ ਨਸ਼ੇ ਤੇ ਅਸਾਂ ਲਾਉਣਾ,
ਤਾਹੀਉਂ ਰਹੂ ਸਰਕਾਰ ਦਾ ਨੱਕ ਮੀਆਂ।
ਅਸੀਂ ਅਮਲੀ ਸ਼ੇਰ ਬਣਾ ਦੇਣੇ,
ਦੇਣਾ ਬਣਦਾ ਉਹਨਾਂ ਦਾ ਹੱਕ ਮੀਆਂ।
ਬਾਪੂ ਗੋਡਿਆਂ ਨੂੰ ਫੜ ਕੇ ਨਾ ਉੱਠੂ,
ਨਿੱਤ ਦੁਖਦਾ ਨਹੀਂ ਫਿਰ ਲੱਕ ਮੀਆਂ।
ਕੋਈ ਕਹੇ ਨਾ ਮੈਨੂੰ ਨਹੀਂ ਮਿਲਿਆ,
ਟਾਈਮ ਲੱਗ ਜੂ ਆਹ ਚੱਕ ਮੀਆਂ।
ਕਈ ਅਮਲੀ ਅਜੇ ਨੇ ਬਹੁਤ ਕੱਚੇ,
ਪੂਰੇ ਲੈਣ ਦੇ ਇਨ੍ਹਾਂ ਨੂੰ ਪੱਕ ਮੀਆਂ।
ਅੰਦਰ ਲੰਘ ਆਉ ਜਿਸ ਵੀ ਕੰਮ ਆਏ,
ਇਨ੍ਹਾਂ ਅਫ਼ਸਰਾਂ ਕੋਲੋਂ ਨਾ ਝੱਕ ਮੀਆਂ।
ਮੇਰੇ ਸਿਰ ਤੇ ਹੱਥ ਸਰਕਾਰ ਦਾ ਏ,
ਲਾ ਦੇਣੇ ਨੇ ਪੂਰੇ ਜੱਕ ਮੀਆਂ।
‘ਸੰਧੂ’ ਘੋੜੇ ਵਾਂਗ ਅਮਲੀ ਫਿਰਨ ਭੱਜੇ,
ਛੱਡੀ ਕਸਰ ਨਾ ਹੁਣ ਕੀ ਸ਼ੱਕ ਮੀਆਂ।
- ਹਰੀ ਸਿੰਘ ਸੰਧੂ ਸੁਖੇ ਵਾਲਾ ਜ਼ੀਰਾ
ਮੋਬਾਈਲ : 98774-76161