ਸੰਨ 2020 ਕੋਰੋਨਾ ਅਤੇ ਕਾਲੇ ਖੇਤੀ ਕਾਨੂੰਨਾਂ ਵਿਰੁਧ ਰਿਹਾ
ਸੰਨ 2020 ਨੂੰ ਅਲਵਿਦਾ ਆਖ 2021 ਦਾ ਸਵਾਗਤ ਕਰਦਿਆਂ ਨਵੇਂ ਸਾਲ ਵਿਚ ਪੈਰ ਰਖਿਆ ਹੈ। ਅੱਜ ਬੀਤੇ ਸਾਲ ਦੀਆਂ ਯਾਦਾਂ ਨਾਲ 2021 ਦਾ ਆਗ਼ਾਜ਼ ਹੋ ਰਿਹਾ ਹੈ।
ਸੰਨ 2020 ਨੂੰ ਅਲਵਿਦਾ ਆਖ 2021 ਦਾ ਸਵਾਗਤ ਕਰਦਿਆਂ ਨਵੇਂ ਸਾਲ ਵਿਚ ਪੈਰ ਰਖਿਆ ਹੈ। ਅੱਜ ਬੀਤੇ ਸਾਲ ਦੀਆਂ ਯਾਦਾਂ ਨਾਲ 2021 ਦਾ ਆਗ਼ਾਜ਼ ਹੋ ਰਿਹਾ ਹੈ। ਬੀਤਿਆ ਸਾਲ ਕੁੱਝ ਕਠਿਨਾਈਆਂ ਅਤੇ ਮੁਸ਼ਕਲਾਂ ਭਰਿਆ ਜ਼ਰੂਰ ਰਿਹਾ ਪਰ ਮੁਸੀਬਤਾਂ ਨੂੰ ਪਾਰ ਕਰ ਕੇ ਸਾਲ ਬੀਤ ਗਿਆ ਤੇ ਸਾਡੀਆਂ ਅੱਖਾਂ ਖੋਲ੍ਹ ਗਿਆ। ਜੇਕਰ 2020 ਦੀ ਗੱਲ ਕਰੀਏ ਤਾਂ ਇਹ ਸਾਲ ਭਾਰਤ ਵਾਸੀਆਂ ਲਈ ਮਾਰਚ ਤੋਂ ਹੀ ਮੁਸ਼ਕਲਾਂ ਵਾਲਾ ਕਹਿ ਸਕਦੇ ਹਾਂ ਜਾਂ ਫਿਰ ਇਸ ਨੂੰ ਬਿਨ ਬੁਲਾਏ ਮੁਸੀਬਤ ਦਾ ਆਉਣਾ ਆਖ ਸਕਦੇ ਹਾਂ।
ਇਹ ਮੁਸੀਬਤ ਇਕ ਮਹਾਂਮਾਰੀ ਦੇ ਰੂਪ ਵਿਚ ਅਪੜੀ। ਖ਼ੈਰ ਹੋਰ ਦੇਸ਼ਾਂ ਵਿਚ ਤਾਂ ਇਸ ਨੇ ਅਪਣਾ ਪ੍ਰਭਾਵ 2020 ਚੜ੍ਹਦੇ ਹੀ ਵਿਖਾ ਦਿਤਾ ਸੀ ਪਰ ਇਹ ਮਹਾਂਮਾਰੀ ਮਾਰਚ ਵਿਚ ਭਾਰਤ ਪਹੁੰਚੀ। ਇਸ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਸਰਕਾਰਾਂ ਨੂੰ ਦੇਸ਼ ਵਿਚ ਮੁਕੰਮਲ ਤਾਲਾਬੰਦੀ ਕਰਨੀ ਪਈ। ਤਾਲਾਬੰਦੀ ਦਾ ਅਸਰ ਆਮ ਲੋਕਾਂ ’ਤੇ ਬਹੁਤ ਭਾਰੂ ਰਿਹਾ। ਕੁੱਝ ਕੁ ਦਿਨ ਦੇ ਲਾਕਡਾਊਨ ਨਾਲ ਸਥਿਤੀ ਕਾਬੂ ਵਿਚ ਨਾ ਆਉਂਦਿਆਂ ਵੇਖ ਸਰਕਾਰ ਨੂੰ ਲੰਮੇ ਸਮੇਂ ਲਈ ਲਾਕਡਾਊਨ ਲਾਉਣਾ ਪੈ ਗਿਆ।
ਸਥਿਤੀ ਨਾਜ਼ੁਕ ਵੇਖ ਕੇ ਸਰਕਾਰਾਂ ਨੇ ਦੂਜੇ ਸੂਬਿਆਂ ਤੋਂ ਆਏ ਪਰਵਾਸੀਆਂ ਨੂੰ ਉਨ੍ਹਾਂ ਦੇ ਸੂਬੇ ਵਿਚ ਪਹੁੰਚਾਉਣਾ ਸ਼ੁਰੂ ਕਰ ਦਿਤਾ। ਵਕਤ ਦਾ ਅਜਿਹਾ ਦੌਰ ਚਲ ਰਿਹਾ ਸੀ ਕਿ ਆਪੋ ਅਪਣੇ ਘਰਾਂ ਨੂੰ ਜਾਂਦਿਆਂ ਲੋਕਾਂ ਨਾਲ ਹਾਦਸੇ ਵਾਪਰਨ ਨਾਲ ਕਹਿਰ ਹੀ ਵਰਤ ਗਿਆ। ਲੋਕੀ ਅਪਣੇ ਸੂਬਿਆਂ ਵਿਚ ਜਾਣ ਲਈ ਸੈਂਕੜੇ ਕਿਲੋਮੀਟਰ ਪੈਦਲ ਤੁਰਨ ਲਗ ਪਏ। ਇਹ ਮੰਜ਼ਰ ਬਹੁਤ ਖੌਫ਼ਨਾਕ ਸੀ।
ਦਿੱਕਤਾਂ ਦਾ ਦੌਰ ਚਲਣ ਨਾਲ ਲੋਕ ਅਪਣੇ ਘਰਾਂ ਅੰਦਰ ਕੈਦ ਹੋ ਕੇ ਰਹਿ ਗਏ। ਆਮ ਇਨਸਾਨ ਲਈ ਜੀਵਨ ਬਸਰ ਕਰਨਾ ਮੁਸ਼ਕਲ ਹੋਣ ਲਗ ਪਿਆ। ਕਈਆਂ ਨੇ ਮਾਨਸਕ ਤਣਾਅ ਕਾਰਨ ਖ਼ੁਦਕੁਸ਼ੀ ਵੀ ਕਰ ਲਈ। ਇਕ ਅਖ਼ਬਾਰ ਵਿਚ ਛਪਿਆ ਪੜਿ੍ਹਆ ਜਿਸ ਵਿਚ ਪਰਵਾਰ ਸਮੇਤ ਅਪਣੇ ਘਰ ਵਾਪਸੀ ਨੂੰ ਜਾਂਦੇ ਸਮੇਂ ਭੁੱਖਣ-ਭਾਣੇ ਪੂਰੇ ਪਰਵਾਰ ਨੇ ਦਰਖ਼ਤ ਨਾਲ ਲਟਕ ਕੇ ਅਪਣੀ ਜੀਵਨ ਲੀਲਾ ਖ਼ਤਮ ਕਰ ਲਈ। ਕੋਰੋਨਾ ਕਾਲ ਦੁਨੀਆਂ ਨੂੰ ਬਹੁਤ ਕੁੱਝ ਸਿਖਾ ਗਿਆ ਹੈ ਜੋ ਨਾ ਭੁੱਲਣ ਯੋਗ ਹਨ।
ਖ਼ੁਦਕੁਸ਼ੀ ਦਾ ਦੌਰ : ਇਸ ਭਿਆਨਕ ਬਿਮਾਰੀ ਵਿਚ ਖ਼ੁਦ ਦੇ ਪਰਵਾਰ ਨਾਲੋਂ ਵੱਖ ਕਰ ਦਿਤਾ। ਜੇਕਰ ਕੋਈ ਵਿਅਕਤੀ ਇਸ ਮਹਾਂਮਾਰੀ ਦੀ ਲਪੇਟ ਵਿਚ ਆ ਵੀ ਜਾਂਦਾ ਸੀ, ਉਹ ਬੰਦੇ ਦੇ ਠੀਕ ਹੋਣ ਤੋਂ ਲੈ ਕੇ ਆਖ਼ਰੀ ਸਵਾਸ ਤਕ ਸਰਕਾਰੀ ਨਿਗਰਾਨੀ ਹੇਠ ਰਹਿੰਦੇ ਸਨ। ਜੇਕਰ ਕਿਸੇ ਦੀ ਮੌਤ ਹੋ ਵੀ ਜਾਂਦੀ ਤਾਂ ਉਸ ਦਾ ਅੰਤਮ ਸੰਸਕਾਰ ਉਸ ਦਾ ਪਰਵਾਰ ਨਹੀਂ ਸੀ ਕਰ ਸਕਦਾ।
ਸ਼ੁਰੂ ਸ਼ੁਰੂ ਵਿਚ ਕੋਰੋਨਾ ਨਾਲ ਹੋਈਆਂ ਮੌਤਾਂ ਕਾਰਨ ਪਿੰਡ ਵਾਸੀਆਂ ਵਲੋਂ ਬੰਦੇ ਦਾ ਸਸਕਾਰ ਕਰਨ ਤੋਂ ਵੀ ਰੋਕਿਆ ਗਿਆ। ਕਹਿ ਲਉ ਕਿ ਬੰਦੇ ਨੂੰ ਮਰਨ ਤੋਂ ਬਾਅਦ ਅਪਣੇ ਪਿੰਡ ਵਿਚ ਸਸਕਾਰ ਵੀ ਨਸੀਬ ਨਾ ਹੋਇਆ। ਸਬਜ਼ੀਆਂ, ਫਲਾਂ, ਦੁੱਧ ਦੇ ਮੁੱਲ ਦਾ ਵਧਣ, ਨੌਕਰੀਆਂ ਛੁੱਟ ਜਾਣਾ, ਕਾਰੋਬਾਰ ’ਤੇ ਨੱਥ ਪੈ ਜਾਣੀ, ਸੜਕਾਂ ਵਿਰਾਨ ਨਜ਼ਰ ਆਉਣੀਆਂ, ਪਸ਼ੂਆਂ ਦਾ ਭੁੱਖੇ ਭਾਣੇ ਫਿਰਨਾ, ਫਿਰ ਘਰਾਂ ਅੰਦਰ ਕੈਦ ਹੋਏ ਅਤੇ ਕਈ ਲੋਕ ਡਿਪਰੈਸ਼ਨ ਵਿਚ ਜਾਣਾ ਸ਼ੁਰੂ ਹੋ ਗਏ। ਹੋਲੀ ਹੌਲੀ ਇਨ੍ਹਾਂ ਦੀ ਸਥਿਤੀ ਅਜਿਹੀ ਬਣ ਗਈ ਕਿ ਉਹ ਖ਼ੁਦਕੁਸ਼ੀਆਂ ਕਰਨ ਲੱਗ ਪਏ। ਇਸ ਤਰ੍ਹਾਂ ਇਹ ਕਹਿਰ ਬੀਤਦੇ ਸਾਲ ਦੇ ਕਿਨਾਰੇ ’ਤੇ ਆ ਪਹੁੰਚਿਆ।
ਕਾਲੇ ਕਿਸਾਨ ਮਾਰੂ ਕਾਨੂੰਨਾਂ ਦਾ ਆਉਣਾ : ਲਾਕਡਾਊਨ ਅਜੇ ਪੂਰੀ ਤਰ੍ਹਾਂ ਖ਼ਤਮ ਨਹੀਂ ਸੀ ਹੋਇਆ ਕਿ ਇਕ ਹੋਰ ਮੁਸੀਬਤ ਘੇਰਾ ਪਾ ਖੜੀ ਹੋਈ। ਦਸੰਬਰ ਵਿਚ ਇਕ ਕਿਸਾਨੀ ਬਿੱਲ ਪਾਸ ਹੋਇਆ ਜਿਸ ਵਿਚ ਕਿਸਾਨਾਂ ਲਈ ਮੌਤ ਦੇ ਵਾਰੰਟ ਜਾਰੀ ਕੀਤੇ ਗਏ। ਪੂਰੀ ਦੁਨੀਆਂ ਅਜੇ ਕੋਰੋਨਾ ਕਾਲ ਤੋਂ ਉਭਰੀ ਨਹੀਂ ਸੀ ਕਿ ਕਾਲ ਨੇ ਫਿਰ ਘੇਰ ਲਿਆ।
ਸਰਕਾਰ ਵਿਰੁਧ ਬੜੇ ਧਰਨੇ ਚਲਦੇ ਰਹੇ ਪਰੰਤੂ ਸਰਕਾਰ ਟਸ ਤੋਂ ਮਸ ਨਾ ਹੋਈ। ਆਖਰਕਾਰ ਇਨ੍ਹਾਂ ਕਾਨੂੰਨਾਂ ਵਿਰੁਧ ‘ਦਿੱਲੀ ਚਲੋ’ ਦੇ ਨਾਹਰਿਆਂ ਨਾਲ ਕਿਸਾਨ ਰਾਹ ’ਚ ਆਈਆਂ ਔਕੜਾਂ ਨੂੰ ਪਾਰ ਕਰਦੇ ਹੋਏ, ਦਿੱਲੀ ਦੇ ਬਾਰਡਰਾਂ ’ਤੇ ਜਾ ਪਹੁੰਚੇ। ਇਨ੍ਹਾਂ ਬਾਰਡਰਾਂ ਉਤੇ ਬੈਠੇ ਕਿਸਾਨਾਂ ਨੇ ਰਾਹ ਵਿਚ ਆਈ ਹਰ ਮੁਸੀਬਤ ਦਾ ਡੱਟ ਕੇ ਮੁਕਾਬਲਾ ਕੀਤਾ।
ਪਰ ਸਰਕਾਰਾਂ ਨੇ ਖੇਤੀ ਕਾਨੂੰਨਾਂ ਨੂੰ ਰੱਦ ਨਾ ਕਰਨ ਦੀ ਜਿਵੇਂ ਸੰਹੁ ਖਾ ਲਈ ਹੋਵੇ। ਸਰਕਾਰ ਵਲੋਂ ਮੀਟਿੰਗਾਂ ਕਰ ਕਾਲੇ ਕਾਨੂੰਨਾਂ ਦੀ ਵਕਾਲਤ ਕਰਦਿਆਂ ਇਨ੍ਹਾਂ ਨੂੰ ਸਹੀ ਠਹਿਰਾਉਣ ਦਾ ਯਤਨ ਕੀਤਾ ਗਿਆ ਜਿਸ ਨੁੂੰ ਸਾਰੀ ਦੁਨੀਆਂ ਨੇ ਵੇਖਿਆ ਪਰ ਕਾਰਪੋਰੇਟ ਘਰਾਣਿਆਂ ਦੀ ਖ਼ਾਤਰ ਸਰਕਾਰਾਂ ਨੇ ਹੱਥ ਖੜੇ ਕਰ ਦਿਤੇ। ਸਮਝ ਨਹੀਂ ਆਉਂਦੀ ਜੋ ਚੀਜ਼ ਸਾਨੂੰ ਨਹੀਂ ਚਾਹੀਦੀ ਉਸ ਨੂੰ ਜ਼ਬਰਦਸਤੀ ਕਿਉਂ ਫ਼ਾਇਦੇ ਦਾ ਨਾਂ ਦੇ ਕੇ ਥੋਪਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ।
ਹੱਡਾਂ ਨੂੰ ਚੀਰਦੀ ਠੰਢ ਵਿਚ ਕਿਸਾਨ ਭਰਾਵਾਂ ਨੇ ਹੌਸਲੇ ਨਾ ਹਾਰੇ ਪਰ ਕੁੱਝ ਲੋਕਾਂ ਨੇ ਇਨ੍ਹਾਂ ਕਾਨੂੰਨਾਂ ਕਾਰਨ ਖੁਦਕਸ਼ੀ ਵੀ ਕਰ ਲਈ ਜਾਂ ਰਸਤੇ ਵਿਚ ਹਾਦਸੇ ਵਾਪਰਨ ਕਾਰਨ ਮੌਤ ਦੀ ਨੀਂਦ ਸੌਂ ਗਏ। ਪਰ ਸਰਕਾਰਾਂ ਨੂੰ ਇਨ੍ਹਾਂ ਦਾ ਦਰਦ ਤਾਂ ਹੋਣਾ ਸੀ ਸਗੋਂ ਅਤਿਵਾਦੀ ਜਾਂ ਮਾਉਵਾਦੀ ਆਖ ਜ਼ਖ਼ਮਾਂ ’ਤੇ ਲੂਣ ਛਿੜਕਣ ਦਾ ਕੰਮ ਚਲਦਾ ਰਿਹਾ। ਪਰ ਧਰਨੇ ’ਤੇ ਬੈਠੇ ਧਰਨਾਕਾਰੀਆਂ ਦੇ ਹੌਸਲੇ ਬੁਲੰਦ ਰਹੇ।
ਉਨ੍ਹਾਂ ਅਪਣੀ ਜਾਨ ਦੀ ਪ੍ਰਭਾਵ ਨਾ ਕਰਦਿਆਂ ਸੱਭ ਕੁੱਝ ਛੱਡ ਕੇ ਆਉਣ ਵਾਲੇ ਭਵਿੱਖ ਲਈ ਮੈਦਾਨ ਵਿਚ ਡਟ ਗਏ ਜੋ ਅਜੇ ਵੀ ਅਪਣੇ ਹੱਕਾਂ ਲਈ ਬਾਰਡਰਾਂ ਉਤੇ ਪਹਿਰਾ ਦੇ ਰਹੇ ਹਨ। ਜਿਸ ਨੂੰ ਦਰਦ ਨਹੀਂ ਉਹ ਸਰਕਾਰ ਕਾਹਦੀ, ਜਿਸ ਨੂੰ ਅਪਣੇ ਦੇਸ਼ ਦੇ ਲੋਕਾਂ ਦੀ ਬਿਲਕੁਲ ਪਰਵਾਹ ਨਹੀਂ, ਉਹ ਪਹਿਰੇਦਾਰ ਨਹੀਂ। ਸਰਕਾਰਾਂ ਦੀ ਅੱਖ ਪਤਾ ਨਹੀਂ ਕਦੋਂ ਖੁਲ੍ਹਣੀ ਹੈ। ਜਾਂਦੇ ਜਾਂਦੇ ਇਸ ਸਾਲ ਤੋਂ ਬਹੁਤ ਕੁੱਝ ਸਿਖਣ ਨੂੰ ਤਾਂ ਮਿਲਿਆ ਪਰ ਇਹ ਸਾਲ ਦਰਦਾਂ ਭਰਿਆ, ਕੋਰੋਨਾ ਕਾਲ ਦੇ ਨਾਂ ਨਾਲ ਹਰ ਅੰਦਰ ਯਾਦ ਜ਼ਰੂਰ ਛੱਡ ਗਿਆ ਹੈ।
ਚੰਗੇ ਮੰਦੇ ਦੌਰ ਤਾਂ ਆਉਂਦੇ ਜਾਂਦੇ ਰਹਿੰਦੇ ਹਨ ਪਰ ਪਰਮਾਤਮਾ ਅੱਗੇ ਅਰਦਾਸ ਕਰੀਏ ਆਉਣ ਵਾਲਾ ਸਮਾਂ ਹਰ ਇਕ ਲਈ ਖੇੜਿਆਂ ਖ਼ੁਸ਼ੀਆਂ ਹੋਵੇ। ਇਨ੍ਹਾਂ ਖਿੱਟੀਆਂ ਮਿੱਠੀਆਂ ਯਾਦਾਂ ਨੂੰ ਭੁਲਾ ਕੇ ਅੱਗੇ ਵਧਣ ਤੇ ਸੁਚਾਰੂ ਸੋਚ ਨਾਲ ਦੇਸ਼ ਖ਼ੁਸ਼ਹਾਲੀ ਭਰਿਆ ਰਹੇ। ਦਿੱਲੀ ਬਾਰਡਰਾਂ ’ਤੇ ਬੈਠੇ ਧਰਨਾਕਾਰੀਆਂ ਨੂੰ ਰਹਿਤ ਮਿਲੇ ਤੇ ਖ਼ੁਸ਼ੀ ਖ਼ੁਸ਼ੀ ਬਿੱਲ ਵਾਪਸ ਕਰਵਾ ਅਪਣੇ ਕੰਮਾਂ ਕਾਰਾਂ ਨੂੰ ਸਾਂਭਣ ਤੇ ਘਰ ਵਾਪਸ ਆ ਜਾਣ।
ਈਮੇਲ : baljinderk570gmail.com, -ਬਲਜਿੰਦਰ ਕੌਰ ਸ਼ੇਰਗਿੱਲ, ਮੋਹਾਲੀ