ਚਿੱਟੀ ਦਾੜ੍ਹੀ ਵਾਲੇ ਕਿਸਾਨ ਤੇ ਚਿੱਟੇ ਦੁੱਧ ਦਾ ਉਬਾਲਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸਾਰੇ ਖੱਫਣ ਪਾੜ ਕੇ ਸੱਚ ਉਪਰ ਨਿਕਲਦਾ ਹੈ। ਕੁੜਤਾ ਪਜਾਮਾ ਨਵਾਂ ਫਟ ਜਾਵੇ ਤਾਂ ਚੰਗਾ ਰਫੂਗਰ ਲੱਭਣਾ ਪੈਂਦਾ ਹੈ।

Farmer

ਨਵੀਂ ਦਿੱਲੀ: ਜਦ ਦੁਧ ਐਨ ਉਬਲਣ ਤੇ ਹੋਵੇ ਤਾਂ ਸਿਆਣਾ ਬੰਦਾ ਦੁਧ ਦੇ ਕੋਲ ਬੈਠਦਾ ਹੈ। 26 ਜਨਵਰੀ ਨੂੰ ਮਹੀਨਿਆਂ ਦੇ ਕਿਸਾਨ ਅੰਦੋਲਨ ਨੇ ਉਬਾਲਾ ਖਾਧਾ, ਉਹ ਵੀ ਤੇਜ਼ ਅੱਗ ਉਪਰ ਤੇ ਸਮੇਂ ਤੋਂ ਪਹਿਲਾਂ। ਭੋਲੇ ਭਲੇਮਾਣਸ ਬਜ਼ੁਰਗ ਕਿਸਾਨ, ਸਮੇਂ ਤੇ ਰੂਟ ਦੀ ਭਲੇਮਾਣਸੀ ਭਾਲਦੇ ਰਹੇ ਤੇ ਸ਼ਾਤਰ ਲੋਕ ਤੁਹਾਡਾ ਦੁਧ ਲਾਲ ਕਿਲ੍ਹੇ ਦੀ ਭੱਠੀ ਤੇ ਲੈ ਗਏ ਤੇ ਵਰਤ ਗਏ ਪੰਜਾਬ ਤੇ ਹਰਿਆਣੇ ਦੇ ਜੋਸ਼ੀਲੇ ਨੌਜੁਆਨਾਂ ਨੂੰ।

ਇਸ ਸੱਚੇ ਪਵਿੱਤਰ ਦੁਧ ਨੂੰ ਮੱਠੀ ਮੱਠੀ ਅੱਗ ਤੇ ਹੌਲੀ-ਹੌਲੀ ਕਾੜ੍ਹਨਾ ਚਾਹੀਦਾ ਸੀ ਤੇ ਲਾਲ ਦਹੀਂ ਜੰਮਦਾ ਜਾਂ ਬਦਾਮਾਂ ਵਾਲੀ ਖੀਰ ਬਣਦੀ। ਜੇਕਰ ਉੱਬਲ ਹੀ ਗਿਆ ਸੀ ਤਾਂ ਸਮੇਂ ਸਿਰ ਲੀਡਰ ਪਾਣੀ ਛਿੱਟਾ ਦਿੰਦੇ। ਗੁਰਬਾਣੀ ਕਹਿੰਦੀ ਹੈ ‘ਸਚੁ ਪੁਰਾਣਾ ਹੋਵੇ ਨਾਹਿ॥ ਸਾਰੇ ਖੱਫਣ ਪਾੜ ਕੇ ਸੱਚ ਉਪਰ ਨਿਕਲਦਾ ਹੈ। ਕੁੜਤਾ ਪਜਾਮਾ ਨਵਾਂ ਫਟ ਜਾਵੇ ਤਾਂ ਚੰਗਾ ਰਫੂਗਰ ਲੱਭਣਾ ਪੈਂਦਾ ਹੈ।

ਨਰੇਸ਼ ਟਕੈਤ ਜੀ ਨੇ ਸਿਲਾਈ ਕੀਤੀ ਹੈ। ਓ ਪੰਜਾਬ ਦੇ ਕਿਸਾਨ ਵੀਰੋ ਤੁਸੀ ਸਟੇਜ ਤੇ ਵੱਡਾ ਤਰੰਗਾ ਲਗਾਉ, ਹਰ ਟਰੈਕਟਰ ਤੇ ਲਗਾਉ, ਹੱਥ ਵਿਚ ਲਹਿਰਾਉ। ਸੱਭ ਜਾਣਦੇ ਹਨ ਕਿ ਤੁਸੀ ਤਿਰੰਗੇ ਦੀ ਬੇਇਜ਼ਤੀ ਕਰਨ ਨਹੀਂ ਦਿੱਲੀ ਗਏ, ਮੀਡੀਆ ਤੁਹਾਡੀ ਨਿੱਕੀ-ਨਿੱਕੀ ਗੱਲ ਹੀ ਲਭਦਾ ਫਿਰਦਾ ਹੈ। ਕੀ ਚੀਨੀ ਫ਼ੌਜੀਆਂ ਨੂੰ ਧੱਫੇ ਮਾਰ-ਮਾਰ ਦਰਿਆ ’ਚ ਸਿੱਟਣ ਵਾਲਾ ਸ਼ਹੀਦ ਭਾਈ ਗੁਰਤੇਜ ਸਿੰਘ ਤਿਰੰਗੇ ’ਚ ਲਿਪਟ ਕੇ ਨਹੀਂ ਸੀ ਆਇਆ?

ਕਿੰਨੇ ਕਿਸਾਨ ਵੀਰ ਬੈਠੇ ਹਨ, ਜਿਨ੍ਹਾਂ ਦੇ ਮੁੰਡੇ ਤਿਰੰਗੇ ’ਚ ਲਿਪਟ ਕੇ ਘਰੇ ਪਹੁੰਚੇ। ਕਾਲੀਆਂ ਦਾੜ੍ਹੀਆਂ ਵਾਲਿਉ, ਚਿੱਟੀ ਦਾੜ੍ਹੀ ਦੀ ਸੁਣੋ। ਲਾਲ ਬਹਾਦਰ ਸ਼ਾਸਤਰੀ ਜੀ ਦੇ ਨਾਹਰੇ ਨੂੰ ਮੁੱਖ ਰੱਖੋ ‘ਜੈ ਜਵਾਨ ਜੈ ਕਿਸਾਨ’। ਹਰਿਆਣੇ ਦੇ ਹਿੰਦੂ ਜਾਟ ਵੀਰ ਦਾ ਦੁਧ ਵੀ ਚਾਹ ’ਚ ਪਾਉ। ਦਿੱਲੀ ਨਹੀਂ ਜਿਤਣੀ ਦਿਲ ਹੀ ਜਿੱਤਣੇ ਨੇ।
                                                                                   -ਸੁੱਖਪ੍ਰੀਤ ਸਿੰਘ ਆਰਟਿਸਟ, ਲੁਧਿਆਣਾ।
                                                                                          ਸੰਪਰਕ : 0161-2774789