ਸੁਰੱਖਿਅਤ ਜੀਵਨ ਦੀਆਂ ਧੀਆਂ ਵੀ ਹੱਕਦਾਰ ਨੇ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਹਰ ਰੋਜ਼ ਵਾਪਰਦੀਆਂ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਕਿਧਰੇ ਧੀ, ਕੁੱਤਿਆਂ, ਸੂਰਾਂ ਦਾ ਖਾਣਾ ਬਣੀ ਮਿਲਦੀ ਹੈ ਤੇ ਕਿਤੇ ਕੂੜੇ ਦੇ ਢੇਰ ਜਾਂ ਝਾੜੀਆਂ ਵਿਚ ਫਸੀ ਮਿਲਦੀ ਹੈ।

Daughters deserve a safer life too

ਸਰਕਾਰ ਸਮਾਜ ਦੇ ਸਹਿਯੋਗ ਨਾਲ ਭਰੂਣ ਹਤਿਆ, ਧੀਆਂ ਨੂੰ ਲਾਵਾਰਸ ਛੱਡਣ, ਨਵਜਨਮੀਆਂ ਧੀਆਂ ਨਾਲ ਬਲਾਤਕਾਰ, ਬਾਲ ਵਿਆਹ ਤੇ ਹੋਰ ਸਮਾਜਕ ਕੁਰੀਤੀਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਵਚਨਬੱਧ ਹੈ। ਪਰ ਹਾਲੇ ਵੀ ਕਿਤੇ ਨਾ ਕਿਤੇ ਸਮਾਜ ਵਿਚ ਬਹੁਤ ਸੁਧਾਰ ਦੀ ਲੋੜ ਹੈ ਜਿਵੇਂ ਲੁਧਿਆਣਾ ਵਿਚ ਇਕ ਨਵਜਨਮੀ ਬੱਚੀ ਕੂੜੇ ਦੇ ਢੇਰ ਵਿਚ ਮਿਲਣ ਕਾਰਨ ਸ਼ਹਿਰ ਤੇ ਮੀਡੀਆ ਵਿਚ ਹਲਚਲ ਹੋਈ ਸੀ। ਬੱਚੀ ਦੇ ਮਾਪਿਆਂ ਨੇ ਉਸ ਨੂੰ ਧੀ ਹੋਣ ਕਾਰਨ ਲਾਵਾਰਿਸ ਛੱਡ ਦਿਤਾ ਸੀ। ਪਤਾ ਨਹੀਂ ਅਜਿਹੀ ਕਿਹੜੀ ਮਜਬੂਰੀ ਸੀ ਜਿਸ ਕਾਰਨ ਉਸ ਦੇ ਨਿਰਦਈ ਮਾਪਿਆਂ ਨੇ ਅਜਿਹੇ ਘਿਨੌਣੇ ਕਾਰੇ ਨੂੰ ਅੰਜਾਮ ਦਿਤਾ।

ਪੂਰੀ ਯੋਜਨਾ ਨਾਲ ਇਹ ਕੰਮ ਕੀਤਾ ਗਿਆ ਸੀ ਤੇ ਬੱਚੀ ਦੇ ਬਚਣ ਦੀ ਕੋਈ ਉਮੀਦ ਨਹੀਂ ਸੀ ਪਰ ਕਹਿੰਦੇ ਨੇ ਕਿ ‘ਜਾ ਕੋ ਰਾਖੈ ਸਾਈਆਂ ਮਾਰ ਸਕੇ ਨਾ ਕੋਇ’ ਇਕ ਭਲੇ ਪੁਰਸ਼ ਨੇ ਉਸ ਦੀ ਚੀਕ ਸੁਣੀ ਤੇ ਇਸ ਦੀ ਇਤਲਾਹ ਪੁਲਿਸ ਨੂੰ ਦਿਤੀ। ਕੂੜੇ ਦੇ ਢੇਰ ਵਿਚੋਂ ਬੱਚੀ ਨੂੰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। ਸਮੇਂ ਸਿਰ ਇਲਾਜ ਮਿਲਣ ਕਾਰਨ ਉਸ ਬੱਚੀ ਦੀ ਜਾਨ ਬੱਚ ਗਈ ਪਰ ਇਹ ਘਟਨਾ ਸਮਾਜ, ਬੁਧੀਜੀਵੀਆਂ ਲਈ ਬਹੁਤ ਵੱਡੇ ਸਵਾਲ ਵੀ ਖੜੇ ਕਰ ਗਈ। 

ਅਗਰ ਇਹੀ ਬੱਚੀ ਕਿਤੇ ਲੜਕਾ ਹੁੰਦਾ ਤਾਂ ਸ਼ਾਇਦ ਉਹ ਮਾਪੇ ਉਸ ਨੂੰ ਕੂੜੇ ਦੇ ਢੇਰ ਵਿਚ ਇਸ ਤਰ੍ਹਾਂ ਲਾਵਾਰਿਸ ਨਾ ਛਡਦੇ। ਧੀ ਹੋਣ ਕਾਰਨ ਉਸ ਨੂੰ ਏਨੀ ਵੱਡੀ ਸਜ਼ਾ ਦਿਤੀ ਗਈ ਜਿਸ ਵਿਚ ਉਸ ਦਾ ਕੋਈ ਕਸੂਰ ਨਹੀਂ ਸੀ। ਕੀ ਪਤਾ ਉਹ ਕੱਲ ਨੂੰ ਕਲਪਨਾ ਚਾਵਲਾ, ਮਦਰ ਟੈਰੇਸਾ ਬਣੇਗੀ ਜਾਂ ਕਿਸੇ ਸੂਰਵੀਰ ਯੋਧੇ ਨੂੰ ਜਨਮ ਦੇਵੇਗੀ।

ਹਰ ਰੋਜ਼ ਵਾਪਰਦੀਆਂ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਕਿਧਰੇ ਧੀ, ਕੁੱਤਿਆਂ, ਸੂਰਾਂ ਦਾ ਖਾਣਾ ਬਣੀ ਮਿਲਦੀ ਹੈ ਤੇ ਕਿਤੇ ਕੂੜੇ ਦੇ ਢੇਰ ਜਾਂ ਝਾੜੀਆਂ ਵਿਚ ਫਸੀ ਮਿਲਦੀ ਹੈ। ਬੇਗਾਨਿਆਂ ਤੋਂ ਧੀਆਂ ਦੀ ਸੁਰੱਖਿਆ ਦੀ ਆਸ ਕਿਸ ਤਰ੍ਹਾਂ ਕੀਤੀ ਜਾਵੇ ਜਦਕਿ ਮਾਪੇ ਹੀ ਅਪਣੇ ਖ਼ੂਨ ਨੂੰ ਇਸ ਤਰ੍ਹਾਂ ਰੋਲਣ ਲੱਗ ਜਾਣ? ਅਜੋਕੇ ਮਨੁੱਖ ਦੀ ਸੋਚ ਨੂੰ ਕੀ ਹੋ ਗਿਆ ਹੈ ਜੋ ਅਪਣੇ ਬੇਗਾਨੇ ਦੀ ਪਰਖ ਕਰਨਾ ਭੁੱਲ ਗਈ ਹੈ।

 

ਅਜਕਲ ਸੋਸ਼ਲ ਮੀਡੀਆ ’ਤੇ ਅਜਿਹੀਆਂ ਫ਼ੋਟੋਆਂ ਵੀ ਨਸ਼ਰ ਹੋਈਆਂ ਹਨ ਕਿ ਬਹੁਤੇ ਦੇਸ਼ਾਂ ਵਿਚ ਮਨੁੱਖੀ ਭਰੂਣ ਨੂੰ ਭੋਜਨ ਦੇ ਤੌਰ ਉਤੇ ਖਾਧਾ ਜਾਣ ਲੱਗਾ ਹੈ। ਇਹ ਕਿਹੋ ਜਹੀ ਆਧੁਨਿਕਤਾ ਹੈ ਜਿਸ ਨੇ ਇਨਸਾਨ ਨੂੰ ਸ਼ੈਤਾਨ ਬਣਾ ਕੇ ਰੱਖ ਦਿਤਾ ਹੈ। ਅਜਿਹੇ ਲੋਕ ਇਨਸਾਨੀਅਤ ਦੇ ਨਾਂ ਤੇ ਕਲੰਕ ਹਨ ਤੇ ਮਨੁੱਖਤਾ ਦਾ ਮੂੰਹ ਚਿੜਾਉਂਦੇ ਹਨ।

ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਰਾਜ ਕੌਰ ਪੰਜਾਬ ਦੇ ਮਾਲਵੇ ਇਲਾਕੇ ਦੀ ਜੰਮਪਲ ਸੀ ਜਿਸ ਕਰ ਕੇ ਇਤਿਹਾਸ ਵਿਚ ਉਸ ਨੂੰ ਮਾਈ ਮਲਵੈਣ ਆਖ ਕੇ ਸਦਿਆ ਜਾਂਦਾ ਹੈ। ਉਸ ਸਮੇਂ ਨਵਜਨਮੀ ਧੀਆਂ ਨੂੰ ਮਾਰਨ ਦਾ ਆਮ ਰਿਵਾਜ ਸੀ। ਜ਼ਿਆਦਾ ਅਫ਼ੀਮ ਖਵਾ ਕੇ, ਪਾਣੀ ਵਿਚ ਡੋਬ ਕੇ ਮਾਰ ਦਿਤਾ ਜਾਦਾ ਸੀ ਜਾਂ ਘੜੇ ਵਿਚ ਪਾ ਕੇ ਧਰਤੀ ਵਿਚ ਦੱਬ ਦਿਤਾ ਜਾਂਦਾ ਸੀ। ਜਦੋਂ ਰਾਜ ਕੌਰ ਦਾ ਜਨਮ ਹੋਇਆ ਤਾਂ ਰਿਵਾਜ ਅਨੁਸਾਰ ਉਸ ਦੇ ਪ੍ਰਵਾਰ ਨੇ ਵੀ ਉਸ ਨੂੰ ਮਾਰਨ ਦੀ ਤਰਕੀਬ ਸੋਚੀ। ਉਸ ਨੂੰ ਵੀ ਘੜੇ ਵਿਚ ਪਾ ਕੇ ਧਰਤੀ ਵਿਚ ਜਦ ਦੱਬਣ ਲਗੇ ਤਾਂ ਅਚਨਚੇਤ ਬਾਹਰੋਂ ਆ ਕੇ ਕਿਸੇ ਪ੍ਰਵਾਰਕ ਮੈਂਬਰ ਨੇ ਉਸ ਬੱਚੀ ਨੂੰ ਘੜੇ ਵਿਚੋਂ ਬਾਹਰ ਕਢਿਆ ਉਹ ਬੱਚੀ ਬਚ ਗਈ ਤੇ ਰਾਜ ਕੌਰ ਬਣ ਗਈ ਜਿਸ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਜਨਮ ਦਿਤਾ ਜੋ ਦੁਨੀਆਂ ਦੇ ਇਤਿਹਾਸ ਵਿਚ ਵਖਰੀ ਪਛਾਣ ਰਖਦੇ ਹਨ।

ਜੇਕਰ ਉਸ ਸਮੇਂ ਰਾਜ ਕੌਰ ਨੂੰ ਮਾਰ ਦਿਤਾ ਜਾਂਦਾ ਤਾਂ ਕੀ ਅਜਿਹਾ ਮਹਾਨ ਰਾਜਾ ਪੈਦਾ ਹੋਣਾ ਸੀ? ਇਸੇ ਤਰ੍ਹਾਂ ਪਤਾ ਨਹੀਂ ਸਾਡੀ ਕਿਹੜੀ ਬੱਚੀ ਮਾਂ ਬਣ ਕੇ ਮਹਾਰਾਣਾ ਪ੍ਰਤਾਪ, ਸ. ਭਗਤ ਸਿੰਘ, ਡਾ. ਕਲਾਮ ਵਰਗੇ ਯੁੱਗ ਬਦਲੂ ਮਹਾਨ ਲੋਕਾਂ ਨੂੰ ਜਨਮ ਦੇਵੇ? ਸੋਚਣ ਦੀ ਗੱਲ ਹੈ ਕਿ ਜੇਕਰ ਮਹਾਨ ਲੋਕਾਂ ਦੀਆਂ ਮਾਵਾਂ ਨੂੰ ਜੰਮਣ ਸਾਰ ਮਾਰ ਦਿਤਾ ਜਾਂਦਾ ਤਾਂ ਮਹਾਨਤਾ ਦੀ ਮਿਸਾਲ ਕਿਸ ਨੇ ਬਣਨਾ ਸੀ? ਇਹੀ ਗੱਲ ਅਸੀ ਅਪਣੇ ਆਪ ਉਤੇ ਵੀ ਲਗਾ ਕੇ ਵੇਖ ਸਕਦੇ ਹਾਂ, ਸਾਡੀਆਂ ਮਾਵਾਂ ਤੋਂ ਬਿਨਾਂ ਸਾਡਾ ਕੋਈ ਵਜੂਦ ਨਹੀਂ ਹੋਣਾ ਸੀ।

ਧੀਆਂ ਮਾਰਨ ਦੀ ਮੰਦਭਾਗੀ ਰੀਤ ਪ੍ਰਾਚੀਨ ਕਾਲ ਤੋਂ ਪ੍ਰਚਲਿਤ ਹੈ। ਗੁਰੂਆਂ, ਪੀਰਾਂ ਤੇ ਸਮਾਜ ਸੁਧਾਰਕਾਂ ਨੇ ਸਮੇਂ-ਸਮੇਂ ਉਤੇ ਇਸ ਵਿਰੁਧ ਆਵਾਜ਼ ਬੁਲੰਦ ਕੀਤੀ ਹੈ। ਸਿੱਖ ਰਹਿਤਨਾਮਿਆਂ ਵਿਚ ਗੁਰੂੁ ਸਾਹਿਬਾਨ ਵਲੋਂ ਕੁੜੀਮਾਰ ਨਾਲ ਵਰਤਣ ਦੀ ਸਖ਼ਤ ਮਨਾਹੀ ਹੈ। ਉਸ ਸਮੇਂ ਜੰਮਦੀ ਕੁੜੀ ਨੂੰ ਮਾਰ ਦਿਤਾ ਜਾਂਦਾ ਸੀ ਪਰ ਅਜੋਕੇ ਸਮੇਂ ਅੰਦਰ ਵਿਗਿਆਨ ਦੀ ਕਾਢ ਅਲਟਰਾਸਾਊਂਡ ਜੋ ਮਨੁੱਖੀ ਭਲੇ ਲਈ ਕੀਤੀ ਗਈ ਸੀ, ਇਸ ਦਾ ਗ਼ਲਤ ਪ੍ਰਯੋਗ ਮਰੀ ਜ਼ਮੀਰ ਵਾਲੇ ਲੋਕਾਂ ਵਲੋਂ ਕੀਤਾ ਜਾਂਦਾ ਹੈ। ਸੰਨ 1979 ਵਿਚ ਅਲਟਰਾਸਾਊਂਡ ਦੀ ਆਮਦ ਦੇਸ਼ ਵਿਚ ਹੋਈ ਸੀ ਤੇ ਸੰਨ 1990 ਵਿਚ ਬੱਚੇ ਦੇ ਲਿੰਗ ਨਿਰਧਾਰਨ ਜਾਂਚ ਸ਼ੁਰੂ ਹੋ ਕੇ ਸਿਖਰ ਉਤੇ ਪਹੁੰਚ ਗਈ ਸੀ।

ਗਰਭ ਵਿਚ ਪਲ ਰਹੇ ਬੱਚੇ ਦਾ ਲਿੰਗ ਅਸਾਨੀ ਨਾਲ ਪਤਾ ਲੱਗ ਜਾਂਦਾ ਹੈ ਤੇ ਬੱਚੀ ਹੋਣ ਦੀ ਸੂਰਤ ਵਿਚ ਉਸ ਨੂੰ ਗਰਭ ਵਿਚ ਹੀ ਮਾਰਿਆ ਜਾਂਦਾ ਹੈ ਜਾਂ ਫਿਰ ਧੀ ਕੂੜੇ ਦੇ ਢੇਰਾਂ ਜਾਂ ਝਾੜੀਆਂ ਵਿਚ ਜ਼ਿੰਦਗੀ ਮੌਤ ਦੀ ਲੜਾਈ ਲੜਦੀ ਹੋਈ ਮਿਲਦੀ ਹੈ। ਸੰਸਾਰ ਵਿਚ ਭਰੂਣ ਹਤਿਆ ਅੱਜ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ ਪੜ੍ਹੇ ਲਿਖੇ ਅਗਾਂਹਵਧੂ ਅਖਵਾਉਂਦੇ ਲੋਕ ਇਸ ਸ਼ਰਮਨਾਕ ਕਾਰੇ ਨੂੰ ਸ਼ਰੇਆਮ ਅੰਜਾਮ ਦੇ ਰਹੇ ਹਨ। ਇਕ ਅਨੁਮਾਨ ਅਨੁਸਾਰ ਵਿਸ਼ਵ ਦੀਆਂ 42 ਫ਼ੀ ਸਦੀ ਲੜਕੀਆਂ ਜੰਮਣ ਤੋਂ ਪਹਿਲਾਂ ਹੀ ਮਾਰੀਆਂ ਜਾ ਚੁਕੀਆਂ ਹਨ ਤੇ ਸੰਸਾਰ ਅੰਦਰ 50 ਲੱਖ ਔਰਤਾਂ ਦੀ ਘਾਟ ਹੈ।

ਦੇਸ਼ ਪੱਧਰ ਉਤੇ ਸੰਨ 1901 ਵਿਚ ਮਰਦ-ਔਰਤ ਅਨੁਪਾਤ 1000-972 ਸੀ ਜੋ ਲਗਾਤਾਰ ਡਿਗਦਾ ਜਾ ਰਿਹਾ ਹੈ। ਸੌ ਸਾਲ ਬਾਅਦ ਭਾਵ ਸੰਨ 2001 ਇਹ ਅਨੁਪਾਤ 1000-933 ਰਹਿ ਗਿਆ ਹੈ। ਸੰਨ 2011 ਦੀ ਜਨਗਣਨਾ ਅਨੁਸਾਰ ਦੇਸ਼ ਪੱਧਰ ਉਤੇ 1000-940 ਅਨੁਪਾਤ ਪਾਇਆ ਗਿਆ ਹੈ। ਇਸ ਤਰ੍ਹਾਂ ਦੇਸ਼ ਵਿਚ 3.7 ਕਰੋੜ ਔਰਤਾਂ ਦੀ ਘਾਟ ਹੈ। ਪੰਜਾਬ ਤੇ ਹਰਿਆਣਾ ਵਿਚ ਇਹ ਅਨੁਪਾਤ ¬ਕ੍ਰਮਵਾਰ 1000-846 ਅਤੇ 1000-830 ਹੈ। ਹਰਿਆਣਾ ਦੇ ਇਕ ਸੰਪਰਦਾਇ ਦੇ ਲੜਕਿਆਂ ਨੂੰ ਵਿਆਹ ਲਈ ਕੁੜੀ ਨਹੀਂ ਮਿਲ ਰਹੀ ਤੇ ਦੂਜੇ ਸੂਬਿਆਂ ਵਿਚ ਲੜਕੀਆਂ ਲਈ ਪਹੁੰਚ ਕਰਨੀ ਪੈ ਰਹੀ ਹੈ।

ਪੰਜਾਬ ਵਿਚ ਪਿਛਲੇ ਦਸ ਸਾਲਾਂ ਦੌਰਾਨ 781 ਬੱਚੀਆਂ ਲਾਪਤਾ ਹੋਈਆਂ ਹਨ। ਕੌਮੀ ਅਪਰਾਧ ਰੀਕਾਰਡ ਬਿਊਰੋ ਦੇ ਤਿੰਨ ਸਾਲਾਂ ਦੇ ਅੰਕੜਿਆਂ ਅਨੁਸਾਰ ਦੇਸ਼ ਅੰਦਰ ਸੰਨ 2012 ਵਿਚ 76493, ਸੰਨ 2013 ਵਿਚ 77721 ਤੇ ਸੰਨ 2014 ਵਿਚ 73549 ਬੱਚਿਆਂ ਦੇ ਗੁਮ ਹੋਣ ਦੀ ਰੀਪੋਰਟ ਹੈ। ਪਲਿਸ ਅਜੇ ਵੀ ਇਹ ਪਤਾ ਲਗਾਉਣ ਵਿਚ ਅਸਮਰੱਥ ਹੈ ਕਿ ਆਖ਼ਰ ਏਨੀ ਵੱਡੀ ਗਿਣਤੀ ਵਿਚ ਗੁਮ ਹੋਏ ਬੱਚੇ ਕਿਥੇ ਹਨ? ਇਥੇ ਪੁਲਿਸ ਪ੍ਰਸ਼ਾਸਨ ਦਾ ਨਾਕਾਰਤਮਕ ਰਵਈਆ ਜੱਗ ਜ਼ਾਹਰ ਹੋਇਆ ਹੈ। ਸਿਰਫ਼ ਅਮੀਰ ਘਰਾਂ ਦੇ ਬੱਚਿਆਂ ਦੇ ਮਾਮਲੇ ਵਿਚ ਹੀ ਮੁਸਤੈਦੀ ਵਿਖਾਈ ਜਾਂਦੀ ਹੈ।

ਬਚਪਨ ਬਚਾਉ ਅੰਦੋਲਨ ਸੰਸਥਾ ਅਨੁਸਾਰ 50 ਫ਼ੀ ਸਦੀ ਗੁਮ ਬੱਚਿਆਂ ਦੀ ਰੀਪੋਰਟ ਹੀ ਕੌਮੀ ਅਪਰਾਧ ਰਿਕਾਰਡ ਬਿਊਰੋ ਕੋਲ ਪੁੱਜੀ ਹੈ। ਇਕ ਗ਼ੈਰ ਸਰਕਾਰੀ ਸੰਸਥਾ ਦੇ ਅਨੁਮਾਨ ਅਨੁਸਾਰ ਦੇਸ਼ ਅੰਦਰ ਵੱਖ-ਵੱਖ ਥਾਵਾਂ ਉਤੇ ਹਰ ਰੋਜ਼ 271 ਬੱਚੇ ਲਾਵਾਰਸ ਛੱਡੇ ਜਾਂਦੇ ਹਨ ਜਿਨ੍ਹਾਂ ਵਿਚੋਂ 90 ਫ਼ੀ ਸਦੀ ਕੁੜੀਆਂ ਹੁੰਦੀਆਂ ਹਨ। ਲਾਵਾਰਿਸ ਥਾਵਾਂ ਤੋਂ ਚੁੱਕ ਕੇ ਇਨ੍ਹਾਂ ਨੂੰ ਅਨਾਥ ਆਸ਼ਰਮਾਂ ਵਿਚ ਪਹੁੰਚਾ ਦਿਤਾ ਜਾਂਦਾ ਹੈ। ਇਹ ਬੱਚੇ ਜ਼ਿਆਦਾਤਰ ਅਨਾਥ ਆਸ਼ਰਮਾਂ ਵਿਚ ਨਰਕਮਈ ਜ਼ਿੰਦਗੀ ਜਿਊਂਦੇ ਹਨ। ਉਥੇ ਤਾਈਨਾਤ ਵਾਰਡਨ ਜਾਂ ਹੋਰ ਅਮਲਾ ਇਨ੍ਹਾਂ ਨਾਲ ਜਾਨਵਰਾਂ ਵਰਗਾ ਸਲੂਕ ਕਰਦਾ ਹੈ। ਛੋਟੀਆਂ ਛੋਟੀਆਂ ਬੱਚੀਆਂ ਦਾ ਜਿਸਮਾਨੀ ਸ਼ੋਸ਼ਣ ਤਕ ਕੀਤਾ ਜਾਂਦਾ ਹੈ। ਮੀਡੀਆ ਨੇ ਅਜਿਹੇ ਅਣਗਿਣਤ ਕੇਸਾਂ ਦਾ ਖ਼ੁਲਾਸਾ ਕੀਤਾ ਹੈ।

ਲਗਭਗ ਦੋ ਦਹਾਕੇ ਪਹਿਲਾਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਮਹਿਲ ਕਲਾਂ ਵਿਚ ਉਸੇ ਪਿੰਡ ਦੇ ਰਸੂਖ਼ਦਾਰਾਂ ਨੇ ਸਕੂਲ ਪੜ੍ਹਦੀ ਕੁੜੀ ਨਾਲ ਬਲਾਤਕਾਰ ਕੀਤਾ ਸੀ ਤੇ ਲਾਸ਼ ਨੂੰ ਧਰਤੀ ਵਿਚ ਦੱਬ ਦਿਤਾ ਸੀ। ਪ੍ਰਸ਼ਾਸਨ ਨੇ ਉਸ ਸਮੇਂ ਸਾਰਾ ਜ਼ੋਰ ਦੋਸ਼ੀਆਂ ਨੂੰ ਬਚਾਉਣ ਲਈ ਲਗਾ ਦਿਤਾ ਸੀ। ਆਖ਼ਰ ਲੋਕ ਰੋਹ ਜਾਗਿਆ। ਐਕਸ਼ਨ ਕਮੇਟੀ ਨਾਲ ਲੋਕਾਈ ਹੋ ਤੁਰੀ, ਤਾਂ ਜਾ ਕੇ ਲੰਮੇ ਸਮੇਂ ਬਾਅਦ ਦੋਸ਼ੀਆਂ ਨੂੰ ਸਜ਼ਾਵਾਂ ਹੋਈਆਂ ਸਨ ਪਰ ਉੱਚੀ ਰਾਜਨੀਤਕ ਪਹੁੰਚ ਕਾਰਨ ਐਕਸ਼ਨ ਕਮੇਟੀ ਦੇ ਆਗੂਆਂ ਨੂੰ ਝੂਠੇ ਮਾਮਲਿਆਂ ਵਿਚ ਫ਼ਸਾਇਆ ਗਿਆ ਸੀ। ਇਸ ਕੇਸ ਵਿਚ ਲੋਕ ਆਗੂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਲਈ ਲੋਕ ਰੋਹ ਸੰਘਰਸ਼ ਦੇ ਰਾਹ ਉਤੇ ਸੀ। ਸੰਨ 2019 ਵਿਚ ਕਿਤੇ ਜਾ ਕੇ ਉਸ ਦੀ ਸਜ਼ਾ ਰੱਦ ਹੋਈ।

ਯੂਨੀਸੈੱਫ਼ ਦੀ ਤਾਜ਼ਾ ਰੀਪੋਰਟ ਅਨੁਸਾਰ ਭਾਰਤ ਵਿਚ 43 ਫ਼ੀ ਸਦੀ ਲੜਕੀਆਂ 19 ਸਾਲ ਦੀ ਉਮਰ ਤੋਂ ਪਹਿਲਾਂ ਹੀ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋ ਜਾਂਦੀਆਂ ਹਨ। 20 ਸਾਲ ਉਮਰ ਦੀਆਂ 10 ਲੜਕੀਆਂ ਵਿਚੋਂ ਇਕ ਨੂੰ ਜਿਸਮ ਫ਼ਰੋਸ਼ੀ ਲਈ ਮਜਬੂਰ ਤਕ ਕੀਤਾ ਜਾਂਦਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ, ਬੱਚਿਆਂ ਦੇ ਬੰਧੂਆ ਜਾਂ ਦੇਹ ਵਪਾਰ ਵਿਚ ਦੇਸ਼ ਵਿਚ ਪਹਿਲੇ ਸਥਾਨ ਉਤੇ ਹੈ। ਕੌਮੀ ਅਪਰਾਧ ਰੀਕਾਰਡ ਬਿਊਰੋ ਅਨੁਸਾਰ ਸੰਨ 2014 ਵਿਚ ਬੱਚਿਆਂ ਪ੍ਰਤੀ 90 ਹਜ਼ਾਰ ਜੁਰਮਾਂ ਦੇ ਕੇਸ ਰਿਕਾਰਡ ਹੋਏ ਸਨ। ਜਿਨ੍ਹਾਂ ਵਿਚੋਂ 37 ਹਜ਼ਾਰ ਅਗਵਾ ਤੇ 14 ਹਜ਼ਾਰ ਦੁਸ਼ਕਰਮ ਦੇ ਕੇਸ ਸਨ ਤੇ ਬੱਚਿਆਂ ਉਤੇ ਹੁੰਦੇ ਜ਼ੁਲਮਾਂ ਵਿਚ ਪਿਛਲੇ ਸਾਲ ਦੇ ਮੁਕਾਬਲੇ 50 ਫ਼ੀ ਸਦੀ ਵਾਧਾ ਹੋਇਆ ਹੈ।

ਧੀਆਂ ਦੀ ਸੁਰੱਖਿਆ ਲਈ ਲੋਕਾਂ ਨੂੰ ਖ਼ੁਦ ਅੱਗੇ ਆਉਣਾ ਪਵੇਗਾ। ਲੋਕਾਂ ਨੂੰ ਜਾਗਰੂਕ ਕਰਨ ਦੀ ਬਹੁਤ ਲੋੜ ਹੈ। ਉਸ ਤੋਂ ਜ਼ਿਆਦਾ ਪੜ੍ਹੇ ਲਿਖੇ ਅਨਪੜ੍ਹਾਂ ਨੂੰ ਜਗਾਉਣ ਦੀ ਅਹਿਮ ਜ਼ਰੂਰਤ ਹੈ। ਇਹ ਹੈਰਾਨੀਜਨਕ ਤੱਥ ਹੈ ਕਿ ਕੁੜੀ ਮਾਰਨ ਤੇ ਧੀ ਨੂੰ ਲਾਵਾਰਸ ਛੱਡਣ ਵਿਚ ਸਾਰੇ ਪੜ੍ਹੇ ਲਿਖੇ ਲੋਕ ਸ਼ਾਮਲ ਹਨ। ਸਮਾਜ ਅੰਦਰ ਅਜਿਹਾ ਮਹੌਲ ਸਿਰਜਣ ਦੀ ਲੋੜ ਹੈ ਤਾਕਿ ਧੀਆਂ ਉੱਪਰ ਹੁੰਦੇ ਜ਼ੁਲਮਾਂ ਦਾ ਅੰਤ ਹੋ ਸਕੇ। ਲੋਕੋ ਹੁਣ ਤਾਂ ਅਪਣੀ ਸੋਚ ਬਦਲੋ। ਦੁਨੀਆਂ ਚੰਨ ਉਤੇ ਪਹੁੰਚ ਗਈ ਤੇ ਅਸੀ ਅਜੇ ਵੀ ਰੂੜੀਵਾਦੀ ਖਿਆਲਾਂ ਵਿਚ ਉਲਝੇ ਹੋਏ ਹਾਂ। ਦੂਜਿਆਂ ਦੀ ਧੀ ਦੀ ਸੁਰੱਖਿਆ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਅਪਣੀ ਬੱਚੀ ਨੂੰ ਸੁਰਖਿਅਤ ਜਿਊਣ ਦਾ ਹੱਕ ਤਾਂ ਜ਼ਰੂਰ ਦਿਉ ਤੇ ਉਸ ਬੱਚੀ ਦੇ ਹਰ ਦਿਲ ਨੂੰ ਝੰਜੋੜਨ ਵਾਲੇ ਇਹ ਅਲਫ਼ਾਜ਼ “ਧੀ ਨਾ ਮੈਨੂੰ ਜਾਣੀ ਬਾਬਲਾ, ਬਣ ਪੁੱਤਰ ਮੈਂ ਵੰਡਾਊ ਦੁੱਖ ਤੇਰੇ” ਸੁਣਨ ਦੀ ਜੁਅਰਤ ਜੁਟਾਈਏ।
ਸੰਪਰਕ : 94641-72783
ਡਾ. ਗੁਰਤੇਜ ਸਿੰਘ