ਚਿੱਠੀਆਂ : ਸਿਖਿਆ ਵਿਭਾਗ ਦੀ ਰੇਡਿਉ ਰਾਹੀਂ ਪੜ੍ਹਾਈ ਬੱਚਿਆਂ ਲਈ ਫਾਇਦੇਮੰਦ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਦੁਨਿਆਵੀ ਕੰਮਾਂ ਵਿਚ ਰੁਝਿਆ ਰਹਿਣ ਵਾਲਾ ਮਨੁੱਖ ਹੁਣ ਇਕਾਂਤਵਾਸ ਵਿਚ ਰਹਿਣ ਲਈ ਲਾਚਾਰ ਹੈ।

File Photo

ਦੁਨਿਆਵੀ ਕੰਮਾਂ ਵਿਚ ਰੁਝਿਆ ਰਹਿਣ ਵਾਲਾ ਮਨੁੱਖ ਹੁਣ ਇਕਾਂਤਵਾਸ ਵਿਚ ਰਹਿਣ ਲਈ ਲਾਚਾਰ ਹੈ। ਸਮਾਜਕ ਜੀਵਨ ਦਾ ਤਾਣਾ ਬਾਣਾ ਪੂਰੀ ਤਰ੍ਹਾਂ ਹਿੱਲ ਚੁਕਾ ਹੈ। ਕੋਰੋਨਾ ਵਾਇਰਸ ਦੀ ਮਹਾਂਮਾਰੀ ਕਰ ਕੇ ਮਨੁਖੀ ਜ਼ਿੰਦਗ਼ੀ ਨੂੰ ਮੁੜ ਸੁਰਜੀਤ ਹੋਣ ਵਿਚ ਸਮਾਂ ਲੱਗਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਇਥੇ ਇਸ ਆਫ਼ਤ ਦੇ ਅੱਗੇ ਗੋਡੇ ਟੇਕ ਕੇ ਬੈਠ ਜਾਣਾ ਵੀ ਬੁਧੀਮਾਨੀ ਨਹੀਂ ਹੋਵੇਗੀ।

ਸਾਨੂੰ ਜ਼ਿੰਦਗੀ ਨੂੰ ਚਲਦੇ ਰਖਣ ਲਈ ਯਤਨਸ਼ੀਲ ਹੋਣਾ ਹੀ ਪਵੇਗਾ ਤਾਕਿ ਰਹੇ ਨੁਕਸਾਨ ਨੂੰ ਕੁੱਝ ਹੱਦ ਤਕ ਘਟਾਇਆ ਜਾ ਸਕੇ। ਪੰਜਾਬ ਦਾ ਸਿਖਿਆ ਵਿਭਾਗ ਸੂਚਨਾ ਤਕਨੀਕ ਦੀ ਵਰਤੋਂ ਕਰਦਾ ਹੋਇਆ ਇਸ ਦੀ ਤਾਜ਼ਾ ਮਿਸਾਲ ਪੇਸ਼ ਕਰ ਰਿਹਾ ਹੈ। ਉਹ ਵੱਡੀਆਂ ਪੁਲਾਂਘਾਂ ਪੁੱਟਣ ਲਈ ਤਿਆਰ ਬਰ ਤਿਆਰ ਹੈ ਤੇ ਹਾਰ ਮੰਨਣ ਨੂੰ ਤਿਆਰ ਨਹੀਂ ਹੈ।

ਵਿਭਾਗ ਨੇ ਸਕੂਲਾਂ ਵਿਚ ਛੁੱਟੀਆਂ ਹੋਣ ਦੇ ਬਾਵਜੂਦ ਬੱਚਿਆਂ ਨੂੰ ਆਨ ਲਾਈਨ ਪੜ੍ਹਾਈ ਕਰਵਾਉਣ ਲਈ ਵਟਸਐਪ, ਯੂ-ਟਿਊਬ ਲਿੰਕ, ਟੀਵੀ, ਆਡਿਉ ਲੈਕਚਰ, ਈ ਬੁੱਕਸ, ਫ਼ੇਸਬੁਕ ਆਦਿ ਦਾ ਪ੍ਰਯੋਗ ਕੀਤਾ ਜਿਸ ਦੇ ਸਿੱਟੇ ਵਧੀਆ ਆਏ। ਪਰ ਹੁਣ ਵਿਭਾਗ ਨੇ ਮਹਿਸੂਸ ਕੀਤਾ ਹੈ ਕਿ ਬੱਚਿਆਂ ਦੇ ਆਰਥਕ ਹਾਲਾਤ ਵਿਚ ਵਖਰੇਵਾਂ ਹੋਣ ਕਰ ਕੇ ਕਿਸੇ ਇਕ ਸਾਧਨ ਉੱਪਰ ਨਿਰਭਰ ਰਹਿਣਾ ਠੀਕ ਨਹੀਂ ਹੋਵੇਗਾ। ਸੋ ਮਹਿਕਮੇ ਨੇ ਰੇਡਿਉ ਰਾਹੀਂ ਪੜ੍ਹਾਈ ਦਾ ਆਗਾਜ਼ ਕਰ ਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ ਜਿਸ ਦੇ ਹੋਰ ਚੰਗੇ ਨਤੀਜਿਆਂ ਦੀ ਕਲਪਣਾ ਕੀਤੀ ਜਾ ਸਕਦੀ ਹੈ।

ਵਿਦਿਅਕ ਪ੍ਰੋਗਰਾਮਾਂ ਦਾ ਪ੍ਰਸਾਰਣ ਫਿਲਹਾਲ ਚੰਨ ਪ੍ਰਦੇਸੀ, ਦੋਆਬਾ ਰੇਡਿਉ ਤੇ ਹੋ ਰਿਹਾ ਹੈ ਜਿਸ ਵਿਚ ਪਹਿਲੀ ਤੋਂ ਲੈ ਕੇ ਦਸਵੀਂ ਸ਼੍ਰੇਣੀ ਤਕ ਦੇ ਬੱਚਿਆਂ ਲਈ ਪ੍ਰੋਗਰਾਮਾਂ ਦੀ ਵਿਵਸਥਾ ਹੈ। ਅਧਿਆਪਕ  ਬੱਚਿਆਂ ਨੂੰ ਪ੍ਰੇਰਿਤ ਕਰ ਕੇ ਇਨ੍ਹਾਂ ਪ੍ਰੋਗਰਾਮਾਂ ਨਾਲ ਜੋੜਨ ਵਿਚ ਸਫ਼ਲ ਹੋਏ ਹਨ। ਉਹ ਖ਼ੁਦ ਵੀ ਸਰਕਾਰ ਦੇ ਇਸ ਨਿਵੇਕਲੇ ਕਦਮ ਦੀ ਸਫ਼ਲਤਾ ਵਿਚ ਉਤਸ਼ਾਹ ਨਾਲ ਹਿਸਾ ਲੈ ਰਹੇ ਹਨ। ਅਖ਼ੀਰ ਸਿਖਿਆ ਵਿਭਾਗ ਦਾ ਬੱਚਿਆਂ ਨੂੰ ਆਨ ਲਾਈਨ ਸਿਖਿਆ ਦੇਣ ਲਈ ਅਪਣਾਏ ਜਾ ਰਹੇ ਵੱਖ-ਵੱਖ ਸਾਧਨਾਂ ਦੀ ਵਰਤਂੋਂ ਕਰਨਾ ਸ਼ਲਾਘਾਯੋਗ ਕਦਮ ਹੈ। ਉਮੀਦ ਹੈ ਕਿ ਬੱਚੇ ਰੇਡਿਉ ਰਾਹੀਂ ਪੜ੍ਹਾਈ ਕਰ ਕੇ ਵਿਭਾਗ ਦੇ ਫ਼ੈਸਲੇ ਨੂੰ ਸਹੀ ਸਿੱਧ ਕਰਨ ਵਿਚ ਅਹਿਮ ਭੂਮਿਕਾ ਅਦਾ ਕਰਨਗੇ।
-ਚਮਨਦੀਪ ਸ਼ਰਮਾ,
ਸੰਪਰਕ : 95010-33005
 

ਨਹੀਂ ਲਭਿਆ ਵੈਲੀ 'ਜੱੱਟ' ਦਾ ਪਿੰਡ...
ਵੱਡੇ-ਵੱਡੇ ਲਲਕਾਰੇ ਮਾਰਨ ਅਤੇ ਗੋਲੀਆਂ ਚਲਾਉਣ ਵਾਲੇ ਜੱਟ ਦੇ ਪਿੰਡ ਨੂੰ ਲੱਭਣ ਦੀ ਮੈਂ ਕਾਫ਼ੀ ਕੋਸ਼ਿਸ਼ ਕੀਤੀ ਤਾਕਿ ਨੇੜਿਉਂ ਜਾ ਕੇ ਉਸ ਦਾ ਰਹਿਣ ਸਹਿਣ ਵੇਖ ਸਕਾਂ ਪਰ ਅਫ਼ਸੋਸ ਕੋਈ ਥਹੁੰ ਪਤਾ ਨਾ ਲੱਗ ਸਕਿਆ। ਗਾਣਿਆਂ ਵਿਚ ਵੈਲੀ ਦੇ ਰੂਪ ਵਿਚ ਫ਼ਿਲਮਾਇਆ ਜਾਂਦਾ ਜੱਟ ਵੇਖਣ ਲਈ ਮੈਂ ਕਾਫ਼ੀ ਉਤਸੁਕ ਰਿਹਾ ਹਾਂ ਪਰ ਅਸਲ ਤੇ ਜ਼ਮੀਨੀ ਹਾਲਾਤ ਵੇਖਣ ਤੋਂ ਬਾਅਦ ਮੈਨੂੰ ਜੱਟ ਦੇ ਅਸਲ ਜੀਵਨ ਦੀ ਗੱਲ ਸਮਝ ਆਈ।

ਰਫ਼ਲਾਂ, ਰਿਵਾਲਵਰਾਂ ਵਿਚੋਂ ਫਾਇਰ ਕੱਢਣ ਵਾਲਾ ਜੱਟ ਅਸਲ ਵਿਚ ਆਰਥਕ ਬੋਝ ਨੇ ਦੱਬ ਲਿਆ ਹੈ। ਕਬਜ਼ੇ ਕਰਨਾ ਤਾਂ ਬੜੀ ਦੂਰ ਦੀ ਗੱਲ, ਹੁਣ ਉਸ ਦੀ ਅਪਣੀ ਜੱਦੀ ਜ਼ਮੀਨ ਵੀ ਬੈਂਕਾਂ ਕੋਲ ਗਿਰਵੀ ਪਈ ਹੈ। ਉਸ ਦੇ ਜੀਵਨ ਨੂੰ ਇਕ ਵੈਲੀ ਤੇ ਲੜਾਕੇ ਦੇ ਰੂਪ ਵਿਚ ਵਿਖਾਉਣਾ ਠੀਕ ਨਹੀਂ। ਸੋਸ਼ਲ ਮੀਡੀਆ ਦੇ ਜ਼ਮਾਨੇ ਵਿਚ ਫ਼ਿਲਮਾਈ ਗਈ ਕੋਈ ਵੀ ਗੱਲ ਜਾਂ ਮੁੱਦਾ ਅੱਖ ਝਪਕਦੇ ਹੀ ਲੱਖਾਂ ਲੋਕਾਂ ਕੋਲ ਪਹੁੰਚ ਜਾਂਦਾ ਹੈ ਜਿਸ ਦਾ ਸਮਾਜ ਵਿਚ ਉਸ ਵਿਅਕਤੀ ਪ੍ਰਤੀ ਨਜ਼ਰਿਆ ਤੈਅ ਹੁੰਦਾ ਹੈ।

ਇਸ ਲਈ ਕਿਸੇ ਪ੍ਰਤੀ ਕੋਈ ਗੱਲ ਕਹਿਣ ਤੋਂ ਪਹਿਲਾਂ ਸਾਨੂੰ ਹਕੀਕੀ ਗੱਲਾਂ ਵਲ ਧਿਆਨ ਦੇਣਾ ਬੇਹਦ ਜ਼ਰੂਰੀ ਹੈ। ਅਸਲ ਵਿਚ ਜਦ ਤਕ ਪ੍ਰਵਾਰ ਸਾਂਝੇ ਰਹੇ ਤੇ ਪਿੰਡਾਂ ਵਿਚ ਲੋਕਾਂ ਦੀ ਆਪਸੀ ਸ਼ਾਂਝ ਕਾਇਮ ਰਹੀ, ਉਦੋਂ ਤਕ ਸੱਭ ਠੀਕ ਸੀ। ਖ਼ਰਚੇ ਮੇਚਦੇ ਸਨ ਤੇ ਆਪਸੀ ਸਹਿਚਾਰ ਹੋਣ ਕਾਰਨ ਲੋਕ ਇਕ ਦੂਜੇ ਦਾ ਸਹਾਰਾ ਬਣਦੇ ਸਨ ਤੇ ਅਜਿਹੇ ਸਮਾਜਕ ਢਾਂਚੇ ਵਿਚ ਜੱਟ ਦੀ ਇਕ ਅਪਣੀ ਪਹਿਚਾਣ ਸੀ। ਸਮੇਂ ਦੇ ਹਿਸਾਬ ਨਾਲ ਬਦਲੇ ਹਾਲਾਤ ਵਿਚ ਜੱਟ ਰੂਪੀ ਕਿਸਾਨ ਹੌਲੀ-ਹੌਲੀ ਆਰਥਕ ਤੌਰ ਉਤੇ ਕਮਜ਼ੋਰ ਹੁੰਦਾ ਗਿਆ ਜਿਸ ਦੇ ਪੱਲੇ ਕਰਜ਼, ਮਰਜ਼ ਤੇ ਭਾਰੀ ਕਬੀਲਦਾਰੀ ਤੋਂ ਬਿਨਾਂ ਕੁੱਝ ਨਾ ਰਿਹਾ।

ਬੈਂਕਾਂ ਦੀਆਂ ਕਿਸ਼ਤਾਂ ਟੁੱਟ ਜਾਣ ਤੋਂ ਬਾਅਦ ਜ਼ਬਤ ਹੁੰਦੀਆਂ ਜ਼ਮੀਨਾਂ ਕਿਸਾਨ ਨੂੰ ਜ਼ਮੀਨਦਾਰ ਤੋਂ ਬੇਜ਼ਮੀਨਾਂ ਬਣਾ ਰਹੀਆਂ ਹਨ। ਉਹ ਜੱਟ ਤਾਂ ਹੈ ਪਰ ਉਸ ਕੋਲ ਜ਼ਮੀਨ ਨਹੀਂ, 'ਜੱਟ' ਸ਼ਬਦ ਉਸ ਦੇ ਨਾਂ ਨਾਲ ਲਗਦਾ ਰਹੇਗਾ ਪਰ ਜ਼ਮੀਨ ਵਿਕਣ ਤੋਂ ਬਾਅਦ ਉਹ ਅਪਣੇ ਸਿਰ ਦਾ ਤਾਜ਼ ਗਵਾ ਚੁੱਕਾ ਹੈ। ਹੁਣ ਉਹ ਬੜ੍ਹਕਾਂ ਮਾਰਨ ਨਾਲੋਂ ਸਰਕਾਰ ਵਿਰੁਧ ਧਰਨੇ ਮੁਜ਼ਾਹਰੇ ਕਰਦਾ ਹੋਇਆ ਕਰਜ਼ਾ ਮਾਫ਼ੀ ਲਈ ਨਾਹਰੇ ਲਗਾਉਂਦਾ ਹੈ ਤੇ ਅੱਕਿਆ ਫਾਹਾ ਲੈ ਲੈਂਦਾ ਹੈ ਜਿਸ ਦਾ ਪ੍ਰਤੱਖ ਪ੍ਰਮਾਣ ਅਖ਼ਬਾਰਾਂ ਵਿਚ ਰੋਜ਼ਾਨਾ ਛਪਦੀਆਂ ਖ਼ੁਦਕੁਸ਼ੀਆਂ ਦੀਆਂ ਖ਼ਬਰਾਂ ਹਨ।
-ਪ੍ਰੋ. ਧਰਮਜੀਤ ਸਿੰਘ, ਸੰਪਰਕ : 94784-60084