ਧਰਮ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਜਬਰ ਜ਼ੁਲਮ, ਵਧੀਕੀਆਂ, ਖ਼ੌਫ਼ ਤੇ ਡੰਡੇ ਦੇ ਸਿਰ ਉਤੇ ਹਿੰਦੂ ਸਮਾਜ ਦੀ ਹਾਲਤ ਬਦਤਰ ਤੋਂ ਬਦਤਰ ਸੀ ਤੇ ਇਸਲਾਮ ਦਾ ਫੈਲਾਅ ਜ਼ੋਰਾਂ ’ਤੇ ਸੀ

Shri Guru Tegh Bahadur Ji

ਨੌਵੇਂ ਨਾਨਕ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚੌਥੀ ਮੁਬਾਰਕ ਪ੍ਰਕਾਸ਼-ਸ਼ਤਾਬਦੀ ਸਾਡੀਆਂ ਬਰੂਹਾਂ ਉਤੇ ਹੈ ਜਿਨ੍ਹਾਂ ਨੇ ਅਲੋਪ ਹੋ ਰਹੀ ਹਿੰਦ ਨੂੰ ਕਾਇਮ ਦਾਇਮ ਰੱਖਣ ਲਈ ਅਪਣੀ ਲਾਸਾਨੀ ਸ਼ਹਾਦਤ ਦਿਤੀ। ਆਮ ਮੁਹਾਵਰੇ ਵਿਚ ਭਾਵੇਂ ਅਸੀ ਉਨ੍ਹਾਂ ਨੂੰ ‘ਹਿੰਦ ਦੀ ਚਾਦਰ’ ਆਖ ਦਿੰਦੇ ਹਾਂ ਪਰ ਦਰਅਸਲ ਉਹ ਧਰਮ ਦੀ ਚਾਦਰ ਸਨ, ਜਿਨ੍ਹਾਂ ਨੇ ਸਮੇਂ ਦੀ ਸੱਭ ਤੋਂ ਅਹਿਮ ਅਤੇ ਅਜ਼ੀਮ ਧਾਰਮਕ ਹਸਤੀ ਹੁੰਦਿਆਂ ਜ਼ਾਲਮ ਔਰੰਗਜ਼ੇਬ ਨੂੰ ਵੰਗਾਰਿਆ, ਸਮੇਂ ਦੀ ਵਿਕਰਾਲਤਾ ਨੂੰ ਪਹਿਚਾਣਦਿਆਂ, ਕਸ਼ਮੀਰੋਂ ਤੁਰੇ ਹਿੰਦੂ ਵਫ਼ਦ ਦੀ ਤਕਲੀਫ਼ ਹੀ ਨਹੀਂ ਸਮਝੀ ਸਗੋਂ ਉਨ੍ਹਾਂ ਅੰਦਰਲੇ ਭਾਵਾਂ ਨੂੰ ਅਪਣੇ ਸ਼ਬਦਾਂ ਵਿਚ ਇੰਜ ਰੂਪਮਾਨ ਵੀ ਕੀਤਾ :-
ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ॥
ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ।॥
ਸਤਿਗੁਰੂ ਜੀ ਨੇ ਝਟਪਟ ਹੌਸਲਾ ਦਿੰਦਿਆਂ, ਸਾਰੇ ਵਫ਼ਦ ਨੂੰ ਸਮਝਾਇਆ:-
ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ॥
ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ॥

ਸੋ 1675 ਦੇ ਮਾਹੌਲ ਤੇ ਅਜੋਕੇ ਆਲਮ ਵਿਚ ਬਹੁਤ ਸਾਰੀਆਂ ਸਮਾਨਤਾਵਾਂ ਹਨ। ਉਦੋਂ ਵੀ ਫ਼ਿਰਕਾਪ੍ਰਸਤੀ ਦਾ ਨੰਗਾ ਨਾਚ ਹੁੰਦਾ ਸੀ, ਦਿਨੇ ਰਾਤ ਤੇ ਅੱਜ ਵੀ ਹਾਲਾਤ ਉਸ ਤੋਂ ਵਖਰੇ ਨਹੀਂ ਹਨ। ਜਬਰ ਜ਼ੁਲਮ, ਵਧੀਕੀਆਂ, ਖ਼ੌਫ਼ ਤੇ ਡੰਡੇ ਦੇ ਸਿਰ ਉਤੇ ਹਿੰਦੂ ਸਮਾਜ ਦੀ ਹਾਲਤ ਬਦਤਰ ਤੋਂ ਬਦਤਰ ਸੀ ਤੇ ਇਸਲਾਮ ਦਾ ਫੈਲਾਅ ਜ਼ੋਰਾਂ ’ਤੇ ਸੀ। ਅਪਣੇ ਭਰਾਵਾਂ ਦਾ ਕਤਲ ਕਰ ਕੇ ਸ਼ਾਹੀ ਗੱਦੀ ਉਤੇ ਬੈਠੇ ਔਰੰਗਜ਼ੇਬ ਨੇ ਹਰ ਡੰਗ ਦੀ ਰੋਟੀ ਤੋਂ ਪਹਿਲਾਂ, ਸਵਾ ਮਣ ਜਨੇਊ ਲਾਹੁਣ ਦਾ ਜੋ ਪ੍ਰਣ ਕੀਤਾ ਹੋਇਆ ਸੀ, ਉਸ ਕਾਰਨ ਚਾਰ ਚੁਫੇਰੇ ਅਫ਼ਰਾ ਤਫ਼ਰੀ ਫੈਲੀ ਹੋਈ ਸੀ।

ਉਸ ਦੇ ਜ਼ੁਲਮਾਂ ਤੇ ਜ਼ਿਆਦਤੀਆਂ ਤੋਂ ਬਚਣ ਲਈ ਕਸ਼ਮੀਰੀ ਪੰਡਤਾਂ ਨੂੰ ਕੇਵਲ ਇਕੋ ਇਕ ਸਹਾਰਾ ਸ੍ਰੀ ਅਨੰਦਪੁਰ ਵਿਖੇ ਹੀ ਦਿਸਿਆ ਸੀ ਜਿਥੇ ਪੁੱਜ ਕੇ ਉਨ੍ਹਾਂ ਦੀ ਮੁਰਾਦ ਪੂਰੀ ਹੋਈ ਤੇ ਸੱਚੇ ਪਾਤਸ਼ਾਹ ਜੀ ਨੇ ਪੂਰਨ ਭਰੋਸਾ ਦਿੰਦਿਆਂ ਆਖ ਭੇਜਿਆ ਕਿ ‘ਕਹਿ ਦਿਉ ਔਰੰਗਜ਼ੇਬ ਨੂੰ ਕਿ ਸਾਡਾ ਆਗੂ ਨੌਵਾਂ ਪਾਤਿਸ਼ਾਹ ਹੈ। ਉਸ ਨੂੰ ਦੀਨ ਵਿਚ ਲੈ ਆਉ, ਤਾਂ ਸਾਰਾ ਦੇਸ਼ ਇਸਲਾਮ ਕਬੂਲ ਕਰ ਲਵੇਗਾ।’ ਇੰਜ, ਨਾਨਕ ਦੇ ਦਰ ’ਤੇ ਆਏ ਸਵਾਲੀਆਂ ਦੀ ਲੱਜ ਪੱਤ ਰਖਦਿਆਂ ਤੇ ਉਨ੍ਹਾਂ ਦੇ ਭਵਿੱਖ ਨੂੰ ਬਚਾਉਂਦਿਆਂ ਜੋ ਕੁੱਝ 1675 ਵਿਚ ਵਾਪਰਿਆ ਉਹ ਇਤਿਹਾਸ ਦਾ ਅਨਿੱਖੜ ਅੰਗ ਬਣ ਚੁੱਕੈ। ਔਰੰਗਜ਼ੇਬ ਕੋਲ ਸੁਨੇਹਾ ਪੁੱਜਾ। ਉਸ ਦੇ ਮੱਥੇ ਦੇ ਭਰਵੱਟੇ ਤਣੇ ਗਏ ਤੇ ਗੁਰੂ ਸਾਹਿਬ ਦੀ ਗ੍ਰਿਫ਼ਤਾਰੀ ਦੇ ਹੁਕਮ ਹੋ ਗਏ।

ਪੂਰੇ ਸੰਸਾਰ ਦੀ ਇਕੋ ਇਕ ਉਦਾਹਰਣ ਜਿਥੇ ਕੋਈ ਬੇਗੁਨਾਹ ਕਾਤਲ ਦੇ ਦਰ ਉਤੇ ਖ਼ੁਦ ਚੱਲ ਕੇ ਗਿਆ ਹੋਵੇ ਤੇ ਜਿਸ ਦੇ ਸਿਰ ਨੂੰ ਧੜ ਤੋਂ ਵੱਖ ਕਰ ਕੇ ਨਾ ਚੁਕਣ ਤੇ ਸਾਂਭਣ ਦੀਆਂ ਮੁਨਾਦੀਆਂ ਵੀ ਕਰਵਾਈਆਂ ਹੋਣ। ਅੱਜ ਨਾ-ਸ਼ੁਕਰੇ ਦੇਸ਼ਵਾਸੀ ਭੁੱਲ ਗਏ ਹਨ, ਉਸ ਅਜ਼ੀਮ ਸ਼ਹਾਦਤ ਨੂੰ ਜਿਸ ਵਿਚ 9 ਸਾਲ ਦੇ ਭੋਲੇ ਭਾਲੇ ਪੁੱਤਰ ਨੂੰ ਪਿੱਛੇ ਛੱਡ ਬਾਪ ਦੇਸ਼ ਕੌਮ ਲਈ ਬਲੀਦਾਨ ਦੇ ਗਿਆ ਹੋਵੇ। ਸਾਡਾ ਬਹੁਗਿਣਤੀ ਭਾਈਚਾਰਾ ਅੱਜ ਦਮਗਜੇ ਮਾਰਦਾ, ਸਿੱਖਾਂ ਨਾਲ ਥਾਂ-ਥਾਂ ਵੈਰ ਪਾਲਦਾ ਉਨ੍ਹਾਂ ਦੀ ਨਸਲਕੁਸ਼ੀ ਕਰਦਾ, ਉਨ੍ਹਾਂ ਦਾ ਖੁਰਾ ਖੋਜ ਮਿਟਾਉਣ ਉਤੇ ਉਤਾਰੂ ਹੈ ਪਰ ਵਿਸਰ ਗਿਆ ਹੈ, ਬਾਬਾ ਬੁੱਲ੍ਹੇ ਸ਼ਾਹ ਦੀ ਉਸ ਸੱਚਾਈ ਨੂੰ ਜਿਹੜੀ ਉਸ ਨੇ ਦਿਲੋਂ ਮਨੋਂ ਪ੍ਰਗਟਾਈ ਸੀ:-
ਨਾ ਕਹੂੰ ਜਬ ਕੀ, ਨਾ ਕਹੂੰ ਤਬ ਕੀ, ਬਾਤ ਕਰੂੰ ਮੈਂ ਅਬ ਕੀ।
ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਸੁੰਨਤ ਹੋਤੀ ਸਬ ਕੀ।

ਸੋ, ਗੁਰੂ ਪਿਤਾ ਦੀ ਬੇਜੋੜ ਤੇ ਬੇਮਿਸਾਲ ਸ਼ਹਾਦਤ ਨੂੰ ਮਨ-ਮਸਤਕ ਵਿਚ ਰਖਦਿਆਂ ਤੇ ਸਤਿਗੁਰੂ ਨਾਨਕ ਜੀ ਦੀ ਪ੍ਰਾਰੰਭਿਕ ਸਿਖਿਆ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਗੋਬਿੰਦ ਰਾਇ ਨੇ ਮਾਤਾ ਗੁਜਰੀ ਜੀ ਤੇ ਮਾਤਾ ਕ੍ਰਿਪਾਲ ਚੰਦ ਦੀ ਰਹਿਨੁਮਾਈ ਤੇ ਸੁਚੱਜੀ ਅਗਵਾਈ ਵਿਚ ਕਾਰਜ ਵਿੱਢੇ। ਸਥਾਪਤ ਬਾਦਸ਼ਾਹੀਆਂ, ਗੁਆਂਢੋਂ ਉਠਦੀਆਂ ਬਗ਼ਾਵਤੀ ਸੁਰਾਂ ਤੇ ਪੂਰੇ ਜ਼ਮਾਨੇ ਨਾਲ ਟੱਕਰ ਲੈਣ ਲਈ ਰਣਨੀਤੀ ਤਹਿਤ ਬਹੁਤ ਕਾਹਲੀ-ਕਾਹਲੀ ਕਦਮ ਪੁੱਟੇ ਗਏ ਤੇ ਵਿਸਾਖੀ 1699, ਜੋ ਬਾਬਾ ਨਾਨਕ ਜੀ ਦਾ ਮੁਬਾਰਕ ਪ੍ਰਕਾਸ਼-ਦਿਹਾੜਾ ਤੇ ਪੰਜਾਬੀਆਂ ਦੀ ਜਿੰਦ ਜਾਨ ਸੀ, ਨੂੰ ਜੋ ਕ੍ਰਿਸ਼ਮਾ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਰਤਾਇਆ, ਉਸ ਨੇ ਸੱਭ ਨੂੰ ਦੰਦਲਾਂ ਪਾ ਦਿਤੀਆਂ-ਮਨੁੱਖੀ ਇਤਿਹਾਸ, ਸਮਾਜ, ਸਭਿਆਚਾਰ ਤੇ ਧਰਮ ਦਾ ਇਕ ਵਿਕੋਲਿਤਰਾ ਕਾਂਡ ਜੋ 9ਵੇਂ ਨਾਨਕ ਦੀ ਲਾਸਾਨੀ ਸ਼ਹੀਦੀ ਮਗਰੋਂ ਹੋਂਦ ਵਿਚ ਆਇਆ ਸੀ। ਦਿੱਲੀ ਤੋਂ ਅਫ਼ਗਾਨਿਸਤਾਨ, ਲੱਦਾਖ਼, ਤਿੱਬਤ, ਕਸ਼ਮੀਰ ਤਕ ਪਸਰੇ ਪੰਜਾਬ ਦੇ ਪਿਛੋਕੜ ਵਿਚ ਗੁਰੂ ਵਿਚਾਰਧਾਰਾ ਹੀ ਕਾਰਜਸ਼ੀਲ ਸੀ ਜਿਥੇ ਖ਼ੁਦ ਉੱਥੇ ਰੱਬੀ ਏਕਤਾ, ਹੱਕ, ਸੱਚ, ਕਿਰਤ, ਬਰਾਬਰੀ, ਭਾਈਵਾਲਤਾ, ਆਜ਼ਾਦੀ ਤੇ ਖੁੱਲ ਦਾ ਹੋਕਾ ਦੇਣ ਸਾਰੀ ਦੁਨੀਆਂ ਵਿਚ ਵਿਚਰੇ ਸਨ। ਬਾਬਰੀ-ਟੱਕਰ ਨਾਲ ਸ਼ੁਰੂ ਹੋਈ ਇਹ ਲੜਾਈ ਔਰੰਗਜ਼ੇਬ ਤਕ ਅਪਣੇ ਸਿਖ਼ਰ ’ਤੇ ਜਾ ਪਹੁੰਚੀ ਸੀ ਪਰ ਨੌਵੇਂ ਪਾਤਿਸ਼ਾਹ ਸਬਰ, ਸਿਦਕ, ਦ੍ਰਿੜਤਾ, ਨਿਸਚੇ, ਸਮਰਪਣ, ਸੇਵਾ, ਆਪਾਵਾਰਤਾ, ਬਹਾਦਰੀ ਤੇ ਪਰਉਪਕਾਰ ਦੇ ਮੁਜੱਸਮਾ ਸਨ, ਜਿਨ੍ਹਾਂ ਨੇ ਡੁਬਦੀ ਹਿੰਦ ਨੂੰ ਬਚਾ ਕੇ ਅਨੰਤ ਕਾਲ ਲਈ ਮਨੁੱਖਤਾ ਦਾ ਘਾਣ ਹੋਣੋਂ ਬਚਾਇਆ। ਅੱਜ, ਫਿਰ ਹਾਲਾਤ ਪਿਛਲੇ ਸਮਿਆਂ ਵਰਗੇ ਬਣਦੇ ਜਾ ਰਹੇ ਹਨ ਜਿਥੇ ਇਨਸਾਫ਼ ਦੀ ਭੀਖ ਮੰਗਣ ਲਈ ਮਜਬੂਰ ਕਰ ਦਿਤਾ ਗਿਆ ਹੈ।

ਨੌਵੇਂ ਗੁਰੂ ਦੇ ਅੰਤਲੇ 57 ਸਲੋਕ, ਸਾਨੂੰ ਜੀਵਨ ਦੀਆਂ ਉਨ੍ਹਾਂ ਕਠੋਰ ਪ੍ਰਸਥਿਤੀਆਂ ਦੇ ਰੂ-ਬ-ਰੂ ਕਰਦੇ ਹਨ ਜਿਹੜੀਆਂ ਸਦੀਵੀਂ ਵੀ ਹਨ ਤੇ ਸਰਬ ਸਾਂਝੀਆਂ ਵੀ। ਮੌਤ ਅਟੱਲ ਹੈ, ਨਿਸ਼ਚਿਤ ਹੈ। ਪ੍ਰਉਪਕਾਰ ਹਮੇਸ਼ਾ ਰਹਿਣ ਵਾਲਾ ਹੈ, ਮਾਨਵਤਾ ਦਾ ਆਧਾਰ ਹੈ। ਸੋ, ਜਿਹੜੇ ਲੋਕ ਸੱਤਾ, ਪ੍ਰਸਿੱਧੀ, ਮਾਇਆ ਤੇ ਪ੍ਰਤਿਸ਼ਠਤਾ ਕਾਰਨ ਆਫਰੇ ਪਏ ਹਨ, ਬਾਣੀ ਕਿਵੇਂ ਉਨ੍ਹਾਂ ਨੂੰ ਟਕੋਰਾਂ ਮਾਰ ਕੇ ਸੱਚ ਸਮਝਾਉਣ ਲਈ ਉਤਾਵਲੀ ਹੈ
ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ।
ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰੁ।
ਇੰਜ, ਚੰਮ ਦੀਆਂ ਚਲਾਉਣ, ਲੋਕਾਂ ਦੀ ਸੰਘੀ ਘੁੱਟਣ, ਸੱਚ ਦੀ ਆਵਾਜ਼ ਨੂੰ ਦਬਾਉਣ ਤੇ ਉਨ੍ਹਾਂ ਦੀ ਗ਼ੁਰਬਤ, ਭੋਲੇਪਨ ਅਤੇ ਵਿਚਾਰਗੀ ਨੂੰ ਦਰਕਿਨਾਰ ਕਰਨ ਵਾਲੇ ਹਾਕਮ ਸੁਣ ਲੈਣ ਗੁਰੂ ਤੇਗ ਬਹਾਦਰ ਸਾਹਿਬ ਦਾ ਫ਼ੁਰਮਾਨ ਹੈ :-ਨਾਮੁ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ॥
ਕਹੁ ਨਾਨਕ ਇਹ ਜਗਤ ਮੈ ਕਿਨ ਜਪਿਓ ਗੁਰਮੰਤ॥

ਸੋ, ਔਰੰਗੀ ਜ਼ੁਲਮ ਨੂੰ ਖ਼ੁਦ ਪਿੰਡੇ ਉਤੇ ਹੰਢਾਉਣ ਵਾਲੇ ਸਤਿਗੁਰੂ ਜੀ ਨੇ ਹਰ ਇਨਸਾਨ ਨੂੰ ਸਬਰ, ਸੰਤੋਖ, ਸ਼ੁਕਰ, ਸੱਚ ਅਤੇ ਸੁੱਚ ਨਾਲ ਨਿਭਦਿਆਂ ਅਪਣਾ ਅੰਦਰੂਨੀ ਬੱਲ ਵਰਤਣ ਲਈ ਪ੍ਰੇਰਿਆ ਹੈ ਜਿਸ ਤੋਂ ਪ੍ਰੇਰਨਾ ਲੈਂਦਿਆਂ ਮੌਜੂਦਾ ਕਿਸਾਨ ਅੰਦੋਲਨ ਪੂਰੇ ਦੇਸ਼ ਦੀ ਅਗਵਾਈ ਕਰ ਰਿਹਾ ਹੈ। ਸਾਡੇ ਅੰਨਦਾਤਾ ਅੱਜ ਗੁਰੂ ਪਾਤਿਸ਼ਾਹੀਆਂ ਦੀ ਅਮਰ, ਅਨਾਦੀ ਤੇ ਅਟੱਲ ਸਿਖਿਆ ਗ੍ਰਹਿਣ ਕਰ ਕੇ ਦਿੱਲੀ ਦੇ ਬਾਰਡਰਾਂ ਤੋਂ ਇਲਾਵਾ ਹੋਰ ਹਜ਼ਾਰਾਂ ਥਾਵਾਂ ਉਤੇ ਵੀ ਅਪਣੇ ਹੱਕਾਂ ਲਈ ਡਟੇ ਹੋਏ ਹਨ। ਮੌਸਮਾਂ ਦੀ ਮਾਰ ਤੋਂ ਕਿਤੇ ਭਿਆਨਕ ਹੈ ਹਾਕਮਾਂ ਦੀ ਮਾਰ। ‘ਭੈ ਕਾਹੂੰ ਕੋ ਦੇਤਿ ਨਹਿ, ਨਾ ਭੈਅ ਮਾਨਤਿ ਆਨਿ’ ਦੇ ਸੁਨਿਹਰੀ ਅਸੂਲ ਨੂੰ ਅਪਣਾਉਂਦਿਆਂ ਆਉ! ਨੌਵੇਂ ਨਾਨਕ ਜੀ ਦੀ ਵਿਲੱਖਣ ਸ਼ੈਲੀ ਤੋਂ ਕੁੱਝ ਸਿਖੀਏ, ਕੁੱਝ ਅਪਣਾਈਏ।            ਸੰਪਰਕ : 98156-20515