Special Article : ਫ਼ਿਕਰ
Special Article : ਫ਼ਿਕਰ
Special Article : ਗੱਲ ਤਾਂ ਕੁੱਝ ਵੀ ਨਹੀਂ ਸੀ-ਨਿੱਤ-ਨਿੱਤ ਦੇ ਕਲੇਸ਼ ਕਾਰਨ ਉਨ੍ਹਾਂ ਇਹ ਫ਼ੈਸਲਾ ਕਰ ਲਿਆ ਸੀ। ਵਿਆਹ ਤੋਂ ਬਾਅਦ ਜ਼ਿੰਦਗੀ ਵਧੀਆ ਚੱਲ ਰਹੀ ਸੀ। ਪਹਿਲਾਂ ਘਰ ’ਚ ਨੰਨ੍ਹੀ ਪਰੀ ਆਈ ਤੇ ਫਿਰ ਨਵਜੋਤ--, ਘਰ ’ਚ ਵੱਡਾ ਫੰਕਸ਼ਨ ਰਖਿਆ ਗਿਆ--ਰਿਸ਼ਤੇਦਾਰ ਬੁਲਾਏ ਗਏ--ਪਾਰਟੀਆਂ ਹੋਈਆਂ--ਸ਼ਾਇਦ ਇਹੀ ਉਨ੍ਹਾਂ ਦੀ ਜ਼ਿੰਦਗੀ ਦਾ ਵੱਡਾ ਮੋੜ ਸੀ।
‘ਤੁਹਾਡੇ ਘਰਵਾਲੇ ਤਾਂ ਮੈਨੂੰ ਕੁੱਝ ਵੀ ਪਾ ਕੇ ਨਹੀਂ ਗਏ’ ਪ੍ਰੋਗਰਾਮ ਤੋਂ ਬਾਅਦ ਉਸ ਦੀ ਪਤਨੀ ਨੇ ਕਿਹਾ। ਉਸ ਨੂੰ ਲੱਗਾ ਕਿ ਜਿਵੇਂ ਉਸ ਦੀ ਪਤਨੀ ਉਸ ਦੇ ਮਾਂ-ਬਾਪ ਦੀ ਬੇਇੱਜ਼ਤੀ ਕਰ ਰਹੀ ਹੈ। ਉਹ ਚੁੱਪ ਤਾਂ ਕਰ ਗਿਆ ਪਰ ਗੱਲ ਉਸ ਦੇ ਅੰਦਰ ਘਰ ਕਰ ਗਈ। ਹੁਣ ਗੱਲ-ਗੱਲ ’ਤੇ ਘਰ ’ਚ ਕਲੇਸ਼ ਰਹਿਣ ਲੱਗ ਪਿਆ--ਜ਼ਿੰਦਗੀ ਜਿਵੇਂ ਬੋਝ ਬਣ ਗਈ--ਉਸ ਨੂੰ ਘਰ ’ਚ ਰਹਿਣਾ ਦੁੱਭਰ ਲੱਗਣ ਲੱਗਾ--ਅਖ਼ੀਰ ਉਨ੍ਹਾਂ ਤਲਾਕ ਦਾ ਫ਼ੈਸਲਾ ਕਰ ਲਿਆ।
ਦੋਹਾਂ ਨੇ ਅਦਾਲਤ ’ਚ ਅਰਜ਼ੀ ਦੇ ਦਿਤੀ। ਅਰਜ਼ੀ ਫੜ੍ਹਦਿਆਂ ਜੱਜ ਨੇ ਦੋਹਾਂ ਵਲ ਗਹੁ ਨਾਲ ਦੇਖਿਆ, ‘ਕਾਕਾ ਤੁਹਾਡੀ ਇੰਨੀ ਸੋਹਣੀ ਜੋੜੀ ਐ--ਛੋਟੀਆਂ-ਛੋਟੀਆਂ ਗ਼ਲਤਫ਼ਹਿਮੀਆਂ ਹੁੰਦੀਆਂ ਰਹਿੰਦੀਆਂ ਨੇ--ਟਾਈਮ ਲੈ ਲਵੋ-ਸੱਭ ਕੁੱਝ ਠੀਕ ਹੋ ਜਾਵੇਗਾ’ ਕਹਿ ਕੇ ਜੱਜ ਨੇ 6 ਮਹੀਨੇ ਦੀ ਤਾਰੀਕ ਦੇ ਦਿਤੀ ਪਰ ਪਰਨਾਲਾ ਫਿਰ ਵੀ ਉਥੇ ਦਾ ਉਥੇ ਹੀ ਰਿਹਾ। ਤਾਰੀਕ ਆਉਣ ’ਤੇ ਫਿਰ ਅਦਾਲਤ ਪਹੁੰਚ ਗਏ। ਜੱਜ ਨੇ ਬਿਨਾਂ ਦੇਰੀ ਕੀਤੇ ਦੋਹਾਂ ਨੂੰ ਕੁੱਝ ਸ਼ਰਤਾਂ ’ਤੇ ਤਲਾਕ ਦੇ ਦਿਤਾ ਤੇ ਇਕ ਹਫ਼ਤੇ ਤਕ ਉਸ ਨੂੰ ਪੈਸਾ ਅਪਣੀ ਪਤਨੀ ਦੇ ਖਾਤੇ ’ਚ ਜਮ੍ਹਾਂ ਕਰਵਾਉਣ ਲਈ ਕਹਿ ਦਿਤਾ ਤੇ ਉਸ ਤੋਂ ਬਾਅਦ ਉਸ ਦੀ ਪਤਨੀ ਅਪਣੇ ਪੇਕੇ ਘਰ ਚਲੀ ਜਾਵੇਗੀ ਤੇ ਉਹ ਮਹੀਨੇ ਵਿਚ ਇਕ ਵਾਰ ਬੱਚਿਆਂ ਨੂੰ ਮਿਲ ਸਕੇਗਾ।
ਅੱਜ ਐਤਵਾਰ ਸੀ--ਉਸ ਦੀ ਪਤਨੀ ਹਰਪ੍ਰੀਤ ਸਵੇਰੇ ਜਲਦੀ ਉਠੀ--ਤੇ ਬੱਚਿਆਂ ਨੂੰ ਫਟਾਫਟ ਤਿਆਰ ਕਰ ਲਿਆ। ਅਪਣਾ ਸਮਾਨ ਤਾਂ ਉਸ ਨੇ ਪਹਿਲਾਂ ਹੀ ਇਕੱਠਾ ਕਰ ਕੇ ਸੂਟਕੇਸਾਂ ਵਿਚ ਭਰ ਲਿਆ ਸੀ ਤੇ ਉਹ ਉਠਿਆ-ਬੁਰਸ਼ ਕਰਨ ਤੋਂ ਬਾਅਦ ਪਾਣੀ ਪੀ ਕੇ ਅਪਣੇ ਕਮਰੇ ਵਿਚ ਜਾ ਕੇ ਕੰਧ ਵਲ ਟਿਕਟਿਕੀ ਲਾ ਕੇ ਬੈਠ ਗਿਆ--ਉਹ ਸੁੰਨ ਸੀ--ਕੁੱਝ ਸਮੇਂ ਬਾਅਦ ਉਸ ਦਾ ਹੱਸਦਾ ਵਸਦਾ ਘਰ ਉਜੜ ਜਾਣਾ ਸੀ-ਉਹ ਜਿਵੇਂ ਪੱਥਰ ਬਣ ਗਿਆ ਸੀ--ਅਚਾਨਕ ਉਸ ਨੇ ਕਮਰੇ ਬਾਹਰ ਬੱਚਿਆਂ ਦਾ ਰੌਲਾ ਸੁਣਿਆ।
‘ਜਾਉ--ਪਾਪਾ ਨੂੰ ਮਿਲ ਆਉ-’ ਉਸ ਦੀ ਪਤਨੀ ਬੋਲ ਰਹੀ ਸੀ। ਬੋਲਦੀ-ਬੋਲਦੀ ਉਹ ਉਸ ਦੇ ਕਮਰੇ ਦੇ ਦਰਵਾਜ਼ੇ ਅੱਗੇ ਆ ਗਈ ਸੀ--ਬੱਚੇ ਭਮੰਤਰੇ ਖੜ੍ਹੇ ਸੀ--‘ਪਾਪਾ ਨੂੰ ਕਹਿ ਦਿਉ ਖਾਣਾ ਬਣਾਇਆ ਪਿਆ--ਐਵੇਂ ਭੁੱਖੇ ਨਾ ਮਰੀ ਜਾਣ--’ ਉਸ ਗੱਚ ਭਰ ਆਇਆ-ਉਸ ਦੀਆਂ ਅੱਖਾਂ ’ਚ ਹੰਝੂਆਂ ਦਾ ਜਿਵੇਂ ਹੜ੍ਹ ਵਗ ਪਿਆ ਜਿਹੜਾ ਪਿਛਲੇ 6 ਮਹੀਨਿਆਂ ਤੋਂ ਅੱਖਾਂ ’ਚ ਜੰਮਿਆ ਪਿਆ ਸੀ। ਉਸ ਦੀ ਘੱਗੀ ਜਿਹੀ ਅਵਾਜ਼ ਨਿਕਲੀ, ‘ਇੰਨਾ ਈ ਫ਼ਿਕਰ ਤਾਂ ਛੱਡ ਕੇ ਜਾਨੀ ਐ-’’
‘ਮੈਂ ਕਿਥੋਂ ਜਾ ਰਹੀ ਆਂ ਤੁਸੀਂ ਰੋਕੀ ਵੀ ਨਹੀਂ’ ਕਹਿ ਕੇ ਦੋਹਾਂ ਨੇ ਇਕ ਦੂਜੇ ਨੂੰ ਕਲਾਵੇ ਵਿਚ ਲੈ ਲਿਆ ਤੇ ਬੱਚੇ ਲੱਤਾਂ ਨੂੰ ਚਿੰਬੜ ਗਏ।
ਭੋਲਾ ਸਿੰਘ ‘ਪ੍ਰੀਤ’
(For more news apart from Anxiety Special Article News in Punjabi, stay tuned to Rozana Spokesman)