ਅਪਣੇ ਕੰਮ ਨਾਲ ਕੰਮ ਰੱਖ (ਭਾਗ 1)
ਆਖਦੇ ਨੇ ਕਿ 'ਰੋਮ ਵਿਚ ਉਹੀ ਕੁੱਝ ਕਰੋ ਜੋ ਰੋਮਨ ਕਰਦੇ ਨੇ'। ਇਹ ਗੱਲ ਜਿਸ ਨੇ ਵੀ ਆਖੀ ਹੈ, ਉਹ ਨਿਗੱਲਾ, ਗੱਲਾਂ ਦਾ ਖਟਿਆ ਖਾਣ ਵਾਲਾ ਈ ਹੋਵੇਗਾ। ਇਹ ਇਨਸਾਨਾਂ...
ਆਖਦੇ ਨੇ ਕਿ 'ਰੋਮ ਵਿਚ ਉਹੀ ਕੁੱਝ ਕਰੋ ਜੋ ਰੋਮਨ ਕਰਦੇ ਨੇ'। ਇਹ ਗੱਲ ਜਿਸ ਨੇ ਵੀ ਆਖੀ ਹੈ, ਉਹ ਨਿਗੱਲਾ, ਗੱਲਾਂ ਦਾ ਖਟਿਆ ਖਾਣ ਵਾਲਾ ਈ ਹੋਵੇਗਾ। ਇਹ ਇਨਸਾਨਾਂ ਦੀ ਬਸਤੀ ਵਿਚ ਵਸਣ ਵਾਲਾ ਹੋਣਾ ਈ ਨਹੀਂ। ਉਹ ਮਰੇ ਹੋਏ ਜਜ਼ਬਿਆਂ ਨੂੰ ਝੋਲੀ ਵਿਚ ਪਾ ਕੇ ਫਿਰਨ ਵਾਲਾ ਕੋਈ ਖਿੰਗਰ ਹੋਵੇਗਾ। ਉਹ ਅਪਣੀ ਮਿੱਟੀ ਨੂੰ ਪੈਰਾਂ ਥੱਲੇ ਲੈ ਕੇ ਅਪਣੀ ਮਿੱਟੀ ਪਲੀਤ ਕਰਨ ਵਾਲਾ ਕੋਈ ਪੱਥਰ ਹੋਣਾ ਏ ਜਾਂ ਉਹ ਅਪਣੇ ਅਤੀਤ ਨੂੰ ਭੁੱਲ ਕੇ ਵੇਲਾ ਟਪਾਉਣ ਲਈ ਵੇਲੇ ਦੇ ਪੈਰੀਂ ਪੈਣ ਵਾਲਾ ਕੁਵੇਲੇ ਵਰਗਾ ਕੁਬੰਦਾ ਹੋਵੇਗਾ।
ਬੰਦੇ ਕਦੋਂ ਭੁਲਦੇ ਨੇ ਅਪਣੇ ਪਿਛੋਕੜ ਨੂੰ? ਕਿਸੇ ਮਿੱਟੀ ਵਿਚੋਂ ਉਹਦੀਆਂ ਖ਼ਸਲਤਾਂ ਅਤੇ ਅਸਲੀਅਤਾਂ ਕਦੋਂ ਨਿਕਲਦੀਆਂ ਨੇ? ਕਿਸੇ ਕੁਕੜੀ ਨੂੰ ਬਤਖ਼ਾਂ ਵਿਚ ਜਾ ਕੇ ਵਸਾ ਦੇਈਏ ਤਾਂ ਉਹ ਛੱਪੜਾਂ ਵਿਚ ਕਦੋਂ ਤਰਦੀ ਏ?ਬੰਦੇ ਕਿਵੇਂ ਭੁਲਦੇ ਨੇ ਅਪਣੇ ਪਿਛੋਕੜ ਨੂੰ? ਮੈਂ ਰੋਮ ਵਿਚ ਵਸ ਕੇ ਵੀ ਅੰਦਰੋਂ ਉਜੜਿਆ ਹੋਇਆ ਫਿਰਦਾ ਹਾਂ। ਮੈਂ ਅੱਜ ਵੀ ਨੰਗੇ ਪੈਰੀਂ ਅਜਨਾਲੇ ਤੋਂ ਗੁੱਜਰਾਂਵਾਲੀ ਚਮਿਆਰੀ ਦਾ ਪੈਂਡਾ ਕਰਦਾ ਰਹਿੰਦਾ ਹਾਂ। ਮੈਂ ਅੱਜ ਵੀ ਲੰਦਨ ਦੇ ਸੇਬਾਂ ਵਿਚੋਂ ਚਮਿਆਰੀ ਦੇ ਖਰਬੂਜ਼ਿਆਂ ਦੀ ਵਾਸ਼ਨਾ ਸੁੰਘਦਾ ਰਹਿੰਦਾ ਹਾਂ।
ਰੋਜ਼ ਹੀ ਆਕਸਫ਼ੋਰਡ ਸਟਰੀਟ ਦੀ ਹਰ ਹੱਟੀ ਨੂੰ ਅੰਮ੍ਰਿਤਸਰ ਦੀ ਕਰਮੋ ਡਿਉੜੀ ਵਾਂਗ ਵੇਖਦਾ ਹਾਂ। ਹਾਈਡ ਪਾਰਕ ਦੇ ਲਾਲ ਗੁਲਾਬ ਮੇਰੇ ਵਿਹੜੇ ਦੀ ਕਿੱਕਰ ਦੇ ਬਸੰਤੀ ਲੁੰਗਾਂ ਨਾਲੋਂ ਕਦੀ ਵੀ ਸੋਹਣੇ ਨਹੀਂ ਹੋ ਸਕਦੇ। ਮੇਰੇ ਹਾਣ ਦੀ ਰਜ਼ੀਆ, ਮੇਰੀ ਕਿੱਕਰ ਦੇ ਬਸੰਤੀ ਫੁੱਲਾਂ ਦਾ ਲੌਂਗ ਬਣਾ ਕੇ ਅਪਣੇ ਨੱਕ ਵਿਚ ਪਾਉਂਦੀ ਹੁੰਦੀ ਸੀ। ਨਾ ਇਥੇ ਉਹ ਲੌਂਗ ਲਭਦਾ ਏ ਅਤੇ ਨਾ ਹੀ ਉਹ ਰਜ਼ੀਆ ਦਾ ਨੱਕ। ਇਥੇ ਤਾਂ ਨੱਕ ਵਾਲੀ ਕੋਈ ਗੋਰੀ ਹੀ ਨਹੀਂ ਜਿਹਦੇ ਕੋਲ ਕੋਈ ਸੰਗ-ਹਯਾ ਹੋਵੇ।
ਮੈਂ ਇਸ ਰੋਮ 'ਚ ਰਹਿ ਕੇ ਰੋਮਨ ਕਿਵੇਂ ਬਣ ਜਾਵਾਂ? ਮੈਨੂੰ ਸ਼ਰੀਂਹ ਦੀ ਠੰਢੀ ਛਾਂਵੇਂ ਬਹਿ ਕੇ ਛਾਬੇ ਵਿਚੋਂ ਖਾਧੀ ਹੋਈ ਰੋਟੀ ਨਹੀਂ ਭੁਲਦੀ। ਮੇਰੇ ਪਿੰਡ ਦੀ ਢਾਬ ਨਿਆਗਰਾ ਫ਼ਾਲ ਦਾ ਘੁੱਟ ਭਰ ਲੈਂਦੀ ਏ। ਯਾਦ ਆਉਂਦੀ ਏ ਮੇਰੇ ਪਿੰਡ ਦੀ ਢੱਕੀ, ਮੇਰੇ ਪਿੰਡ ਦੀ ਛੰਭ, ਮੇਰੇ ਪਿੰਡ ਦੇ ਮੈਰੇ, ਥਾਹੜ, ਸੱਕੀ, ਕੱਲਰ, ਰੋਹੀਆਂ ਤੇ ਟਿੱਬੇ। ਇਹ ਮੇਰੀ ਰੂਹ ਨੂੰ ਕਲਾਵੇ ਵਿਚ ਲਈ ਬੈਠੇ ਨੇ।
ਕੀ ਕਰਾਂ ਉਸ ਰੋਮ ਨੂੰ ਜਿਥੇ ਨਾ ਢੋਲ ਏ ਤੇ ਨਾ ਸੰਮੀ, ਨਾ ਜੈਮਲ ਨਾ ਫੱਤਾ। ਇਹ ਰੋਮ ਕਿਸ ਕੰਮ ਦਾ, ਜਿਥੇ ਕਦੀ ਸਾਉਣ ਭਾਦੋਂ ਹੀ ਨਹੀਂ ਆਇਆ, ਜਿਥੇ ਚਿੱਟੇ ਚਿੱਟੇ ਬਗਲਿਆਂ ਦੀਆਂ ਡਾਰਾਂ ਹਰੀ-ਹਰੀ ਮੁੰਜੀ (ਝੋਨੇ) ਉਤੇ ਉਡਦੀਆਂ ਕਦੀ ਵਿਖਾਈ ਨਹੀਂ ਦਿਤੀਆਂ। ਖ਼ੌਰੇ ਹੁਣ ਚੇਤਰ ਫੱਗਣ ਕਦੀ ਵੀ ਨਹੀਂ ਆਏ। ਕਿਥੇ ਗਿਆ ਏ ਪੋਹ ਦੀਆਂ ਰਾਤਾਂ ਕਾਲੀਆਂ ਵਿਚ ਲਿਸ਼ਕਦਾ ਚੌਧਵੀਂ ਦਾ ਚੰਨ?
ਕੀ ਕਰਾਂ ਇਨ੍ਹਾਂ ਝੀਲਾਂ ਨੂੰ ਜਿਨ੍ਹਾਂ ਵਿਚ (ਕੰਵਲ ਦੀਆਂ) ਕੰਮੀਆਂ ਕਦੀ ਨਹੀਂ ਖਿੜੀਆਂ। ਨਹੀਂ ਭੁਲਦੇ ਉਹ ਛੱਪੜ ਜਿਨ੍ਹਾਂ ਵਿਚ ਮੇਰਾ ਬਾਲਪਨ ਲੀੜੇ ਲਾਹ ਕੇ ਨੰਗ-ਮੁਨੰਗਾ ਤਾਰੀਆਂ ਲਾਉਂਦਾ ਸੀ।ਬੰਦੇ ਨੂੰ ਚੰਗੀ ਮਿੱਟੀ ਲੱਗੀ ਹੋਵੇ ਤਾਂ ਕਦੋਂ ਭੁਲਦਾ ਏ ਅਪਣੀ ਮਿੱਟੀ ਨੂੰ? ਨਸਲੀ ਬਟੇਰਾ ਹੋਵੇ ਤਾਂ ਹਰ ਸਮੇਂ ਹਰ ਫ਼ਸਲ ਵਿਚ ਨਹੀਂ ਪਟਾਕਦਾ। ਇਥੇ ਆਖਦੇ ਨੇ ‘Mind your own 2usiness. ਅਪਣੇ ਕੰਮ ਨਾਲ ਕੰਮ ਰੱਖ।
ਕਿਸੇ ਦੇ ਦੁੱਖ-ਸੁੱਖ ਦਾ ਭਿਆਲ ਨਾ ਬਣ।' ਕੇਡਾ ਔਖਾ ਏ ਇਹ ਕੰਮ ਮੇਰੇ ਲਈ। ਮੈਂ ਤਾਂ ਲੰਗੜਾਉਂਦੇ ਹੋਏ ਪਠੋਰੇ ਦਾ ਦੁੱਖ ਵੇਖ ਕੇ ਵੀ ਉਸ ਨੂੰ ਮੋਢਿਆਂ ਉਤੇ ਚੁੱਕ ਲੈਂਦਾ ਸਾਂ। ਮੈਂ ਤਾਂ ਭੁੱਖੇ ਕਤੂਰੇ ਲਈ ਘਰੋਂ ਚੋਰੀ ਦੁੱਧ ਲੈ ਜਾਂਦਾ ਹੁੰਦਾ ਸਾਂ ਅਤੇ ਕੋਮਲ ਜਿਹਾ ਰੁੱਖ ਬੀਜ ਕੇ ਉਤੇ ਛਾਂ ਕਰਨ ਲਈ ਮਾਂ ਦੀ ਚੁੰਨੀ ਤਾਣ ਦਿੰਦਾ ਸਾਂ। ... ਅੱਜ ਬੱਸ ਵਿਚ ਬੈਠੀ ਸੁਰਖ਼ੀ ਲਾਉਂਦੀ ਮੇਮ ਦੇ ਰੋਂਦੇ ਬਾਲ ਨੂੰ ਬੋਝੇ ਵਿਚੋਂ ਖੰਡ ਦੀ ਗੋਲੀ ਕੱਢ ਕੇ ਕਿਉਂ ਨਾ ਦੇਵਾਂ? ਮੈਂ ਵਿਲਕਦੇ ਬਾਲ ਨੂੰ ਨਹੀਂ ਝਲ ਸਕਦਾ। ਰੱਬ ਜਾਣੇ ਬੁਲ੍ਹੀਆਂ ਉਤੇ ਲਾਉਣ ਵਾਲੀ ਸੁਰਖ਼ੀ ਨੇ ਖ਼ੂਨ ਕਿਉਂ ਸਫ਼ੈਦ ਕਰ ਦਿਤੇ ਨੇ?
ਚਿੱਟੀ ਮੇਮ ਭਾਵੇਂ ਕਿਸੇ ਕਾਲੀ ਚਮੜੀ ਵਾਲੇ ਹੱਥੋਂ ਅਪਣੇ ਬਾਲ ਨੂੰ ਖੰਡ ਦੀ ਗੋਲੀ ਫੜਦਾ ਨਹੀਂ ਵੇਖ ਸਕਦੀ, ਉਹ ਅਪਣੇ ਬਾਲ ਹੱਥੋਂ ਗੋਲੀ ਖੋਹ ਕੇ ਭੋਇੰ 'ਤੇ ਮਾਰ ਦਿੰਦੀ ਏ ਅਤੇ ਮੈਨੂੰ ਨਫ਼ਰਤ ਦੀ ਗੋਲੀ ਮਾਰ ਕੇ ਫੱਟੜ ਕਰਦੀ ਹੋਈ ਅਪਣੀ ਅੰਗਰੇਜ਼ੀ 'ਚ ਆਖਦੀ ਏ - ‘Mind your own 2usiness.’
ਜੇ ਕਿਸੇ ਦੇ ਦਿਲ ਵਿਚ ਪੀੜ ਦੀ ਪੂੰਗਰ ਹੈ ਤਾਂ ਮੈਨੂੰ ਦਸੇ ਕਿ ਇਹ ਕਿਸ ਦਾ ਫ਼ੁਰਮਾਨ ਹੈ?
ਕੀ ਗੁਰੂ ਨਾਨਕ ਦੇਵ ਜੀ ਦਾ? ਇਹ ਕਿਸ ਦਾ ਆਖਣਾ ਹੈ ਕਿ ਅਪਣੇ ਕੰਮ ਨਾਲ ਹੀ ਕੰਮ ਰੱਖੋ। ਅਪਣੇ ਗ਼ਮ ਨੂੰ ਹੀ ਗ਼ਮ ਆਖੋ, ਅਪਣੀ ਪੀੜ ਉਪਰ ਹੀ ਹਾਏ ਕਰੋ, ਅਪਣੀ ਭੁੱਖ ਦਾ ਹੀ ਦੁੱਖ ਮਹਿਸੂਸ ਕਰੋ। ਕੀ ਕਿਸੇ ਪੈਗ਼ੰਬਰ ਨੇ ਰੱਬ ਦਾ ਕੋਈ ਅਜਿਹਾ ਪੈਗ਼ਾਮ ਦਿਤਾ ਸੀ ਕਿ ਕਿਸੇ ਹੂੰਗਦੇ ਹਉਕਦੇ ਬੰਦੇ ਨੂੰ ਲੱਪ ਪਾਣੀ ਦੀ ਨਾ ਦਿਉ।
ਕਿਵੇਂ ਦੱਸਾਂ ਰੋਮ ਵਿਚ ਵਸਣ ਵਾਲਿਆਂ ਨੂੰ ਕਿ ਮੈਂ ਅਪਣੀ ਵਿਛੜੀ ਹੋਈ ਧਰਤੀ ਦਾ ਜੱਫਾ ਨਹੀਂ ਛੱਡ ਸਕਦਾ। ਮੈਂ ਅਪਣੇ ਪਿਛੋਕੜ ਦੇ ਪ੍ਰਛਾਵੇਂ ਥਲਿਉਂ ਉਠ ਕੇ ਅਪਣੇ ਮਾਜ਼ੀ ਦੇ ਪਿਛਵਾੜੇ ਦੀ ਮਿੱਟੀ ਨਹੀਂ ਛੱਡ ਸਕਦਾ। ਮੈਂ ਅੱਜ ਵੀ ਅਪਣੇ ਕੱਚੇ ਕੋਠੇ ਦੀਆਂ ਛੱਤਾਂ ਉਤੇ ਮੰਜੀਆਂ ਚੜ੍ਹਾ ਕੇ ਸੌਣਾ ਚਾਹੁੰਦਾ ਹਾਂ। ਜੇ ਅੱਧੀ ਰਾਤੀਂ ਸਾਉਣ ਦਾ ਗਰਜਦਾ ਬੱਦਲ ਹੁਕਮ ਦੇਵੇਗਾ ਤਾਂ ਮੈਂ ਅਪਣੀ ਮੰਜੀ ਬਨੇਰੇ ਥਾਣੀਂ ਲਮਕਾ ਕੇ ਲਾਹ ਲਵਾਂਗਾ। ਆਖ ਦਿਉ ਠੰਢੀਆਂ ਬਰਫ਼ਾਂ ਨੂੰ, ਉਹ ਮੇਰੇ ਪਿੰਡ ਦਾ ਨਿੱਘ ਮੋੜ ਦੇਣ।
ਕੌਣ ਦਸੇ ਇਨ੍ਹਾਂ ਹਨੇਰ ਪਾਉਂਦੀਆਂ ਰੌਸ਼ਨੀਆਂ ਨੂੰ ਕਿ ਮੈਂ ਅੱਜ ਵੀ ਅਪਣੇ ਪਿੰਡ ਦੀਆਂ ਚਾਨਣ ਭਰੀਆਂ ਸੌੜੀਆਂ ਗਲੀਆਂ ਵਿਚ ਲੁਕਣ-ਮੀਟੀ ਖੇਡਣ ਨੂੰ ਤਰਸਦਾ ਹਾਂ, ਜਿਹੜੀਆਂ ਪੰਜਾਹ ਵਰ੍ਹੇ ਪਹਿਲਾਂ ਮੇਰੇ ਕੋਲੋਂ ਖੋਹ ਲਈਆਂ ਗਈਆਂ ਸਨ। ਘੁੱਟ ਭਰ ਲਿਆ ਹੈ ਮੇਰਾ ਇਨ੍ਹਾਂ ਠੰਢਿਆਂ ਪਾਣੀਆਂ ਨੇ। ਖਾ ਗਿਆ ਹੈ ਮੈਨੂੰ ਇਹ ਕਣਕ ਦਾ ਦਾਣਾ। ਕੌਣ ਦੱਸੇ, ਮੇਰੀ ਜੱਨਤ ਛੁਡਾਉਣ ਵਾਲੇ ਇਸ ਕਣਕ ਦੇ ਦਾਣੇ ਨੂੰ ਕਿ ਤੂੰ ਮੈਨੂੰ ਭੱਠੀ 'ਚ ਪਾ ਕੇ ਭੁੰਨ ਦਿਤਾ ਏ।
ਨਾ ਤੈਨੂੰ ਛਡਿਆ ਜਾਂਦੈ ਹੈ, ਨਾ ਲੰਘਾਇਆ ਜਾਂਦੈ। ਕੀ ਰਖਿਆ ਏ ਇਸ ਦਾਣੇ ਵਿਚ, ਜਿਹਨੂੰ ਖਾ ਕੇ ਮਾਂ ਵੀ ਮਾਵਾਂ ਵਰਗੀ ਨਹੀਂ ਰਹਿੰਦੀ। ਕਿਥੋਂ ਲੱਭਾਂ ਉਨ੍ਹਾਂ ਮਾਵਾਂ ਨੂੰ, ਜਿਹੜੀਆਂ ਜਵਾਨੀ ਵਿਚ ਰੰਡੀਆਂ ਹੋ ਜਾਂਦੀਆਂ ਸਨ ਅਤੇ ਅਪਣੇ ਬਾਲ ਵਾਸਤੇ ਸਾਰੀ ਹਯਾਤੀ ਦਾ ਰੰਡੇਪਾ ਇਸ ਵਾਸਤੇ ਹੀ ਕੱਟ ਲੈਂਦੀਆਂ ਸਨ ਕਿ ਮੇਰਾ ਪੁੱਤਰ ਕਿਧਰੇ ਮਤਰੇਏ ਪਿਉ ਦੀਆਂ ਝਿੜਕਾਂ ਨਾ ਖਾਵੇ?
ਕੀ ਆਖਾਂ ਉਨ੍ਹਾਂ ਮਾਵਾਂ ਨੂੰ ਜਿਨ੍ਹਾਂ ਕੋਲ ਦਾਣਿਆਂ ਦੀਆਂ ਝੋਲੀਆਂ ਭਰੀਆਂ ਨੇ ਪਰ ਪੁੱਤਰਾਂ ਦੇ ਪਿਆਰ ਲਈ ਅੱਜ ਸਖਣੀ ਝੋਲੀ ਹੈ? ਤੀਜਾ ਬਾਲ ਜੰਮ ਕੇ ਚੌਥੇ ਖ਼ਾਵੰਦ ਨਾਲ ਮੌਜਾਂ ਮਾਣਨ ਟੁਰ ਜਾਂਦੀਆਂ ਨੇ ਤੇ ਜੰਮ ਕੇ ਹਸਪਤਾਲਾਂ ਵਿਚ ਸੁੱਟ ਆਉਂਦੀਆਂ ਨੇ। ਕਈਆਂ ਮਾਸੂਮਾਂ ਨੂੰ ਮਤਰੇਆ ਪਿਉ ਕੰਧ ਨਾਲ ਮਾਰ ਕੇ ਮਾਰ ਸੁਟਦਾ ਏ। ਮੈਂ ਇਨ੍ਹਾਂ ਰੱਜੇ ਹੋਏ ਲੋਕਾਂ ਕੋਲ ਅੰਤਾਂ ਦੀ ਭੁੱਖ ਵੇਖ ਕੇ ਹੱਥ ਛੁਡਾ ਕੇ ਚਲੇ ਜਾਣ ਵਾਲੇ ਵੇਲੇ ਦੇ ਛੱਪੜ ਕੰਢੇ ਬਹਿ ਕੇ ਪਥਰਾਈਆਂ ਹੋਈਆਂ ਅੱਖਾਂ ਨਾਲ ਝਾਕਦਾ ਰਹਿੰਦਾ ਹਾਂ। (ਚਲਦਾ)
-43 ਆਕਲੈਂਡ ਰੋਡ,
ਲੰਡਨ-ਈ 15-2ਏਐਨ,
ਫ਼ੋਨ : 0208-519 21 39