ਅਪਣੇ ਕੰਮ ਨਾਲ ਕੰਮ ਰੱਖ (ਭਾਗ 2)
ਇਥੇ ਕੋਈ ਕਿਸੇ ਮਾਂ ਨੂੰ ਨਹੀਂ ਆਖਦਾ ਕਿ ਜੇ ਸੁੱਟ ਕੇ ਹੀ ਜਾਣਾ ਸੀ ਤਾਂ ਇਹ ਰੱਬ ਦਾ ਜੀਅ ਜੰਮਿਆ ਹੀ ਕਿਉੁਂ ਸੀ? ਕੋਈ ਕਿਸੇ ਪਿਉ ਨੂੰ ਨਹੀਂ ਪੁਛਦਾ ਕਿ ਜੇ ਤੀਜੀ ਜ਼ਨਾਨੀ...
ਇਥੇ ਕੋਈ ਕਿਸੇ ਮਾਂ ਨੂੰ ਨਹੀਂ ਆਖਦਾ ਕਿ ਜੇ ਸੁੱਟ ਕੇ ਹੀ ਜਾਣਾ ਸੀ ਤਾਂ ਇਹ ਰੱਬ ਦਾ ਜੀਅ ਜੰਮਿਆ ਹੀ ਕਿਉੁਂ ਸੀ? ਕੋਈ ਕਿਸੇ ਪਿਉ ਨੂੰ ਨਹੀਂ ਪੁਛਦਾ ਕਿ ਜੇ ਤੀਜੀ ਜ਼ਨਾਨੀ ਦਾ ਚਾਅ ਸੀ ਤਾਂ ਪਹਿਲੀਆਂ ਵਿਚੋਂ ਤਿੰਨ ਬਾਲ ਕਿਉੁਂ ਜੰਮੇ ਸਨ, ਹੁਣ ਉਹ ਕਿਸ ਨੂੰ ਪਿਉ ਆਖਣਗੇ? ਇਥੇ ਕੌਣ ਆਖੇਗਾ, 11 ਸਾਲ ਦੀ ਮੁਟਿਆਰ ਨੂੰ ਕਿ ਕਿਸੇ ਦਾ ਬਾਲ ਕੁੱਖ ਵਿਚ ਰੱਖਣ ਵਾਲੀਏ, ਕੀ ਰਹਿ ਜਾਏਗਾ ਮਾਪਿਆਂ ਪੱਲੇ?
ਨੀ ਤੂੰ ਕੱਖ ਨਹੀਂ ਰਹਿਣ ਦਿਤਾ ਕੁੱਖ ਸੜੀਏ! ਨਹੀਂ... ਕੋਈ ਨਹੀਂ ਆਖਦਾ... ਕੋਈ ਨਹੀਂ ਸੁਣਦਾ। ਇਕੋ ਹੀ ਗੱਲ ਆਖਦੇ ਨੇ ਕਿ ‘Mind your own 2usiness.’ ਅਪਣੇ ਕੰਮ ਵਲ ਧਿਆਨ ਰੱਖੋ ਜੀ! ਉਤੋਂ ਮੇਰੇ ਵਰਗਾ ਕਮਲਾ, ਕੋਈ ਸੋਚਾਂ ਦੀ ਭੱਠੀ ਬਾਲ ਕੇ ਬਹਿ ਵੀ ਜਾਵੇ ਤਾਂ ਪਰਾਗੇ ਭੁਨਾਉਣ ਵਾਲੇ ਆਖਦੇ ਨੇ 'When in Rome 4o as the Romans do' ਰੋਮ ਵਿਚ ਉਹੀ ਕੁੱਝ ਕਰੋ ਜੋ ਰੋਮਨ ਕਰਦੇ ਨੇ... ਇਥੇ ਇਹ ਨਿਕੰਮੀ ਗੱਲ ਹੀ ਖ਼ੌਰੇ ਕੰਮ ਦੀ ਗੱਲ ਹੈ। ਇਸ ਰੋਮ 'ਚ ਰਹਿਣ ਵਾਲੇ ਰੋਮਨ ਨਾ ਰਾਮ ਦੀ ਸੁਣਦੇ ਨੇ, ਨਾ ਰੱਬ ਦੀ।
ਵਾਹ ਜਾਨ ਅਪਣੀ! ਇੱਜ਼ਤ ਦਾ ਦੀਵਾ ਵਾਵਰੋਲੇ ਵਰਗੀ ਔਲਾਦ ਦੇ ਕੰਬਦੇ ਹੱਥਾਂ ਵਿਚ ਫੜਾ ਕੇ ਪਰਵਾਸ ਭੋਗਦੇ ਲੋਕ ਬੇਵਸੀ ਦੇ ਹੱਥ ਅੱਡ ਕੇ ਰੱਬ ਵਲ ਵੇਖਦੇ ਰਹਿੰਦੇ ਨੇ। ਇਨ੍ਹਾਂ ਦੀ ਇੱਜ਼ਤ, ਅਣਖ ਰੇਤ ਦੀ ਮੁੱਠ ਵਾਂਗ ਪਰਨਾਲੇ ਵਿਚ ਰੱਖੀ ਹੋਈ ਏ ਤੇ ਉਤੋਂ ਬੇਹਯਾਈ ਦਾ ਬੱਦਲ ਹਰ ਵੇਲੇ ਗਜਦਾ ਰਹਿੰਦੈ। ਕਿਹੜੇ ਮਾਣ ਨਾਲ ਬੁੱਢਾ ਪਿਉ ਦਾਬਾ ਮਾਰੇਗਾ ਜਵਾਨ ਧੀ ਨੂੰ? ਜਵਾਨੀ ਤਾਂ ਉਂਜ ਹੀ ਅਲਕ ਵਹਿੜਕਾ ਅਤੇ ਬੇਲਗਾਮ ਵਛੇਰੀ ਹੁੰਦੀ ਏ। ਕੌਣ ਡੱਕੇਗਾ ਇਸ ਹੜ੍ਹ ਦੇ ਪਾਣੀ ਨੂੰ। ਇਕ ਰਸਮਾਂ ਦਾ ਹੀ ਬੰਨ੍ਹ ਹੈ।
ਜੇ ਔਲਾਦ ਬੇਵਸ ਮਾਪਿਆਂ ਦੀ ਇੱਜ਼ਤ ਨੂੰ ਰੁੜ੍ਹ-ਪੁੜ੍ਹ ਜਾਣ ਤੋਂ ਬਚਾਅ ਲਵੇ ਤਾਂ ਕੀ ਹੱਕ ਰਹਿ ਗਿਐ ਮਾਂ ਕੋਲ, ਜਿਹੜੀ ਧੀ ਨੂੰ ਗੁੱਤੋਂ ਫੜ ਕੇ ਆਖੇ, 'ਨੀ ਵਰਜੀ ਜਾ ਹੋਣੀਏ, ਵਰਜੀ ਜਾ। ਜੇ ਤੇਰੇ ਪਿਉ ਨੂੰ ਸੂਹ ਲੱਗ ਗਈ ਤਾਂ ਡਕਰੇ ਕਰ ਦੇਵੇਗਾ।' ਨਾ ਧੀ ਦੀ ਗੁੱਤ, ਨਾ ਮਾਂ ਦਾ ਹੱਥ, ਨਾ ਪਿਉ ਦਾ ਡਰ। ਹੱਥ ਮਲਦੀ ਹਯਾਤੀ, ਹੱਥ ਉਤੇ ਹੱਥ ਰੱਖ ਕੇ ਮਾਪਿਆਂ ਨਾਲ ਦੋ ਹੱਥ ਕਰ ਗਈ ਏ।
ਹੱਥਾਂ ਨਾਲ ਦਿਤੀਆਂ ਦੰਦਾਂ ਨਾਲ ਖੋਲ੍ਹਣੀਆਂ ਪੈ ਜਾਣ ਤਾਂ ਬੜੇ ਯਾਦ ਆਉਂਦੇ ਨੇ ਰੋਟੀ ਵਾਸਤੇ ਤਿਆਗੇ ਹੋਏ ਅਪਣੇ ਦੇਸ਼। ਕਿਉਂਕਿ ਰੋਟੀ ਖਾਂਦਿਆਂ-ਖਾਂਦਿਆਂ ਦੰਦਾਂ ਥੱਲੇ ਆ ਕੇ ਇੱਜ਼ਤ ਚਿੱਥੀ ਜਾਵੇ, ਅਣਖ ਦਾ ਕੋੜਕੂ ਫਸ ਜਾਵੇ ਜਾਂ ਮਾਣ ਦਾ ਸ਼ੀਸ਼ਾ ਟੁਟ ਕੇ ਬੁਰਕੀ 'ਚ ਰਲ ਜਾਵੇ ਤਾਂ ਕਿਵੇਂ ਲੰਘਦੀ ਏ ਇਹ ਬੁਰਕੀ ਸੰਘ ਵਿਚੋਂ? ਹੱਥਾਂ ਵਿਚ ਨੋਟਾਂ ਦੀਆਂ ਦੱਥੀਆਂ ਅਤੇ ਧੀਆਂ ਅੱਗੇ ਜੋੜਦੇ ਖ਼ਾਲੀ ਹੱਥ ਮਾਪੇ।
ਇਸ ਰੰਗ ਭਰੀ ਦੁਨੀਆਂ ਵਿਚ ਫਿੱਕੀ ਜ਼ਿੰਦਗੀ ਗੁਜ਼ਾਰਦੇ ਲੋਕ ਜਦੋਂ ਔਲਾਦ ਨੂੰ ਚਿੱਟੇ ਧੌਲੇ ਦਿਖਾ ਕੇ ਇੱਜ਼ਤ ਦਾ ਵਾਸਤਾ ਦਿੰਦੇ ਨੇ ਤਾਂ ਰੱਬ ਦੇ ਰੰਗ ਯਾਦ ਆਉਂਦੇ ਨੇ। ਰੱਬ ਨਾ ਕਰੇ ਜੇ ਧੀਆਂ ਦੇ ਦਿਲਾਂ 'ਚ ਮੈਲ ਆ ਜਾਵੇ ਤਾਂ ਚਿੱਟੇ ਧੌਲੇ ਵੀ ਕਦੋਂ ਨਜ਼ਰ ਆਉਂਦੇ ਨੇ? ਹਯਾ ਦਾ ਸ਼ੀਸ਼ਾ ਤਿੜਕ ਜਾਏ ਤਾਂ ਉਹ ਤਲਵਾਰ ਬਣ ਕੇ ਆਬਰੂ ਦੀ ਧੌਣ ਲਾਹ ਸੁਟਦਾ ਏ।
ਗ਼ਮ ਨਾ ਕਰ, ਤੇਰੀ ਜ਼ਨਾਨੀ ਨੇ ਗ਼ਮ ਕਰ ਕੇ ਕੀ ਖਟਿਆ ਸੀ? ਤੈਨੂੰ ਵੀ ਰੋਂਦਾ ਛੱਡ ਕੇ ਲੱਕੜ ਦੇ ਸੰਦੂਕ ਵਿਚ ਵੜ ਗਈ। ਉਹਨੇ ਜਿਸ ਦਾ ਗ਼ਮ ਕੀਤਾ ਸੀ, ਉਹ ਧੀ ਤੇ ਅੱਜ ਵੀ ਖ਼ੁਸ਼ੀਆਂ ਦੇ ਘੋੜੇ ਉਪਰ ਚੜ੍ਹੀ ਹੋਈ ਕਦੀ-ਕਦੀ ਤੈਨੂੰ ਨੁੱਕਰ ਵਾਲੀ ਪੱਬ ਵਿਚੋਂ ਚੁੰਗੀਆਂ ਮਾਰ ਕੇ ਜਾਂਦੀ ਨਜ਼ਰ ਆ ਜਾਂਦੀ ਏ। ਸ਼ੁਕਰ ਕਰ ਕਮਲਿਆ, ਤੇਰੇ ਸਾਰੇ ਪੁੱਤਰਾਂ ਕੋਲ ਅਪਣੇ ਅਪਣੇ ਮਕਾਨ ਨੇ। ਉਹ ਜ਼ਨਾਨੀਆਂ ਨਾਲ ਹਸਦੇ ਖੇਡਦੇ ਨੇ।
ਹੋਰ ਕੀ ਮੰਗਨਾ ਏਂ। ਜਦੋਂ ਵੀ ਵਰ੍ਹੇ ਪਿਛੋਂ ਕ੍ਰਿਸਮਸ ਆਉਂਦੀ ਏ, ਤੇਰੇ ਕੌਂਸਲ ਦੇ ਮਕਾਨ ਵਿਚ ਇਕ-ਅੱਧਾ ਕਾਰਡ ਆ ਜਾਂਦਾ ਏ, ਜਿਹਦੇ ਉਤੇ ਲਿਖਿਆ ਹੁੰਦਾ ਏ ‘8appy Xmas 4ad.’ ਦੱਸ ਹੋਰ ਕੀ ਮੰਗਨਾ ਏਂ? ਤੇਰੇ ਕੋਲ ਮੰਗਣ ਦਾ ਹੱਕ ਵੀ ਕੋਈ ਨਹੀਂ। ਤੂੰ ਤਾਂ ਦੇਣ ਹੀ ਦੇਣ ਆਇਆ ਸੈਂ, ਪ੍ਰਵਾਸੀ ਜੀਵਨ ਨੂੰ। ਕੀ... ਤੂੰ ਸਮਝਦਾ ਸੈਂ, ਮੈਂ ਕੁੱਝ ਲੈਣ ਆਇਆ ਸਾਂ?
ਝੱਲਾ ਨਾ ਹੋਵੇ ਤੇ। ਕੀ ਦਿਤਾ ਏ ਕਦੀ ਕਿਸੇ ਨੂੰ ਪਰਾਈ ਮਿੱਟੀ ਨੇ? ਸਿਰਫ਼ ਰੋਟੀ। ਖੋਹ ਲਿਆ ਉਸ ਨੇ ਹੱਥ ਪਾ ਕੇ ਤੇਰਾ ਹਿਰਦਾ। ਗੁਆਚ ਗਿਆ ਤੇਰਾ ਸਭਿਆਚਾਰ। ਖੋਹ ਲਈ ਤੇਰੀ ਮਾਂ-ਬੋਲੀ। ਵਿਛੜ ਗਿਆ ਤੇਰਾ ਪਰਵਾਰ। ਮਰ ਗਈ ਤੇਰੀ ਬੁਢੜੀ ਮਾਂ, ਜਿਹਨੂੰ ਆਖ ਕੇ ਆਇਆਂ ਸੈਂ ਕਿ, ''ਬੱਸ, ਮਾਤਾ ਜੀ, ਦੋਂਹ ਚੌਂਹ ਵਰ੍ਹਿਆਂ ਦੀ ਗੱਲ ਏ। ਮੈਂ ਬਾਣੀਏ ਕੋਲੋਂ ਭੋਇੰ ਵੀ ਛੁਡਵਾ ਲਵਾਂਗਾ।
ਪੱਕੇ ਕੋਠੇ ਪਾ ਕੇ ਭਾਈਏ ਦਾ ਇਲਾਜ ਵੀ ਕਰਵਾ ਲਵਾਂਗਾ। ਨਾ ਰੋ, ਮਾਤਾ ਜੀ, ਮੈਂ ਨਿੱਕੀ ਭੈਣ ਦਾ ਦਾਜ ਲੈ ਕੇ ਮੁੜਾਂਗਾ। ਪੁੱਛ ਜੱਗੂ, ਅੱਜ ਗਲ ਨਾਲ ਲੱਗੀ ਬੋਤਲ ਨੂੰ, ਤੇਰੇ ਪਿਛੋਂ ਕੀ ਕੀਤਾ ਸੀ ਬਾਣੀਏ ਦੇ ਮੁੰਡੇ ਨੇ ਤੇਰੀ ਭੈਣ ਨਾਲ? ਤੇਰੇ ਪਿਉ ਦਾ ਇਹੀ ਇਲਾਜ, ਇਹੀ ਦਾਰੂ, ਜਿਹਨੇ ਉਹਨੂੰ ਹਮੇਸ਼ਾ ਲਈ ਮੁਕਤੀ ਦੇ ਦਿਤੀ। ਉਹ ਮਰ ਗਿਆ ਕੁੱਝ ਖਾ ਕੇ, ਕਿਉੁਂ ਜੋ ਉਸ ਨੇ ਅਪਣੀ ਅਣਖ ਨਹੀਂ ਸੀ ਪੀਤੀ... ਸ਼ਰਾਬ ਵਾਂਗ। ਮਰ ਗਿਆ ਵਿਚਾਰਾ, ਕਿਉਂ ਜੋ ਉਹ ਜਿਉਂਦੀ ਜਾਨੇ ਨਹੀਂ ਸੀ ਮਰ ਸਕਦਾ। ਉਹ ਮਰ-ਮਰ ਕੇ ਨਹੀਂ ਸੀ ਜੀਅ ਸਕਦਾ।
ਨਾ ਫੋਲਿਆ ਕਰ ਉਸ ਜ਼ੰਗਾਲ ਲੱਗੇ ਪੰਤਾਲੀ ਸਾਲ ਪੁਰਾਣੇ ਸੰਦੂਕ ਨੂੰ ਜਿਹੜਾ ਤੇਰੀ ਮਾਂ ਦੇ ਦਾਜ ਦਾ ਸੀ, ਜਿਸ ਨੂੰ ਤੂੰ ਲੈ ਆਇਆ ਸੈਂ। ਉਹ ਸੰਦੂਕ ਹੁਣ ਤੇਰੇ ਵਰਗਾ ਹੋ ਗਿਆ ਏ। ਇੰਜ ਦੇ ਸ਼ੀਸ਼ੇ ਵੇਖ ਕੇ ਕਿਉਂ ਉਦਾਸ ਹੁੰਦਾ ਰਹਿਨਾ ਏਂ।ਚੁੱਪ ਕਰ ਜਾ ਜੱਗੂ, ਨਾ ਰੋ। ਕਾਹਦਾ ਹਰਖ ਈ ਪੁੱਤਰਾਂ 'ਤੇ? ਕਮਲਿਆ, ਤੂੰ ਅਪਣੇ ਕੰਮ ਨਾਲ ਕੰਮ ਰੱਖ। ਉਹ ਕੰਮ ਹੀ ਕਰ, ਜਿਹੜੇ ਰੋਮ ਵਿਚ ਰਹਿਣ ਵਾਲੇ ਕਰਦੇ ਨੇ।
ਰੋੜ੍ਹ ਦੇ ਅਪਣੇ ਮਾਜ਼ੀ ਨੂੰ ਸ਼ਰਾਬ ਦੇ ਲਾਵੇ ਵਿਚ। ਐਨੀ ਪੀ ਕਿ ਇਹ ਤੇਰਾ ਘੁੱਟ ਭਰ ਲਵੇ।ਆ, ਤੈਨੂੰ ਮੈਂ ਕੰਮ ਦੀ ਗੱਲ ਦੱਸਾਂ। ਤੂੰ ਵਹਿਮ ਨਾ ਕਰ। ਇਕ ਦਿਨ ਇਸੇ ਹੀ ਖੂੰਜੇ ਵਿਚ, ਇਸੇ ਹੀ ਸੁੱਕੇ ਹੋਏ ਰੁੱਖ ਨਾਲ ਤੇਰਾ ਕੋਈ ਨਾ ਕੋਈ ਪੁੱਤਰ ਢੋਅ ਲਾ ਕੇ ਇਸੇ ਹੀ ਬੋਤਲ ਨਾਲ ਇੰਜ ਦੀਆਂ ਹੀ ਗੱਲਾਂ ਕਰਦਾ ਹੋਵੇਗਾ। ਪਰ-ਪਰ ਉਸ ਵੇਲੇ ਨਾ ਤੂੰ ਹੋਣਾ ਏ ਤੇ ਨਾ ਮੈਂ। (ਸਮਾਪਤ)
-43 ਆਕਲੈਂਡ ਰੋਡ,
ਲੰਡਨ-ਈ 15-2ਏਐਨ,
ਫ਼ੋਨ : 0208-519 21 39