ਸਾਡੇ ਸਿੱਖ ਸਿਆਸਤਦਾਨ ਸਿੱਖਾਂ ਦੀਆਂ ਵੋਟਾਂ ਲੈ ਕੇ ਸਿੱਖਾਂ ਵਿਰੁਧ ਹੀ ਸਿਆਸਤ ਖੇਡਦੇ ਹਨ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬੇਅਦਬੀ ਇਕ ਜੂਨ 2015 ਨੂੰ ਹੋਈ, ਇਸ ਤੋਂ ਪਹਿਲਾਂ ਵੀ ਪੰਜਾਬ ਵਿਚ ਬੇਅਦਬੀ ਹੋਈ ਹੈ।

Narendra modi And parkash Singh badal

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬੇਅਦਬੀ ਇਕ ਜੂਨ 2015 ਨੂੰ ਹੋਈ, ਇਸ ਤੋਂ ਪਹਿਲਾਂ ਵੀ ਪੰਜਾਬ ਵਿਚ ਬੇਅਦਬੀ ਹੋਈ ਹੈ। ਦਾਸ ਨੇ ਇਕ ਦਿਨ ਸੋਸ਼ਲ ਮੀਡੀਆ ਅਤੇ ਇਕ ਪੰਜਾਬੀ ਟੀ.ਵੀ. ਚੈਨਲ ਤੇ ਸਾਬਕਾ ਸਪੀਕਰ ਸ. ਰਵੀਇੰਦਰ ਸਿੰਘ ਜੀ ਦੀ ਇੰਟਰਵਿਊ ਸੁਣੀ। ਉਨ੍ਹਾਂ ਨੇ ਕਿਹਾ ਕਿ ਸਰਾਏਨਾਗਾ ਜ਼ਿਲ੍ਹਾ ਮੁਕਤਸਰ ਦਾ ਪਿੰਡ ਹੈ, ਉਥੇ ਗੁਰਦਵਾਰਾ ਸਾਹਿਬ ਤੇ ਗੋਲੀਆਂ ਚਲਾਈਆਂ ਗਈਆਂ ਤੇ ਪੰਜ ਨਿਹੰਗ ਸਿੰਘਾਂ ਨੂੰ ਪੁਲਿਸ ਵਲੋਂ ਮਾਰ ਦਿਤਾ ਗਿਆ।

ਕਾਰਨ ਇਹ ਸੀ ਕਿ ਨਿਹੰਗ ਸਿੰਘ ਜਾ ਰਹੇ ਸਨ ਕਿ ਇਕ ਪਾਲਤੂ ਕੁੱਤਾ ਨਿਹੰਗ ਸਿੰਘ ਨੂੰ ਵੱਢਣ ਜਾ ਪਿਆ ਤਾਂ ਨਿਹੰਗ ਸਿੰਘ ਨੇ ਸਵੈ ਰਖਿਆ ਖ਼ਾਤਰ ਹੱਥ ਵਿਚ ਜੋ ਬਰਛਾ ਸੀ, ਉਹੀ ਕੁੱਤੇ ਨੂੰ ਦੇ ਮਾਰਿਆ ਤੇ ਕੁੱਤਾ ਮਰ ਗਿਆ। ਕੁੱਤੇ ਦੇ ਮਾਲਕ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿਤੀ ਤਾਂ ਪੁਲਿਸ ਵਲੋਂ ਜੋ ਫ਼ੋਰਸ ਆਈ ਉਨ੍ਹਾਂ ਵਿਚੋਂ ਕੁੱਝ ਸਿਪਾਹੀ, ਸਣੇ ਜੁੱਤੀਆਂ, ਗੁਰੂਘਰ ਵਿਚ ਦਾਖ਼ਲ ਹੋਏ ਤੇ ਪੰਜ ਨਿਹੰਗ ਸਿੰਘਾਂ ਨੂੰ ਅੰਦਰੋਂ ਕੱਢ ਕੇ ਮਾਰ ਦਿਤਾ ਗਿਆ। ਰਾਜਭਾਗ ਪ੍ਰਕਾਸ਼ ਸਿੰਘ ਬਾਦਲ ਦਾ ਸੀ ਤੇ ਉਸ ਕੇਸ ਦਾ ਅੱਜ ਤਕ ਵੀ ਇਨਸਾਫ਼ ਨਹੀਂ ਮਿਲਿਆ।

ਦੂਜਾ ਕੇਸ ਉਨ੍ਹਾਂ ਨੇ ਦਸਿਆ ਕਿ 1997 ਵਿਚ ਰੋਪੜ ਜ਼ਿਲ੍ਹੇ ਅੰਦਰ ਭਨਿਆਰੇ ਵਾਲੇ ਨੇ 7 ਥਾਵਾਂ ਤੇ ਬੇਅਦਬੀ ਕਰਵਾਈ। ਰਾਜਭਾਗ ਪ੍ਰਕਾਸ਼ ਸਿੰਘ ਬਾਦਲ ਕੋਲ ਸੀ। ਸਪੀਕਰ ਜੀ ਨੇ ਕਿਹਾ ਕਿ ਉਨ੍ਹਾਂ ਨੇ ਬਾਦਲ ਸਰਕਾਰ ਨੂੰ ਬਹੁਤ ਵਾਰ ਕਿਹਾ ਪਰ ਬਣਿਆ ਕੁੱਝ ਵੀ ਨਾ। ਨਕੋਦਰ ਵਿਚ ਵੀ ਅਜਿਹਾ ਕੁੱਝ ਹੀ ਹੋਇਆ ਸੀ। ਚਾਰ ਸਿੰਘ ਸ਼ਹੀਦ ਕੀਤੇ ਗਏ, ਤਾਂ ਵੀ ਰਾਜਭਾਗ ਬਾਦਲ ਕੋਲ ਸੀ।

ਇਕ ਜੂਨ 2015 ਨੂੰ ਬੇਅਦਬੀ ਹੋਈ ਤਾਂ ਇਸ ਦਾ ਸੇਕ ਸਾਰੇ ਪੰਜਾਬ ਵਿਚ ਫੈਲ ਗਿਆ ਕਿਉਂਕਿ ਸੋਸ਼ਲ ਮੀਡੀਆ ਆ ਗਿਆ ਹੈ ਪਰ ਹੈਰਾਨਗੀ ਹੈ ਕਿ ਸਰਬੱਤ ਖ਼ਾਲਸਾ ਹੋਇਆ, ਲਗਭਗ ਦਸ ਲੱਖ ਸਿੱਖ ਇਕੱਤਰ ਹੋਏ ਪਰ ਇਨਸਾਫ਼ ਫਿਰ ਵੀ ਨਹੀਂ। ਬਰਗਾੜੀ ਮੋਰਚਾ ਲਗਾਇਆ ਗਿਆ ਪਰ ਬਣਿਆ ਕੁੱਝ ਵੀ ਨਹੀਂ। ਕਿਉਂ? ਸਰਬੱਤ ਖ਼ਾਲਸੇ ਵਿਚ ਸਿੱਖ ਸੰਗਤ ਆਗੂਆਂ ਨੂੰ ਨਹੀਂ ਗੁਰੂ ਨੂੰ ਸਮਰਪਿਤ ਸੀ ਤੇ ਬਰਗਾੜੀ ਵਿਚ ਵੀ ਵਹੀਰਾਂ ਘੱਤ-ਘੱਤ ਕੇ ਸੰਗਤ ਜਾਂਦੀ ਰਹੀ ਪਰ ਅਜੇ ਤਕ ਸਮਝ ਨਹੀਂ ਪਈ ਕਿ ਮੋਰਚਾ ਇਕ ਦਮ ਕਿਉਂ ਚੁਕਿਆ ਗਿਆ?

ਹੁਣ ਇਥੇ ਇਹੀ ਗੱਲ ਸਾਹਮਣੇ ਆ ਰਹੀ ਹੈ ਕਿ ਸਾਰੇ ਹੀ ਸਿੱਖ ਆਗੂ ਸਿਰਫ਼ ਰਾਜਨੀਤੀ ਹੀ ਕਰਦੇ ਹਨ ਤੇ ਇਹ ਗੁਰੂ ਤੋਂ ਵੀ ਨਹੀਂ ਡਰਦੇ। ਬਾਦਲ ਸਰਕਾਰ ਸਮੇਂ ਬੇਅਦਬੀ 2015 ਵਿਚ ਹੋਈ ਤੇ ਬਾਦਲ ਸਰਕਾਰ 2017 ਤਕ ਰਹੀ। ਇਨਸਾਫ਼ ਕਿਧਰੇ ਵੀ ਨਜ਼ਰ ਨਾ ਆਇਆ। ਇਹ ਤਾਂ ਸਿਰਫ਼ ਚਾਣਕਿਆ ਰਾਜਨੀਤੀ ਕਰਦੇ ਹਨ ਅਤੇ ਆਮ ਸਿੱਖਾਂ ਨੂੰ ਧਰਮ ਤੇ ਸਿਆਸਤ ਦਾ ਸੁਮੇਲ ਆਖ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਹੋ ਜਾਂਦੇ ਹਨ। ਦੁੱਖ ਹੁੰਦਾ ਹੈ ਕਿ ਜਿਹੜੇ ਸਿਆਸੀ ਘਰਾਣੇ ਸਿੱਖ ਸਿਆਸਤ ਤੇ ਕਾਬਜ਼ ਹਨ, ਉਨ੍ਹਾਂ ਕੋਲ ਜ਼ਮੀਨਾਂ ਜਾਇਦਾਦਾਂ ਪਹਿਲਾਂ ਹੀ ਬਹੁਤ ਹਨ ਪਰ ਉਨ੍ਹਾਂ ਦੀ ਭੁੱਖ ਫਿਰ ਵੀ ਪੂਰੀ ਨਹੀਂ ਹੋ ਰਹੀ।         -ਤੇਜਵੰਤ ਸਿੰਘ ਭੰਡਾਲ, ਸੰਪਰਕ : 83602-96946