1984 ਦਾ ਅਸਲ ਦੋਸ਼ੀ ਕੌਣ?
1984 ਦੇ ਦੰਗੇ ਫ਼ਸਾਦਾਂ ਦੀ ਗੱਲ ਇਕ ਦਿਲ ਹਿਲਾ ਦੇਣ ਵਾਲੀ ਗਾਥਾ ਹੈ। ਜਿਸ ਨੇ '84 ਦੇ ਦੰਗਿਆਂ ਬਾਰੇ ਸੁਣਿਆ ਹੈ ਜਾਂ ਜਿਨ੍ਹਾਂ ਨੇ ਅਪਣੀਆਂ ਅੱਖਾਂ ਨਾਲ ਵੇਖਿਆ ...
1984 ਦੇ ਦੰਗੇ ਫ਼ਸਾਦਾਂ ਦੀ ਗੱਲ ਇਕ ਦਿਲ ਹਿਲਾ ਦੇਣ ਵਾਲੀ ਗਾਥਾ ਹੈ। ਜਿਸ ਨੇ '84 ਦੇ ਦੰਗਿਆਂ ਬਾਰੇ ਸੁਣਿਆ ਹੈ ਜਾਂ ਜਿਨ੍ਹਾਂ ਨੇ ਅਪਣੀਆਂ ਅੱਖਾਂ ਨਾਲ ਵੇਖਿਆ ਹੈ, ਉਹ ਵੀ ਬਿਆਨ ਕਰਨ ਤੋਂ ਅਸਮਰੱਥ ਹਨ। ਹਾਲਾਤ ਅਜਿਹੇ ਬਣਾਏ ਗਏ ਸਨ ਕਿ ਦੰਗੇ-ਫ਼ਸਾਦ ਹੋਣੋਂ ਨਹੀਂ ਸਨ ਰੋਕੇ ਜਾ ਸਕਦੇ।ਸੰਤ ਜਰਨੈਲ ਸਿੰਘ ਜੀ ਖ਼ਾਲਸਾ ਇਕ ਨਿਰੋਲ ਧਾਰਮਕ ਜਥੇਬੰਦੀ ਦਾ ਆਗੂ ਸੀ। ਇਸ ਭਿੰਡਰਾਂਵਾਲੀ ਧਾਰਮਕ ਸੰਸਥਾ ਦਾ ਕੰਮ ਸਿਰਫ਼ ਸਿੱਖ ਧਰਮ ਦੇ ਸਬੰਧ ਵਿਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸੂਲਾਂ ਮੁਤਾਬਕ ਜ਼ਿੰਦਗੀ ਨੂੰ ਸੇਧ ਦੇਣ ਅਤੇ ਇਨਸਾਨੀਅਤ ਦੇ ਰਸਤੇ ਤੇ ਚੱਲਣ ਦੀ ਗੱਲ ਕਰਨਾ ਸੀ।
ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਅੰਦਰ ਠਹਿਰਨ ਲਈ ਕਿਸ ਨੇ ਹੁਕਮ ਦਿਤੇ, ਕਿਸ ਨੇ ਮਨਜ਼ੂਰੀ ਦਿਤੀ? ਕੋਈ ਇਨਸਾਨ, ਧਾਰਮਕ ਜਥੇਬੰਦੀ ਜਾਂ ਕੋਈ ਵੀ ਪਾਰਟੀ ਦਾ ਸ਼ਖ਼ਸ ਸ੍ਰੀ ਦਰਬਾਰ ਸਾਹਿਬ ਦਰਸ਼ਨਾਂ ਲਈ ਆਉਂਦਾ ਹੈ, ਕਮਰੇ ਲੈ ਕੇ ਕੁਝ ਚਿਰ ਠਹਿਰ ਕੇ ਆਪੋ-ਅਪਣੇ ਟਿਕਾਣਿਆਂ ਤੇ ਚਲੇ ਜਾਂਦੇ ਹਨ। ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸ੍ਰੀ ਗੁਰੂ ਨਾਨਕ ਨਿਵਾਸ ਵਿਚ ਰਹਿਣ ਲਈ ਥਾਂ ਦਿਤੀ ਗਈ ਸੀ, ਉਨ੍ਹਾਂ ਨੇ ਵੀ ਪ੍ਰਚਾਰ ਕਰ ਕੇ ਚਲੇ ਜਾਣਾ ਸੀ। ਪਰ ਉਨ੍ਹਾਂ ਨੇ ਪੱਕੇ ਡੇਰੇ ਕਿਉਂ ਲਾਏ?
ਸਾਡੇ ਅਕਾਲੀ ਲੀਡਰਾਂ ਨੂੰ ਡਰ ਭਾਸਣ ਲੱਗ ਗਿਆ ਕਿ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਾ, ਸਾਡੇ ਤੇ ਹਾਵੀ ਨਾ ਹੋ ਜਾਵੇ ਤੇ ਖ਼ੁਦ ਅੱਗੇ ਹੋ ਕੇ ਸਾਡਾ ਫ਼ਾਤਿਹਾ ਨਾ ਪੜ੍ਹ ਦੇਵੇ। ਉਸ ਸਮੇਂ ਧਰਮ ਯੁੱਧ ਦੇ ਮੋਰਚੇ ਵੀ ਅੰਮ੍ਰਿਤਸਰ ਲਗਦੇ ਸਨ। ਅਨੇਕਾਂ ਹੀ ਗ੍ਰਿਫ਼ਤਾਰੀਆਂ ਹੁੰਦੀਆਂ ਸਨ। ਪੁਲਿਸ ਵਾਲੇ ਬੱਸਾਂ ਵਿਚ ਬਿਠਾ ਕੇ, ਦੂਰ ਨੇੜੇ ਛੱਡ ਆਉਂਦੇ ਸੀ। ਸ੍ਰੀ ਅੰਮ੍ਰਿਤਸਰ ਵਿਚ ਹਰ ਰੋਜ਼ ਹਜ਼ਾਰਾਂ ਦੇ ਕਰੀਬ ਗ੍ਰਿਫ਼ਤਾਰੀਆਂ ਹੁੰਦੀਆਂ ਸਨ।
ਪੂਰੀ ਅਕਾਲੀ ਲੀਡਰਸ਼ਿਪ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਵਿਰੁਧ ਹੋ ਗਈ, ਜਿਸ ਕਰ ਕੇ ਸੰਤ ਜੀ ਨੂੰ ਡਰ ਭਾਸਿਆ ਕਿ ਅਕਾਲੀ ਲੀਡਰ ਸੰਤ ਜੀ ਨੂੰ ਕਿਸੇ ਵੀ ਹੀਲੇ ਬਹਾਨੇ ਸ੍ਰੀ ਦਰਬਾਰ ਸਾਹਿਬ ਦੇ ਕੰਪਲੈਕਸ ਵਿਚੋਂ ਕਢਣਾ ਚਾਹੁੰਦੇ ਸਨ। ਸੇਵਾਮੁਕਤ ਫ਼ੌਜੀ ਜਰਨੈਲ ਸੰਤ ਜੀ ਦੇ ਪੂਰੇ ਸੇਵਕ ਸਨ, ਜਿਨ੍ਹਾਂ ਨੇ ਸੰਤ ਜੀ ਨੂੰ ਕਿਹਾ ਕਿ ਡਰਨ ਦੀ ਲੋੜ ਨਹੀਂ, ਅਸੀ ਹਰ ਮੁਸ਼ਕਲ ਵਿਚ ਤੁਹਾਡੇ ਨਾਲ ਹਾਂ।
ਸੰਤ ਜੀ ਨੂੰ ਪਤਾ ਲੱਗ ਗਿਆ ਕਿ ਕੁੱਝ ਮੂਹਰਲੀ ਕਤਾਰ ਦੇ ਅਕਾਲੀ ਲੀਡਰ ਉਨ੍ਹਾਂ ਵਿਰੁਧ ਹਨ ਅਤੇ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਚਿੱਠੀਆਂ ਲਿਖਣੀਆਂ ਸ਼ੁਰੂ ਕਰ ਦਿਤੀਆਂ ਜੋ ਅੱਜ ਵੀ ਕੇਂਦਰ ਸਰਕਾਰ (ਭਾਰਤ ਸਰਕਾਰ) ਦੀਆਂ ਫ਼ਾਈਲਾਂ ਵਿਚ ਪਈਆਂ ਹਨ। ਕਈ ਵਾਰ ਅਖ਼ਬਾਰਾਂ ਵਿਚ ਵੀ ਆ ਚੁਕੀਆਂ ਹਨ। ਉਸ ਸਮੇਂ ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਗੁਰਚਰਨ ਸਿੰਘ ਟੌਹੜਾ ਸਨ। ਸ. ਹਰਚੰਦ ਸਿੰਘ ਜੀ ਲੋਂਗੋਵਾਲ, ਸ. ਪਰਕਾਸ਼ ਸਿੰਘ ਬਾਦਲ, ਕੈਪਟਨ ਕਮਲਜੀਤ ਸਿੰਘ ਅਤੇ ਹੋਰ ਸਿਰਕੱਢ ਅਕਾਲੀ ਨਾਲ ਸਨ।
ਉਸ ਸਮੇਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ। ਲੀਡਰਸ਼ਿਪ ਨੇ ਭਾਰਤ ਸਰਕਾਰ ਤੇ ਪੂਰਾ ਦਬਾਅ ਪਾਇਆ ਕਿ ਜਿਸ ਤਰ੍ਹਾਂ ਵੀ ਹੋ ਸਕੇ ਸ. ਜਰਨੈਲ ਸਿੰਘ ਖ਼ਾਲਸਾ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚੋਂ ਕਢਿਆ ਜਾਵੇ। ਸੰਤ ਜੀ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਪੰਜਾਬ ਦੀ ਸਾਰੀ ਅਕਾਲੀ ਲੀਡਰਸ਼ਿਪ ਭਾਰਤ ਸਰਕਾਰ ਨੂੰ ਜ਼ੋਰ ਦੇ ਰਹੀ ਹੈ ਕਿ ਉਸ ਨੂੰ ਬਾਹਰ ਕੱਢੋ। ਉਨ੍ਹਾਂ ਨੇ ਅਪਣੇ ਨੇੜੇ ਦੇ ਸੇਵਕ ਮਿੱਤਰ ਸੇਵਾਮੁਕਤ ਫ਼ੌਜੀ ਅਫ਼ਸਰਾਂ ਨਾਲ ਗੱਲਬਾਤ ਕਰ ਕੇ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਦਰਬਾਰ ਸਾਹਿਬ ਅਤੇ ਚਾਰੇ ਪਾਸੇ ਬਣੇ ਕਮਰਿਆਂ ਤੇ ਅਪਣੀਆਂ ਪੱਕੀਆਂ ਇੱਟਾਂ ਦੀਆਂ ਬੰਕਰਾਂ ਕੁੱਝ ਹੀ ਦਿਨਾਂ ਵਿਚ ਬਣਾ ਲਈਆਂ।
ਬਾਬਾ ਅਟੱਲ ਸਾਹਿਬ ਉਪਰ ਅਤੇ ਰਾਮਦਾਸ ਸਰਾਂ ਦੀ ਪਾਣੀ ਵਾਲੀ ਟੈਂਕੀ ਤੇ ਉੱਚੇ ਬੰਕਰ ਬਣਾ ਕੇ ਪੂਰੇ ਜਾਣਕਾਰ ਸੇਵਾਮੁਕਤ ਫ਼ੌਜੀ ਤਾਇਨਾਤ ਕਰ ਦਿਤੇ। ਸੰਤ ਜੀ ਨੂੰ ਪਤਾ ਲੱਗ ਗਿਆ ਕਿ ਅਕਾਲੀ ਲੀਡਰਸ਼ਿਪ ਨੇ ਉਸ ਨੂੰ ਬਾਹਰ ਕੱਢਣ ਲਈ ਜਿਊਂਦਾ ਫੜਨ ਲਈ ਜ਼ੋਰ ਪਾਇਆ ਹੋਇਆ ਹੈ।ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦਾ ਜੇ ਉਸ ਵੇਲੇ ਸਾਥ ਦਿਤਾ ਤਾਂ ਸੰਤ ਹਰਚੰਦ ਸਿੰਘ ਜੀ ਲੋਂਗੋਵਾਲ ਨੇ ਦਿਤਾ ਸੀ। ਸੰਤ ਜੀ ਮੰਜੀ ਸਾਹਿਬ ਵਿਚ ਸ਼ਾਮ ਨੂੰ ਆਪ ਲੈਕਚਰ ਕਰਦੇ ਸਨ ਤਾਂ ਸਿਵਾਏ ਸੰਤ ਹਰਚੰਦ ਸਿੰਘ ਲੋਂਗੋਵਾਲ ਦੇ, ਉਨ੍ਹਾਂ ਨਾਲ ਹੋਰ ਕੋਈ ਅਕਾਲੀ ਲੀਡਰ ਨਹੀਂ ਸੀ ਹੁੰਦਾ।
ਸੰਤ ਜੀ ਲੈਕਚਰ ਕਰ ਕੇ ਅਪਣੇ ਸਾਥੀਆਂ ਨਾਲ ਗੁਰੂ ਨਾਨਕ ਨਿਵਾਸ ਚਲੇ ਜਾਂਦੇ ਸਨ ਤੇ ਸੰਤ ਹਰਚੰਦ ਸਿੰਘ ਜੀ ਲੋਂਗੋਵਾਲ ਅਪਣੇ ਦੋ ਸਾਥੀਆਂ ਨਾਲ ਅਪਣੇ ਕਮਰੇ, ਜੋ ਮੰਜੀ ਸਾਹਿਬ ਦੇ ਮਗਰ ਸੀ, ਵਿਚ ਚਲੇ ਜਾਂਦੇ ਸਨ।ਸੰਤ ਜਰਨੈਲ ਸਿੰਘ ਜੀ ਖ਼ਾਲਸਾ ਨੂੰ ਜਦ ਇਹ ਪੂਰਾ ਗਿਆਨ ਹੋ ਗਿਆ, ਖ਼ੁਫ਼ੀਆ ਜਾਣਕਾਰੀ ਮਿਲ ਗਈ ਕਿ ਕੁੱਝ ਹੀ ਦਿਨਾਂ ਵਿਚ ਦਰਬਾਰ ਸਾਹਿਬ ਉਤੇ ਫ਼ੌਜ ਵਲੋਂ ਹਮਲਾ ਹੋਣ ਵਾਲਾ ਹੈ ਤੇ ਤੁਹਾਨੂੰ ਜ਼ਿੰਦਾ ਗ੍ਰਿਫ਼ਤਾਰ ਕਰਨਾ ਹੈ, ਫਿਰ ਉਹ ਅਪਣੀ ਸੁਰੱਖਿਅਤ ਥਾਂ ਸ੍ਰੀ ਅਕਾਲ ਤਖ਼ਤ ਦੇ ਹੇਠਾਂ ਕਮਰਿਆਂ ਵਿਚ ਸਾਥੀਆਂ ਸਮੇਤ ਚਲੇ ਗਏ।
ਇਹ ਬਹੁਤ ਹੀ ਦੁਖ ਦੀ ਘੜੀ ਸੀ ਕਿਉਂਕਿ ਉਹ ਨਹੀਂ ਸੀ ਚਾਹੁੰਦੇ ਕਿ ਦਰਬਾਰ ਸਾਹਿਬ ਤੇ ਫ਼ੌਜ ਦਾ ਹਮਲਾ ਹੋਵੇ ਤੇ ਹਜ਼ਾਰਾਂ ਦੀ ਗਿਣਤੀ ਵਿਚ ਬੱਚੇ, ਬੁੱਢੇ, ਨੌਜੁਆਨਾਂ, ਧੀਆਂ, ਭੈਣਾਂ, ਮਾਵਾਂ ਦੀ ਜ਼ਿੰਦਗੀ ਅਜਾਈਂ ਚਲੀ ਜਾਵੇ।ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸਾਰੇ ਪਾਸਿਆਂ ਤੋਂ ਏਨਾ ਮਜਬੂਰ ਕਰ ਦਿਤਾ ਗਿਆ ਕਿ ਉਸ ਨੇ ਦੇਸ਼ ਦੇ ਫ਼ੌਜੀ ਕਮਾਂਡਰਾਂ ਨਾਲ ਗੱਲ ਕਰ ਕੇ ਫ਼ੈਸਲਾ ਕੀਤਾ ਕਿ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚੋਂ ਜਿਵੇਂ ਵੀ ਹੋਵੇ, ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਜ਼ਿੰਦਾ ਗ੍ਰਿਫ਼ਤਾਰ ਕੀਤਾ ਜਾਵੇ।
ਗਿ. ਜ਼ੈਲ ਸਿੰਘ ਜੋ ਦੇਸ਼ ਦੇ ਰਾਸ਼ਟਰਪਤੀ ਸਨ, ਦੀ ਪੇਸ਼ ਨਾ ਗਈ ਤੇ ਉਸ ਨੇ ਵੀ ਹਮਲਾ ਕਰਨ ਦੀ ਮਨਜ਼ੂਰੀ ਦੇ ਦਿਤੀ। ਉਨ੍ਹਾਂ ਵਲੋਂ ਅਸਤੀਫ਼ਾ ਦੇਣ ਦੀ ਗੱਲ ਦੀ ਕਿਸੇ ਪ੍ਰਵਾਹ ਨਾ ਕੀਤੀ ਕਿਉਂਕਿ ਪਹਿਲਾਂ ਉਨ੍ਹਾਂ ਤੋਂ ਹਮਲੇ ਦੀ ਮਨਜ਼ੂਰੀ ਲੈ ਲਈ ਗਈ ਸੀ।ਦੇਸ਼ ਦੀ ਪ੍ਰਧਾਨ ਮੰਤਰੀ ਵਲੋਂ ਫ਼ੌਜ ਨੂੰ ਹੁਕਮ ਦੇਣ ਤੇ ਜੋ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਹਮਲਾ ਹੋਇਆ, ਉਹ ਕਿਸੇ ਤੋਂ ਲੁਕਿਆ ਨਹੀਂ। ਹਜ਼ਾਰਾਂ ਦੀ ਗਿਣਤੀ ਵਿਚ ਧੀਆਂ, ਭੈਣਾਂ, ਮਾਤਾਵਾਂ, ਬਜ਼ੁਰਗਾਂ, ਨੌਜੁਆਨਾਂ, ਬੱਚਿਆਂ, ਬੁਢਿਆਂ ਨੇ ਸ਼ਹੀਦੀਆਂ ਪਾਈਆਂ।
ਸਰੋਵਰ ਦਾ ਪਾਣੀ ਖ਼ੂਨ ਨਾਲ ਲਾਲੋ ਲਾਲ ਹੋ ਗਿਆ ਸੀ। ਇੰਦਰਾ ਗਾਂਧੀ ਨੂੰ ਦੇਸ਼ ਦੇ ਹਰ ਕੋਨੇ ਤੋਂ ਫਿਟਕਾਰਾਂ ਪੈ ਰਹੀਆਂ ਸਨ ਕਿ ਦਰਬਾਰ ਸਾਹਿਬ ਤੇ ਹਮਲਾ ਨਹੀਂ ਸੀ ਕਰਾਉਣਾ ਚਾਹੀਦਾ।ਇੰਦਰਾ ਗਾਂਧੀ ਨੂੰ ਫ਼ੌਜੀ ਜਰਨੈਲਾਂ ਵਲੋਂ ਦਸ ਦਿਤਾ ਗਿਆ ਸੀ ਕਿ ਬਹੁਤ ਖ਼ੂਨ-ਖ਼ਰਾਬਾ ਹੋਵੇਗਾ। ਫ਼ੌਜ ਨੇ ਅਪਣਾ ਇਕ ਟੈਂਕ ਜੋ ਲੰਗਰ ਹਾਲ ਦੇ ਦਰਬਾਰ ਸਾਹਿਬ ਵਾਲੇ ਪਾਸੇ ਤੋਂ ਅੰਦਰ ਭੇਜਿਆ ਸੀ ਕਿ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਡਰ ਦੇ ਮਾਰੇ ਆਤਮ ਸਮਰਪਣ ਕਰ ਦੇਣਗੇ, ਪਰ ਉਨ੍ਹਾਂ ਨੂੰ ਅਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਸ਼ਹੀਦੀ ਜਾਮ ਪੀ ਲਿਆ।
ਟੈਂਕ ਰਸਤੇ ਵਿਚ ਖੜ ਗਿਆ, ਅੱਗੇ ਅਕਾਲ ਤਖ਼ਤ ਨਹੀਂ ਜਾ ਸਕਿਆ। ਅਕਾਲ ਤਖ਼ਤ ਢਹਿ ਢੇਰੀ ਹੋ ਗਿਆ।ਗੁਰੂ ਨਾਨਕ ਨਿਵਾਸ ਵਿਚ ਜੋ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀਆਂ ਬੱਸਾਂ-ਕਾਰਾਂ ਸਨ, ਸੱਭ ਫੂਕ ਦਿਤੀਆਂ ਗਈਆਂ। ਉਪਰ ਰਿਹਾਇਸ਼ੀ ਕਮਰਿਆਂ ਦਾ ਬੁਰਾ ਹਾਲ ਕਰ ਦਿਤਾ। ਸੰਤਾਂ ਦਾ ਸਾਰਾ ਲਿਟਰੇਚਰ ਬਰਬਾਦ ਕਰ ਦਿਤਾ। ਢੋਲਕੀਆਂ, ਚਿਮਟੇ, ਵਾਜੇ, ਤਬਲੇ ਸੱਭ ਭੰਨ ਦਿਤੇ ਗਏ ਸਨ।
ਜਿਹੜੇ ਅਕਾਲੀ ਲੀਡਰ ਆਪ ਮਾਫ਼ੀਆਂ ਮੰਗ ਕੇ ਤੇ ਹੱਥ ਖੜੇ ਕਰ ਕੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਆ ਗਏ, ਇਨ੍ਹਾਂ ਅਕਾਲੀ ਲੀਡਰਾਂ ਨੇ ਹੀ ਇੰਦਰਾ ਗਾਂਧੀ (ਭਾਰਤ ਸਰਕਾਰ) ਨੂੰ ਚਿੱਠੀਆਂ ਲਿਖੀਆਂ ਕਿ ਸੰਤ ਜੀ ਨੂੰ ਬਾਹਰ ਕੱਢੋ। ਇਹ ਠੀਕ ਹੈ ਕਿ ਇੰਦਰਾ ਗਾਂਧੀ ਨੇ ਚਾਹੇ ਅਕਾਲੀ ਲੀਡਰਾਂ ਦੇ ਕਹਿਣ ਤੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਵਾ ਦਿਤਾ, ਜਿਸ ਦੀ ਸਜ਼ਾ ਪ੍ਰਮਾਤਮਾ ਵਲੋਂ ਉਸ ਨੂੰ ਮਿਲ ਗਈ।
ਅੱਜ ਮੈਂ ਸਿੱਖ ਕੌਮ ਨੂੰ ਪੁਛਦਾ ਹਾਂ ਕਿ ਤੁਸੀ ਇਨ੍ਹਾਂ ਅਕਾਲੀ ਲੀਡਰਾਂ ਨੂੰ ਕਿਉਂ ਛੁਪਾਉਂਦੇ ਹੋ, ਜਿਨ੍ਹਾਂ ਨੇ ਹਮਲਾ ਕਰਨ ਲਈ ਭਾਰਤ ਸਰਕਾਰ, ਇੰਦਰਾ ਗਾਂਧੀ ਨੂੰ ਚਿੱਠੀਆਂ ਲਿਖੀਆਂ? ਤਖ਼ਤਾਂ ਦੇ ਜਥੇਦਾਰ ਸਾਹਿਬ ਨੇ ਅਪਣਾ ਮੂੰਹ ਨਹੀਂ ਖੋਲ੍ਹਿਆ ਕਿ ਜਿਨ੍ਹਾਂ ਨੇ ਹਮਲਾ ਕਰਨ ਲਈ ਕਿਹਾ ਸੀ, ਉਨ੍ਹਾਂ ਨੂੰ ਪੁਛਿਆ ਜਾਵੇ, ਸਜ਼ਾ ਦਿਤੀ ਜਾਵੇ। '84 ਦੇ ਦੰਗਿਆਂ, ਫ਼ਸਾਦਾਂ ਬਾਰੇ ਅਖ਼ਬਾਰਾਂ ਵਿਚ ਵੱਡੇ ਲੇਖ ਲਿਖ ਦਿਤੇ। ਸੱਚ ਕਹਿਣ ਤੋਂ ਸੱਭ ਡਰਦੇ ਹਨ। ਲਗਦਾ ਹੈ ਇਨ੍ਹਾਂ ਸੱਭ ਦੀ ਅਣਖ, ਜ਼ਮੀਰ ਮਰ ਗਈ ਹੈ, ਜੋ ਸੱਚ ਬੋਲਣ ਤੋਂ ਡਰਦੇ ਸਨ।
ਇਹ ਜੋ ਮੈਂ ਤੁਹਾਨੂੰ ਸੱਭ ਕੁੱਝ ਦਸਿਆ ਹੈ, ਇਹ ਮੇਰਾ ਅਪਣਾ ਅੱਖੀਂ ਡਿੱਠਾ ਹਾਲ ਹੈ ਕਿਉਂਕਿ ਉਸ ਸਮੇਂ ਮੈਂ ਸ੍ਰੀ ਅੰਮ੍ਰਿਤਸਰ ਵਿਚ ਪੰਜਾਬ ਸਰਕਾਰ ਦੀ ਵੇਅਰਹਾਊਸਿੰਗ ਕਾਰਪੋਰੇਸ਼ਨ ਦੀ ਸੇਵਾ ਵਿਚ ਸੀ। ਸ਼ਾਮ ਨੂੰ ਦਫ਼ਤਰ ਤੋਂ ਛੁੱਟੀ ਮਗਰੋਂ ਮੈਂ ਝਟ ਅਪਣਾ ਸਾਈਕਲ ਚੁਕ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਪਹੁੰਚ ਜਾਂਦਾ ਸੀ।
ਨਾਨਕ ਨਿਵਾਸ ਬਾਰੇ ਜੋ ਜ਼ਿਕਰ ਕੀਤਾ ਹੈ, ਇਹ ਵੀ ਕੋਲ ਜਾ ਕੇ ਵੇਖਿਆ ਸੀ। ਉਸ ਸਮੇਂ ਲੰਗਰ ਦੀ ਸੇਵਾ ਨਿਹੰਗ ਸਿੰਘਾਂ ਕੋਲ ਸੀ। ਉਥੇ ਇਕ ਨਿਹੰਗ ਸਿੰਘ, ਜੋ ਬਰਨਾਲੇ ਦਾ ਸੀ, ਉਸ ਨੇ ਮੇਰੇ ਪਿਤਾ ਗਿ. ਗੁਰਬਖਸ਼ ਸਿੰਘ ਰਾਹੀ ਤੇ ਉਨ੍ਹਾਂ ਨਾਲ ਮੇਰੇ ਸਮੇਤ 8 ਸਿੰਘ ਵੇਖ ਕੇ ਆਵਾਜ਼ ਮਾਰੀ ਤੇ ਸਰਾਵਾਂ ਵਾਲੇ ਦਰਵਾਜ਼ੇ ਰਾਹੀਂ ਸੀ.ਆਰ.ਪੀ. ਦਾ ਸਿਪਾਹੀ ਕੋਲ ਆ ਕੇ ਸਾਨੂੰ ਅੰਦਰ ਲੈ ਗਿਆ ਸੀ। ਅਸੀ ਉਥੇ ਤਿੰਨ ਦਿਨ ਰਹੇ, ਸੱਭ ਕੁੱਝ ਅੱਖੀਂ ਵੇਖਿਆ। ਇੰਦਰਾ ਗਾਂਧੀ ਗਿ. ਜ਼ੈਲ ਸਿੰਘ ਬਾਰੇ ਅਤੇ ਹੋਰ ਗੱਲਾਂ ਬਾਰੇ ਵੀ ਸਾਨੂੰ ਅੰਦਰੋਂ ਹੀ ਖ਼ੁਫ਼ੀਆ ਜਾਣਕਾਰੀ ਮਿਲੀ, ਜਿਥੇ ਗੱਲ ਚਲਦੀ ਰਹਿੰਦੀ ਸੀ ਕਿ ਹਮਲਾ ਕਿਸ ਨੇ ਕਰਾਇਆ।
ਇਸ ਬਾਰੇ ਵੀ ਅੰਦਰੋਂ ਖ਼ੁਫ਼ੀਆ ਤੌਰ ਤੇ ਪਤਾ ਲਗਿਆ ਕਿ ਟੌਹੜਾ ਜੀ, ਹਰਚੰਦ ਸਿੰਘ ਅਤੇ ਹੋਰ ਸਿੰਘ ਮਾਫ਼ੀ ਮੰਗ ਕੇ ਹੱਥ ਖੜੇ ਕਰ ਬਾਹਰ ਆਏ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਇਕੱਲਿਆਂ ਅੰਦਰ ਛੱਡ ਆਏ। ਸ. ਪਰਕਾਸ਼ ਸਿੰਘ ਬਾਦਲ ਅਤੇ ਟੌਹੜਾ ਜੀ ਦੇ ਦਸਤਖ਼ਤਾਂ ਨਾਲ ਲਿਖੀਆਂ ਚਿੱਠੀਆਂ ਨੇ ਇੰਦਰਾ ਗਾਂਧੀ ਤੋਂ ਹਮਲਾ ਕਰਵਾਇਆ ਸੀ ਜੋ ਅੱਜ ਸਿੱਖ ਪੰਥ ਨੇ ਇਨ੍ਹਾਂ ਨੂੰ ਕਿਉਂ ਲੁਕੋਇਆ ਹੈ?
ਹਰ ਕੋਈ ਜਾਣਦਾ ਹੈ ਕਿ ਇੰਦਰਾ ਗਾਂਧੀ ਨੂੰ ਸਜ਼ਾ ਮਿਲੀ ਹੈ, ਤਾਂ ਇਨ੍ਹਾਂ ਅਤੇ ਜੋ ਜਿਊਂਦੇ ਹਨ ਤੇ ਜਿਨ੍ਹਾਂ ਨੇ ਹਮਲਾ ਕਰਨ ਲਈ ਮਜਬੂਰ ਕੀਤਾ ਸੀ ਪ੍ਰਮਾਤਮਾ, ਤੂੰ ਇਨ੍ਹਾਂ ਨੂੰ ਕਦੋਂ ਸਜ਼ਾ ਦੇਵੇਂਗਾ?
ਹੁਣ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਅਕਾਲ ਤਖ਼ਤ ਸਾਹਿਬ ਤੇ ਦੰਗੇ ਫ਼ਸਾਦ ਹੁੰਦੇ ਰਹਿੰਦੇ ਹਨ। ਕਿਰਪਾਨਾਂ ਚਲਦੀਆਂ ਹਨ, ਸੋਟੀਆਂ ਚਲਦੀਆਂ ਹਨ, ਸਿੱਖ ਹੀ ਸਿੱਖਾਂ ਨੂੰ ਮਾਰ ਕੁੱਟ ਰਹੇ ਹਨ। ਘੜੀਸ-ਘੜੀਸ ਕੇ ਬਾਹਰ ਕੱਢ ਦਿਤੇ ਜਾਂਦੇ ਹਨ।
ਇਸ ਦੰਗੇ ਫ਼ਸਾਦ ਦਾ ਨਜ਼ਾਰਾ ਰੋਜ਼ ਅਖ਼ਬਾਰਾਂ ਵਿਚ ਤਸਵੀਰਾਂ ਸਮੇਤ ਪੜ੍ਹਨ ਨੂੰ ਮਿਲਦਾ ਹੈ। ਇਹ ਸੱਭ ਕੁੱਝ ਕਿਉਂ ਤੇ ਕਿਸ ਦੇ ਹੁਕਮ ਨਾਲ ਹੋ ਰਿਹਾ ਹੈ? ਹੁਣ ਇਨ੍ਹਾਂ ਨੂੰ ਕੌਣ ਸਜ਼ਾ ਦੇਵੇ ਦਿਵਾਏ, ਸਭ ਆਕਾ ਦੇ ਗ਼ੁਲਾਮ ਹਨ। ਅੱਜ ਲੋੜ ਹੈ ਸਿੱਖ ਧਰਮ ਨੂੰ ਉੱਚੇ ਕਿਰਦਾਰ, ਆਚਰਣ ਵਾਲੇ, ਇਨਸਾਨੀਅਤ ਵਾਲੇ, ਸੱਭ ਨੂੰ ਇਕ ਸਮਝਣ ਵਾਲੇ ਆਗੂਆਂ ਦੀ। ਅੱਜ ਸਿੱਖ ਧਰਮ ਖ਼ੁਦਗ਼ਰਜ਼, ਇਨਸਾਨ ਨੂੰ ਇਨਸਾਨ ਨਾ ਸਮਝਣ ਵਾਲੇ ਅਤੇ ਤਨਖ਼ਾਹਦਾਰ ਆਗੂਆਂ ਦੇ ਹੱਥਾਂ ਵਿਚ ਹੈ,
ਜਿਸ ਸਦਕਾ ਗੁਰਧਾਮਾਂ ਵਿਚ ਬੇਅਦਬੀਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾ ਸਮਝਦੇ ਹੋਏ, ਇਕ ਕਿਤਾਬ ਸਮਝ ਕੇ ਸਤਿਕਾਰ ਨਹੀਂ ਕੀਤਾ ਜਾਂਦਾ ਬਲਕਿ ਇਨ੍ਹਾਂ ਬੇਅਦਬੀ ਕਰਨ ਵਾਲਿਆਂ ਨੂੰ ਵੀ ਇਹ ਸਜ਼ਾ ਨਹੀਂ ਦਿਵਾ ਸਕਦੇ, ਜਿਸ ਸਦਕਾ ਸਿੱਖ ਧਰਮ ਗਿਰਾਵਟ ਵਲ ਜਾ ਰਿਹਾ ਹੈ। ਪ੍ਰਚਾਰ ਦੀ ਘਾਟ ਕਰ ਕੇ ਨਸ਼ੇ ਵੱਧ ਗਏ ਹਨ। ਕੇਸ ਕਤਲ ਕਰਾਉਣ ਲਈ ਅੱਜ ਨੌਜੁਆਨ ਛਾਲਾਂ ਮਾਰ ਰਿਹਾ ਹੈ। ਅਸੀ ਅੰਮ੍ਰਿਤਧਾਰੀ ਸਿੰਘ ਹਾਂ, ਪੰਜ ਕਕਾਰਾਂ ਦੇ ਧਾਰਨੀ ਹਾਂ ਅਤੇ ਸਾਡੇ ਬੱਚੇ ਨਸ਼ੇ ਕਰਦੇ ਹਨ, ਕੇਸ ਕਤਲ ਕਰਾਉਂਦੇ ਹਨ। ਇਧਰ ਕਿਸੇ ਦਾ ਧਿਆਨ ਨਹੀਂ।
ਜਨਤਾ ਦੀਆਂ ਅੱਖਾਂ ਪੂਝਣ ਲਈ ਵੱਡੇ ਵੱਡੇ ਲੈਕਚਰ ਕਰਦੇ ਹਨ, ਇਸ਼ਤਿਹਾਰ ਛਪਾਉਂਦੇ ਹਨ, ਕਿਤਾਬਾਂ ਛਪਵਾ ਕੇ ਵੰਡਦੇ ਹਨ। ਇਹ ਸੱਭ ਵਿਖਾਵੇ ਤੇ ਸ਼੍ਰੋਮਣੀ ਕਮੇਟੀ ਦੇ ਪੈਸੇ ਦੀ ਫ਼ਜ਼ੂਲਖ਼ਰਚੀ ਹੈ।ਪ੍ਰਮਾਤਮਾ ਦੇ ਚਰਨਾਂ ਵਿਚ ਬੇਨਤੀ ਹੈ ਕਿ ਇਨ੍ਹਾਂ ਸੱਭ ਪੰਥਕ ਆਗੂਆਂ ਨੂੰ ਸੁਮੱਤ ਬਖ਼ਸ਼ੋ ਤਾਂ ਜੋ ਇਹ ਸਿੱਧੇ ਰਸਤੇ ਤੇ ਚੱਲ ਕੇ ਗੁਰਸਿੱਖੀ ਬਾਰੇ ਗੱਲ ਕਰਨ ਤਾਂ ਜੋ ਸਿੱਖ ਧਰਮ ਗਿਰਾਵਟ ਵਲ ਜਾਣ ਤੋਂ ਰੁਕ ਜਾਵੇ।
ਸੰਪਰਕ : 94177-89690