ਅੰਧ-ਵਿਸ਼ਵਾਸ ਤੇ ਮਨਮਤਿ ਦੀ ਦਲਦਲ ਵਿਚ ਧਸ ਰਹੀ ਸਿੱਖ ਕੌਮ ਨੂੰ ਬਚਾਉਣ ਦੀ ਲੋੜ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸਿੱਖ ਕੌਮ ਅੰਧ ਵਿਸ਼ਵਾਸ ਤੇ ਮਨਮਤ ਦੀ ਦਲਦਲ ਵਿਚ ਧਸਦੀ ਜਾ ਰਹੀ ਹੈ ਜਿਸ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ।

Photo

 ਸਿੱਖ ਕੌਮ ਅੰਧ ਵਿਸ਼ਵਾਸ ਤੇ ਮਨਮਤ ਦੀ ਦਲਦਲ ਵਿਚ ਧਸਦੀ ਜਾ ਰਹੀ ਹੈ ਜਿਸ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ। ਪੁੱਛਾਂ ਦੇਣ ਵਾਲਿਆਂ ਦੇ ਦਰਬਾਰ ਵਿਚ ਸਿੱਖ ਪ੍ਰਵਾਰਾਂ ਦੇ ਲੋਕ ਆਮ ਵੇਖੇ ਜਾ ਸਕਦੇ ਹਨ। ਬ੍ਰਾਹਮਣਵਾਦੀ ਸੋਚ ਨਾਲ ਬਣੇ ਰੀਤੀ ਰਿਵਾਜ ਬੜੀ ਸ਼ਿੱਦਤ ਨਾਲ ਪੂਰੇ ਕੀਤੇ ਜਾਂਦੇ ਹਨ। ਬੱਚਿਆਂ ਦੇ ਨਾਮਕਰਨ, ਅਖੰਡ ਪਾਠਾਂ ਤੇ ਵਿਆਹਾਂ ਦੇ ਦਿਨ ਬਹੁਤੇ ਸਿੱਖ ਪੱਤਰੀ ਵੇਖਣ ਵਾਲੇ ਪੰਡਤਾਂ ਤੋਂ ਪੁੱਛ ਕੇ ਰਖਦੇ ਹਨ।

 ਪਿੰਡ ਵਿਚ ਜੇਕਰ ਕਿਸੇ ਘਰ ਵਿਚ ਪਸ਼ੂ ਬੀਮਾਰ ਹੋ ਜਾਵੇ ਤਾਂ ਨੇੜੇ ਦੇ ਕਿਸੇ ਸਿਆਣੇ ਤੋਂ ਤਵੀਤ ਕਰਵਾ ਕੇ ਉਸ ਪਸ਼ੂ ਦੇ ਗਲ ਵਿਚ ਪਾਇਆ ਜਾਂਦਾ ਹੈ। ਮਨਮਤ ਅਤੇ ਅੰਧ ਵਿਸ਼ਵਾਸ ਦਾ ਇਕ ਵਿਲੱਖਣ ਵਾਕਿਆ 14 ਅਪ੍ਰੈਲ 2012 ਨੂੰ ਵਿਸਾਖੀ ਮੇਲੇ ਦੇ ਦੂਜੇ ਦਿਨ ਸ਼ਾਮ ਦੇ ਲਗਭਗ 4 ਵਜੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਉਸ ਸਮੇਂ ਵੇਖਣ ਨੂੰ ਮਿਲਿਆ, ਜਦੋਂ ਮੁੱਖ ਦਰਬਾਰ ਸਾਹਿਬ ਦੇ ਇਕ ਪਾਸੇ ਖੜੇ ਕਰੀਰ ਦੇ ਰੁੱਖ ਨੂੰ ਸਿੱਖ ਸੰਗਤ ਪੂਰੀ ਤਰ੍ਹਾਂ ਝੁੱਕ ਕੇ ਮੱਥਾ ਟੇਕਦੀ ਨਜ਼ਰ ਆਈ।

ਕਰੀਰ ਦੇ ਹੇਠ ਖਿਲਰੇ ਦਾਣਿਆਂ ਵਿਚੋਂ ਜੌਂਅ ਦੇ ਦਾਣੇ ਲੱਭ ਕੇ ਇਕੱਤਰ ਹੋਏ ਲੋਕ ਵਾਰ-ਵਾਰ ਮੱਥੇ ਨਾਲ ਲਗਾ ਰਹੇ ਸਨ। ਗੁਰੂ ਸਾਹਿਬ ਨਾਲ ਸਬੰਧਤ ਕਿਸੇ ਵੀ ਵਸਤੂ ਪ੍ਰਤੀ ਸ਼ਰਧਾ ਤੇ ਸਤਿਕਾਰ ਦੀ ਭਾਵਨਾ ਰਖਣਾ ਹਰ ਸਿੱਖ ਦਾ ਫ਼ਰਜ਼ ਹੈ। ਪ੍ਰੰਤੂ ਕਿਸੇ ਰੁੱਖ ਜਾਂ ਮੜ੍ਹੀ ਮਸਾਣੀ ਨੂੰ ਅਲੌਕਿਕ ਸ਼ਕਤੀ ਸਮਝ ਕੇ ਉਸ ਅੱਗੇ ਝੁਕ ਜਾਣਾ ਸਿੱਖ ਕੌਮ ਵਾਸਤੇ ਬਹੁਤ ਵੱਡੇ ਅੰਧ ਵਿਸ਼ਵਾਸ ਤੇ ਮਨਮਤਿ ਦੀ ਗੱਲ ਹੈ। ਇਨ੍ਹਾਂ ਦੋਵੇਂ ਅਲਾਮਤਾਂ ਲਈ ਸਿੱਖ ਧਰਮ ਵਿਚ ਕੋਈ ਥਾਂ ਨਹੀਂ।

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਰੀਰ ਦੇ ਰੁੱਖਾਂ ਹੇਠ ਦਾਣੇ ਖਿਲਾਰਨ ਦੀ ਆਗਿਆ ਕਿਸ ਨੇ ਦਿਤੀ? ਸਿੱਖ ਧਰਮ ਵਿਚ ਰੁੱਖ ਪੂਜਾ ਵਰਜਿਤ ਹੈ, ਅਜਿਹਾ ਲਿਖਤੀ ਰੂਪ ਵਿਚ ਪ੍ਰਬੰਧਕਾਂ ਨੇ ਉਥੇ ਲਿਖ ਕੇ ਕਿਉਂ ਨਹੀਂ ਲਗਾਇਆ ਹੋਇਆ? ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਣ ਤੋਂ ਬਾਅਦ ਵੀ ਕਿਸੇ ਹੋਰ ਥਾਂ ਮੱਥਾ ਟੇਕਣ ਦੀ ਜ਼ਰੂਰਤ ਰਹਿ ਜਾਂਦੀ ਹੈ? ਅਪਣੇ ਧਰਮ ਤੋਂ ਦੂਰ ਤੇ ਪਤਿਤ ਹੋਈ ਸਿੱਖ ਕੌਮ ਖੁੰਬਾਂ ਵਾਂਗ ਪੈਦਾ ਹੋਏ ਡੇਰੇਦਾਰਾਂ ਦੀ ਮੁਰੀਦ ਬਣਦੀ ਜਾ ਰਹੀ ਹੈ।

ਅਖੌਤੀ ਦੇਹਧਾਰੀ ਗੁਰੂ ਇਸ ਭੋਲੀ ਭਾਲੀ ਪਿੱਛ ਲੱਗੂ ਜਨਤਾ ਨੂੰ ਸਿੱਧੇ ਜਾਂ ਅਸਿੱਧੇ ਢੰਗ ਨਾਲ ਅਪਣੇ ਆਪ ਨੂੰ ਖ਼ੁਦ ਪ੍ਰਮਾਤਮਾ ਜਾਂ ਉਸ ਦਾ ਦੂਤ ਹੋਣ ਦਾ ਭੁਲੇਖਾ ਪਾਉਂਦੇ ਹਨ। ਅਜਕਲ ਤਾਂ ਵਿਆਹ ਜਾਂ ਮੌਤ ਦੀ ਅੰਤਿਮ ਅਰਦਾਸ ਦੇ ਸਮਾਗਮ ਵੀ ਲੋਕਾਂ ਨੇ ਡੇਰੇਦਾਰਾਂ ਦੇ ਅਪਣੇ ਬਣਾਏ ਰੀਤੀ ਰਿਵਾਜਾਂ ਅਨੁਸਾਰ ਕਰਨੇ ਸ਼ੁਰੂ ਕਰ ਦਿਤੇ ਹਨ। ਮਨਮਤ ਤੇ ਅੰਧ ਵਿਸਵਾਸ਼ ਨੂੰ ਫੈਲਾਉਣ ਵਿਚ ਰਾਜਨੀਤਕ ਲੋਕਾਂ ਦਾ ਹੱਥ ਵੀ ਕਿਸੇ ਤੋਂ ਪਿੱਛੇ ਨਹੀਂ।

ਚੋਣਾਂ ਦੇ ਦਿਨਾਂ ਵਿਚ ਵੱਖ-ਵੱਖ ਰਾਜਸੀ ਦਲਾਂ ਦੇ ਸਿੱਖ ਪ੍ਰਵਾਰਾਂ ਨਾਲ ਸਬੰਧਤ ਆਗੂ ਅਕਾਲ ਤਖ਼ਤ ਤੋਂ ਜਾਰੀ ਹੋਏ ਹੁਕਮਨਾਮਿਆਂ ਦੀ ਉਲੰਘਣਾ ਕਰ ਕੇ ਦੇਹਧਾਰੀ ਗੁਰੂਆਂ ਦੀਆਂ ਲੇਲ੍ਹੜੀਆਂ ਕਢਦੇ ਹਨ। ਸਿੱਖ ਭਾਈਚਾਰੇ ਦਾ ਗੁਰੂਘਰਾਂ ਤੋਂ ਮੂੰਹ ਫੇਰ ਕੇ ਡੇਰਾਵਾਦ ਦੇ ਪ੍ਰਭਾਵ ਹੇਠ ਆਉਣ ਦਾ ਮੁੱਖ ਕਾਰਨ ਸਿੱਖ ਧਰਮ ਦੇ ਸਹੀ ਪ੍ਰਚਾਰ ਦੀ ਵੱਡੀ ਘਾਟ ਹੈ। ਸਿੱਖ ਨੂੰ ਅੱਗੇ ਤੋਰਨ ਵਾਲੇ ਮੋਢੀ ਸਮੁੱਚੀ ਸਿੱਖ ਕੌਮ ਨੂੰ ਇਸ ਨਾਲ ਜੋੜ ਕੇ ਰੱਖਣ ਵਿਚ ਅਸਫ਼ਲ ਸਾਬਤ ਹੋਏ ਹਨ।

ਜੇਕਰ ਗੰਭੀਰਤਾ ਨਾਲ ਵੇਖਿਆ ਜਾਵੇ ਤਾਂ ਸ਼੍ਰੋਮਣੀ ਕਮੇਟੀ ਤਰਫ਼ੋਂ ਕਦੇ ਵੀ ਪਿੰਡਾਂ ਵਿਚ ਧਰਮ ਪ੍ਰਚਾਰ ਲਈ ਕੋਈ ਕਥਾਵਾਚਕ, ਰਾਗੀ ਜਥਾ ਜਾਂ ਕੋਈ ਧਾਰਮਕ ਦੀਵਾਨ ਵੇਖਣ ਜਾਂ ਸੁਣਨ ਵਿਚ ਨਹੀਂ ਆਇਆ। ਇਸ ਦੇ ਉਲਟ ਦੇਹਧਾਰੀ ਗੁਰੂਆਂ ਦੇ ਸੇਵਕ ਪਿੰਡ ਪੱਧਰ ਤੋਂ ਰਾਜ ਪੱਧਰ ਤਕ ਸੰਗਤਾਂ ਲਗਾ ਕੇ ਅਪਣਾ ਪ੍ਰਚਾਰ ਕਰਦੇ ਹਨ, ਜਿਨ੍ਹਾਂ ਨੂੰ ਮੌਕੇ ਦੇ ਹਾਕਮਾਂ ਦੀ ਛਤਰ ਛਾਇਆ ਵੀ ਹਾਸਲ ਹੁੰਦੀ ਹੈ।

ਸਿੱਖ ਧਰਮ ਦੇ ਕੁੱਝ ਵਪਾਰਕ ਪੱਖੋਂ ਵਿਚਰਦੇ ਰਾਗੀ ਸਿੰਘ ਖ਼ੁਦ ਹੀ ਮਨਮਤ ਤੇ ਅੰਧਵਿਸ਼ਵਾਸ ਦੀ ਜਕੜ ਵਿਚ ਹਨ। ਧਾਰਮਕ ਦੀਵਾਨ ਸਜਾਉਣ ਆਉਂਦੇ ਸਮੇਂ ਵੱਡੀਆਂ ਤੇ ਮਹਿੰਗੇ ਭਾਅ ਦੀਆਂ ਲਗ਼ਜ਼ਰੀ ਗੱਡੀਆਂ ਤੇ ਇਨ੍ਹਾਂ ਦੀ ਆਮਦ ਕਿਸੇ ਸੁਪਰ ਸਟਾਰ ਕਲਾਕਾਰ ਵਾਂਗ ਹੁੰਦੀ ਹੈ, ਜਿਨ੍ਹਾਂ ਦੀ ਸੇਵਾ ਲੰਗਰ ਪ੍ਰਥਾ ਦੀ ਸਾਰੀ ਮਰਿਆਦਾ ਤੋੜ ਕੇ ਕੀਤੀ ਜਾਂਦੀ ਹੈ। ਵਿਦੇਸ਼ੀ ਘੜੀਆਂ ਤੇ ਬੇਸ਼ਕੀਮਤੀ ਪਹਿਰਾਵੇ ਪਹਿਨ ਕੇ ਇਹ ਲੋਕ ਇਕੱਤਰ ਹੋਈਆਂ ਸੰਗਤਾਂ ਨੂੰ ਅਸਿੱਧੇ ਤਰੀਕੇ ਨਾਲ ਅਪਣੇ ਆਪ ਬਾਰੇ ਰੱਬੀ ਰੂਹ ਹੋਣ ਦਾ ਅਹਿਸਾਸ ਵੀ ਕਰਵਾਉਂਦੇ ਹਨ।

ਅਜਿਹੇ ਹਾਲਾਤ ਵਿਚ ਸਿੱਖ ਕੌਮ ਦਾ ਮਨਮਤ ਤੇ ਅੰਧਵਿਸਵਾਸ਼ ਦੀ ਪਕੜ ਤੋਂ ਪਾਰ ਪਾਉਣਾ ਬਹੁਤ ਮੁਸ਼ਕਲ ਹੈ। ਧਰਮ ਕੋਈ ਵੀ ਬੁਰਾ ਨਹੀਂ ਹੁੰਦਾ। ਸਾਰੇ ਧਰਮਾਂ ਦਾ ਸਤਿਕਾਰ ਕਰਨਾ ਹਰ ਇਨਸਾਨ ਦਾ ਫ਼ਰਜ਼ ਹੈ। ਸਿੱਖ ਭਾਈਚਾਰੇ ਦੇ ਲੋਕ ਚਾਹੇ ਉਹ ਅੰਮ੍ਰਿਤਧਾਰੀ ਹੋਣ ਜਾਂ ਸਹਿਜਧਾਰੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਛੱਡ ਕੇ ਕਿਸੇ ਹੋਰ ਅੱਗੇ ਸਿਰ ਝੁਕਾਉਣ, ਅੰਧਵਿਸ਼ਵਾਸ ਅਤੇ ਮਨਮਤਿ ਦੀ ਇਸ ਤੋਂ ਵੱਡੀ ਮਿਸਾਲ ਹੋਰ ਨਹੀਂ ਹੋ ਸਕਦੀ। ਅੱਜ ਲੋੜ ਹੈ ਸਮੁੱਚੀ ਸਿੱਖ ਕੌਮ ਨੂੰ ਇਸ ਰੁਝਾਨ ਵਾਲੇ ਪਾਸੇ ਜਾਣ ਤੋਂ ਰੋਕਣ ਦੀ ਜਿਸ ਵਾਸਤੇ ਹਰ ਸਿੱਖ ਵਿਅਕਤੀ ਤੋਂ ਲੈ ਕੇ ਗੁਰੂ ਦਰ ਘਰ ਵਿਚ ਬੈਠੇ ਸਿੱਖ ਧਰਮ ਦੀ ਅਗਵਾਈ ਕਰਨ ਵਾਲਿਆਂ ਸਮੇਤ ਸੱਭ ਤੋਂ ਅਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।

ਸੰਪਰਕ : 98727-99780