ਪੰਜਾਬ ਪੁਲੀਸ ਦੀ ਦਹਿਸ਼ਤ
ਸ਼ਾਹੀ ਸ਼ਹਿਰ ਪਟਿਆਲਾ ਵਿਚ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵਲੋਂ ਨੌਜੁਆਨਾਂ ਉਤੇ ਕੀਤੇ ਅੰਨ੍ਹੇ ਤਸ਼ੱਦਦ ਨੇ ਮੈਨੂੰ 1987 ਦੀ ਇਕ ਦਿਲ ਕੰਬਾਊ ਘਟਨਾ ਦੀ ਯਾਦ...........
ਸ਼ਾਹੀ ਸ਼ਹਿਰ ਪਟਿਆਲਾ ਵਿਚ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵਲੋਂ ਨੌਜੁਆਨਾਂ ਉਤੇ ਕੀਤੇ ਅੰਨ੍ਹੇ ਤਸ਼ੱਦਦ ਨੇ ਮੈਨੂੰ 1987 ਦੀ ਇਕ ਦਿਲ ਕੰਬਾਊ ਘਟਨਾ ਦੀ ਯਾਦ ਮੁੜ ਤਾਜ਼ਾ ਕਰਵਾ ਦਿਤੀ। ਉਨ੍ਹਾਂ ਦਿਨਾਂ ਵਿਚ ਪੰਜਾਬ ਦੇ ਹਾਲਾਤ ਬਹੁਤ ਖ਼ਰਾਬ ਸਨ। ਅਤਿਵਾਦ ਦੇ ਨਾਂ ਤੇ ਪੰਜਾਬ ਦੇ ਨੌਜੁਆਨਾਂ ਨੂੰ ਫੜ-ਫੜ ਕੇ ਝੂਠੇ ਮੁਕਾਬਲਿਆਂ ਵਿਚ ਮਾਰਿਆ ਜਾ ਰਿਹਾ ਸੀ। ਦਿਨ ਛੁਪਣ ਤੋਂ ਪਹਿਲਾਂ-ਪਹਿਲਾਂ ਘਰ ਪਹੁੰਚਣ ਵਿਚ ਹੀ ਭਲਾ ਸਮਝਿਆ ਜਾਂਦਾ ਸੀ। ਕਿਸੇ ਨੌਜੁਆਨ ਦੇ ਸਿਰ ਉਤੇ ਕੇਸਰੀ ਰੰਗ ਦਾ ਪਰਨਾ ਬੰਨ੍ਹਿਆ ਵੇਖ ਕੇ ਹੀ ਪੁਲੀਸ ਉਸ ਨੂੰ ਅਤਿਵਾਦੀ ਸਮਝ ਲੈਂਦੀ ਸੀ।
ਘਟਨਾ ਕੁੱਝ ਇਸ ਤਰ੍ਹਾਂ ਵਾਪਰੀ ਕਿ ਮੇਰਾ ਇਕ ਦੋਸਤ ਮੈਨੂੰ ਮਿਲਣ ਮੇਰੇ ਪਿੰਡ ਮਹਿੰਦਪੁਰ ਆਇਆ ਹੋਇਆ ਸੀ। ਉਨ੍ਹਾਂ ਦੇ ਇਲਾਕੇ ਦਾ ਇਕ ਐਸ. ਐਚ. ਓ. ਥਾਣਾ ਬਲਾਚੌਰ ਵਿਚ ਅਪਣੀ ਡਿਊਟੀ ਨਿਭਾ ਰਿਹਾ ਸੀ। ਉਸ ਨੇ ਕਿਸੇ ਕੰਮ ਦੇ ਸਬੰਧ ਵਿਚ ਉਸ ਨੂੰ ਮਿਲਣਾ ਸੀ। ਉਹ ਮੈਨੂੰ ਨਾਲ ਲੈ ਕੇ ਬਲਾਚੌਰ ਦੇ ਥਾਣੇ ਚਲਾ ਗਿਆ। ਜਦੋਂ ਅਸੀ ਥਾਣੇ ਦੇ ਅੰਦਰ ਗਏ ਤਾਂ ਇਕ ਨੌਜੁਆਨ ਤੇ ਪਟਿਆਂ ਦਾ ਮੀਂਹ ਵਰ੍ਹਾਇਆ ਜਾ ਰਿਹਾ ਸੀ। ਕੁੱਟ ਉਸ ਨੌਜੁਆਨ ਨੂੰ ਪੈ ਰਹੀ ਸੀ, ਦਿਲ ਮੇਰਾ ਕੰਬ ਰਿਹਾ ਸੀ। ਮੈਨੂੰ ਇੰਜ ਮਹਿਸੂਸ ਹੋਣ ਲੱਗ ਪਿਆ ਕਿ ਇਹ ਹੁਣ ਸਾਨੂੰ ਵੀ ਇੰਜ ਹੀ ਪਟਾ ਚਾੜ੍ਹਿਆ ਜਾਵੇਗਾ।
ਪੁਲਿਸ ਮੁਲਾਜ਼ਮਾਂ ਦੀ ਵਾਰਤਾਲਾਪ ਤੋਂ ਸਪੱਸ਼ਟ ਪਤਾ ਲੱਗ ਰਿਹਾ ਸੀ ਕਿ ਉਹ ਪਟਿਆਲਾ ਸ਼ਹਿਰ ਦੇ ਨੇੜੇ ਵਾਪਰੀ ਕਿਸੇ ਵਾਰਦਾਤ ਦੇ ਸਬੰਧ ਵਿਚ ਉਸ ਨੌਜੁਆਨ ਦਾ ਉਸ ਵਾਰਦਾਤ ਵਿਚ ਸ਼ਾਮਲ ਹੋਣਾ ਉਸ ਦੇ ਮੂੰਹੋਂ ਉਗਲਵਾਣਾ ਚਾਹੁੰਦੀ ਸੀ। ਉਹ ਇਹ ਗੱਲ ਮੰਨਣ ਲਈ ਤਿਆਰ ਨਹੀਂ ਸੀ। ਜਿਉਂ ਹੀ ਉਹ ਇਹ ਗੱਲ ਕਹਿੰਦਾ ਕਿ ਮੈਂ ਉਸ ਵਾਰਦਾਤ ਵਿਚ ਨਹੀਂ ਸੀ ਤਾਂ ਉਸ ਦੀ ਪਿੱਠ ਉਤੇ ਪਟੇ ਦਾ ਵਾਰ ਕੀਤਾ ਜਾਂਦਾ। ਉਹ ਦਰਦ ਨਾਲ ਕੁਰਲਾ ਉਠਦਾ। ਦਰਦ ਦੀ ਮਾਰ ਨਾ ਸਹਾਰਦਾ ਹੋਇਆ ਉਹ ਕਈ ਵਾਰ ਇਹ ਕਹਿ ਵੀ ਦਿੰਦਾ ਕਿ ਹਾਂ ਮੈਂ ਉਸ ਵਾਰਦਾਤ ਵਿਚ ਸ਼ਾਮਲ ਸੀ।
ਉਸ ਨੌਜੁਆਨ ਨੂੰ ਪੈਂਦੀ ਕੁੱਟ ਤੋਂ ਮੈਨੂੰ ਵੀ ਇੰਜ ਮਹਿਸੂਸ ਹੋਣ ਲੱਗ ਪਿਆ ਕਿ ਜੇ ਇਹ ਮੈਨੂੰ ਲੰਮਾ ਪਾ ਲੈਣ ਤਾਂ ਮੈਂ ਇਨ੍ਹਾਂ ਦਾ ਇਕ ਪਟਾ ਵੱਜਣ ਤੋਂ ਪਹਿਲਾਂ ਹੀ ਕਹਿ ਦੇਣਾ ਸੀ ਕਿ ਜਨਾਬ ਮੈਂ ਸਾਰੀਆਂ ਵਾਰਦਾਤਾਂ ਵਿਚ ਸ਼ਾਮਲ ਹਾਂ। ਪਤਾ ਨਹੀਂ ਕਿ ਉਹ ਨੌਜੁਆਨ ਸੱਚਾ ਸੀ ਜਾਂ ਝੂਠਾ ਪਰ ਪੰਜਾਬ ਪੁਲਿਸ ਦਾ ਡੰਡਾ ਉਸ ਕੋਲੋਂ ਹਰ ਗੱਲ ਮਨਵਾ ਰਿਹਾ ਸੀ। ਮੈਂ ਅਪਣੇ ਦੋਸਤ ਨੂੰ ਫ਼ਟਾਫਟ ਥਾਣੇ ਤੋਂ ਬਾਹਰ ਜਾਣ ਲਈ ਕਹਿਣ ਲੱਗ ਪਿਆ ਸਾਂ। ਪੁਲਿਸ ਦਾ ਤਸ਼ੱਦਦ ਮੇਰੇ ਕੋਲੋਂ ਵੇਖਿਆ ਨਹੀਂ ਸੀ ਜਾ ਰਿਹਾ। ਉਸ ਘਟਨਾ ਤੋਂ ਬਾਅਦ ਮੈਂ ਅੱਜ ਵੀ ਪੁਲਿਸ ਦੀ ਵਰਦੀ ਪਾਈ ਖੜੇ ਮੁਲਾਜ਼ਮਾਂ ਕੋਲੋਂ ਲੰਘਣ ਵੇਲੇ ਘਬਰਾ ਜਾਂਦਾ ਹਾਂ।
ਮੈਨੂੰ ਜੇ ਪੁਲਿਸ ਵਾਲੇ ਕਿਸੇ ਨਾਕੇ ਉਤੇ ਮੇਰੇ ਵਾਹਨ ਦੇ ਕਾਗ਼ਜ਼ ਚੈੱਕ ਕਰਨ ਲਈ ਰੁਕਣ ਦਾ ਇਸ਼ਾਰਾ ਕਰ ਦੇਣ ਤਾਂ ਸਾਰੇ ਕਾਗ਼ਜ਼ ਕੋਲ ਹੋਣ ਦੇ ਬਾਵਜੂਦ ਵੀ ਮੈਨੂੰ ਘਬਰਾਹਟ ਜਿਹੀ ਹੋਣ ਲਗਦੀ ਹੈ। ਜ਼ਮਾਨਾ ਬਦਲ ਗਿਆ ਹੈ ਪਰ ਪੰਜਾਬ ਪੁਲਿਸ ਨਹੀਂ ਬਦਲੀ। ਭਾਵੇਂ ਪੁਲਿਸ ਵਿਚ ਹੁਣ ਕਈ ਮੁਲਾਜ਼ਮ ਚੰਗੇ ਵੀ ਹਨ ਪਰ ਲੋਕਾਂ ਦੇ ਮਨਾਂ ਵਿਚ ਪੁਲਿਸ ਦਾ ਬਣਿਆ ਮਾੜਾ ਅਕਸ ਉਨ੍ਹਾਂ ਨੂੰ ਵੀ ਬਦਨਾਮ ਕਰ ਰਿਹਾ ਹੈ। ਪੁਲਿਸ ਵਾਲੇ ਭਾਵੇਂ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਦੇਣ, ਉਨ੍ਹਾਂ ਵਿਰੁਧ ਕੋਈ ਵੀ ਕਾਰਵਾਈ ਨਹੀਂ ਹੁੰਦੀ ਕਿਉਂਕਿ ਉਨ੍ਹਾਂ ਤੇ ਕਾਰਵਾਈ ਕਰਨ ਵਾਲੇ ਉਨ੍ਹਾਂ ਦੇ ਅਪਣੇ ਹੁੰਦੇ ਹਨ
ਪਰ ਜੇ ਕੋਈ ਸਾਡੇ ਵਰਗਾ ਮਾੜੀ-ਮੋਟੀ ਵੀ ਗ਼ਲਤੀ ਕਰ ਦੇਵੇ ਤਾਂ ਉਸ ਤੇ ਕਾਨੂੰਨ ਦੀਆਂ ਸਾਰੀਆਂ ਧਾਰਾਵਾਂ ਲੱਗ ਜਾਂਦੀਆਂ ਹਨ। ਸਾਡੇ ਦੇਸ਼ ਵਿਚ ਕਾਨੂੰਨ ਦੇ ਦੂਹਰੇ ਮਾਪਦੰਡ ਅਪਣਾਏ ਜਾਂਦੇ ਹਨ। ਕਾਨੂੰਨ ਲਾਗੂ ਕਰਨ ਵਾਲਾ ਇਹ ਸਮਝਦਾ ਹੈ ਕਿ ਸਾਰੇ ਕਾਨੂੰਨ ਦੂਜਿਆਂ ਤੇ ਲਾਗੂ ਕਰਨ ਲਈ ਹਨ, ਉਨ੍ਹਾਂ ਤੇ ਤਾਂ ਕੋਈ ਵੀ ਕਾਨੂੰਨ ਲਾਗੂ ਨਹੀਂ ਹੁੰਦਾ। ਪੰਜਾਬ ਪੁਲਿਸ ਦੀ ਵੀ ਇਹੋ ਹੀ ਪ੍ਰਵਿਰਤੀ ਹੈ। ਪਟਿਆਲਾ ਸ਼ਹਿਰ ਵਿਚ ਵਾਪਰੀ ਦਰਦਨਾਕ ਘਟਨਾ ਵੀ ਇਸ ਗੱਲ ਦਾ ਹੀ ਪ੍ਰਤੱਖ ਸਬੂਤ ਹੈ।
ਇਸ ਵਾਰਦਾਤ ਦਾ ਚਾਰ ਦਿਨ ਮੀਡੀਆ ਵਿਚ ਰੌਲਾ-ਰੱਪਾ ਰਿਹਾ।
ਉਸ ਤੋਂ ਬਾਅਦ ਕੋਈ ਹੋਰ ਘਟਨਾ ਵਾਪਰ ਜਾਵੇਗੀ, ਇਹ ਅਪਣੇ-ਆਪ ਦਫ਼ਨ ਹੋ ਗਈ। ਸੁਧਾਰ ਦੀ ਆਸ ਰਖਣਾ ਮੂਰਖਤਾ ਹੀ ਹੋਵੇਗੀ। ਪੰਜਾਬ ਪੁਲਿਸ ਦਾ ਰਵਈਆ ਅੱਜ ਵੀ ਉਹੀ ਹੈ, ਜਿਹੜਾ ਅੱਜ ਤੋਂ ਤੀਹ ਸਾਲ ਪਹਿਲਾਂ ਸੀ। ਇਹ ਗੱਲ ਸਪੱਸ਼ਟ ਹੈ ਕਿ ਪੁਲਿਸ ਦਾ ਮਾੜਾ ਸਲੂਕ ਅਤੇ ਨਾਜਾਇਜ਼ ਕੀਤੀ ਕੁੱਟਮਾਰ ਹੀ ਨੌਜੁਆਨਾਂ ਨੂੰ ਹਥਿਆਰ ਚੁੱਕਣ ਲਈ ਮਜਬੂਰ ਕਰਦੀ ਹੈ, ਜਿਸ ਨੂੰ ਬਾਅਦ ਵਿਚ ਅਤਿਵਾਦ ਦਾ ਨਾਂ ਦੇ ਕੇ ਉਨ੍ਹਾਂ ਨੂੰ ਮਾਰ ਦਿਤਾ ਜਾਂਦਾ ਹੈ। ਅੱਜ ਪੰਜਾਬ ਦਾ ਮਾਹੌਲ ਸ਼ਾਂਤ ਹੈ, ਇਸ ਨੂੰ ਸ਼ਾਂਤ ਹੀ ਰਹਿਣ ਦਿਤਾ ਜਾਵੇ। ਸੰਪਰਕ : 001-360-448-1989