ਖਾ ਗਈ ਖੇਤੀ ਅੰਨਦਾਤੇ ਨੂੰ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਅਪਣਿਆਂ ਦੀਆਂ ਲਾਸ਼ਾਂ ਮਿਧਦੇ ਹੋਏ ਪਾਕਿਸਤਾਨੋਂ ਧੱਕੇ ਗਏ ਲੋਕ, ਜੋ ਬਹੁਤੇ ਸਿੱਖ ਸਨ, ਦੀ ਨਵੀਂ ਪਛਾਣ ਬਣੀ ਰਿਫ਼ਿਊਜੀ ਜਾਂ ਸ਼ਰਨਾਰਥੀ

ਖਾ ਗਈ ਖੇਤੀ ਅੰਨਦਾਤੇ ਨੂੰ

ਬੱਬਰ ਲਹਿਰਾਂ ਦੇ ਬੱਬਰ ਸ਼ੇਰ ਦਹਾੜੇ। ਗ਼ਦਰ ਲਹਿਰਾਂ ਦੇ ਗ਼ਦਰੀ ਬਾਬੇ ਬਣੇ ਮੌਤ ਲਾੜੀ ਦੇ ਲਾੜੇ। ਕਮਿਊਨਿਸਟਾਂ ਆਜ਼ਾਦੀ ਦਾ ਅਖਾੜਾ ਭਖਾਇਆ।  ਬੇਅੰਤ ਸ਼ਹੀਦੀਆਂ ਦੇ ਕੇ ਸੂਰਮਿਆਂ ਨੇ ਗੋਰਾ ਧਾੜਵੀ ਹਿੰਦ ਤੋਂ ਭਜਾਇਆ। ਅੱਧ ਅਗੱਸਤ 1947 ਦੀ ਸਵੇਰ ਕਈਆਂ ਨੂੰ ਗੱਦੀਆਂ ਤੇ ਬਿਠਾਲ ਗਈ। ਬਹੁਤਿਆਂ ਨੂੰ ਘਰੋਂ ਬੇਘਰ ਕੀਤਾ ਅਤੇ ਕੁੱਲੀ, ਗੁੱਲੀ ਤੇ ਜੁੱਲੀ ਦਾ ਸਵਾਲ ਖੜਾ ਕਰ ਗਈ। ਆਨੰਦ ਭਵਨ ਵਿਚੋਂ ਆਨੰਦ ਮਾਣਦਾ ਰਿਹਾ ਨਹਿਰੂ ਦੇਸ਼ ਭਗਤੀ ਦੀ ਟੋਪੀ ਪਾ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਕਾਬਜ਼ ਹੋਇਆ।

ਅਪਣਿਆਂ ਦੀਆਂ ਲਾਸ਼ਾਂ ਮਿਧਦੇ ਹੋਏ ਪਾਕਿਸਤਾਨੋਂ ਧੱਕੇ ਗਏ ਲੋਕ, ਜੋ ਬਹੁਤੇ ਸਿੱਖ ਸਨ, ਦੀ ਨਵੀਂ ਪਛਾਣ ਬਣੀ ਰਿਫ਼ਿਊਜੀ ਜਾਂ ਸ਼ਰਨਾਰਥੀ। ਮੇਰੀ ਮਾਂ ਨੇ ਮੈਨੂੰ ਰਿਫ਼ਿਊਜੀ ਕੈਂਪ ਵਿਚ ਹੀ ਜਨਮ ਦਿਤਾ। ਨਹਿਰੂ/ਗਾਂਧੀ ਦੀ ਜੋੜੀ ਨੇ ਰਿਫ਼ਿਊਜੀਆਂ ਨੂੰ ਜਰਾਇਮ ਪੇਸ਼ਾ ਲੋਕ ਕਹਿ ਕੇ ਉਨ੍ਹਾਂ ਦੇ ਜ਼ਖ਼ਮਾਂ ਤੇ ਲੂਣ-ਮਿਰਚਾਂ ਦਾ ਛਿੜਕਾਅ ਕੀਤਾ ਸੀ। ਇਧਰ ਰਿਫ਼ਿਊਜੀ ਰੋਟੀ ਟੁੱਕਰ ਨੂੰ ਤਰਸਦੇ, ਉਧਰ ਨਵੇਂ ਨਵੇਂ ਬਣੇ ਗਾਂਧੀ ਬਾਪੂ ਦਾ ਜੁਮਲਾ ਕਿ ਆਉਂਦੀ ਦੀਵਾਲੀ ਨੂੰ ਖ਼ੂਬ ਆਤਿਸ਼ਬਾਜ਼ੀ ਅਤੇ ਦੀਪਮਾਲਾ ਕਰ ਕੇ ਆਜ਼ਾਦੀ ਦੇ ਜਸ਼ਨ ਮਨਾਏ ਜਾਣ। ਰੇਡਿਉ ਸੰਦੇਸ਼ ਸਾਡੇ ਤਕ ਪਹੁੰਚਦਾ ਕਰ ਕੇ ਉਪਰੋਕਤ ਬਾਪੂ ਅਤੇ ਚਾਚਾ ਇੰਗਲੈਂਡ ਦੀ ਮਹਾਰਾਣੀ ਦੀ ਰਾਜਕੁਮਾਰੀ ਦੀ ਸ਼ਾਦੀ ਵਿਚ ਤੋਹਫ਼ੇ ਭੇਜਣ ਵਿਚ ਰੁੱਝ ਗਏ।

ਖ਼ੈਰ, ਰਿਫ਼ਿਊਜੀਆਂ ਨੇ ਹੱਥ ਪੈਰ ਮਾਰੇ, ਰੋਜ਼ੀ ਰੋਟੀ ਦਾ ਵਸੀਲਾ ‘ਖੇਤੀ ਖ਼ਸਮਾਂ ਮੇਤੀ’ ਅਪਣਾਇਆ। ਚਿਰਾਂ ਤੋਂ ਵਿਰਾਨ ਪਏ ਖੂਹ ਸਹੀ ਹਾਲਤ ਵਿਚ ਪਹੁੰਚੇ ਅਤੇ ਨਵੇਂ ਖੂਹ ਲਗਾਏ ਗਏ। ਜਿਥੇ ਕਿਤੇ ਲੋੜ ਪਈ ਝੂਲਾਰੀ ਦੀ ਵਰਤੋਂ ਨਾਲ ਫ਼ਸਲਾਂ ਉਗਾਈਆਂ ਗਈਆਂ। ਕਰਨਾਲ, ਕੁਰੂਕਸ਼ੇਤਰ, ਅੰਬਾਲਾ, ਗੁਹਲਾ ਚੀਕਾ ਅਤੇ ਕੈਂਥਲ (ਹੁਣ ਦੇ ਹਰਿਆਣਾ) ਅਤੇ ਪੰਜਾਬ ਭਰ ਵਿਚ ਜਿਥੇ ਜਿਥੇ ਵੀ ਰਿਫ਼ਿਊਜੀਆਂ ਨੇ ਖ਼ੂਨ-ਪਸੀਨਾ ਵਹਾਇਆ, ਹਰੀਆਂ ਕਚੂਚ ਫ਼ਸਲਾਂ ਦੀ ਬਦੌਲਤ ਧਰਤੀ ਮਾਤਾ ਝੂਮ ਉਠੀ। ਜਿਥੇ ਦਬ ਘਾਹ ਉਗਦੀ ਸੀ ਗੰਨਾ ਹੀ ਗੰਨਾ ਦੀਂਹਦਾ। ਗੰਨੇ ਦੀ ਗੁੜ ਸ਼ੱਕਰ ਕੋਹਾਂ ਤੀਕ ਖ਼ੁਸ਼ਬੂ ਖਿਲਾਰਦੀ ਸੀ।

ਇਨ੍ਹਾਂ ਗੰਨੇ ਦੇ ਖੇਤਾਂ ਦੀ ਹਰਿਆਲੀ, ਗੰਨੇ ਦੇ ਗੁੜ ਸ਼ੱਕਰ ਦੀ ਖ਼ੁਸ਼ਬੂ ਅੰਨਦਾਤੇ ਦੀ ਜਿੰਦ ਜਾਨ ਦੀ ਖੌਅ ਸਾਬਤ ਹੋਵੇਗੀ, ਕਿਸੇ ਨੂੰ ਸੁਪਨੇ ਵਿਚ ਵੀ ਚਿੱਤ ਚੇਤਾ ਨਹੀਂ ਸੀ। ਸੁਪਨਾ ਭਾਵੇਂ ਸੁਪਨਾ ਹੋਵੇ, ਬਹੁਤੀ ਵਾਰ ਸੁਪਨਾ ਵੀ ਹਕੀਕਤ ਵਿਚ ਤਬਦੀਲ ਹੋ ਜਾਂਦਾ ਹੈ। ਅਜੋਕੀਆਂ ਅੱਖੀਂ ਡਿੱਠੀਆਂ ਹਕੀਕਤਾਂ ਇਸ ਲੇਖ ਵਿਚ ਕਲਮਬੱਧ ਕਰਨ ਜਾ ਰਿਹਾ ਹਾਂ। ਮੇਰੇ ਪਿੰਡ (ਨਲਵੀ) ਦੇ ਕਿਸਾਨ ਗੁੜ-ਸ਼ੱਕਰ ਬਣਾਉਣ ਦੇ ਸਿੱਧਹਸਤ ਕਾਰੀਗਰ ਸਨ। ਇਨ੍ਹਾਂ ਕਾਰੀਗਰਾਂ ਵਿਚੋਂ ਇਕ ਸੀ ਕੁਰਤਾਰ ਸਿੰਘ। ਉਸ ਨੇ ਮਹੀਨਾ ਭਰ ਮਾਲ ਤਿਆਰ ਕੀਤਾ, ਉਪਰੰਤ ਗੱਡਾ ਜੋੜ ਕੇ ਸ਼ਾਹਬਾਦ (ਮਾ.) ਵਲ ਰੁਖ਼ ਕੀਤਾ। ਸਰਦੀ ਦੇ ਦਿਨ ਸਨ। ਇਕ ਛੋਟੇ ਦਿਨ, ਦੂਜਾ ਲੋਹੜੇ ਦੀ ਠੰਢ, ਤੀਜਾ ਆੜ੍ਹਤੀ ਵਲੋਂ ਭੁਗਤਾਨ ਦੀ ਦੇਰੀ ਅਤੇ ਚੌਥਾ ਘਰੇਲੂ ਸੌਦੇ ਪੱਤੇ ਦੀ ਖ਼ਰੀਦਦਾਰੀ ਉਸ ਨੂੰ ਮੌਤ ਦੇ ਮੂੰਹ ਵਲ ਖਿੱਚ ਲੈ ਗਈ।

ਉਨ੍ਹੀਂ ਦਿਨੀਂ ਸ਼ਾਹਬਾਦ ਤੋਂ ਬਰਾਸਤਾ ਨਲਵੀ, ਠੋਲ, ਪਿਹੋਵਾ ਆਦਿ ਨੂੰ ਮਾਰਕੰਡਾ ਨਦੀ ਲੰਘ ਕੇ ਜਾਣਾ ਹੁੰਦਾ ਸੀ। ਗੌਰਤਲਬ ਹੈ ਕਿ ਮਾਰਕੰਡਾ ਨਦੀ ਵੀ ਬਾਰਾਂ ਮਾਸੀ ਅਤੇ ਠੰਢੇ ਠਾਰ ਪਾਣੀ ਨਾਲ ਕਿਨਾਰਿਆਂ ਤੀਕ ਭਰੀ ਰਹਿੰਦੀ ਸੀ। ਘੁੱਪ ਹਨੇਰੀ ਰਾਤ ਦੀ ਚੁਪ-ਚਾਂ ਵਿਚ ਇਕਦਮ ਕੁਰਲਾਹਟ ਹੋਈ। ਮਿੰਟਾਂ ਸਕਿੰਟਾਂ ਵਿਚ ਮੁੜ ਚੁੱਪ-ਚਾਂ ਦੇ ਕਫ਼ਨ ਵਿਚ ਦਫ਼ਨ ਹੋ ਗਈ। ਕਿਸਾਨ ਦਾ ਬੇਟਾ ਮਾਧਾ ਸਿੰਘ (16), ਬੇਟੀ ਕੁਲਵੰਤ ਕੌਰ (14), ਬੇਟੀ ਵੀਰ ਕੌਰ (8) ਅਤੇ ਬੇਟਾ ਕਾਕੂ (5) ਜਲ ਸਮਾਧੀ ਲੈ ਗਏ। ਰੇਲਵੇ ਪੁਲ ਹੇਠਾਂ ਕਿਸਾਨ ਦਾ ਸੱਭ ਕੁੱਝ ਲੁਟਿਆ ਪੁਟਿਆ ਗਿਆ ਸੀ। ਕਈ ਰੇਲਾਂ ਆਉਂਦੀਆਂ ਅਤੇ ਜਾਂਦੀਆਂ ਰਹੀਆਂ, ਪਰ ਕਿਸੇ ਨੂੰ ਖ਼ਬਰ ਨਹੀਂ ਸੀ ਕਿ ਹੇਠਾਂ ਚਾਰ ਲਾਸ਼ਾਂ ਜਲ ਸਮਾਧੀ ਲੈ ਚੁਕੀਆਂ ਹਨ।

ਭਾਰਤ ਚੀਨ ਜੰਗ ਦੇ ਕਾਰਨ ਸੰਭਾਵੀ ਤੋੜ-ਭੰਨ ਦੇ ਡਰੋਂ ਪੁਲ ਉਤੇ ਫ਼ੌਜੀ ਜਵਾਨ ਤੈਨਾਤ ਸਨ, ਉਨ੍ਹਾਂ ਤੋਂ ਬਗ਼ੈਰ ਹੋਰ ਕਿਸ ਨੇ ਕਿਸਾਨ ਦੀ ਕੁਰਲਾਹਟ ਸੁਣਨੀ ਸੀ? ਜਵਾਨ ਵੀ ਡਿਊਟੀ ਦੇ ਪਾਬੰਦ ਦੁਰਘਟਨਾ ਵਾਲੀ ਜਗ੍ਹਾ ਤੇ ਪਹੁੰਚਣੋਂ ਅਤੇ ਸਹਾਇਤਾ ਦੇਣ ਤੋਂ ਅਸਮਰੱਥ ਸਨ। ਗੱਡੇ ਉਤੇ ਸਵਾਰ ਚਾਰ ਬੱਚਿਆਂ ਵਿਚੋਂ ਇਕ ਸਾਧਾ ਸਿੰਘ ਇਸ ਲੇਖਕ ਦਾ ਜਮਾਤੀ ਸੀ। ਕਹਾਵਤ ਹੈ ਸੱਭ ਕੁੱਝ ਗੁੜ ਗੋਬਰ ਹੋ ਜਾਣਾ। ਕਿਸਾਨ ਦਾ ਗੁੜ ਉਸ ਦੀ ਤਬਾਹੀ ਦਾ ਸਬੱਬ ਬਣਿਆ। ਉਹ ਆਪ ਵੀ ਦੋ-ਚਾਰ ਦਿਨ ਰੋਂਦਾ ਕੁਰਲਾਉਂਦਾ ਅਤੇ ਆਏ-ਗਏ ਨੂੰ ਨਮੋਸ਼ੀ ਦਿੰਦਾ ਹੋਇਆ ਵਿਛੜੇ ਪ੍ਰਵਾਰ ਨਾਲ ਜਾ ਮਿਲਿਆ।

ਇਹ ਖ਼ੌਫ਼ਨਾਕ ਘਟਨਾ 4 ਦਸੰਬਰ 1962 ਦੀ ਹੈ। ਕਿਸਾਨ ਦੀ ਇਕ ਹੋਰ ਬੇਟੀ (ਤਸਵੀਰ ਵਿਚ) ਜੋ ਘਟਨਾ ਵਾਲੇ ਦਿਨ ਤਿੰਨ ਦਿਨਾਂ ਦੀ ਸੀ, ਹੁਣ ਧੀਆਂ ਪੁੱਤਰਾਂ ਵਾਲੀ ਹੈ, ਨਾਂ ਹੈ ਜਾਗੀਰ ਕੌਰ। ਦੇਸ਼ ਤਰੱਕੀ ਦੀ ਰਾਹ ਉਤੇ ਬੜੀ ਤੇਜ਼ੀ ਨਾਲ ਬੜੀਆਂ ਵੱਡੀਆਂ ਵੱਡੀਆਂ ਪੁੂਲਾਂਘਾਂ ਪੁੱਟ ਰਿਹਾ ਹੈ। ਭਾਖੜਾ ਬੰਨ੍ਹ ਦੇ ਉਦਘਾਟਨ ਮੌਕੇ ਸਮੇਂ ਦੇ ਪ੍ਰਧਾਨ ਮੰਤਰੀ ਪੰ. ਜਵਾਹਰ ਲਾਲ ਨਹਿਰੂ ਨੇ ਤਾਂ ਅਜੋਕੀਆਂ ਯੋਜਨਾਵਾਂ ਨੂੰ ਖੇਤੀ ਸੈਕਟਰ ਦੇ ਮੰਦਰ ਕਹਿ ਕੇ ਨਿਵਾਜਿਆ ਸੀ। ਪਰ ਨਹਿਰੂ ਦੇ ਮੰਦਰ ਦਾ ਪੁਜਾਰੀ (ਕਿਰਤੀ ਕਿਸਾਨ) ਖੇਤੀ ਪੂਜਾ ਜੋਗਾ ਹੀ ਰਿਹਾ।

ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਨੇ ਵੀ ‘ਜੈ ਜਵਾਨ ਜੈ ਕਿਸਾਨ’ ਦਾ ਨਾਹਰਾ ਬੁਲੰਦ ਕੀਤਾ। ਜੈ ਜਵਾਨ ਅਤੇ ਜੈ ਕਿਸਾਨ ਦੀ ਹਾਲਤ ਸੱਭ ਦੇ ਸਾਹਮਣੇ ਹੈ। ਕਿਰਤੀ ਵਰਗ ਨੇ ਹੱਥ ਪੈਰ ਮਾਰੇ ਤਾਕਿ ਕੁੱਝ ਸੁਰਤ ਫਿਰੇ। ਕਿਸਾਨ ਨੇ ਵਰਖਾ ਦੀ ਆਸ ਛੱਡੀ। ਖੂਹ ਲਗਵਾਏ। ਇਹ ਵੀ ਧੋਖਾ ਦੇ ਗਏ। ਔਖੇ ਵੇਲੇ ਟਿਊਬਵੈੱਲ ਲਾਏ। ਟਿਊਬਵੈੱਲ  ਕਾਮਯਾਬ ਨਾ ਹੋਏ। ਸਬਮਰਸੀਬਲ ਦਾ ਆਸਰਾ ਭਾਲਿਆ। ਇਹ ਖੂਹ, ਇਹ ਟਿੳੂਬਵੈੱਲ ਉਸ ਨੂੰ ਖਾਣ ਜੋਗਾ ਅੰਨ ਮੁਹਈਆ ਕਰਵਾਉਣ ਦੀ ਥਾਂ, ਉਸ ਨੂੰ ਹੀ ਖਾ ਜਾਣਗੇ, ਭੋਲੇ ਪੰਛੀ ਨੂੰ ਕਿਥੇ ਯਾਦ ਸੀ?

ਹੋਇਆ ਇੰਜ ਕਿ ਸੱਠਵੇਂ ਅਤੇ ਸੱਤਰਵੇਂ ਦਹਾਕੇ ਦੇ ਦਰਮਿਆਨ ਪੰਜਾਬ, ਪਰ ਖ਼ਾਸਕਰ ਹਰਿਆਣਾ ਵਿਚ ਧੜਾਧੜ ਟਿਊਬਵੈੱਲ ਲੱਗ ਰਹੇ ਸਨ। ਪਹਿਲਾਂ ਪਹਿਲ ਧਰਤੀ ਹੇਠਲੇ ਪਾਣੀ ਦਾ ਪੱਧਰ ਉੱਚਾ ਹੋਣ ਕਰ ਕੇ ਟਿਊਬਵੈੱਲ (ਜਿਸ ਨੂੰ ਬੰਬੀ ਨਾਂ ਦਿਤਾ ਗਿਆ) ਚਾਰ ਇੰਚੀ ਪਾਣੀ ਦੂਰ ਤਕ ਸੁਟਦੇ ਸਨ। ਚਾਰ-ਪੰਜ ਸਾਲ ਬਾਅਦ ਢਾਈ ਇਚ, ਫਿਰ ਦੋ, ਫਿਰ ਦੋ ਤੋਂ ਵੀ ਜਵਾਬ ਦੇ ਗਏ। ਖੱਡੇ (ਜਿਸ ਨੂੰ ਹੌਦੀ ਵੀ ਕਿਹਾ ਜਾਂਦਾ ਸੀ) ਪੁੱਟੇ ਗਏ। ਸਾਲ ਕੁ ਕਾਮਯਾਬੀ ਮਿਲੀ। ਫਿਰ ਡੂੰਘੇ ਹੋਰ ਡੂੰਘੇ ਹੋਰ ਤੋਂ ਹੋਰ ਡੂੰਘੇ ਕੀਤੇ ਗਏ। ਕਿਸਾਨ ਨੂੰ ਇਨ੍ਹਾਂ ਖੱਡਿਆਂ ਅੰਦਰ ਉਤਰ ਕੇ ਪੱਖੇ ਦੀ ਹਵਾ ਚਾਰਜ ਕਰਨੀ ਹੁੰਦੀ ਸੀ, ਤਾਂ ਬੰਬੀ ਪਾਣੀ ਚੁਕਦੀ ਸੀ।

ਸਮਾਂ ਪਾ ਕੇ ਇਹ ਪੱਡੇ ਕਾਰਬਨਡਾਈਅਕਸਾਈਡ ਗੈਸ ਪੈਦਾ ਕਰਨ ਲੱਗੇ। ਇਹ ਜ਼ਹਿਰੀਲੀ ਗੈਸ ਅਨੇਕਾਂ ਕਿਸਾਨਾਂ ਦੀ ਜਿੰਦ ਜਾਨ ਦੀ ਖੌਅ ਸਾਬਤ ਹੁੰਦੀ ਰਹੀ। ਹਜ਼ਾਰਾਂ ਵਿਚੋਂ ਇਕ ਦੋ ਉਦਾਹਰਨਾਂ ਪੇਸ਼ ਹਨ।ਝਾਂਸਾ (ਕੁਰੂਕਸ਼ੇਤਰ) ਨਿਵਾਸੀ ਦਿਆਲ ਸਿੰਘ ਦਾ ਬੇਟਾ ਸੁੱਚਾ ਸਿੰਘ (22) ਗੈਸ ਦੀ ਭੇਟ ਚੜ੍ਹਿਆ ਇਲਾਕੇ ਦਾ ਪਹਿਲਾ ਕਿਸਾਨ ਸੀ। ਇਹ ਕਹਿਰ ਮਈ 1971 ਨੂੰ ਵਰਤਿਆ। ਮੇਰੇ ਪਿੰਡ ਨਲਵੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਨਕੇ ਪਿੰਡ ਸ੍ਰੀ ਲਖਨੌਰ ਸਾਹਿਬ ਵਿਚਾਲੇ ਵਸਿਆ ਪਿੰਡ ਹੈ ਰਾਏਮਾਜਰਾ। ਇਥੋਂ ਦੇ ਕਿਸਾਨ ਸਰੈਣ ਸਿੰਘ ਦੇ ਬੇਟੇ ਨਿਰੰਜਨ ਸਿੰਘ (23), ਪ੍ਰੀਤਮ ਸਿੰਘ (27), ਅਜਾਇਬ ਸਿੰਘ (19) ਅਤੇ ਨਰਾਇਣ ਸਿੰਘ ਦਾ ਬੇਟਾ ਆਸਾ ਸਿੰਘ (24) ਜੋ ਚਾਚੇ ਤਾਏ ਦੇ ਸਨ, ਜੂਨ 1972 ਨੂੰ ਖੇਤਾਂ ਨੂੰ ਗਏ ਘਰ ਨਾ ਬਹੁੜੇ।

ਮਾਰਕੰਡਾ ਨਦੀ ਵਿਚ ਵਾਪਰ ਦਰਦਨਾਕ ਹਾਦਸੇ ਤੋਂ ਬਾਅਦ ਇਕੱਲੇ ਹਰਿਆਣਾ ਵਿਚ ਖੇਤੀ ਸੈਕਟਰ ਵਾਪਰੇ ਖੌਫ਼ਨਾਕ ਹਾਦਸੇ ਹਜ਼ਾਰਾਂ ਤੋਂ ਵੀ ਵੱਧ ਹਨ ਜਦਕਿ ਗੁਆਂਢੀ ਸੂਬੇ ਪੰਜਾਬ ਵਿਚ ਇਹ ਅੰਕੜੇ ਲੱਖਾਂ ਨੂੰ ਪਹੁੰਚ ਗਏ ਸਨ। ਪੰਜਾਬ ਵਾਂਗ ਮਹਾਂਰਾਸ਼ਟਰ ਅਤੇ ਕਰਨਾਟਕ ਵਿਚ ਕਿਸਾਨਾਂ ਉਤੇ ਮੌਤ ਦੀ ਹਨੇਰੀ ਝੱਲ ਰਹੀ ਹੈ। ਦੁੱਖ ਕਿ ਕੁਰਸੀ ਹਥਿਆਉਣ ਦੀ ਦੌੜ ਵਿਚ ਸ਼ਾਮਲ ‘ਰਾਜ ਨਹੀਂ ਸੇਵਾ’ ਦੇ ਅਖੌਤੀ ਸੇਵਾਦਾਰ ਅੰਨਦਾਤੇ ਨੂੰ ਹੀ ਖੇਤੀ ਸੰਕਟ ਪੈਦਾ ਕਰਨ ਦੇ ਜ਼ੁੰਮੇਵਾਰ ਗਰਦਾਨ ਰਹੇ ਹਨ। ਜਦਕਿ ਖੇਤੀ ਸੰਕਟ ਦੀ ਮਾਰ ਹੇਠ ਆਈ ਛੋਟੀ ਕਿਸਾਨੀ ਅਤੇ ਖੇਤ ਮਜ਼ਦੂਰ ਦੋ ਟੁਕਰਾਂ ਦੀ ਭਾਲ ਵਿਚ ਘਰ ਦਾ ਚੁੱਲ੍ਹਾ ਚੌਕਾ ਛੱਡ ਕੇ ਸ਼ਹਿਰੀ ਚੌਕਾਂ ਤੇ ਕਿਰਤ ਵੇਚਣ ਨੂੰ ਮਜਬੂਰ ਹੋਏ ਹਨ।

ਪਾਠਕੋ! ਇਸ ਲੇਖ ਨੂੰ ਮਨ, ਬੁੱਧੀ, ਵਿਵੇਕ ਸਹਿਤ ਪੜ੍ਹਿਉ। ਕੰਨ ਤੇ ਧਿਆਨ ਲਾ ਕੇ ਸੁਣਿਉ। ਇਸ ਲੇਖ ਦੀ ਇਕ ਇਕ ਪੰਗਤੀ ਤੇ ਅੱਖਰਾਂ ਵਿਚ ਮੋਏ ਕਿਸਾਨਾਂ ਦੀਆਂ ਚੀਕਾਂ, ਉਨ੍ਹਾਂ ਦੇ ਪ੍ਰਵਾਰਾਂ ਦੀ ਕੁਰਲਾਹਟ ਸੁਣਾਈ ਦੇਵੇਗੀ। ਇਹ ਚੀਕਾਂ, ਇਹ ਕੁਰਲਾਹਟ ਨਸਹੀਤਾਂ ਦੇ ਰਹੀਆਂ- ‘ਪੁੱਤਰਾਂ ਵਾਲਿਉ’। ਪੁੱਤਰਾਂ ਨੂੰ ਖੇਤੀ ਧੰਦੇ ਵਿਚ ਨਾ ਲਾਇਉ। ਖੇਤੀ ਨੂੰ ਉਤਮ ਦਰਜਾ ਦੇਣ ਵਾਲੇ ਆਪ ਇਸ ਪੁੰਨ ਤੋਂ ਕਿਉਂ ਵਾਂਝੇ ਹਨ। ਕਿਰਤ ਕਰੋ ਅਤੇ ਵੰਡ ਛਕੋ ਦੇ ਉਪਦੇਸ਼ਕ ਮਾਲਾ ਫੇਰੂ ਅਤੇ ਮਾਇਆਧਾਰੀ ਬਣ ਬੈਠੇ ਹਨ। ਸੋ, ਸ਼ਾਤਰ ਦਿਮਾਗ਼ ਲੋਕ, ਕਿਸਾਨਾਂ ਨੂੰ ਅੰਨਦਾਤਾ ਕਹਿ ਕੇ ਫੁਸਲਾਅ ਰਹੇ ਹਨ। ‘ਖਾ ਗਈ ਖੇਤੀ ਅੰਨਦਾਤੇ ਨੂੰ, ਹਕੀਕਤ ਯਾਦ ਰੱਖਿਉ।’
ਸੰਪਰਕ : 94669-38792