ਕਰਤਾਰਪੁਰ ਲਾਂਘਾ ਖੁੱਲ੍ਹਣ ਦੀ ਉਮੀਦ 'ਸਿਆਸਤ' ਵਿਚ ਨਾ ਰੋਲ ਦਿਉ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਪਿਛਲੇ ਮਹੀਨੇ ਜਦੋਂ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਖ਼ਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕੀ............

Navjot Singh Sidhu

ਪਿਛਲੇ ਮਹੀਨੇ ਜਦੋਂ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਖ਼ਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕੀ, ਉਸੇ ਦਿਨ ਤੋਂ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਕਰਤਾਰਪੁਰ ਸਾਹਿਬ ਲਈ ਲਾਂਘੇ ਦਾ ਮਸਲਾ ਲਗਾਤਾਰ ਚਰਚਾ ਵਿਚ ਹੈ ਅਤੇ ਇਸ ਉੱਤੇ ਜੰਮ ਕੇ ਰਾਜਨੀਤੀ ਹੋ ਰਹੀ ਹੈ। ਕਰਤਾਰਪੁਰ ਸਾਹਿਬ ਸਿੱਖਾਂ ਲਈ ਬਹੁਤ ਅਹਿਮ ਅਸਥਾਨ ਹੈ ਕਿਉਂਕਿ ਉਥੇ ਬਾਬੇ ਨਾਨਕ ਨੇ ਅਪਣੇ ਜੀਵਨ ਦੇ ਅਖ਼ੀਰਲੇ ਕੁੱਝ ਵਰ੍ਹੇ ਗੁਜ਼ਾਰੇ ਤੇ ਹੱਥੀਂ ਖੇਤੀ ਕਰ ਕੇ 'ਕਿਰਤ ਕਰੋ, ਵੰਡ ਛਕੋ' ਦੇ ਸੰਕਲਪ ਨੂੰ ਜੀਵਿਆ। ਇਹ ਸਥਾਨ ਭਾਰਤੀ ਸਰਹੱਦ ਤੋਂ ਮਹਿਜ਼ ਚਾਰ ਕੁ ਕਿਲੋਮੀਟਰ ਦੂਰ ਹੈ।

ਡੇਰਾ ਬਾਬਾ ਨਾਨਕ ਤੋਂ ਸਿੱਖ ਦੂਰਬੀਨ ਰਾਹੀਂ ਇਸ ਦੇ ਦਰਸ਼ਨ ਕਰਦੇ ਹਨ। ਦੇਸ਼ ਦੀ ਵੰਡ ਵੇਲੇ ਸਿੱਖਾਂ ਦੇ ਕਈ ਧਾਰਮਕ ਅਸਥਾਨ ਪਾਕਿਸਤਾਨ ਵਿਚ ਚਲੇ ਗਏ ਤੇ ਸਿੱਖ ਉਦੋਂ ਤੋਂ ਹੀ ਇਨ੍ਹਾਂ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰਿਆਂ ਨੂੰ ਤਰਸ ਰਹੇ ਹਨ। ਭਾਵੇਂ ਦੁਨੀਆਂ ਭਰ ਤੋਂ ਸਿੱਖ ਜਥੇ ਗੁਰਪੁਰਬਾਂ ਮੌਕੇ ਇਨ੍ਹਾਂ ਧਾਰਮਕ ਸਥਾਨਾਂ ਦੇ ਦਰਸ਼ਨਾਂ ਨੂੰ ਪਾਕਿਸਤਾਨ ਜਾਂਦੇ ਹਨ ਪਰ ਇਨ੍ਹਾਂ ਮੌਕਿਆਂ ਦਾ ਲਾਹਾ ਗਿਣਤੀ ਦੇ ਸ਼ਰਧਾਲੂ ਹੀ ਲੈ ਸਕਦੇ ਹਨ। ਇਹ ਵੀ ਪਤਾ ਲਗਿਆ ਹੈ ਕਿ ਸਿੱਖ ਡੇਰਾ ਬਾਬਾ ਨਾਨਕ ਵਿਖੇ ਮਹੀਨਾਵਾਰ ਅਰਦਾਸ ਕਰ ਕੇ ਸਾਲਾਂ ਤੋਂ ਕਰਤਾਰਪੁਰ ਦੇ ਦਰਸ਼ਨ ਮੰਗ ਰਹੇ ਹਨ। 

ਕਈ ਦਹਾਕੇ ਪਹਿਲਾਂ ਵੀ ਇਸ ਬਾਬਤ ਗੱਲ ਚੱਲੀ ਸੀ, ਪਰ ਭਾਰਤ ਤੇ ਪਾਕਿਸਤਾਨ ਵਿਚਾਲੇ ਲਗਾਤਾਰ ਕਸ਼ੀਦਗੀ ਵਾਲੇ ਸਬੰਧਾਂ ਦੇ ਚਲਦਿਆਂ ਇਹ ਯੋਜਨਾ ਨੇਪਰੇ ਨਾ ਚੜ੍ਹੀ। ਹੁਣ ਜਦੋਂ ਸਮਾਗਮ ਦੌਰਾਨ ਉਨ੍ਹਾਂ ਵਲੋਂ ਪਾਕਿਸਤਾਨ ਦੇ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਨੂੰ ਜੱਫੀ ਪਾਉਣ ਨਾਲ ਜਿਵੇਂ ਭਾਰਤੀ ਸਿਆਸਤ ਵਿਚ ਭੂਚਾਲ ਜਿਹਾ ਆ ਗਿਆ ਹੈ। ਇਸ ਦੌਰਾਨ ਸਿੱਧੂ ਨੇ ਇਹ ਦਸਿਆ ਕਿ ਅਸਲ ਵਿਚ ਖ਼ੁਦ ਕਮਰ ਜਾਵੇਦ ਬਾਜਵਾ ਉਨ੍ਹਾਂ ਦੇ ਕੋਲ ਆਏ ਤੇ ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਦਾ ਲਾਂਘਾ ਖੋਲ੍ਹਣ ਦੀ ਪੇਸ਼ਕਸ਼ ਕੀਤੀ।

ਕਈ ਸਿਆਸੀ ਪਾਰਟੀਆਂ ਖ਼ਾਸ ਕਰ ਕੇ ਅਕਾਲੀ-ਭਾਜਪਾ ਦੇ ਆਗੂ ਸਿੱਧੂ ਨੂੰ ਲਗਾਤਾਰ ਨਿਸ਼ਾਨਾ ਬਣਾਉਂਦੇ ਉਸ ਦੀ ਕਿਰਦਾਰਕੁਸ਼ੀ ਤਕ ਕਰਦੇ ਆਖ ਰਹੇ ਹਨ ਕਿ ''ਉਹ ਇਸ ਮਾਮਲੇ ਵਿਚ ਝੂਠ ਬੋਲ ਰਹੇ ਹਨ।'' ਪਿੱਛੇ ਜਿਹੇ ਇਕ ਮਸ਼ਹੂਰ ਟੀਵੀ ਚੈਨਲ ਨਾਲ ਗੱਲਬਾਤ ਦੌਰਾਨ ਪਾਕਿਸਤਾਨ ਦੇ ਸੂਚਨਾ ਮੰਤਰੀ ਫ਼ਵਾਦ ਚੌਧਰੀ ਨੇ ਮੁੜ ਦੁਹਰਾਇਆ ਕਿ ਪਾਕਿਸਤਾਨ ਇਹ ਲਾਂਘਾ ਖੋਲ੍ਹਣ ਦੀ ਇੱਛਾ ਰਖਦਾ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਅਜੇ ਭਾਰਤ ਨਾਲ ਇਸ ਬਾਰੇ ਕੋਈ ਰਸਮੀ ਗੱਲ ਨਹੀਂ ਚੱਲੀ। ਪਿੱਛੋਂ ਪੰਜਾਬ ਅਸੈਂਬਲੀ ਦੇ ਸਿੱਖ ਮੈਂਬਰ ਰਮੇਸ਼ ਸਿੰਘ ਅਰੋੜਾ ਨੇ ਇਹ ਪ੍ਰਗਟਾਵਾ ਕੀਤਾ

ਕਿ ਪਾਕਿਸਤਾਨੀ ਇੰਤਜ਼ਾਮੀਆ ਇਸ ਮਾਮਲੇ ਉਤੇ ਅੱਗੇ ਵੱਧ ਰਿਹਾ ਹੈ ਤੇ ਲਾਂਘੇ ਦਾ ਜ਼ਮੀਨੀ ਸਰਵੇਖਣ ਕੀਤਾ ਗਿਆ ਹੈ। ਪਾਕਿਸਤਾਨ ਵਿਚਲੇ ਭਾਰਤੀ ਸਫ਼ਾਰਤਖਾਨੇ ਦੇ ਅਹਿਲਕਾਰਾਂ ਨੇ ਵੀ ਕਰਤਾਰਪੁਰ ਜਾ ਕੇ ਜਾਇਜ਼ਾ ਲਿਆ। ਪਿਛਲੇ ਦਿਨੀਂ ਜਦੋਂ ਨਵਜੋਤ ਸਿੰਘ ਸਿੱਧੂ ਨੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕਰ ਕੇ ਇਸ ਮਾਮਲੇ ਵਿਚ ਪਾਕਿਸਤਾਨ ਨਾਲ ਗੱਲ ਚਲਾਉਣ ਦੀ ਪੇਸ਼ਕਸ਼ ਕੀਤੀ ਤਾਂ ਇਸ ਮਾਮਲੇ ਉਤੇ ਸੱਭ ਤੋਂ ਤਿੱਖੀ ਪ੍ਰਤੀਕਿਰਿਆ ਕੇਂਦਰ ਵਿਚ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕੀਤੀ।

ਉਨ੍ਹਾਂ ਤਾਂ ਅਜਿਹੇ ਇੰਕਸਾਫ਼ ਵੀ ਕਰ ਦਿਤੇ ਕਿ ''ਸਿੱਧੂ ਨੂੰ ਵਿਦੇਸ਼ ਮੰਤਰੀ ਨੇ ਅਪਣੇ ਦਫ਼ਤਰ ਵਿਚ ਕਾਫ਼ੀ 'ਝਾੜਿਆ'।'' ਬੀਬੀ ਬਾਦਲ ਨੇ ਵਿਦੇਸ਼ ਮੰਤਰੀ ਦੀ ਇਕ ਚਿੱਠੀ ਵੀ ਨਸ਼ਰ ਕੀਤੀ ਤੇ ਦਾਅਵਾ ਕੀਤਾ ਕਿ ਵਿਦੇਸ਼ ਮੰਤਰੀ ਨੇ ਉਨ੍ਹਾਂ ਨੂੰ ਦਸਿਆ ਹੈ ਕਿ ''ਪਾਕਿਸਤਾਨ ਵਲੋਂ ਇਸ ਸਬੰਧੀ ਕੋਈ ਰਸਮੀ ਚਿੱਠੀ ਪੱਤਰ ਨਹੀਂ ਆਇਆ। ਇਸੇ ਦੌਰਾਨ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਵੀ ਕਿਹਾ ਹੈ ਕਿ ਅਜੇ ਪਾਕਿਸਤਾਨ ਨੇ ਭਾਰਤ ਤਾਈਂ ਇਸ ਬਾਬਤ ਕੋਈ ਰਸਮੀ ਪਹੁੰਚ ਨਹੀਂ ਕੀਤੀ ਹੈ।'' ਜਾਪਦਾ ਹੈ ਇਸ ਬਹੁਤ ਹੀ ਮਹੱਤਵਪੂਰਨ ਮੁੱਦੇ ਉਤੇ ਬਹੁਤ ਹੀ ਹੇਠਲੇ ਪੱਧਰ ਦੀ ਸਿਆਸਤ ਕੀਤੀ ਜਾ ਰਹੀ ਹੈ।

ਸਮਝਿਆ ਜਾ ਸਕਦਾ ਹੈ ਕਿ ਇਹ ਸਾਰਾ ਵਾਕ ਯੁਧ ਕ੍ਰੈਡਿਟ ਲੈਣ ਲਈ ਹੋ ਰਿਹਾ ਹੈ। ਜਿਥੋਂ ਤਕ ਨਵਜੋਤ ਸਿੰਘ ਸਿੱਧੂ ਦਾ ਸਬੰਧ ਹੈ, ਉਹ ਕਈ ਵਾਰ ਇਸ ਮਾਮਲੇ ਵਿਚ ਖੁੱਲ੍ਹ ਕੇ ਸਾਹਮਣੇ ਆਏ ਹਨ। ਪੂਰੇ ਘਟਨਾਕ੍ਰਮ ਨੂੰ ਉਨ੍ਹਾਂ ਵਾਰ-ਵਾਰ ਦੁਹਰਾਇਆ ਹੈ। ਉਨ੍ਹਾਂ ਵੀ ਹਮੇਸ਼ਾ ਇਹੀ ਕਿਹਾ ਹੈ ਕਿ ਕਮਰ ਜਾਵੇਦ ਬਾਜਵਾ ਨੇ ਉਨ੍ਹਾਂ ਕੋਲ ਇਹ ਪੇਸ਼ਕਸ਼ ਰਖੀ ਸੀ। ਸਿੱਧੂ ਦਾ ਵਿਰੋਧ ਕਰਨ ਵਾਲੇ ਇਸ ਨੂੰ ਝੂਠੀ ਤੇ ਮਨਘੜਤ ਕਹਾਣੀ ਦਸਦੇ ਰਹੇ। ਪਰ ਸਿੱਧੂ ਦੀ ਇਸੇ ਗੱਲ ਦੀ ਪੁਸ਼ਟੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਫਵਾਦ ਚੌਧਰੀ ਕਰ ਚੁੱਕੇ ਹਨ।

ਨਾ ਤਾਂ ਕਦੇ ਸਿੱਧੂ ਨੇ ਇਹ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਨੇ ਇਸ ਬਾਬਤ ਕੋਈ ਪੱਤਰ ਭਾਰਤ ਸਰਕਾਰ ਨੂੰ ਲਿਖਿਆ ਹੈ, ਨਾ ਪਾਕਿਸਤਾਨ ਦੀ ਸਰਕਾਰ ਨੇ ਅਜਿਹਾ ਕਿਹਾ ਹੈ। ਫਿਰ ਝੂਠ ਬੋਲਣ ਵਾਲੀ ਗੱਲ ਕਿਥੋਂ ਆਈ? ਇਹ ਗੱਲ ਯਕੀਨੀ ਹੈ ਕਿ ਜੇਕਰ ਇਹ ਯੋਜਨਾ ਸਿਰੇ ਚੜ੍ਹ ਜਾਂਦੀ ਹੈ ਤੇ ਸਿੱਖਾਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਵਿਚਲੇ ਗੁਰਧਾਮਾਂ ਦੇ ਦਰਸ਼ਨ ਕਰਨ ਦਾ ਲਾਂਘਾ ਮਿਲ ਜਾਂਦਾ ਹੈ ਤਾਂ ਸਿੱਖ ਬਿਨਾ ਵੀਜ਼ਾ ਉਥੇ ਜਾ ਕੇ ਅਪਣੀ ਅਕੀਦਤ ਭੇਂਟ ਕਰ ਸਕਦੇ ਹਨ। ਇਸ ਨਾਲ ਨਵਜੋਤ ਸਿੰਘ ਸਿੱਧੂ ਨੂੰ ਸਿੱਖਾਂ ਦਾ ਸਹਿਯੋਗ ਤੇ ਸਮਰਥਨ ਮਿਲੇਗਾ।

ਪਰ ਅਗਲੀ ਗੱਲ ਸਮਝਣ ਵਾਲੀ ਹੈ ਕਿ ਇਸ ਯੋਜਨਾ ਨੇ ਸਿੱੱਧੂ ਦੇ ਆਖੇ ਸਿਰੇ ਨਹੀਂ ਚੜ੍ਹ ਜਾਣਾ। ਇਸ ਸਬੰਧੀ ਫ਼ੈਸਲਾ ਜਾਂ ਸਮਝੌਤਾ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਕਰਨਾ ਹੈ। ਸਿੱਧੂ ਦੀ ਭੂਮਿਕ ਓਨੀ ਕੁ ਸੀ ਜਿੰਨੀ ਨਿਭ ਗਈ। ਉਸ ਦੀ ਨਿਜੀ ਪਾਕਿਸਤਾਨ ਯਾਤਰਾ ਦੇ ਬਹਾਨੇ ਹੀ ਸਹੀ, ਇਹ ਮਾਮਲਾ ਇਕ ਵਾਰ ਫ਼ਿਰ ਚਰਚਾ ਦਾ ਕੇਂਦਰ ਬਣਿਆ ਹੈ। ਇਸ ਲਈ ਚਾਹੀਦਾ ਤਾਂ ਇਹ ਸੀ ਕਿ ਸਿੱਖਾਂ ਦੀ ਨੁਮਾਇੰਦਾ ਜਮਾਤ ਹੋਣ ਦਾ ਦਾਅਵਾ ਕਰਦਿਆਂ ਪੰਥ ਦੇ ਨਾਂ ਤੇ ਸਿਆਸਤ ਕਰਨ ਵਾਲਾ ਅਕਾਲੀ ਦਲ ਬਾਦਲ ਇਸ ਬਾਬਤ 'ਵਿਰੋਧਤਾ ਵਾਲੀ ਸਿਆਸਤ' ਦੀ ਥਾਂ ਸਕਾਰਾਤਮਕ ਰਵਈਆ ਅਖ਼ਤਿਆਰ ਕਰਦਾ।

ਅਕਾਲੀ ਦਲ ਦੇ ਆਗੂ ਕੇਂਦਰ ਵਿਚ ਅਪਣੀ ਭਾਈਵਾਲੀ ਦਾ ਫ਼ਾਇਦਾ ਉਠਾ ਕੇ ਇਸ ਗੱਲ ਨੂੰ ਅੱਗੇ ਤੋਰਦੇ, ਬੀਬੀ ਬਾਦਲ ਇਸ ਬਾਬਤ ਅਪਣੀ ਸਰਕਾਰ ਦੇ ਮੁਖੀ ਨਰਿੰਦਰ ਮੋਦੀ ਨੂੰ ਇਸ ਸਬੰਧੀ ਅੱਗੇ ਕਦਮ ਵਧਾਉਣ ਬਾਰੇ ਪ੍ਰੇਰਦੀ ਪਰ ਉਹ ਤਾਂ ਇਸ ਦੇ ਅਸਲੋਂ ਵਿਰੋਧ ਵਿਚ ਜਾ ਖੜੇ ਹੋਏ ਹਨ। ਇਹ ਵਿਰੋਧ ਜਿਥੇ ਇਸ ਮਾਮਲੇ ਨੂੰ ਸਿਆਸੀ ਰੋਲ ਘਚੋਲੇ ਵਿਚ ਰੋਲ ਰਿਹਾ ਹੈ, ਉਥੇ ਪਹਿਲਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਉਤੇ ਕਸੂਤੀ ਸਥਿਤੀ ਵਿਚ ਫਸਿਆ ਅਕਾਲੀ ਦਲ ਬਾਦਲ, ਹੋਰ ਵਿਰੋਧਤਾ ਸਹੇੜਦਾ ਨਜ਼ਰ ਆ ਰਿਹਾ ਹੈ।

ਮਾਮਲੇ ਬਾਰੇ ਟਿੱਪਣੀਕਾਰ ਇਹ ਵੀ ਕਹਿੰਦੇ ਹਨ ਕਿ ਇਸ ਲਾਂਘੇ ਦਾ ਫ਼ਾਇਦਾ ਭਾਰਤੀ ਸਿੱਖਾਂ ਨੂੰ ਹੋਣਾ ਹੈ, ਚਿਰਾਂ ਤੋਂ ਉਹੀ ਇਹ ਖ਼ਾਹਿਸ਼ ਪਾਲਦੇ, ਜੋਦੜੀਆਂ ਕਰ ਰਹੇ ਹਨ। ਇਸ ਲਈ ਪਾਕਿਸਤਾਨ ਵਲੋਂ ਦਿਤੇ ਅਜਿਹੇ ਕਿਸੇ ਵੀ ਸੰਕੇਤ ਦਾ ਗਰਮਜੋਸ਼ੀ ਨਾਲ ਸਵਾਗਤ ਕਰਦਿਆਂ ਭਾਰਤ ਸਰਕਾਰ ਨੂੰ ਇਸ ਮਾਮਲੇ ਵਿਚ ਦਿਲਸਚਪੀ ਲੈ ਕੇ ਇਸ ਨੂੰ ਅੱਗੇ ਵਧਾਉਣ ਦੀ ਪਹਿਲ ਕਰ ਲੈਣੀ ਚਾਹੀਦੀ ਸੀ ਪਰ ਬਦਕਿਸਮਤੀ ਨਾਲ ਅਜਿਹਾ ਨਹੀਂ ਹੋ ਸਕਿਆ। ਅਜੇ ਵੀ ਵਕਤ ਹੈ ਕਿ ਆਪਣੇ ਮੁਕੱਦਸ ਗੁਰਧਾਮਾਂ ਦੇ ਦਰਸ਼ਨਾਂ ਲਈ ਤੜਫ਼ਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਉਨ੍ਹਾਂ ਦੇ ਅਪਣੇ ਆਗੂ ਤੇ ਭਾਰਤ ਸਰਕਾਰ ਵੀ ਸਮਝਣ ਤੇ ਉਮੀਦ ਦੇ ਇਸ ਖਿੜੇ ਫੁੱਲ ਨੂੰ ਮੁਰਝਾਉਣ ਤੋਂ ਪਹਿਲਾਂ ਸਾਂਭ ਲੈਣ। 

ਸੰਪਰਕ : 94173-33316