ਅੱਜ ਪੰਜਾਬ ਦਿਵਸ 'ਤੇ ਵਿਸ਼ੇਸ਼- ਮੇਰਾ ਰੰਗਲਾ ਪੰਜਾਬ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

'ਰਿਗ-ਵੇਦ' ਅਨੁਸਾਰ ਸੱਤ ਦਰਿਆਵਾਂ (ਸਤਲੁਜ, ਬਿਆਸ, ਰਾਵੀ, ਚਨਾਬ, ਜੇਹਲਮ, ਸਰਸਵਤੀ ਤੇ ਸਿੰਧੂ) ਦੀ ਹਿੱਕ ਤੇ ਉਕਰਿਆ ਨਾਮ 'ਸਪਤ ਸਿੰਧੂ' ਪੰਜਾਬ ਦਾ ਮੁਢਲਾ ਨਾਂ ਹੈ।

Rangla Punjab

'ਰਿਗ-ਵੇਦ' ਅਨੁਸਾਰ ਸੱਤ ਦਰਿਆਵਾਂ (ਸਤਲੁਜ, ਬਿਆਸ, ਰਾਵੀ, ਚਨਾਬ, ਜੇਹਲਮ, ਸਰਸਵਤੀ ਤੇ ਸਿੰਧੂ) ਦੀ ਹਿੱਕ ਤੇ ਉਕਰਿਆ ਨਾਮ 'ਸਪਤ ਸਿੰਧੂ' ਪੰਜਾਬ ਦਾ ਮੁਢਲਾ ਨਾਂ ਹੈ। ਮਹਾਂਭਾਰਤ ਤੇ ਪੁਰਾਣਾਂ ਵਿਚ ਪੰਜਾਬ ਨੂੰ 'ਪੰਚਨਦਾ' ਭਾਵ ਪੰਜ ਦਰਿਆਵਾਂ (ਸਤਲੁਜ, ਬਿਆਸ, ਰਾਵੀ, ਝੁਨਾਬ ਤੇ ਜੇਹਲਮ) ਦੀ ਧਰਤੀ ਕਹਿਣ ਦਾ ਜ਼ਿਕਰ ਵੀ ਮਿਲਦਾ ਹੈ। ਗੁਰੂਆਂ, ਪੀਰਾਂ ਤੇ ਫ਼ਕੀਰਾਂ ਦੀ ਧਰਤੀ ਪੰਜਾਬ ਨੂੰ ਮੁਗ਼ਲਾਂ ਦੇ ਰਾਜ ਸਮੇਂ 'ਸੂਬਾ-ਏ-ਲਾਹੌਰ' ਵੀ ਕਿਹਾ ਜਾਂਦਾ ਸੀ।

ਪਰ 'ਪੰਜ+ਆਬ' ਭਾਵ ਪੰਜ ਦਰਿਆਵਾਂ ਦੀ  ਧਰਤੀ, ਪੰਜਾਬ ਦਾ ਅਸਲ ਚਿਹਰਾ ਮੁਗ਼ਲਾਂ ਦੇ ਪਤਨ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਸਿੱਖ ਹਕੂਮਤ ਵੇਲੇ ਤੋਂ ਸਪੱਸ਼ਟ ਨਜ਼ਰ ਆਉਂਦਾ ਹੈ। ਮਹਾਰਾਜਾ ਨੇ ਅਪਣੀ ਸ੍ਰੇਸ਼ਠ ਬੁਧੀ ਸਦਕਾ ਸਿੱਖ ਰਾਜ ਦਾ ਝੰਡਾ ਬੁਲੰਦ ਕਰਦਿਆਂ ਪੰਜਾਬ ਨੂੰ ਧਰੂ ਤਾਰੇ ਵਾਂਗ ਪੂਰੀ ਦੁਨੀਆਂ ਵਿਚ ਚਮਕਣ ਲਗਾ ਦਿਤਾ ਸੀ। ਬੰਨੂੰ ਕੋਹਾਟ, ਜੰਮੂ ਸਟੇਟ, ਸਾਰਾ ਕਸ਼ਮੀਰ ਤੇ ਪੂਰਬ ਵਿਚ ਸਤਲੁਜ ਦੀ ਹੱਦ ਤਕ ਸਿੱਖ ਰਾਜ ਖੜਾ ਕਰ ਦਿਤਾ ਸੀ।

ਮਹਾਰਾਜੇ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ਉਪਰ ਕਬਜ਼ਾ ਕਰ ਕੇ ਬਾਕੀ ਭਾਰਤ ਵਾਂਗ ਅੰਗਰੇਜ਼ੀ ਰਾਜ ਦਾ ਹਿੱਸਾ ਬਣਾ ਲਿਆ। ਅਪਣੇ ਕਬਜ਼ੇ ਨੂੰ ਪਰਪੱਕ ਕਰਨ ਲਈ ਅੰਗਰੇਜ਼ ਹਕੂਮਤ ਨੇ ਸੰਨ 1911 ਵਿਚ 'ਦਿੱਲੀ' ਨੂੰ ਪੰਜਾਬ ਤੋਂ ਵੱਖ ਕਰ ਦਿਤਾ। ਜੇਕਰ 1911 ਤੋਂ ਪਹਿਲਾਂ ਵਾਲੇ ਪੰਜਾਬ (ਮਹਾਰਾਜਾ ਰਣਜੀਤ ਸਿੰਘ ਦੇ ਪੰਜਾਬ) ਦੀ ਸਥਿਤੀ ਕਾਇਮ ਰਹਿ ਜਾਂਦੀ ਤਾਂ ਅੱਜ 'ਪੰਜਾਬ' ਕੈਲੀਫ਼ੋਰਨੀਆ ਤੋਂ ਵੀ ਕੋਹਾਂ ਮੀਲ ਅੱਗੇ ਹੁੰਦਾ।

1947 ਦੀ ਵੰਡ ਤੋਂ ਪਹਿਲਾਂ ਪੰਜਾਬ ਦੀਆਂ ਪੰਜ ਡਵੀਜ਼ਨਾਂ ਅੰਬਾਲਾ, ਜਲੰਧਰ, ਲਾਹੌਰ, ਰਾਵਲਪਿੰਡੀ ਤੇ ਮੁਲਤਾਨ ਸਨ। ਅੰਬਾਲਾ ਡਵੀਜ਼ਨ ਅਧੀਨ 6 ਜ਼ਿਲ੍ਹੇ (ਗੁੜਗਾਉਂ, ਰੋਹਤਕ, ਕਰਨਾਲ, ਹਿਸਾਰ, ਅੰਬਾਲਾ ਤੇ ਸ਼ਿਮਲਾ) ਸਨ। ਜਲੰਧਰ ਡਵੀਜ਼ਨ ਅਧੀਨ 5 ਜ਼ਿਲ੍ਹੇ (ਕਾਂਗੜਾ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ ਤੇ ਫ਼ਿਰੋਜ਼ਪੁਰ) ਸਨ। ਲਾਹੌਰ ਡਵੀਜ਼ਨ ਅਧੀਨ 6 ਜ਼ਿਲ੍ਹੇ (ਗੁਜਰਾਂਵਾਲਾ, ਸ਼ੇਖੂਪੁਰਾ, ਸ਼ਿਆਲਕੋਟ, ਗੁਰਦਾਸਪੁਰ, ਅੰਮ੍ਰਿਤਸਰ ਤੇ ਲਾਹੌਰ) ਸਨ। ਰਾਵਲਪਿੰਡੀ ਡਵੀਜ਼ਨ ਅਧੀਨ 6 ਜ਼ਿਲ੍ਹੇ (ਗੁਜਰਾਤ, ਜੇਹਲਮ, ਰਾਵਲਪਿੰਡੀ, ਅਟਕ, ਮੀਆਂਵਾਲੀ ਤੇ ਸ਼ਾਹਪੁਰ) ਸਨ। ਮੁਲਤਾਨ ਡਵੀਜ਼ਨ ਅਧੀਨ 6 ਜ਼ਿਲ੍ਹੇ (ਮਿਟਗੁਮਰੀ, ਲਾਇਲਪੁਰ, ਝੰਗ, ਮੁਲਤਾਨ, ਮੁਜ਼ੱਫ਼ਰਗੜ੍ਹ ਤੇ ਡੇਰਾ ਗ਼ਾਜ਼ੀ ਖ਼ਾਨ) ਸਨ।

1947 ਦੀ ਭਾਰਤ-ਪਾਕਿ ਵੰਡ ਵੇਲੇ ਅੰਗਰੇਜ਼ ਹਕੁਮਤ ਨੇ ਜਾਂਦਿਆਂ ਤੇ ਨਹਿਰੂ-ਜਿਨਾਹ ਹੈਂਕੜਬਾਜ਼ਾਂ ਨੇ ਹਕੂਮਤ ਦੀ ਲਾਲਸਾ ਵਸ, ਮਹਾਨ ਭਾਰਤ ਨੂੰ ਭਾਰਤ-ਪਾਕਿ ਵਿਚ ਵੰਡ ਦਿਤਾ। ਧਰਮ ਦੇ ਨਾਂ ਉਪਰ ਮਨੁੱਖਤਾ ਦਾ ਵਿਨਾਸ਼ ਹੋਇਆ। ਡੇਢ ਲੱਖ ਦੇ ਕਰੀਬ ਮਹਾਨ ਭਾਰਤ ਦੇ ਵਸ਼ਿੰਦੇ ਮਾਰੇ ਗਏ। ਹਜ਼ਾਰਾਂ ਔਰਤਾਂ ਨਾਲ ਬਲਾਤਕਾਰ ਹੋਇਆ ਤੇ ਕਾਫ਼ੀ ਔਰਤਾਂ ਨੂੰ ਜਬਰੀ ਰਖ਼ੇਲਾਂ ਬਣਾ ਲਿਆ ਗਿਆ।

ਹਜ਼ਾਰਾਂ ਬੱਚੇ ਅਨਾਥ ਹੋ ਗਏ। ਜਾਇਦਾਦ ਤੇ ਧਨ ਲੁਟਿਆ ਗਿਆ। ਇਸ ਵੰਡ ਵਿਚ ਸੱਭ ਤੋਂ ਵੱਧ ਨੁਕਸਾਨ ਪੰਜਾਬ ਨੂੰ ਹੋਇਆ। ਮਰਨ ਵਾਲੇ ਲੋਕ/ ਬਲਾਤਕਾਰ ਦੀਆਂ ਸ਼ਿਕਾਰ ਔਰਤਾਂ ਤੇ ਮਾਪਿਆਂ ਵਿਹੂਣੇ ਬੱਚੇ/ਲੁੱਟੀ ਗਈ ਜਾਇਦਾਦ, ਵਖੋ-ਵਖਰੇ ਸਰਵੇਖਣਾਂ ਅਨੁਸਾਰ 80 ਫ਼ੀ ਸਦੀ ਪੰਜਾਬੀਆਂ ਦੀ ਹੀ ਸੀ। ਸਿੱਖ-ਮੁਸਲਮ ਵਿਨਾਸ਼ ਨੇ ਧਰਮ ਨੂੰ ਕਲੰਕਤ ਕਰ ਦਿਤਾ। ਇਸ ਵੰਡ ਵਿਚ ਪੰਜਾਬ, ਚੜ੍ਹਦਾ ਪੰਜਾਬ (ਭਾਰਤੀ ਪੰਜਾਬ) 32 ਫ਼ੀ ਸਦੀ ਰਕਬੇ ਨਾਲ ਤੇ ਲਹਿੰਦਾ ਪੰਜਾਬ (ਪਾਕਿਸਤਾਨੀ ਪੰਜਾਬ) 68 ਫ਼ੀ ਸਦੀ ਰਕਬੇ ਨਾਲ ਦੋ ਹਿੱਸਿਆਂ ਵਿਚ ਵੰਡਿਆ ਗਿਆ।

ਚੜ੍ਹਦੇ ਪੰਜਾਬ ਹਿੱਸੇ 13 ਜ਼ਿਲ੍ਹੇ (ਅੰਬਾਲਾ ਤੇ ਜਲੰਧਰ ਡਵੀਜ਼ਨ ਦੇ ਸਾਰੇ ਜ਼ਿਲ੍ਹੇ ਤੇ ਲਾਹੌਰ ਡਵੀਜ਼ਨ ਦਾ ਅੰਮ੍ਰਿਤਸਰ ਜ਼ਿਲ੍ਹਾ, ਗੁਰਦਾਸਪੁਰ ਜ਼ਿਲ੍ਹੇ) ਦੀਆਂ ਤਿੰਨ ਤਹਿਸੀਲਾਂ ਤੇ ਕੁੱਝ ਹਿੱਸਾ ਲਾਹੌਰ ਜ਼ਿਲ੍ਹੇ ਦਾ ਆਇਆ। 15 ਜੁਲਾਈ, 1948 ਨੂੰ ਪੰਜਾਬ ਦੀਆਂ ਅੱਠ ਰਿਆਸਤਾਂ ਪਟਿਆਲਾ, ਜੀਂਦ, ਨਾਭਾ, ਫ਼ਰੀਦਕੋਟ, ਕਪੁਰਥਲਾ, ਕਲਸੀਆਂ, ਮਲੇਰਕੋਟਲਾ ਤੇ ਨਾਲਾਗੜ੍ਹ ਨੇ ਮਿਲ ਕੇ ਇਕ ਨਵੀ ਸਟੇਟ ਪੈਪਸੂ ਦਾ ਗਠਨ ਕੀਤਾ। 1956 ਵਿਚ ਪੈਪਸੂ ਦਾ ਪੂਰਾ ਰਕਬਾ ਪੰਜਾਬ ਵਿਚ ਸ਼ਾਮਲ ਕਰ ਲਿਆ ਗਿਆ। ਮੌਜੂਦਾ ਪੰਜਾਬ 1 ਨਵੰਬਰ, 1966 ਨੂੰ ਹੋਂਦ ਵਿਚ ਆਇਆ।

ਨਵਾਂ ਪੰਜਾਬ ਸਾਰੇ ਦੇਸ਼ ਨੂੰ ਇਕ-ਭਾਸ਼ਾਈ ਰਾਜਾਂ ਦਾ ਸਮੂਹ ਬਣਾਉਣ ਦੀ ਨੀਤੀ ਵਜੋਂ ਹੋਂਦ ਵਿਚ ਆਇਆ। ਇਹ ਨੀਤੀ ਕਾਂਗਰਸ ਨੇ 1930 ਵਿਚ ਹੀ ਪ੍ਰਵਾਨ ਕਰ ਕੇ ਦੇਸ਼ ਲਈ ਆਜ਼ਾਦੀ ਮੰਗੀ ਸੀ। ਇਕ ਭਾਸ਼ਾਈ ਪੰਜਾਬ 1966 ਵਿਚ ਬਣ ਤਾਂ ਗਿਆ ਪਰ ਇਸ ਦੇ ਨਾਲਾਇਕ ਪੁੱਤਰਾਂ (ਹਾਕਮਾਂ) ਸਦਕਾ, ਇਥੇ ਪੰਜਾਬੀ ਨੂੰ ਉਹ ਰੁਤਬਾ ਅਜੇ ਤਕ ਨਹੀਂ ਮਿਲ ਸਕਿਆ ਜੋ ਦੂਜੇ ਇਕ ਭਾਸ਼ਾਈ ਰਾਜਾਂ ਵਿਚ ਉਨ੍ਹਾਂ ਦੀਆਂ ਰਾਜ-ਭਾਸ਼ਾਵਾਂ ਨੂੰ ਮਿਲਿਆ ਹੋਇਆ ਹੈ। ਉਸ ਵੇਲੇ ਪੰਜਾਬ ਦੀਆਂ 2 ਡਵੀਜ਼ਨਾਂ ਤੇ 11 ਜ਼ਿਲ੍ਹੇ ਸਨ। ਅੱਜ ਪੰਜਾਬ ਦੀਆਂ 5 ਡਵੀਜ਼ਨਾਂ ਤੇ 22 ਜ਼ਿਲ੍ਹੇ ਹਨ।

ਮੌਜੂਦਾ ਘੱਟੋ-ਘੱਟ ਤਾਪਮਾਨ 4 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਹੈ। ਸਾਰੇ ਸ਼ਹਿਰ ਤੇ ਪਿੰਡ ਬਿਜਲੀ ਸਪਲਾਈ ਨਾਲ ਜੁੜ ਚੁੱਕੇ ਹਨ ਤੇ ਕੋਈ ਵੀ ਧਰਮ-ਅਸਥਾਨ ਜਾਂ ਘਰ ਅਜਿਹਾ ਨਹੀਂ ਜੋ ਸੰਘਣੀ ਅਬਾਦੀ ਤੋਂ ਕਈ ਮੀਲ ਦੂਰ ਹੋਣ ਦੇ ਬਾਵਜੂਦ ਬਿਜਲੀ ਸਪਲਾਈ ਤੋਂ ਸਖਣਾ ਹੋਵੇ। ਪੰਜਾਬ ਦਾ 92 ਫ਼ੀ ਸਦੀ ਰਕਬਾ ਸਿੰਚਾਈ ਯੋਗ ਹੈ। ਇੱਥੇ ਦੇਸ਼ ਦੀ 22 ਫ਼ੀ ਸਦੀ ਕਣਕ ਪੈਦਾ ਕੀਤੀ ਜਾਂਦੀ ਹੈ। ਚੌਲ, ਮੱਕੀ, ਸਰ੍ਹੋਂ, ਕਪਾਹ, ਛੋਲੇ ਪੈਦਾ ਕਰਨ ਵਾਲਾ ਪੰਜਾਬ, ਸੰਗੀਤ ਦੀ ਦੁਨੀਆਂ ਵਿਚ ਵੀ ਅਪਣਾ ਤਹਿਲਕਾ ਮਚਾ ਚੁੱਕਾ ਹੈ। ਮੇਲੇ, ਗਿੱਧੇ ਤੇ ਭੰਗੜੇ ਇਸ ਦੀ ਜਾਨ ਹਨ।

ਅੱਜ ਦਾ ਪੰਜਾਬ, ਉਸ ਪੰਜਾਬ ਤੋਂ ਕੋਹਾਂ ਮੀਲ ਪਿੱਛੇ ਰਹਿ ਗਿਆ ਹੈ। ਇਸ ਤੋਂ ਟੁੱਟ ਕੇ ਹੋਂਦ ਵਿਚ ਆਏ ਰਾਜ ਕਾਫ਼ੀ ਅੱਗੇ ਨਿਕਲ ਚੁਕੇ ਹਨ। ਪੰਜਾਬ ਦੇ ਹੁਕਮਰਾਨਾਂ ਨੇ ਅੱਜ ਦੇ ਪੰਜਾਬ ਨੂੰ ਲੁੱਟ ਲਿਆ ਹੈ। ਅੱਜ ਪੰਜਾਬ ਦੇ ਖ਼ਜ਼ਾਨੇ ਖ਼ਾਲੀ ਹਨ। ਮਜ਼ਦੂਰ ਵਿਲਕ ਰਹੇ ਹਨ, ਭਾਰਤ ਭਰ ਵਿਚ ਸੱਭ ਤੋਂ ਘੱਟ ਮਜ਼ਦੂਰੀ ਉਨ੍ਹਾਂ ਦਾ ਮੂੰਹ ਚਿੜਾ ਰਹੀ ਹੈ। ਧੀਆਂ ਭੈਣਾਂ ਦੀ ਰਖਿਆ ਲਈ ਜਾਣੇ ਜਾਂਦੇ ਪੰਜਾਬ ਵਿਚ ਅੱਜ ਔਰਤਾਂ ਸੁਰੱਖਿਅਤ ਨਹੀਂ ਹਨ। ਲੀਡਰ ਭ੍ਰਿਸ਼ਟ, ਗੰਦੇ, ਬਾਬਾਵਾਦ ਨੂੰ ਬੜ੍ਹਾਵਾ ਦੇਣ ਵਾਲੇ, ਲੋਕਾਂ ਨੂੰ ਆਪਸ ਵਿਚ ਲੜਾਉਣ ਵਾਲੇ ਤੇ ਲੁਟੇਰੇ ਸਾਬਤ ਹੋ ਰਹੇ ਹਨ।

ਕਈ ਰਾਜਿਆਂ, ਰਾਜਾਂ ਨੂੰ ਜਨਮ ਦੇਣ ਵਾਲਾ 'ਸੋਹਣਾ ਪੰਜਾਬ' ਅਪਣੀ ਰਾਜਧਾਨੀ ਤੇ ਹਾਈਕੋਰਟ ਤੋਂ ਸੱਖਣਾ ਹੈ। ਇਸ ਕੋਲ ਅਜਿਹੀ ਕੋਈ ਵੀ ਨਾਮਵਰ ਯੂਨੀਵਰਸਟੀ ਜਾਂ ਸੰਸਥਾ ਨਹੀਂ ਜਿਸ ਦਾ ਨਾਂ ਅੰਤਰਰਾਸ਼ਰਟੀ ਪੱਧਰ ਉਤੇ ਚਲਦਾ ਹੋਵੇ। ਗੰਦੀ ਰਾਜਨੀਤੀ, ਮਾੜਾ ਵਿਦਿਅਕ ਮਿਆਰ, ਘਟੀਆ ਸਿਹਤ ਸਹੂਲਤਾਂ, ਨਸ਼ੇ, ਬੇਰੁਜ਼ਗਾਰੀ, ਖ਼ੁਦਕੁਸ਼ੀਆਂ, ਲਚਰ ਸੰਗੀਤ ਆਦਿ ਸਮੱਸਿਆਵਾਂ ਨਾਲ ਅੱਜ ਇਹ 'ਰੰਗਲਾ ਪੰਜਾਬ' ਜ਼ਰਜਰਾ ਹੋ ਗਿਆ ਹੈ।

ਸੰਪਰਕ : 96466-23840, ਇੰਜ ਮਲਕੀਤ ਸਿੰਘ