1984 ਸਿੱਖ ਨਸਲਕੁਸ਼ੀ : “ਸਰਦਾਰੋਂ ਕਾ ਏਕ ਭੀ ਬੱਚਾ ਬਚਨਾ ਨਹੀਂ ਚਾਹੀਏ’’

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸਿੱਖਾਂ ਨੂੰ ਇਨਸਾਫ਼ ਕਿਉਂ ਨਹੀਂ ਮਿਲਿਆ? ਕੀ ਸਿੱਖ ਦੇਸ਼ ਦੇ ਨਾਗਰਿਕ ਨਹੀਂ? 

Pappi Kaur

 

ਚਰਨਜੀਤ ਸਿੰਘ ਸੁਰਖ਼ਾਬ -  “ਸਰਦਾਰੋਂ ਕਾ ਏਕ ਭੀ ਬੱਚਾ ਬਚਨਾ ਨਹੀਂ ਚਾਹੀਏ, ਘਰੋਂ ਮੇਂ ਆਗ ਲਗਾ ਦੋ, ਕਿਸੀ ਬਹਿਨ-ਬੇਟੀ ਕੋ ਭੀ ਨਹੀਂ ਛੋੜਨਾ, ਮਾਰ ਦੋ ਇਨਕੋ।’’ 1984 ਦੀ ਪੀੜਤ ਪੱਪੀ ਕੌਰ ਵਲੋਂ ਦੱਸੇ ਗਏ ਇਹ ਸ਼ਬਦ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਵਾਪਰੇ ਕਤਲੇਆਮ ਦੀ ਅਸਲ ਮਨਸ਼ਾ ਨੂੰ ਦਰਸਾਉਂਦੇ ਹਨ। 

ਤਿਲਕ ਵਿਹਾਰ ਦੀ ਵਿਧਵਾ ਕਾਲੋਨੀ ਵਿਚ ਕਤਲੇਆਮ ਦੀਆਂ ਬਾਕੀ ਪੀੜਤਾਂ ਨਾਲ ਰਹਿ ਰਹੀ ਪੱਪੀ ਕੌਰ 38 ਸਾਲਾਂ ਤੋਂ ਕੱੁਝ ਸਵਾਲਾਂ ਦੇ ਜਵਾਬ ਲੱਭਣ ’ਚ ਲੱਗੀ ਹੋਈ ਹੈ। ਸਵਾਲ ਇਹ ਹੈ ਕਿ ਇੰਦਰਾ ਦੇ ਕਤਲ ਤੋਂ ਬਾਅਦ ਹਜ਼ਾਰਾਂ ਸਿੱਖਾਂ ਨੂੰ ਕਿਉਂ ਮਾਰਿਆ ਗਿਆ? ਸਿੱਖਾਂ ਦਾ ਕੀ ਕਸੂਰ ਸੀ? ਜਿਨ੍ਹਾਂ ਨੇ ਇੰਦਰਾ ਨੂੰ ਮਾਰਿਆ, ਉਨ੍ਹਾਂ ਨੂੰ ਸਜ਼ਾ ਮਿਲ ਗਈ ਤਾਂ ਦੇਸ਼ ਦੇ ਬਾਕੀ ਸਿੱਖਾਂ ਨੂੰ ਕਿਉਂ ਟਾਇਰ ਪਾ ਕੇ, ਤੇਲ ਪਾ ਕੇ, ਅੱਗ ਲਾ ਕੇ ਸਾੜਿਆ ਗਿਆ? ਸਿੱਖਾਂ ਨੂੰ ਇਨਸਾਫ਼ ਕਿਉਂ ਨਹੀਂ ਮਿਲਿਆ? ਕੀ ਸਿੱਖ ਦੇਸ਼ ਦੇ ਨਾਗਰਿਕ ਨਹੀਂ? 

ਪੱਪੀ ਕੌਰ ਦਾ ਕਹਿਣਾ ਹੈ ਕਿ 31 ਅਕਤੂਬਰ ਆਉਂਦੇ ਹੀ ਉਸ ਦਾ ਖ਼ੂਨ ਉਬਾਲੇ ਮਾਰਨ ਲੱਗ ਪੈਂਦਾ ਹੈ ਤੇ ਉਹ ਸਾਰੀ ਤਸਵੀਰ ਜਿਸ ’ਚ ਉਸ ਦੇ ਪ੍ਰਵਾਰ ਦੇ 10 ਮੈਂਬਰ ਮਾਰੇ ਗਏ, ਅੱਖਾਂ ਸਾਹਮਣੇ ਆ ਜਾਂਦੀ ਹੈ। ਅਪਣੇ ਉਪਰ ਵਾਪਰੇ ਕਹਿਰ ਨੂੰ ਯਾਦ ਕਰ ਪੱਪੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਸ ਦਿਨ ਤੋਂ ਬਾਅਦ ਅੱਜ ਤਕ ਕਦੇ ਖ਼ੁਸ਼ੀ ਨਹੀਂ ਵੇਖੀ। 

ਤਿ੍ਰਲੋਕਪੁਰੀ, 32 ਬਲਾਕ ਵਿਚ ਰਹਿ ਰਹੀ ਪੱਪੀ ਕੌਰ ਉਸ ਸਮੇਂ 15 ਸਾਲ ਦੀ ਸੀ। ਪੱਪੀ ਕੌਰ ਦੇ ਪਿਤਾ ਮੰਜੀਆਂ ਬਣਾਉਣ ਦਾ ਕੰਮ ਕਰਦੇ ਸੀ। ਪੱਪੀ ਨੇ ਦਸਿਆ ਕਿ 31 ਅਕਤੂਬਰ ਨੂੰ ਅਪਣੇ ਘਰ ਵਿਚ ਪ੍ਰਵਾਰ ਦੇ ਨਾਲ ਸੀ ਜਦੋਂ ਉਨ੍ਹਾਂ ਨੂੰ ਤਤਕਾਲੀਨ ਪ੍ਰਧਾਨ ਮੰਤਰੀ ਦੇ ਕਤਲ ਬਾਰੇ ਪਤਾ ਲੱਗਾ। ਅਚਾਨਕ ਇਕ ਭੀੜ ਉਨ੍ਹਾਂ ਦੇ ਮੁਹੱਲੇ ਵਲ ਵਧੀ ਤੇ ਸਿੱਖਾਂ ਦੇ ਘਰਾਂ ਉਪਰ ਪੱਥਰਬਾਜ਼ੀ ਕਰਨ ਲੱਗੀ। ਪੱਪੀ ਦਾ ਪ੍ਰਵਾਰ ਅਪਣਾ ਬਚਾਅ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਹਾਲਾਂਕਿ ਦੋਹਾਂ ਪਾਸਿਆਂ ਤੋਂ ਪੱਥਰਬਾਜ਼ੀ ਹੋਣ ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਹਵਾਈ ਫ਼ਾਇਰ ਕੀਤੇ ਅਤੇ ਦੋਹਾਂ ਧਿਰਾਂ ਨੂੰ ਅਪਣੇ-ਅਪਣੇ ਘਰ ਜਾਣ ਲਈ ਕਿਹਾ।

ਪੱਪੀ ਨੇ ਦਸਿਆ ਕਿ ਜਿਵੇਂ ਹੀ ਸਿੱਖ ਅਪਣੇ ਘਰਾਂ ਅੰਦਰ ਗਏ ਤਾਂ ਪੁਲਿਸ ਅਧਿਕਾਰੀ ਨੇ ਭੀੜ ਨੂੰ ਹਮਲਾ ਕਰਨ ਦਾ ਇਸ਼ਾਰਾ ਕੀਤਾ। ਪੁਲਿਸ ਅਫ਼ਸਰ ਨੇ ਕਿਹਾ, “ਸਿੱਖੋਂ ਕਾ ਏਕ ਭੀ ਬੱਚਾ ਬਚਨਾ ਨਹੀਂ ਚਾਹੀਏ, ਘਰੋਂ ਕੋ ਆਗ ਲਗਾ ਦੋ।’’ ਇਸ ਕਤਲੇਆਮ ਦੌਰਾਨ ਪੱਪੀ ਕੌਰ ਦੇ ਪਿਤਾ, ਤਾਇਆ, ਚਾਚਾ, ਵੱਡਾ ਭਰਾ, ਮਾਮਾ, ਮਾਸੜ, ਜੀਜਾ, ਫੁੱਫੜ ਸਭ ਨੂੰ ਮਾਰ ਦਿਤਾ ਗਿਆ। ਪੱਪੀ ਦੇ ਪ੍ਰਵਾਰਕ ਮੈਂਬਰਾਂ ਨੂੰ ਗਲਾਂ ’ਚ ਟਾਇਰ ਪਾ ਤੇ ਉਪਰ ਤੇਲ ਪਾ ਕੇ ਅੱਗ ਲਾਈ ਗਈ। ਅੱਗ ਲੱਗਣ ਤੋਂ ਬਾਅਦ ਜਿਵੇਂ ਹੀ ਕੋਈ ਸਿੱਖ ਤੜਪ ਕੇ ਮਦਦ ਦੀ ਗੁਹਾਰ ਲਾਉਂਦਾ ਤਾਂ ਕਾਤਲ ਮਖ਼ੌਲ ਉਡਾਉਂਦੇ ਤੇ ਹਸਦੇ ਹੋਏ ਕਹਿੰਦੇ, “ਦੇਖ ਕੈਸੇ ਡਾਂਸ ਕਰ ਰਹਾ ਹੈ।’’

ਕੋਈ ਵਿਚਾਰਾ ਰੋਡ ’ਤੇ ਸੜਿਆ ਹੋਇਆ ਪਿਆ ਸੀ, ਕਿਸੇ ਦੀਆਂ ਆਂਦਰਾਂ ਬਾਹਰ ਨਿਕਲੀਆਂ ਪਈਆਂ ਸਨ, ਕੋਈ ਵਾਰ-ਵਾਰ ਚੀਕ ਰਿਹਾ ਸੀ ‘ਬਚਾਉ-ਬਚਾਉ-ਬਚਾਉ....’ ਸਿੱਖ ਬਚਾਉ-ਬਚਾਉ ਕਹਿ ਰਹੇ ਸੀ ਤੇ ਮਾਰਨ ਵਾਲੇ ਮਾਰੋ-ਮਾਰੋ ਕਹਿ ਰਹੇ ਸੀ, ਚਾਰੇ ਪਾਸਿਉਂ ਇਹੀ ਅਵਾਜ਼ਾਂ ਆ ਰਹੀਆਂ ਸਨ।  ਪੱਪੀ ਨੇ ਦਸਿਆ ਕਿ ਕਾਤਲ ਵਾਰ-ਵਾਰ ਬੋਲ ਰਹੇ ਸੀ, ‘‘ਸਰਦਾਰੋਂ ਕਾ ਏਕ ਭੀ ਬੱਚਾ ਬਚਨਾ ਨਹੀਂ ਚਾਹੀਏ, ਯੇਹ ਸਭ ਸਪੋਲੇ ਹੈਂ, ਹਮੀਂ ਕੋ ਡਸੇਂਗੇ, ਇਨਕੋ ਮਾਰ ਦੋ।’’

ਚਾਰੇ ਪਾਸੇ ਭੀੜ ’ਚ ਇਹੀ ਅਵਾਜ਼ਾਂ ਗੂੰਜ ਰਹੀਆਂ ਸਨ। ਪੱਪੀ ਨੇ ਦਸਿਆ ਕਿ  ਕਦੇ ਸੋਚਿਆ ਵੀ ਨਹੀਂ ਸੀ ਕਿ ਸਿੱਖਾਂ ਨਾਲ ਏਦਾਂ ਹੋਵੇਗਾ। ਤਿੰਨ ਦਿਨ ਸਿਰਫ਼ ਸਿੱਖਾਂ ਦਾ ਕਤਲੇਆਮ ਹੁੰਦਾ ਰਿਹਾ ਪਰ ਕੋਈ ਬਚਾਉਣ ਲਈ ਨਾ ਆਇਆ। ਪੱਪੀ ਨੇ ਦਸਿਆ, “ਕਾਤਲ, ਕੁੜੀਆਂ ’ਤੇ ਟਾਰਚ ਮਾਰ-ਮਾਰ ਕੇ ਦੇਖਦੇ, ਜਿਹੜੀ ਕੁੜੀ ਵਧੀਆ ਲਗਦੀ, ਉਸ ਨੂੰ ਅਲਫ਼ ਨੰਗਾ ਕਰ ਦਿੰਦੇ ਤੇ ਚੁੱਕ ਕੇ ਲੈ ਜਾਂਦੇ। 10-10 ਬੰਦਿਆਂ ਨੇ ਕੁੜੀ ਨਾਲ....! ਪੱਪੀ ਕੌਰ ਦਾ ਕਹਿਣਾ ਹੈ ਕਿ ਉਹ ਅਪਣੀ ਮਾਂ ਤੇ ਛੇ ਭੈਣ-ਭਰਾਵਾਂ ਨਾਲ ਤਿੰਨ ਦਿਨ ਇਧਰ-ਉਧਰ ਭਟਕਦੇ ਰਹੇ।

 ਤਿੰਨ ਦਿਨਾਂ ਬਾਅਦ ਜਦੋਂ ਮਿਲਟਰੀ ਆਈ, ਉਸ ਤੋਂ ਬਾਅਦ ਜਾ ਕੇ ਉਨ੍ਹਾਂ ਨੂੰ ਕੈਂਪ ’ਚ ਭੇਜਿਆ ਗਿਆ। ਇਸ ਕਤਲੇਆਮ ਦਾ ਸ਼ਿਕਾਰ ਹੋਏ ਸਿੱਖਾਂ ਨੂੰ ਨਾ ਕਫਣ ਮਿਲਿਆ ਤੇ ਨਾ ਹੀ ਕਿਸੇ ਦਾ ਮੋਢਾ ਮਿਲਿਆ। ਮਿਲਟਰੀ ਨੇ ਸਿੱਖਾਂ ਦੀਆਂ ਲਾਸ਼ਾਂ ਦੇ ਟਰੱਕ ਭਰ ਕੇ ਜਮਨਾ ਨਦੀ ਵਿਚ ਸੁੱਟ ਦਿਤੀਆਂ।  ਪੱਪੀ ਨੇ ਦਸਿਆ ਕਿ ਉਨ੍ਹਾਂ ਨਾਲ ਕੈਂਪਾਂ ’ਚ ਬਹੁਤ ਮਾੜਾ ਸਲੂਕ ਕੀਤਾ ਗਿਆ। ਨਾ ਤਾਂ ਤਨ ਤੇ ਢੰਗ ਦਾ ਕਪੜਾ ਪਾਉਣ ਨੂੰ ਮਿਲਿਆ ਤੇ ਨਾ ਹੀ ਢੰਗ ਦਾ ਖਾਣ ਲਈ ਮਿਲਿਆ। ਤਿੰਨ ਮਹੀਨਿਆਂ ਬਾਅਦ ਸਰਕਾਰ ਨੇ ਵਿਧਵਾ ਕਾਲੋਨੀ ’ਚ ਛੋਟੇ-ਛੋਟੇ ਘਰ ਦੇ ਦਿਤੇ ਪਰ ਅੱਜ ਤਕ ਅਸੀਂ ਪੈਰਾਂ ’ਤੇ ਖੜੇ ਨਹੀਂ ਹੋ ਸਕੇ।

ਸਾਡੇ ਮੁੰਡੇ ਨਾ ਤਾਂ ਪੜ੍ਹ ਸਕੇ ਤੇ ਨਾ ਹੀ ਉਨ੍ਹਾਂ ਨੂੰ ਕੋਈ ਰੁਜ਼ਗਾਰ ਹੀ ਮਿਲਿਆ। ਉਲਟਾ ਅੱਜ ਸਾਡੇ ਜਵਾਨ ਮੁੰਡੇ ਨਸ਼ਿਆਂ ਦਾ ਸ਼ਿਕਾਰ ਹੋ ਗਏ ਹਨ। ਪੱਪੀ ਅਪਣੇ ਘਰ ਦਾ ਗੁਜ਼ਾਰਾ ਕਰਨ ਲਈ ਸਬਜ਼ੀ ਦੀ ਰੇਹੜੀ ਲਾਉਂਦੀ ਹੈ। ਇਸ ਗੱਲਬਾਤ ਦੌਰਾਨ ਜਦੋਂ ਪੱਪੀ ਕੌਰ ਨੂੰ ਸਵਾਲ ਕੀਤਾ ਗਿਆ ਕਿ ਏਨਾ ਸਮਾਂ ਬੀਤਣ ’ਤੇ ਬਹੁਤ ਲੋਕ ਕਹਿੰਦੇ ਹਨ ਕਿ ਹੁਣ ਭੁੱਲ ਜਾਉ ਤਾਂ ਪੱਪੀ ਕੌਰ ਨੇ ਕਿਹਾ “ਲੋਕਾਂ ਨੂੰ ਲਗਦਾ ਹੈ ਕਿ ਉਸ ਕਤਲੇਆਮ ਨੂੰ 38 ਸਾਲ ਹੋ ਗਏ ਹਨ ਇਸ ਲਈ ਸੱਭ ਕੁੱਝ ਭੁੱਲ ਜਾਣਾ ਚਾਹੀਦਾ ਹੈ ਪਰ ਸਾਡੇ ਨਾਲ ਜੋ ਵੀ ਹੋਇਆ, ਸਾਨੂੰ ਇੰਜ ਲਗਦੈ ਕਿ ਉਹ ਅੱਜ ਹੀ ਹੋਇਆ ਹੈ। ਅਸੀਂ ਨਹੀਂ ਭੁੱਲਾਂਗੇ। ਜਿੰਨਾ ਸਮਾਂ ਜਿਉਂਦੇ ਹਾਂ ਅਸੀਂ ਨਹੀਂ ਭੁੱਲਾਂਗੇ।’’