ਪਹਿਲੀ ਦਸੰਬਰ, 2005 ਨੂੰ ‘ਰੋਜ਼ਾਨਾ ਸਪੋਕਸਮੈਨ’ ਦਾ ਜਨਮ ਹੋਇਆ ਸੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

    ਰੋਜ਼ਾਨਾ ਸਪੋਕਸਮੈਨ ਦੇ ਪਾਠਕਾਂ ਨੇ, ਪੰਜਾਬ ਦੇ ਕੋਨੇ-ਕੋਨੇ ਤੋਂ ਚੰਡੀਗੜ੍ਹ ਆ ਕੇ, ਸਰਕਾਰੀ ਅਤੇ ਪੁਜਾਰੀ ਜ਼ੁਲਮ ਅਤੇ ਧੱਕੇ ਵਿਰੁਧ ਚੰਡੀਗੜ੍ਹ ...

photo

 

ਇਤਿਹਾਸਕ ਗੱਲ ਇਹ ਹੋਈ ਕਿ ਇਹ ਦੁਨੀਆਂ ਦਾ ਪਹਿਲਾ ਅਖ਼ਬਾਰ ਬਣ ਗਿਆ ਜੋ ਸਵੇਰੇ ਨਿਕਲਿਆ ਤੇ ਦੁਪਹਿਰੇ ਅੰਮ੍ਰਿਤਸਰ ਤੋਂ ‘ਹੁਕਮਨਾਮਾ’ ਜਾਰੀ ਹੋ ਗਿਆ ਕਿ ‘ਰੋਜ਼ਾਨਾ ਸਪੋਕਸਮੈਨ’ ਨੂੰ ਕੋਈ ਵੀ ਸਿੱਖ ਨਾ ਪੜ੍ਹੇ, ਕੋਈ ਇਸ ਵਿਚ ਇਸ਼ਤਿਹਾਰ ਨਾ ਦੇਵੇ ਤੇ ਕੋਈ ਇਸ ਨੂੰ ਹੋਰ ਸਹਿਯੋਗ ਨਾ ਦੇਵੇ। ਕਿਉਂ ਅਖ਼ਬਾਰ ਨੇ ਪਹਿਲੇ ਦਿਨ ਹੀ ਕੋਈ ਗ਼ਲਤ ਗੱਲ ਲਿਖ ਦਿਤੀ ਸੀ? ਨਹੀਂ, ਕੁੱਝ ਵੀ ਨਹੀਂ ਸੀ ਲਿਖਿਆ, ਬੱਸ ਸਿਆਸੀ ਲੋਕਾਂ ਨੇ ਮੁਖ ਸੰਪਾਦਕ ਸ. ਜੋਗਿੰਦਰ ਸਿੰਘ ਨਾਲ ਪੁਰਾਣੀ ਕਿੜ ਕਢਣੀ ਸੀ ਤੇ ਉਨ੍ਹਾਂ ਵਲੋਂ ਸ਼ੁਰੂ ਕੀਤੇ ਅਖ਼ਬਾਰ ਨੂੰ ਚਲਣੋਂ ਰੋਕਣ ਲਈ ਹਰ ਹੀਲਾ ਕਰਨਾ ਸੀ। ਧਰਮ ਦੇ ਨਾਂ ’ਤੇ ਜਦ ਤਾਕਤਵਰ ਲੋਕ ਕਿੜਾਂ ਕੱਢਣ ਲਗਦੇ ਹਨ ਤਾਂ ਵੱਡੇ ਤੋਂ ਵੱਡਾ ਝੂਠ ਵੀ ਉਨ੍ਹਾਂ ਨੂੰ ਵੱਡਾ ਨਹੀਂ ਲਗਦਾ ਤੇ ਜ਼ੁਲਮ, ਜ਼ੁਲਮ ਨਹੀਂ ਲਗਦਾ, ਖ਼ਾਸ ਤੌਰ ’ਤੇ ਜਦ ਹਾਕਮ ਉਨ੍ਹਾਂ ਦੀ ਪਿਠ ’ਤੇ ਖੜੇ ਹੋਣ। ਬਾਦਲ ਸਰਕਾਰ ਨੇ ਵੀ ਅਖ਼ਬਾਰ ਦੇ ਇਸ਼ਤਿਹਾਰ ਬੰਦ ਕਰ ਦਿਤੇ।

10 ਸਾਲਾਂ ਵਿਚ 150 ਕਰੋੜ ਦੇ ਇਸ਼ਤਿਹਾਰ ਮਾਰ ਲਏ ਗਏ ਤੇ ਹਰ ਰੋਜ਼ ਇਹ ਐਲਾਨ ਕੀਤਾ ਜਾਂਦਾ ਰਿਹਾ ਕਿ ‘‘6 ਮਹੀਨੇ ਅਖ਼ਬਾਰ ਨਹੀਂ ਚਲਣ ਦੇਣਾ, ਸਾਲ ਚਲ ਗਿਆ ਤਾਂ ਸਾਡਾ ਨਾਂ ਬਦਲ ਦੇਣਾ’’ ਆਦਿ ਆਦਿ। ਐਡੀਟਰ ਵਿਰੁਧ 10 ਪੁਲਿਸ ਕੇਸ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਪਾ ਦਿਤੇ ਗਏ। ਦੁਨੀਆਂ ਦੇ ਕਿਸੇ ਲੋਕ-ਰਾਜੀ ਦੇਸ਼ ਵਿਚ ਇਕ ਅਖ਼ਬਾਰ ਨੂੰ ਬੰਦ ਕਰਵਾਉਣ ਲਈ ਏਨਾ ਧੱਕਾ ਤੇ ਜ਼ੁਲਮ ਕਦੇ ਨਹੀਂ ਕੀਤਾ ਗਿਆ ਹੋਣਾ। ਅਤੇ ਅੱਜ 1 ਦਸੰਬਰ 2022 ਨੂੰ 18ਵੇਂ ਸਾਲ ਵਿਚ ਦਾਖ਼ਲ ਹੋਣ ਸਮੇਂ ਵਾਹਿਗੁਰੂ ਤੋਂ ਬਾਅਦ ਅਪਣੇ ਸਨੇਹੀਆਂ, ਪਾਠਕਾਂ, ਹਮਦਰਦਾਂ ਦਾ ਦਿਲੋਂ ਕੋਟਨ ਕੋਟਿ ਧਨਵਾਦ ਕਰਦੇ ਹਾਂ ਜਿਨ੍ਹਾਂ ਨੇ ਤਾਕਤਵਰ ਲੋਕਾਂ, ਹਾਕਮਾਂ ਤੇ ਪੁਜਾਰੀਆਂ ਦੇ ਹਰ ਜ਼ਬਰਦਸਤ ਵਾਰ ਦਾ ਮੁਕਾਬਲਾ, ਸਾਨੂੰ ਖ਼ਾਲੀ ਹੱਥ ਹੋ ਕੇ ਵੀ ਕਰਦਿਆਂ ਵੇਖ ਕੇ, ਕਦੇ ਨਿਰਾਸ਼ ਨਹੀਂ ਹੋਣ ਦਿਤਾ।  

    ਰੋਜ਼ਾਨਾ ਸਪੋਕਸਮੈਨ ਦੇ ਪਾਠਕਾਂ ਨੇ, ਪੰਜਾਬ ਦੇ ਕੋਨੇ-ਕੋਨੇ ਤੋਂ ਚੰਡੀਗੜ੍ਹ ਆ ਕੇ, ਸਰਕਾਰੀ ਅਤੇ ਪੁਜਾਰੀ ਜ਼ੁਲਮ ਅਤੇ ਧੱਕੇ ਵਿਰੁਧ ਚੰਡੀਗੜ੍ਹ ਦੀਆਂ ਸੜਕਾਂ ’ਤੇ ਨਾਹਰੇ ਮਾਰਦਿਆਂ ਦੋ ਮੀਲ ਲੰਮਾ ਜਲੂਸ ਕਢਿਆ। ਸੈਂਕੜੇ ਅਖ਼ਬਾਰੀ ਪ੍ਰਤੀਨਿਧ ਤੇ ਕੈਮਰਾਮੈਨ ਮੂੰਹ ’ਚ ਉਂਗਲਾਂ ਪਾ ਕੇ ਕਹਿ ਰਹੇ ਸਨ, ਉਨ੍ਹਾਂ ਨੇ ਕਿਸੇ ਅਖ਼ਬਾਰ ਦੇ ਹੱਕ ਵਿਚ ਏਨਾ ਵੱਡਾ ਜਲੂਸ, ਅਪਣੀ ਹਯਾਤੀ ਵਿਚ ਕਦੇ ਨਹੀਂ ਸੀ ਵੇਖਿਆ। ਪਰ ਅਗਲੀ ਸਵੇਰ ਕਿਸੇ ਵੀ ਅਖ਼ਬਾਰ ਵਿਚ 2-ਸਤਰੀ ਖ਼ਬਰ ਵੀ ਨਹੀਂ ਸੀ ਛਪੀ ਹੋਈ। ਪੁੱਛਣ ’ਤੇ ਵੱਡੇ ਅਖ਼ਬਾਰਾਂ ਦੇ ਫ਼ੋਟੋਗਰਾਫ਼ਰਾਂ ਤੇ ਰੀਪੋਰਟਰਾਂ ਨੇ ਦਸਿਆ ਕਿ ਉਨ੍ਹਾਂ ਨੇ ਤਾਂ ਪੂਰੀ ਰੀਪੋਰਟ ਭੇਜੀ ਸੀ ਪਰ ਹਾਕਮਾਂ ਨੇ ਸਾਰੇ ਐਡੀਟਰਾਂ ਨੂੰ ਫ਼ੋਨ ਕਰ ਕੇ ਖ਼ਬਰ ਰੁਕਵਾ ਲਈ ਸੀ। ਸਾਡੀ ਹਰ ਪ੍ਰੈਸ ਕਾਨਫ਼ਰੰਸ ਦੀ ਕਾਰਵਾਈ ਵੀ ਇਸੇ ਤਰ੍ਹਾਂ ਰੋਕ ਲਈ ਜਾਂਦੀ ਸੀ।

 ਦੂਜਾ ਟੀਚਾ ਵੀ ਸਰ ਕਰ ਲਿਆ ਅਖ਼ਬਾਰ ਦੇ ਸੇਵਕਾਂ ਨੇ ਹਰ ਸਰਕਾਰੀ ਤੇ ਪੁਜਾਰੀ ਚੁਨੌਤੀ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਤੇ ਕਦੇ ਵੀ ਈਨ ਨਾ ਮੰਨੀ। ਪਰ ਸੱਭ ਦਾ ਖ਼ਿਆਲ ਸੀ ਕਿ ਸਾਡਾ ਦੂਜਾ ਐਲਾਨ ਕਿ ਅਸੀ ‘ਉੱਚਾ ਦਰ ਬਾਬੇ ਨਾਨਕ ਦਾ’ ਵੀ ਉਸਾਰ ਵਿਖਾਵਾਂਗੇ, ਉਹ ਟੀਚਾ ਹੁਣ ਅਸੀ ਸਰ ਨਹੀਂ ਕਰ ਸਕਣਾ ਅਤੇ ਬੜੀ ਮੁਸ਼ਕਲ ਨਾਲ ਜੇ ਬਚਾ ਵੀ ਸਕੇ ਤਾਂ ਕੇਵਲ ਅਖ਼ਬਾਰ ਨੂੰ ਹੀ ਬਚਾ ਸਕਾਂਗੇ ਪਰ ਸ: ਜੋਗਿੰਦਰ ਸਿੰਘ ਨੇ ਛਾਤੀ ਠੋਕ ਕੇ ਐਲਾਨ ਕਰ ਦਿਤਾ ਕਿ ਦੋਵੇਂ ਪ੍ਰਣ ਹਰ ਹਾਲ ਵਿਚ ਪੂਰੇ ਕਰ ਵਿਖਾਵਾਂਗੇ। ਪੁਜਾਰੀ ਤੇ ਸਰਕਾਰੀ ਧਿਰਾਂ ਨੇ ਅੰਨ੍ਹਾ ਝੂਠ ਪ੍ਰਚਾਰਿਆ ਕਿ ਇਨ੍ਹਾਂ ਕੋਲ ਅਖ਼ਬਾਰ ਚਲਾਉਣ ਜੋਗਾ ਪੈਸਾ ਤਾਂ ਹੈ ਨਹੀਂ ਤੇ ਅਖ਼ਬਾਰ ਤਾਂ ਬੰਦ ਹੋਣ ਵਾਲਾ ਹੋ ਗਿਆ ਹੈ, ਇਹ ‘ਉੱਚਾ ਦਰ’ ਕਿਥੋਂ ਉਸਾਰ ਲੈਣਗੇ? ਸਾਡੇ ਦਫ਼ਤਰ ਵਿਚ ਅਪਣੇ ਬੰਦੇ ਰਖਵਾ ਕੇ, ਸਾਡੇ ਮੈਂਬਰਾਂ ਤੇ ਮਦਦਗਾਰਾਂ ਦੇ ਪਤੇ ਚੁਰਾ ਲਏ ਗਏ ਤੇ ਲੱਖਾਂ ਪਾਠਕਾਂ ਤੇ ਹੋਰਨਾਂ ਨੂੰ ਬੇਨਾਮੀ ਚਿੱਠੀਆਂ ਭੇਜੀਆਂ ਗਈਆਂ ਕਿ ਇਨ੍ਹਾਂ ਨੇ ਪੈਸੇ ਲੈ ਕੇ ਵਿਦੇਸ਼ ਭੱਜ ਜਾਣਾ ਹੈ, ਇਨ੍ਹਾਂ ਨੂੰ ਕੋਈ ਪੈਸਾ ਨਾ ਦਿਉ। ਬਹੁਤ ਸਾਰੇ ਪਾਠਕ ਤੇ ਸਾਥੀ ਇਸ ਪ੍ਰਚਾਰ ਦਾ ਅਸਰ ਕਬੂਲ ਵੀ ਕਰ ਗਏ ਤੇ ਉਨ੍ਹਾਂ ਨੇ ਡਾਢੀ ਔਕੜ ਵੀ ਖੜੀ ਕਰ ਦਿਤੀ। ਸਰਕਾਰਾਂ ਨੂੰ ਵੀ ਬੇਨਾਮੀ ਚਿੱਠੀਆਂ ਲਿਖ ਕੇ ‘ਉੱਚਾ ਦਰ’ ਦੀ ਉਸਾਰੀ ਰੋਕਣ ਦਾ ਪੂਰਾ ਯਤਨ ਕੀਤਾ ਗਿਆ। 

 ਅੱਜ 18ਵੇਂ ਜਨਮ ਦਿਨ ਤੇ ਅਸੀ ਫ਼ਖ਼ਰ ਨਾਲ ਐਲਾਨ ਕਰਦੇ ਹਾਂ ਕਿ ਭਾਈ ਲਾਲੋਆਂ ਦਾ ਉੱਚਾ ਦਰ ਜੋ ਸਪੋਕਸਮੈਨ ਤੇ ਉਸ ਦੇ ਪਾਠਕਾਂ ਵਲੋਂ ਬਾਬੇ ਨਾਨਕ ਦੇ ਚਰਨਾਂ ਵਿਚ ਮਾਨਵਤਾ ਦੀ ਸੇਵਾ ਲਈ ਨਿਮਾਣੀ ਜਹੀ ਭੇਂਟ ਵਜੋਂ ਅਰਪਣ ਕਰਨ ਦਾ ਪ੍ਰਣ ਲਿਆ ਸੀ, ਉਹ ਅੱਜ ਚਾਲੂ ਹੋਣ ਲਈ ਬਿਲਕੁਲ ਤਿਆਰ ਹੈ ਅਤੇ ਅਗਲੇ ਕੁੱਝ ਦਿਨਾਂ ’ਚ ਇਸ ਨੂੰ ਚਾਲੂ ਕਰਨ ਦੀ ਮਿਤੀ ਤੈਅ ਕਰਨ ਲਈ ਤੇ ਪਹਿਲਾ ਸਮਾਗਮ ਇਤਿਹਾਸਕ ਬਣਾਉਣ ਲਈ ਹਮਦਰਦਾਂ, ਪ੍ਰੇਮੀਆਂ ਤੇ ਮਦਦ ਕਰਨ ਵਾਲਿਆਂ ਦੀ ਮੀਟਿੰਗ ਸੱਦੀ ਜਾ ਰਹੀ ਹੈ ਜੋ ਸਾਰੇ ਅੰਤਮ ਫ਼ੈਸਲੇ ਲਵੇਗੀ। ਇਸ ਨੂੰ ‘ਉੱਚਾ ਦਰ ਬਾਬੇ ਨਾਨਕ ਦਾ ਟਰੱਸਟ’ ਸਮੁੱਚੀ ਮਾਨਵਤਾ ਦੀ ਸੇਵਾ ਹਿਤ ਚਲਾਏਗਾ।