ਚੀਨ ਦੇ ਵਤੀਰੇ ਨੂੰ ਸਮਝਣ ਲਈ ਇਤਿਹਾਸ ਦੇ ਪੰਨੇ ਫਰੋਲਣਾ ਜ਼ਰੂਰੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਗੋਦੀ ਮੀਡੀਆ ਦੀਆਂ ਬ੍ਰੇਕਿੰਗ ਖ਼ਬਰਾਂ ਤੋਂ ਪੈਦਾ ਹੋਈਆਂ ਗ਼ਲਤ ਫ਼ਹਿਮੀਆਂ ਵਿਚ ਫਸ ਜਾਂਦੀਆਂ ਹਨ।

india china

ਕੋਰੋਨਾ ਫੈਲਾਉਣ ਤੇ ਸੰਸਾਰ ਸਿਹਤ ਸੰਗਠਨ ਨੂੰ ਫੁਸਲਾਉਣ ਤੇ ਗੁਮਰਾਹ ਕਰਨ ਦੇ ਦੋਸ਼ ਚੀਨ ਦੇ ਮੱਥੇ ਮੜ੍ਹੇ ਜਾ ਚੁੱਕੇ ਹਨ। ਭਾਵੇਂ ਵੁਹਾਨ ਦੀਆਂ ਪ੍ਰਯੋਗਸ਼ਾਲਾਵਾਂ ਕੋਰੋਨਾ ਵਇਰਸ ਦੇ ਰਿਸਾਵ ਦੇ ਗੁਨਾਹ ਤੋਂ ਮੁਕਤ ਹਨ ਪਰ ਚੀਨ ਦੀ ਹੱਠਧਰਮੀ ਉਸ ਨੂੰ ਅਪਰਾਧੀ ਨਿਰਧਾਰਤ ਕਰਦੀ ਹੈ। ਵਪਾਰਕ ਰੋਕਾਂ ਤੇ ਟੈਕਸਾਂ ਨਾਲ ਸੰਸਾਰਕ ਵਸਤੂ ਵਟਾਂਦਰਾ ਤੇ ਬਾਹਰੀ ਰਕਮ (ਐਕਸਟਰਨਲ ਰਿਮਟੈਂਸ) ਨਿਕਾਸੀ ਹੱਦੋਂ ਵੱਧ ਪ੍ਰਭਾਵਤ ਹੋ ਰਹੀ ਹੈ। ਗਲਵਾਨ ਘਾਟੀ ਤੇ ਉਤਰ ਪਛਮੀ ਸਿੱਕਿਮ ਸਥਿਤ ਨਾਕੂ-ਲਾ ਵਿਚ ਹਾਲਾਤ ਪਲ-ਪਲ ਬਦਲ ਰਹੇ ਹਨ। ਭਾਰਤ-ਚੀਨ ਦੇ ਆਪਸੀ ਸਬੰਧਾਂ ਦਾ ਵਿਗਾੜ ਅਪਣੀ ਚਰਮ ਸੀਮਾਂ ਤੇ ਹੈ। ਆਪਸੀ ਵਿਸ਼ਵਾਸ ਵਿਚ ਸੰਨ੍ਹ ਲੱਗ ਚੁੱਕੀ ਹੈ। 1962 ਦੀ ਬੇਪ੍ਰਵਾਹੀ, ਬੇਵਫ਼ਾਈ ’ਤੇ ਪਿੱੱਠ ਵਿਚ ਵੱੱਜੇ ਛੁਰੇ ਦੀ ਪੀੜ ਮੁੜ ਸੁਰਜੀਤ ਹੋ ਗਈ ਹੈ। ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਖੁੱੱਲ੍ਹ ਕੇ ਹਾਲਾਤ ਨੂੰ ਬਿਆਨ ਨਹੀਂ ਕਰਦੀਆਂ ਜਿਸ ਕਰ ਕੇ ਆਮ ਜਨਤਾ ਭੁਲੇਖਿਆਂ ਵਿਚ ਭਟਕ ਰਹੀਆਂ ਨੇ। ਗੋਦੀ ਮੀਡੀਆ ਦੀਆਂ ਬ੍ਰੇਕਿੰਗ ਖ਼ਬਰਾਂ ਤੋਂ ਪੈਦਾ ਹੋਈਆਂ ਗ਼ਲਤ ਫ਼ਹਿਮੀਆਂ ਵਿਚ ਫਸ ਜਾਂਦੀਆਂ ਹਨ।

ਦਿਲ ਬਹੁਤ ਉਦਾਸ ਹੋ ਜਾਂਦਾ ਹੈ, ਜਦੋਂ ਮੇਰੇ ਦੇਸ਼ ਦੇ ਨਾਗਰਿਕ ਕਬੂਤਰ ਵਾਂਗ ਅੱੱਖਾਂ ਬੰਦ ਕਰ ਕੇ ਆ ਰਹੀਆਂ ਮੁਸੀਬਤਾਂ ਨੂੰ ਘੱਟ ਕਰ ਕੇ ਵੇਖਦੇ ਹਨ। ਇਹ ਗੱੱਲ ਸਾਨੂੰ ਜਾਣ ਲੈਣੀ ਚਾਹੀਦੀ ਹੈ ਕਿ ਚੀਨ ਦਾ ਫ਼ੌਜੀ ਅਦਾਰਿਆਂ ਤੇ ਹਥਿਆਰਾਂ ਤੇ ਖ਼ਰਚਾ ਭਾਰਤ ਨਾਲੋਂ ਪੰਜ ਗੁਣਾਂ ਜ਼ਿਆਦਾ ਹੈ। ਭਾਰਤ ਤੇ ਚੀਨ ਦਾ ਆਪਸੀ ਵਪਾਰ 80 ਅਰਬ ਅਮਰੀਕੀ ਡਾਲਰ ਤੋਂ ਵੱਧ ਹੈ ਤੇ ਭਾਰਤ ਲਈ ਨਾਕਾਰਾਤਮਕ ਹੈ। ਸਾਡਾ ਤੇਜਸ ਲੜਾਕੂ ਜਹਾਜ਼ 4.5 ਪੀੜ੍ਹੀ ਦਾ ਹੈ ਤੇ ਚੀਨ 6.0 ਪੀੜ੍ਹੀ ਦੇ ਜਹਾਜ਼ ਬਣਾ ਰਿਹਾ ਹੈ। ਰੂਸ ਤੋਂ ਖ਼ਰੀਦਿਆ ਪੁਰਾਣਾ ਐਡਮਿਰਲ ਗੁਰੂਖੋਵ ਆਈ.ਐਨ.ਐਸ ਵਿਕਰਮਾਦਿੱਤਿਆ ਮਸਾਂ ਹੀ ਹਿੰਦ ਮਹਾਂਸਾਗਰ ਦੇ ਚੱਕਰ ਲਗਾਉਂਦਾ ਹੈ। ਚੀਨ ਦੇ ਲਿਉਨਿੰਗ ਤੇ ਸੈਨਡੌਂਗ ਹਰ ਤਰ੍ਹਾਂ ਦੀ ਲੜਾਈ ਲਈ ਤਿਆਰ-ਬਰ-ਤਿਆਰ ਤੇ ਸੰਸਾਰ ਭਰ ਦੇ ਪਾਣੀਆਂ ਵਿਚ ਵਿਚਰ ਰਹੇ ਹਨ। 80 ਤੋਂ ਵੱੱਧ ਪਣਡੁੱਬੀਆਂ (ਸਬਮੈਰਾਈਨਜ਼) ਕਦੋਂ ਸਾਡੇ ਪਾਣੀਆਂ ਵਿਚੋਂ ਦੀ ਲੰਘ ਜਾਂਦੀਆਂ ਹਨ, ਪਤਾ ਲਗਾਉਣਾ ਮੁਸ਼ਕਿਲ ਹੋ ਜਾਂਦਾ ਹੈ। ਭਾਰਤ ਦੀ ਸਥਿਤੀ ਚੀਨ ਸਾਹਮਣੇ ਅਸਾਵੀਂ ਹੈ ਤੇ ਬੇਲਿਹਾਜ਼ਾ ਹਿੰਦੀ ਮੀਡੀਆ ਕੁੱਝ ਹੋਰ ਹੀ ਤਸਵੀਰ ਪੇਸ਼ ਕਰਦਾ ਹੈ।

ਅੱਜ ਚੀਨ ਦਾ ਅੰਦਰੂਨੀ ਮਰਜ਼ ਤੇ ਸੰਸਾਰਕ ਇਕੱਲਾਪਣ ਵਧਦਾ ਹੋਇਆ ਪ੍ਰਤੀਤ ਹੋ ਰਿਹਾ ਹੈ। ਇਸ ਦੀ 15 ਤੋਂ 64 ਵਰਿ੍ਹਆਂ ਵਿਚ ਵਿਚਰਦੀ ਵਸੋਂ ਵਿਚ ਹੁੰਦਾ ਨਿਘਾਰ ਸੰਸਾਰ ਲਈ ਵੀ ਚਿੰਤਾ ਦਾ ਕਾਰਨ ਬਣ ਰਿਹਾ ਹੈ। ਬਜ਼ੁਰਗ ਹੋ ਰਹੀ ਆਬਾਦੀ ਕਾਰਨ ਚੀਨ ਛੇਤੀ ਹੀ ਮੋਹਤਾਜ ਲੋਕਾਂ ਦਾ ਦੇਸ਼ਬਣ ਜਾਵੇਗਾ। ਬੈਂਕਾਂ ਦੇ ਵਧਦੇ ਕਰਜ਼ੇ ਤੇ ਜ਼ਰੂਰਤ ਤੋਂ ਜ਼ਿਆਦਾ ਸਰਕਾਰੀ ਖ਼ਰਚਿਆਂ ਉਤੇ ਉਭਰਦੇ ਹੋਏ ਅਰਥਚਾਰੇ ਦਾ ਬੁਨਿਆਦੀ ਢਾਂਚਾ ਵੀ ਅੰਦਰੂਨੀ ਦੁਬਿਧਾ ਦਾ ਵਿਸ਼ਾ ਬਣ ਉਭਰਿਆ ਹੈ। ਬੈਂਕ ਆਧਾਰਤ ਬਾਜ਼ਾਰੀਕਰਨ ਨਾਲ ਚੀਨ ਦੀ ਵਿੱਤੀ ਸੂਰਤ ਹਾਸੋ-ਹੀਣੀ ਬਣ ਗਈ ਹੈ। ਭੂ-ਰਾਜਨੀਤਕ ਰੰਗਾਂ ਵਿਚ ਕਈ ਪਹਿਲੂਆਂ ਤੇ ਚੀਨ ਅਲੱਗ-ਥਲੱਗ ਨਜ਼ਰ ਆਉਂਦਾ ਹੈ। ਜ਼ਿਨਜ਼ਿਆਂਗ ਖ਼ੁਦਮੁਖ਼ਤਿਆਰ ਸੂਬੇ ਵਿਚ ਮਨੁੱਖਤਾ ਦਾ ਨਿਰਾਦਰ ਕਰਨ ਲਈ ਇਸ ਨੂੰ ਕੋਈ ਮਾਫ਼ੀ ਨਹੀਂ ਮਿਲ ਸਕਦੀ। ਦਖਣੀ ਚੀਨ ਸਾਗਰ ਵਿਚ ਮਾਲਵਾਹਕ ਜਹਾਜ਼ਾਂ ਨੂੰ ਰੋਕਣਾ, ਖੁਲ੍ਹੇ ਵਪਾਰ ਨੂੰ ਚੁਨੌਤੀ ਦੇਣਾ ਅਤੇ ਜਹਾਜ਼ਰਾਨੀ ਨੂੰ ਸੀਮਤ ਕਰਨਾ ਵੀ ਅਫ਼ਸੋਸਨਾਕ ਵਤੀਰਾ ਹੈ। ਬੌਧੀ ਧਰਮ ਗੁਰੂ ਦਲਾਈਲਾਮਾ ਦੀ ਸਰਦਾਰੀ ਨੂੰ ਨਕਾਰਨਾ ਤੇ ਬੋਧੀ ਵਸੋਂ ਨਾਲ ਸ਼ਰੀਕਾ ਕਮਾਉਣਾ ਇਸ ਦੇ ਘੁਮੰਡ ਦਾ ਪ੍ਰਤੀਕ ਹੈ। 1950 ਤੋਂ ਹੋ ਰਹੇ ਤਸ਼ੱਦਦ ਤੇ ਘਾਣ ਨੂੰ ਰੋਕਣਾ ਸੰਸਾਰ ਭਰ ਦੀ ਜ਼ਿੰਮੇਵਾਰੀ ਬਣ ਗਈ ਹੈ। ਉਤਰੀ ਕੋਰੀਆ ਨੂੰ ਗੁਆਂਢ ਵਿਚ ਅੱਤ ਕਰਨ ਦੀ ਖੁੱਲ੍ਹ ਦੇਣਾ ਚੀਨ ਦੀ ਘਟੀਆ ਭੂ-ਰਾਜਨੀਤੀ ਹੈ। ਮਾਉ-ਜ਼ੇ ਦੌਂਗ ਦੀ ਜ਼ਿੱਦ ਸਦਕਾ ਲੱੱਖਾਂ ਲੋਕ ‘ਗ੍ਰੇਟ ਲੀਪ ਫ਼ਾਰਵਰਡ’ (ਇਕ ਲੰਮੀ ਛਲਾਂਗ/ਕਦਮ)  ਦਾ ਸ਼ਿਕਾਰ ਬਣ ਗਏ।

ਕੋਝੀਆਂ ਸਕੀਮਾਂ ਵਿਚ ਬੱਝ ਕੇ ਸੋਮਿਆਂ ਤੋਂ ਮੁਕਤ ਜੀਵਨ ਜਿਊਣ ਲਈ ਮਜਬੂਰ ਹੋਏ। ਰੂਸ ਨਾਲ ਚੰਗੇ ਸਬੰਧ ਨਾ ਹੋਣ ਕਾਰਨ ਚੀਨ ਅਮਰੀਕਾ ਦੀ ਝੋਲੀ ਵਿਚ ਜਾ ਡਿੱਗਿਆ ਜਿਸ ਕਾਰਨ ਬਜ਼ਾਰੀਕਰਨ ਵਧਿਆ ਤੇ ‘ਇਕ ਚੀਨ ਨੀਤੀ’ ਨੂੰ ਅਪਨਾਉਣ ਵਾਲੇ ਨਾਲ ਵਪਾਰ ਕਰਨ ਲੱਗ ਗਿਆ। 1949 ਤੋਂ ਵਖਰੇ ਹੋਏ ਤਾਈਵਾਨ ਨਾਲ ਕੁੜੱਤਣ ਸਿਖ਼ਰਾਂ ਤੇ ਪਹੁੰਚ ਚੁੱਕੀ ਸੀ। ਛੇਤੀ ਹੀ ਚੀਨ ਪਛਮੀ ਤਾਕਤਾਂ ਦੇ ਲਾਲਚ ਦਾ ਸ਼ਿਕਾਰ ਬਣਨ ਲੱੱਗ ਪਿਆ। ਚੌਥੀ ਤੇ ਪੰਜਵੀਂ ਪੀੜ੍ਹੀ ਦੇ ਆਗੂਆਂ ਨੇ ਡੈਂਗ ਜ਼ਿਆਉਪਿੰਗ ਦੀ ਉਦਾਰਤਾ ਨੂੰ ਨਕਾਰ ਦਿਤਾ ਤੇ ਲੋਕਤੰਤਰ ਦੀ ਤਾਂਘ ਨੂੰ ਦਰਸਾਉਣ ਵਾਲਿਆਂ ਨੂੰ ਇਕੱਲਿਆਂ ਜਾਂ ਗ਼ਾਇਬ ਕਰ ਦਿਤਾ। ਛੇਤੀ ਹੀ ਲਾਲਚੀ ਸ਼ੀ ਜਿੰਨਪਿੰਗ ਨੇ ਚੀਨੀ ਵਿਸ਼ੇਸ਼ਤਾਵਾਂ ਵਾਲੀ ਸਾਮਰਾਜੀ ਸ਼ਕਤੀ ਦਾ ਨਿਰਮਾਣ ਕੀਤਾ ਤੇ ਪੇਟੀ ਸੜਕ-ਪਹਿਲ ਜਾਂ ਬੈਲਟ ਐਂਡ ਰੋਡ ਇਨਸ਼ਿਏਟਿਵ ਨਾਲ ਅਪਣੇ ਕਰਜ਼ੇ ਹੇਠ ਦਬੇ ਹੋਏ ਮੁਲਕਾਂ ਵਿਚ ਫ਼ੌਜੀ ਛਾਉਣੀਕਰਨ ਕਰਨਾ ਸ਼ੁਰੂ ਕਰ ਦਿਤਾ। ਪੰਚਸ਼ੀਲ ਦੀ ਭਾਵਨਾ ਦਾ ਕਤਲ ਤੇ ਭਾਰਤ ਦੀ 1962 ਵਿਚ ਚੀਨ ਹਥੋਂ ਕਰਾਰੀ ਹਾਰ ਨੇ ਪੰਜ ਸੱਚ ਸਾਹਮਣੇ ਰੱੱਖੇ :-

1. ਹਿਮਾਲਿਆ ਪਰਬਤ ਸਾਈਬੇਰੀਆ ਦੀਆਂ ਯਖ਼ ਠੰਢੀਆਂ ਪੌਣਾਂ ਨੂੰ ਭਾਵੇਂ ਰੋਕ ਦੇਣ ਪਰ ਚੀਨੀ ਫ਼ੌਜੀਆਂ ਤੇ ਉਸ ਦੇ ਮਾੜੇ ਇਰਾਦਿਆਂ ਨੂੰ ਨਹੀਂ ਰੋਕ ਸਕਦੇ। 
2. ਗੁੱੱਟ ਨਿਰਲੇਪਤਾ ਸੈਨਿਕ ਤਾਕਤ ਦਾ ਕੋਈ ਵਿਕਲਪ ਨਹੀਂ ਹੋ ਸਕਦੀ। 
3. ਪਛਮੀ ਦੇਸ਼ਾਂ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਇਹ ਮੁਲਕ ਸਿਰਫ਼ ਹਥਿਆਰ ਵੇਚਣ ਲਈ ਕੋਈ ਵੀ ਸਥਿਤੀ ਉਤਪੰਨ ਕਰ ਸਕਦੇ ਹਨ। 
4. ਮਾਰਕਸਵਾਦੀ ਕਾਮਰੇਡ ਮੁਲਕ ਔਖੇ ਸਮੇਂ ਵਿਚ ਇਕੱਠੇ ਹੋਣ ਦੀ ਹਾਮੀ ਭਰਦੇ ਹਨ ਤੇ ਮਿਲਵਰਤਣ ਵੀ ਦਰਸਾਉਂਦੇ ਹਨ। 
5. ਪ੍ਰਭੂਸੱਤਾ ਕਾਇਮ ਰੱਖਣ ਲਈ ਪ੍ਰਮਾਣੂ ਤਾਕਤ ਬਣਨਾ ਜ਼ਰੂਰੀ ਹੈ।

ਭਾਰਤ-ਚੀਨ ਦੇ ਸੰਬਧ ਹਮੇਸ਼ਾਂ ਤੋਂ ਮਾੜੇ ਨਹੀਂ ਸਨ। ਸਭਿਅਤਾਵਾਂ ਦਾ ਵਖਰੇਵਾਂ ਕਦੇ ਵੀ ਅਣਬਣ ਦਾ ਕਾਰਨ ਨਹੀਂ ਬਣਿਆ। ਡਾਕਟਰ ਕੋਟਨੀਸ ਦਾ ਡਾਕਟਰੀ ਮਿਸ਼ਨ ਇਕ ਮਿਸਾਲ ਵਜੋਂ ਜਾਣਿਆ ਜਾਂਦਾ ਹੈ। 1950-53 ਕੋਰੀਆ ਦੀ ਲੜਾਈ ਵਿਚ ਭਾਰਤ ਦੀ ਸ਼ਾਂਤੀ ਤੇ ਭਾਈਵਾਲਤਾ ਦੀ ਭੂਮਿਕਾ ਸ਼ਲਾਘਾਯੋਗ ਰਹੀ ਹੈ। ਤਿੱਬਤ ਦੇ ਸਵਾਲ ਤੇ ਆਪਸੀ ਕਲੇਸ਼ ਵੱਧ ਗਿਆ ਤੇ ਦਲਾਈਲਾਮਾ ਦਾ ਭਾਰਤ ਵਿਚ ਸ਼ਰਨ ਲੈਣਾ ਤੇ ਅਸਥਾਈ ਅਪ੍ਰਵਾਸੀ ਤਿੱਬਤ ਸਰਕਾਰ ਦਾ ਭਾਰਤ ਵਿਚ ਗਠਨ ਚੀਨ ਨੂੰ ਨਾਗ਼ਵਾਰ ਗੁਜ਼ਰਿਆ। ਸ਼ੀਤ ਯੁੱੱਧ ਵਿਚ ਚੀਨ ਭਾਰਤ ਵਿਰੋਧੀ ਰਿਹਾ ਪਰ 1971-91 ਦੀ ਹਿੰਦ-ਰੂਸ ਸੰਧੀ ਸਦਕਾ ਕੁੱਝ ਨਾ ਕਰ ਸਕਿਆ। ਜ਼ੂਐਨ-ਲਾਈ (1959) ਤੇ ਡੈਗੰ ਜ਼ਿਆਉਪਿੰਗ (1978-1988) ਦੀ ਆਕਸਾਈ-ਚਿਨ (ਚਿੱਟੇ ਪਥਰਾਂ ਦਾ ਮਾਰੂਥਲ) ਤੇ ਅਰੁਣਾਚਲ ਦੇ ਵਟਾਂਦਰੇ ਦੀ ਤਜਵੀਜ਼ ਕਈ ਵਾਰ ਰੱਖੀ ਪਰ ਭਾਰਤੀ ਆਗੂਆਂ ਨੇ ਕਿਸੇ ਨਾ ਕਿਸੇ ਕਾਰਨ ਇਹ ਅਣਸੁਖਾਵੀਂ ਪੇਸ਼ਕਸ਼ ਵਾਰ-ਵਾਰ ਠੁਕਰਾਈ। 

ਮਿਖਾਈਲ ਗੋਰਬਾਚੋਵ ਤੇ ਸੋਵੀਅਤ ਸੰਘ ਦੇ ਟੁੱਟਣ ਉਪਰੰਤ ਚੀਨ ਚੁਕੰਨਾ ਹੋ ਗਿਆ। 1989 ਦੇ ਤਿਆਨਾਮਨ ਚੁਗਿਰਦੇ ਦੇ ਜਮਹੂਰੀ ਪ੍ਰਦਸ਼ਣਾਂ ਨੂੰ ਬੜੀ ਹੀ ਬੇਰਹਿਮੀ ਨਾਲ ਕੁਚਲਦਿਆਂ ਪਾਲੇ ਫੇਰ ਤੋਂ ਬਦਲੇ ਗਏ। ਸ਼ੀਤ ਯੁੱਧ 1.0 ਖ਼ਤਮ ਤਾਂ ਹੋਇਆ ਪਰ ਭਾਰਤ  ਦਰਮਿਆਨ ਕੁੜੱਤਣ ਕਈ ਗੁਣਾਂ ਵੱਧ ਗਈ। ਭਾਰਤ ਦੀ ਵਧਦੀ ਵੱਸੋਂ ਤੇ ਕਾਬਲ ਕਾਮਿਆਂ ਦੀ ਫ਼ੌਜ ਸਦਕਾ ਸੰਸਾਰ ਦੀਆਂ ਮੰਡੀਆਂ ਤੇ ਮੋੜਾਂ ਤੇ ਚੀਨ ਨਾਲ ਖਹਿਬੜਨ ਲੱਗ ਗਿਆ। ਚੀਨ ਨੇ ਐਟਮੀ ਵੰਡ ਗਠਬੰਧਨ ਵਿਚ ਭਾਰਤ ਨੂੰ ਨਕਾਰਿਆ। ਅਮਰੀਕਾ ਨਾਲ ਹੋ ਰਹੀਆਂ ਸੰਧੀਆਂ (ਬੇਕਾ, ਲੈਮਾਨੋਵਾ, ਸਿਸਮੋਵਾ ਤੇ ਜਸਨੋਮੀਆ) ਨੇ ਚੀਨ ਦੀਆਂ ਭਾਰਤ ਵਿਰੋਧੀ ਹਰਕਤਾਂ ਵਿਚ ਵਾਧਾ ਕੀਤਾ। ਭਾਰਤ ਨੇ ਵੀ ਖੁਲ੍ਹੇ ਰੂਪ ਵਿਚ ਪੇਟੀ ਸੜਕ ਪਹਿਲ ਦਾ ਵਿਰੋਧ ਕੀਤਾ ਤੇ ਇੰਡੋ ਪੈਸੇਫ਼ਿਕ ਭਾਈਵਾਲਤਾ ਵਿਚ ਜਾਪਾਨ, ਆਸਟ੍ਰੇਲੀਆ ਤੇ ਅਮਰੀਕਾ ਨਾਲ ਮੋਢੇ ਨਾਲ ਮੋਢਾ ਜੋੜਿਆ। ਚੌਕੜੀ ਸੰਯੁਕਤਤਾ ਦੁਆਰਾ (ਕੁਆਡ ਅਲਾਇੰਸ) ਨਾਲ ਚੀਨ ਦੇ ਨਾਲ-ਨਾਲ  ਰੂਸ ਨੂੰ ਵੀ ਨਪਿਆ ਗਿਆ। ਸਰਹੱੱਦ ਤੇ ਝੜਪਾਂ ਦਾ ਇਤਿਹਾਸ ਵਿਰਲਾ ਹੈ। 1967 ਵਿਚ ਸਿੱਕਿਮ ਤੋਂ ਬਾਅਦ 2020 ਵਿਚ ਗਲਵਾਨ ਘਾਟੀ ਦੀ ਝੜਪ ਨੇ ਦੋਹਾਂ ਪਾਸਿਆਂ ਤੋਂ ਉਬਾਲੇ ਖਾਧੇ। ਸਾਲ 2017 ਦੀ ਡੋਕਲਾਮ ਤੇ ਭੂਟਾਨ ਦੀ ਅਗਵਾਈ ਕਰਦਿਆਂ ਭਾਰਤ ਚੀਨ ਦੀਆਂ ‘ਅੱਖਾਂ ਵਿਚ ਅੱੱਖਾਂ ਪਾ ਕੇ’ ਅਪਣੀ ਅਣਖ ਵਿਖਾਉਣ ਵਿਚ ਸਮਰੱਥ ਰਿਹਾ।

2018 ਦੀ ਵੁਹਾਨ ਵਾਰਤਾ ਨੇ ਦੋਹਾਂ ਦੇਸ਼ਾ ਨੂੰ ਨਰਮੀ ਦੇ ਰਾਹ ਪਾਇਆ। ਸ਼ੀ ਜਿਨਪਿੰਗ ਮਹਾਂਨਾਇਕ ਬਣ ਕੇ ਉਭਰਿਆ ਤੇ ਮੋਦੀ ਸਰਕਾਰ ਫਿਰ ਤੋਂ ਪੰਜ ਵਰਿ੍ਹਆਂ ਲਈ ਚੁਣੀ ਗਈ। ਸਾਲ ਭਰ ਦੇ ਠਰੰਮੇ ਮਗਰੋਂ ਤਲਖੀ ਫਿਰ ਵੱਧ ਗਈ। ਸਲਾਮੀ ਸਲਾਈਸਿੰਗ ਰਣਨੀਤੀ ਸਦਕਾ ਭਾਰਤੀ ਖੇਤਰ ਨੂੰ ਨਿਗ਼ਲਣਾ ਬੰਦ ਨਾ ਕੀਤਾ। ਪੈਨਗੌਂਗ ਝੀਲ ਦੀਆਂ ਲਾਗੇ ਦੀਆਂ ਪਹਾੜੀਆਂ ਤੇ ਫਿੰਗਰਾਂ (ਵਾਧਿਆਂ) ਤੇ ਕਬਜ਼ੇ ਦੀ ਪਹਿਲ ਨੇ ਫ਼ੌਜ ਦਾ ਭਾਰੀ ਜਮਾਵੜਾ ਕੀਤਾ ਤੇ ਸੰਸਾਰ ਭਰ ਦੇ ਚਿੰਤਕਾਂ ਨੂੰ ਨਫ਼ੇ-ਨੁਕਸਾਨ ਦੇ ਫ਼ਿਕਰਾਂ ਵਿਚ ਪਾ ਦਿੱਤਾ ਹੈ।

ਭਾਰਤ ਤੇ ਚੀਨ ਸੰਸਾਰ ਦੀ 40 ਫ਼ੀਸਦੀ ਅਬਾਦੀ ਦੇ ਮਾਲਕ ਹਨ। ਸੰਸਾਰ ਦੀ 18 ਫ਼ੀਸਦੀ ਕੁੱਲ ਘਰੇਲੂ ਉਤਪਾਦ ਜਾਂ ਜੀ.ਡੀ.ਪੀ ਵੀ ਦੋਵੇਂ ਦੇਸ਼ ਸਾਂਭਦੇ ਹਨ। ਮੱੱਧ ਵਰਗੀ ਵਸੋਂ ਗ਼ਰੀਬੀ ਰੇਖਾ ਹੇਠ ਵਾਲੀ ਵਸੋਂ ਤੋਂ ਵੱਧ ਹੈ। ਨਾਗਰਿਕਾਂ ਦੀ ਖ਼੍ਰੀਦਣ ਸ਼ਕਤੀ ਲਗਾਤਾਰ ਵੱਧ ਰਹੀ ਹੈ। ਜੇ ਇਹ ਦੋਵੇਂ ਦੇਸ਼ ਇਕ ਦੂਜੇ ਦੇ ਮਿੱਤਰ ਬਣ ਜਾਣ ਤਾਂ ਕਿਸੇ ਵੀ ਹੋਰ ਦੇਸ਼ ਨਾਲ ਵਪਾਰ ਕਰਨ ਦੀ ਜ਼ਰੂਰਤ ਹੀ ਨਹੀਂ ਪਵੇਗੀ। ਆਪਸੀ ਨਿਰਭਰਤਾ ਇਸ ਨੂੰ ਇਕ ਜ਼ਬਰਦਸਤ ਗਠਬੰਧਨ ਬਣਾਏਗੀ ਪਰ ਪਛਮੀ ਦੇਸ਼ ਤੇ ਰੂਸ ਸ਼ਾਇਦ ਇਹ ਕਦੇ ਵੀ ਨਹੀਂ ਚਾਹੁਣਗੇ।

ਤੇਜਿੰਦਰ ਸਿੰਘ (ਸਿਖਿਆ ਸ਼ਾਸਤਰੀ ਤੇ ਭੂ ਰਾਜਨੀਤਕ ਵਿਸ਼ਲੇਸ਼ਕ)
ਸੰਪਰਕ : 94636-86611