Special Article : ਰਿੱਛ ਦਾ ਘਰ
Special Article : ਰਿੱਛ ਦਾ ਘਰ
Special Article : ਰਿੱਛ ਦਾ ਘਰ ਰਿੱਛ ਹਰ ਬਰਸਾਤ ਵਿਚ ਭਿੱਜਦਾ ਸੀ ਤੇ ਉਸ ਨੂੰ ਜ਼ੁਕਾਮ ਹੋ ਜਾਂਦਾ ਸੀ। ਬਰਸਾਤ ਦੇ ਮੌਸਮ ਵਿਚ ਕਿਸੇ ਗੁਫ਼ਾ ਵਿਚ ਰਹਿਣਾ ਉਸ ਨੂੰ ਚੰਗਾ ਨਹੀਂ ਸੀ ਲਗਦਾ। ਉਸ ਨੇ ਅਪਣਾ ਘਰ ਬਣਾਉਣ ਦੀ ਸੋਚੀ। ਜੰਗਲ ਦਾ ਸੱਭ ਤੋਂ ਸੋਹਣਾ ਘਰ।
ਰਿੱਛ ਨੇ ਬਰਸਾਤ ਆਉਣ ਤੋਂ ਪਹਿਲਾਂ ਪਹਿਲਾਂ ਅਪਣਾ ਘਰ ਬਣਾ ਲਿਆ। ਉਹ ਘਰ ਸੱਚਮੁਚ ਹੀ ਬੜਾ ਸੋਹਣਾ ਸੀ। ਉਸ ਨੇ ਬੜੀ ਮਿਹਨਤ ਨਾਲ ਬਣਾਇਆ ਸੀ। ਅਪਣੇ ਘਰ ਨੂੰ ਦੇਖ ਕੇ ਉਸ ਦੇ ਮਨ ਵਿਚ ਹੰਕਾਰ ਆ ਗਿਆ।
ਰਿੱਛ ਰੋਜ਼ ਹੋਰ ਜਾਨਵਰਾਂ ਨੂੰ ਘਰ ਬੁਲਾ ਕੇ ਅਪਣਾ ਘਰ ਦਿਖਾਉਂਦਾ। ਸੱਭ ਤੋਂ ਪਹਿਲਾਂ ਉਸ ਦਾ ਘਰ ਵੇਖਣ ਲਈ ਉਸ ਦੇ ਕਈ ਰਿੱਛ ਦੋਸਤ ਆਏ। ਉਨ੍ਹਾਂ ਨੇ ਘਰ ਵੇਖ ਕੇ ਵਾਹ-ਵਾਹ ਕੀਤੀ ਤੇ ਕਿਹਾ, “ਸਾਡਾ ਭਾਈ ਜ਼ਿੰਦਾਬਾਦ।’’
ਦੂਸਰੇ ਦਿਨ ਉਸ ਨੇ ਕਾਟੋ ਨੂੰ ਬੁਲਾਇਆ। ਉਹ ਘਰ ਦੇ ਹਰ ਕੋਨੇ ਵਿਚ ਗਈ। ਉਸ ਦੇ ਮੂੰਹੋਂ ਵੀ ਆਪ ਮੁਹਾਰੇ ਵਾਹ ਨਿਕਲਿਆ। ਤੀਜੇ ਦਿਨ ਰਿੱਛ ਨੇ ਖ਼ਰਗੋਸ਼ ਨੂੰ ਸੱਦਾ ਦਿਤਾ। ਉਹ ਘਰ ਵਿਚ ਖ਼ੂਬ ਨੱਚਿਆ ਟੱਪਿਆ ਤੇ ਕਿਹਾ - ਵਾਹ। ਚੌਥੇ ਦਿਨ ਬਾਂਦਰ ਨੂੰ ਸੱਦਾ ਭੇਜਿਆ ਗਿਆ। ਬਾਂਦਰ ਨੂੰ ਤਾਂ ਇਹ ਘਰ ਇੰਨਾ ਪਸੰਦ ਆਇਆ ਕਿ ਉਹ ਖੰਭੇ ’ਤੇ ਚੜ੍ਹ ਕੇ ਸੌਂ ਗਿਆ। ਬਾਅਦ ਵਿਚ ਰਿੱਛ ਨੇ ਉਸ ਨੂੰ ਜਗਾ ਕੇ ਦਰੱਖ਼ਤ ’ਤੇ ਭੇਜਿਆ। ਪੰਜਵੇਂ ਦਿਨ ਕੁਕੜੀਆਂ ਦਾ ਇਕ ਝੁੰਡ ਆ ਗਿਆ। ਉਹ ਪੂਰੇ ਘਰ ਵਿਚ ਕੁੜ-ਕੁੜ ਕਰਦੀਆਂ ਹੋਈਆਂ ਘੁੰਮੀਆਂ। ਉਨ੍ਹਾਂ ਨੇ ਰਿੱਛ ਦੇ ਘਰ ਦੀ ਹਰ ਚੀਜ਼ ਦੀ ਸ਼ਿਫ਼ਤ ਕੀਤੀ। ਛੇਵੇਂ ਦਿਨ ਸ਼ੇਰ ਦਾ ਬੱਚਾ ਅਪਣੇ ਭਰਾਵਾਂ ਨਾਲ ਆਇਆ ਤਾਂ ਰਿੱਛ ਨੂੰ ਕੁੱਝ ਡਰ ਲਗਿਆ ਪਰ ਸ਼ੇਰ ਦੇ ਬੱਚੇ ਨੇ ਉਸ ਨੂੰ ਕੱੁਝ ਨਹੀਂ ਕਿਹਾ। ਉਨ੍ਹਾਂ ਨੇ ਉਥੇ ਇੰਨਾ ਰੌਲਾ ਪਾਇਆ ਕਿ ਰਿੱਛ ਦੇ ਸਿਰ ਵਿਚ ਦਰਦ ਹੋਣ ਲੱਗ ਪਿਆ। ਉਨ੍ਹਾਂ ਦੇ ਜਾਣ ਤੋਂ ਬਾਅਦ ਰਿੱਛ ਨੇ ਸੁੱਖ ਦਾ ਸਾਹ ਲਿਆ।
ਸੱਤਵੇਂ ਦਿਨ ਬਿੱਲੀ ਮਾਸੀ ਅਪਣੀ ਭੂਆ ਦੇ ਨਾਲ ਆਈ। ਦੋਵਾਂ ਨੇ ਪੂਰਾ ਘਰ ਘੁੰਮ ਕੇ ਵੇਖਿਆ। ਭੂਆ ਬੋਲੀ, “ਪੁੱਤਰਾ ਘਰ ਤਾਂ ਬਹੁਤ ਵਧੀਆ ਹੈ ਪਰ ਤੂੰ ਸਾਡੀ ਦੁੱਧ ਮਲਾਈ ਨਾਲ ਸੇਵਾ ਨਹੀਂ ਕੀਤੀ। ਅਜਿਹਾ ਹੁੰਦਾ ਤਾਂ ਸਾਨੂੰ ਹੋਰ ਵੀ ਚੰਗਾ ਲਗਦਾ। ਉਸ ਨੇ ਵਾਅਦਾ ਕੀਤਾ ਕਿ ਇਕ ਦਿਨ ਉਹ ਉਨ੍ਹਾਂ ਨੂੰ ਦਾਵਤ ਜ਼ਰੂਰ ਦੇਵੇਗਾ।
ਅੱਠਵੇਂ ਦਿਨ ਰਿੱਛ ਦੇ ਘਰ ਵਿਚ ਰੌਸ਼ਨਦਾਨ ਰਾਹੀਂ ਕੁੱਝ ਚਿੜੀਆਂ ਆਈਆਂ। ਉਹ ਵੀ ਰਿੱਛ ਦੀਆਂ ਦੋਸਤ ਸਨ। ਉਹ ਬੜੀ ਖ਼ੁਸ਼ੀ ਨਾਲ ਚਹਿ ਚਹਾਈਆਂ। ਸਾਰਿਆਂ ਨੂੰ ਉਸ ਦੇ ਘਰ ਦੀ ਬੜੀ ਖ਼ੁਸ਼ੀ ਹੋਈ। ਨੌਂਵੇ ਦਿਨ ਲੂੰਬੜੀ ਆਈ। ਰਿੱਛ ਨੇ ਉਸ ਨੂੰ ਬੁਲਾਇਆ ਨਹੀਂ ਸੀ। ਉਹ ਅਪਣੀ ਮਰਜ਼ੀ ਨਾਲ ਆ ਗਈ ਸੀ। ਰਿੱਛ ਨੇ ਉਸ ਨੂੰ ਆਦਰ ਨਾਲ ਬਿਠਾਇਆ। ਪਰ ਰਿੱਛ ਦਾ ਘਰ ਵੇਖ ਕੇ ਲੂੰਬੜੀ ਨੂੰ ਚੰਗਾ ਨਾ ਲਗਿਆ। ਉਸ ਦਾ ਸੁਭਾਅ ਹੀ ਮਾੜਾ ਸੀ। ਉਹ ਕਿਸੇ ਦਾ ਵੀ ਭਲਾ ਨਹੀਂ ਕਰਦੀ ਸੀ। ਲੂੰੁਬੜੀ ਬੋਲੀ, “ਵੀਰ ਜੀ, ਘਰ ਦੇ ਮਾਮਲੇ ਵਿਚ ਹਾਥੀ ਤੋਂ ਵੱਧ ਕੋਈ ਨਹੀਂ ਜਾਣਦਾ। ਜ਼ਰਾ ਹਾਥੀ ਨੂੰ ਵੀ ਪੁੱਛ ਕੇ ਵੇਖੋ, ਮੈਂ ਤਾਂ ਹੀ ਮੰਨਾਂਗੀ। ਬਾਂਦਰ ਤੇ ਕਾਟੋ ਵਰਗੇ ਜਾਨਵਰਾਂ ਨੂੰ ਘਰ ਬਾਰੇ ਕੀ ਪਤਾ”।
ਰਿੱਛ ਨੂੰ ਅਪਣੇ ਘਰ ’ਤੇ ਹੰਕਾਰ ਤਾਂ ਪਹਿਲਾਂ ਹੀ ਸੀ। ਫਿਰ ਜਿੰਨੀ ਉਸ ਦੀ ਪ੍ਰਸ਼ੰਸਾ ਹੋਈ, ਉਸ ਨਾਲ ਉਸ ਦਾ ਹੰਕਾਰ ਹੋਰ ਵੀ ਵੱਧ ਗਿਆ ਸੀ। ਉਸ ਨੇ ਦਸਵੇਂ ਦਿਨ ਹਾਥੀ ਨੂੰ ਅਪਣੇ ਘਰ ਦਾਵਤ ਦੇ ਦਿਤੀ।
ਹਾਥੀ ਛੋਟੇ ਮੋਟੇ ਪਹਾੜ ਜਿੱਡਾ ਸੀ। ਉਸ ਨੇ ਘਰ ਨੂੰ ਬਾਹਰੋਂ ਦੇਖਿਆ ਅਤੇ ਉਸ ਦੀ ਸਿਫ਼ਤ ਕੀਤੀ। ਰਿੱਛ ਨੇ ਕਿਹਾ, “ਬਾਹਰ ਤੋਂ ਨਹੀਂ ਪਤਾ ਲਗਦਾ, ਜ਼ਰਾ ਅੰਦਰ ਆ ਕੇ ਵੇਖੋ।’’ ਹਾਥੀ ਘਰ ਅੰਦਰ ਜਾਣ ਤੋਂ ਝਿਜਕ ਰਿਹਾ ਸੀ। ਰਿੱਛ ਨੇ ਕਿਹਾ, “ਹਾਥੀ ਵੀਰ ਅਜਿਹਾ ਘਰ ਤੁਸੀਂ ਜ਼ਿੰਦਗੀ ਵਿਚ ਕਦੀ ਨਹੀਂ ਵੇਖਿਆ ਹੋਵੇਗਾ, ਬਹੁਤ ਵੱਡਾ ਹੈ। ਇਹ ਮਜ਼ਬੂਤ ਵੀ ਬਹੁਤ ਹੈ, ਅੰਦਰ ਆਏ ਬਿਨਾਂ ਕੁੱਝ ਵੀ ਪਤਾ ਨਹੀਂ ਲਗਣਾ।’’
ਹਾਥੀ ਬੜੀ ਸਾਵਧਾਨੀ ਨਾਲ ਘਰ ਅੰਦਰ ਵੜ ਗਿਆ। ਸੱਭ ਤੋਂ ਪਹਿਲਾਂ ਉਸ ਨੇ ਅਪਣੀ ਸੁੰਡ ਅੰਦਰ ਕੀਤੀ। ਫਿਰ ਸਿਰ ਤੇ ਬਾਅਦ ਵਿਚ ਸਾਰਾ ਸਰੀਰ। ਹਾਥੀ ਦੇ ਅੰਦਰ ਵੜਨ ਨਾਲ ਕੋਈ ਥਾਂ ਨਾ ਬਚੀ। ਹਾਥੀ ਤੇ ਰਿੱਛ ਦੋਵੇਂ ਹੀ ਘਰ ਵਿਚ ਫਸ ਗਏ। ਨਾ ਹਾਥੀ ਕੋਲੋਂ ਹਿੱਲ ਹੋਵੇ ਤੇ ਨਾ ਹੀ ਰਿੱਛ ਤੋਂ। ਉਸੇ ਸਮੇਂ ਹਾਥੀ ਨੂੰ ਜ਼ੋਰ ਦੀ ਨਿੱਛ ਆ ਗਈ। ਰਿੱਛ ਦਾ ਘਰ ਕੰਬ ਗਿਆ, ਉਹ ਘਬਰਾ ਗਿਆ। ਹਾਥੀ ਤੋਂ ਹਿਲ-ਜੁਲ ਨਾ ਹੋਵੇ। ਉਹ ਬਹੁਤ ਪ੍ਰੇਸ਼ਾਨ ਹੋ ਗਿਆ। ਉਸ ਨੇ ਕਿਹਾ, “ਰਿੱਛ ਵੀਰ ਹੁਣ ਮੈਨੂੰ ਬਾਹਰ ਜਾਣ ਦੇ।’’
ਰਿੱਛ ਬੋਲਿਆ, “ਇਹੀ ਠੀਕ ਰਹੇਗਾ।’’ ਪਰ ਹਾਥੀ ਤਾਂ ਫਸਿਆ ਹੋਇਆ ਸੀ। ਉਸ ਨੇ ਜ਼ੋਰ ਨਾਲ ਅਪਣੇ ਪੈਰ ਹਿਲਾਏ। ਬਾਹਰ ਨਿਕਲਣ ਲਈ ਸਾਰੇ ਸਰੀਰ ਦਾ ਜ਼ੋਰ ਲਗਾਇਆ। ਉਸ ਦਾ ਸਿਰ ਕੰਧ ਵਿਚ ਲੱਗ ਗਿਆ। ਰਿੱਛ ਦਾ ਘਰ ਢਹਿ ਗਿਆ। ਘਰ ਉਸ ਹਾਥੀ ਦੀ ਪਿੱਠ ਤੇ ਛੱਤ ਵਾਂਗ ਲੱਗ ਗਿਆ। ਹਾਥੀ ਨੇ ਸ਼ਰਮਾਉਂਦਿਆਂ ਕਿਹਾ, “ਭਾਈ ਤੂੰ ਹੀ ਮੈਨੂੰ ਘਰ ਬੁਲਾਇਆ ਸੀ, ਇਸ ਵਿਚ ਮੇਰੀ ਕੋਈ ਗ਼ਲਤੀ ਨਹੀਂ ਹੈ।’’
ਅਪਣੀ ਮੂਰਖਤਾ ’ਤੇ ਰਿੱਛ ਬਹੁਤ ਦੁਖੀ ਹੋਇਆ। ਹਾਥੀ ਅਪਣੀ ਪਿੱਠ ’ਤੇ ਉਸ ਦਾ ਘਰ ਲੈ ਕੇ ਚਲਾ ਗਿਆ।
ਅਨੁ. ਬਲਜਿੰਦਰ ਮਾਨ ਮੋ. 98150-18947
ਮੂਲ: ਅਮਰ ਗੋੋਸੁਆਮੀ
(For more news apart from Bear's house News in Punjabi, stay tuned to Rozana Spokesman)