Special Article : ਹਾਸਿਆਂ ਦਾ ਬਾਦਸ਼ਾਹ ਮਿਹਰ ਮਿੱਤਲ
Special Article : ਹਾਸਿਆਂ ਦਾ ਬਾਦਸ਼ਾਹ ਮਿਹਰ ਮਿੱਤਲ
Special Article : ਹਾਸਿਆਂ ਦਾ ਬਾਦਸ਼ਾਹ ਮਿਹਰ ਮਿੱਤਲ
ਹਸਾ-ਹਸਾ ਕੇ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਉਣ ਵਾਲੇ ਤੇ ਹਾਸਿਆਂ ਦਾ ਬਾਦਸ਼ਾਹ ਕਹੇ ਜਾਣ ਵਾਲੇ ਮਿਹਰ ਮਿੱਤਲ ਦਾ ਜਨਮ 24 ਅਕਤੂਬਰ 1935 ਨੂੰ ਪਿਤਾ ਠਾਕਰ ਮੱਲ ਅਤੇ ਮਾਤਾ ਗੰਗਾ ਦੇਵੀ ਦੇ ਘਰ ਪਿੰਡ ਚੁੱਘੇ ਖ਼ੁਰਦ ਜ਼ਿਲ੍ਹਾ ਬਠਿੰਡਾ ਵਿਖੇ ਹੋਇਆ ਸੀ। ਇਨ੍ਹਾਂ ਨੂੰ ਐਕਟਿੰਗ ਦਾ ਸ਼ੌਕ ਬਚਪਨ ਤੋਂ ਹੀ ਸੀ। ਪਿੰਡ ਵਿਚ ਹੁੰਦੀ ਰਾਮਲੀਲਾ ਅਤੇ ਨਾਟਕਾਂ ਵਿਚ ਉਹ ਵੱਧ ਚੜ੍ਹ ਕੇ ਹਿੱਸਾ ਲੈਂਦੇ। ਮੈਟ੍ਰਿਕ ਕਰਨ ਉਪ੍ਰੰਤ ਮਿਹਰ ਮਿੱਤਲ ਨੇ ਜੂਨੀਅਰ ਬੇਸਿਕ ਟੀਚਰ ਦਾ ਕੋਰਸ ਕਰ ਕੇ ਪੜ੍ਹਾਉਣਾ ਸ਼ੁਰੂ ਕੀਤਾ ਤੇ ਨਾਲ ਹੀ ਪ੍ਰਾਈਵੇਟ ਬੀ.ਏ. ਭਰ ਕੇ ਅਪਣੀ ਗ੍ਰੈਜੂਏਸ਼ਨ ਪੂਰੀ ਕਰ ਕੀਤੀ ਤੇ 1964 ਵਿਚ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਤੋਂ ਐੱਲ.ਐੱਲ.ਬੀ ਕਰ ਕੇ ਅੱਠ ਸਾਲ ਵਕਾਲਤ ਕੀਤੀ। ਮਿਹਰ ਮਿੱਤਲ ਨੇ ਵਕਾਲਤ ਛੱਡ ਦਿਤੀ ਕਿਉਂਕਿ ਮਿਹਰ ਮਿੱਤਲ ਵਕਾਲਤ ਲਈ ਨਹੀਂ ਬਣਿਆ ਸੀ, ਉਹ ਤਾਂ ਅਦਾਕਾਰੀ ਲਈ ਬਣਿਆ ਸੀ। ਅਦਾਕਾਰੀ ਤੋਂ ਉਸ ਨੂੰ ਸਭ ਤੋਂ ਵੱਧ ਪਿਆਰ ਅਤੇ ਮਾਣ ਸਤਿਕਾਰ ਹਾਸਲ ਹੋਇਆ।
ਛੋਟੇ-ਛੋਟੇ ਨਾਟਕਾਂ ਅਤੇ ਰਾਮਲੀਲਾ ਤੋਂ ਸ਼ੁਰੂਆਤ ਕਰਨ ਵਾਲੇ ਮਿਹਰ ਮਿੱਤਲ ਨੇ ਸੌ ਤੋਂ ਵੱਧ ਫ਼ਿਲਮਾਂ ਵਿਚ ਕੰਮ ਕੀਤਾ। ਮਿਹਰ ਮਿੱਤਲ ਨੇ ਅਪਣੀ ਸਭ ਤੋਂ ਪਹਿਲੀ ਪੰਜਾਬੀ ਫ਼ਿਲਮ ‘ਮਾਂ ਦਾ ਲਾਡਲਾ’ 1969 ਵਿਚ ਕੀਤੀ। ਇਸ ਫ਼ਿਲਮ ਨੇ ਮਿਹਰ ਮਿੱਤਲ ਲਈ ਫ਼ਿਲਮਾਂ ਦੇ ਖੇਤਰ ਵਿਚ ਦਰਵਾਜ਼ੇ ਖੋਲ੍ਹ ਦਿਤੇ। ਉਸ ਤੋਂ ਬਾਅਦ ਅਜਿਹਾ ਸਮਾਂ ਆਇਆ ਜਦੋਂ ਮਿਹਰ ਮਿੱਤਲ ਤੋਂ ਬਿਨਾਂ ਕੋਈ ਵੀ ਪੰਜਾਬੀ ਫ਼ਿਲਮ ਦਾ ਹਿੱਟ ਹੋਣਾ ਬਹੁਤ ਮੁਸ਼ਕਲਾਂ ਭਰਪੂਰ ਸੀ। ਅਪਣੇ ਫ਼ਿਲਮੀ ਸਫ਼ਰ ਦੌਰਾਨ ਉਨ੍ਹਾਂ ਨੇ ‘ਸੱਚਾ ਮੇਰਾ ਰੂਪ, ਕੁਰਬਾਨੀ ਜੱਟ ਦੀ, ਚੰਨ ਪਰਦੇਸੀ, ਵਲਾਇਤੀ ਬਾਬੂ, ਭੁਲੇਖਾ, ਦੋ ਮਦਾਰੀ, ਯਾਰੀ ਜੱਟ ਦੀ, ਬਟਵਾਰਾ, ਜੱਟ ਤੇ ਜ਼ਮੀਨ, ਲੌਂਗ ਦਾ ਲਿਸ਼ਕਾਰਾ, ਸਰਪੰਚ, ਸੰਤੋਂ ਬੰਤੋਂ, ਦੋ ਸ਼ੇਰ, ਸ਼ੇਰਨੀ, ਟਾਕਰਾ, ਨਿੰਮੋ, ਬਲਬੀਰੋ ਭਾਬੀ ਅਤੇ ਜ਼ਿੰਦੜੀ ਯਾਰ ਦੀ ਵਰਗੀਆਂ ਸੁਪਰ ਹਿੱਟ ਫ਼ਿਲਮਾਂ ਪੰਜਾਬੀ ਸਿਨੇਮਾ ਦੀ ਝੋਲੀ ਪਾ ਕੇ ਪੰਜਾਬੀ ਸਿਨੇਮਾ ਨੂੰ ਇਕ ਨਵੀਂ ਪਹਿਚਾਣ ਦਿਤੀ। ਮਿਹਰ ਮਿੱਤਲ ਨੇ ਅਪਣੇ ਸਮੇਂ ਦੇ ਵਰਿੰਦਰ, ਪ੍ਰੀਤੀ ਸਪਰੂ, ਯੋਗਰਾਜ, ਗੁੱਗੂ ਗਿੱਲ, ਗੁਰਦਾਸ ਮਾਨ ਅਤੇ ਰਾਜ ਬੱਬਰ ਵਰਗੇ ਹਿੱਟ ਅਦਾਕਾਰਾਂ ਨਾਲ ਕੰਮ ਕੀਤਾ। ਮਿਹਰ ਮਿੱਤਲ ਅਦਾਕਾਰ ਦੇ ਨਾਲ-ਨਾਲ ਇਕ ਵਧੀਆ ਲੇਖਕ ਤੇ ਨਿਰਦੇਸ਼ਕ ਵੀ ਸੀ। ਉਨ੍ਹਾਂ ਦੁਆਰਾ ਨਿਰਦੇਸ਼ਤ ਕੀਤੀਆਂ ਗਈਆਂ ਦੋ ਪੰਜਾਬੀ ਫ਼ਿਲਮਾਂ ‘ਅੰਬੇ ਮਾਂ ਜਗਦੰਬੇ ਮਾਂ’ ਅਤੇ ‘ਵਲਾਇਤੀ ਬਾਬੂ’ ਨੇ ਮਿਹਰ ਮਿੱਤਲ ਨੂੰ ਨਿਰਦੇਸ਼ਕਾਂ ਦੀ ਮੁਢਲੀ ਕਤਾਰ ਵਿਚ ਲਿਆ ਖੜਾ ਕੀਤਾ। ਉਨ੍ਹਾਂ ਦੁਆਰਾ ਲਿਖੇ ਡਾਇਲਾਗ ਫ਼ਿਲਮਾਂ ਵਿਚ ਇਸ ਕਦਰ ਪ੍ਰਸਿੱਧ ਹੋਏ ਕਿ ਉਹ ਦਰਸ਼ਕਾਂ ਦੀ ਜ਼ੁਬਾਨ ’ਤੇ ਚੜ੍ਹ ਗਏ ਜਿਨ੍ਹਾਂ ਵਿਚ ‘‘ਮਾਰਿਆ ਕੁੱਕੜ’’, ‘‘ਉਡਾਤੇ ਤੋਤੇ ਤੇ ਪੱਟ ’ਤੇ ਮੋਛੇ’’, ‘‘ਨਈਂ ਨਈਂ ਗੱਲ ਆ ਇਕ’’ ਅਤੇ ‘‘ਤੇ ਅਸੀਂ ਬੰਦਾ ਮਾਰ ਦਿੰਦੇ ਆ’’ ਉਨ੍ਹਾਂ ਦੀ ਬਹੁਪੱਖੀ ਸ਼ਖ਼ਸੀਅਤ ਨੂੰ ਪ੍ਰਗਟਾਉਂਦੇ ਹਨ। ਮਿਹਰ ਮਿੱਤਲ ਇਹ ਮੰਨਦੇ ਸਨ ਕਿ ਜੇਕਰ ਤੁਸੀਂ ਕਾਮੇਡੀ ਵਿਚ ਹਿੱਟ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਡਾਇਲਾਗ ਖ਼ੁਦ ਲਿਖੋ। ਇਸੇ ਲਈ ਉਹ ਫ਼ਿਲਮਾਂ ਦੇ ਜ਼ਿਆਦਾਤਰ ਡਾਇਲਾਗ ਖ਼ੁਦ ਹੀ ਲਿਖਦੇ ਸਨ।
ਮਿਹਰ ਮਿੱਤਲ ਨੇ ਪੰਜਾਬੀ ਸਿਨੇਮਾ ਦੇ ਨਾਲ-ਨਾਲ ਹਿੰਦੀ ਸਿਨੇਮਾ ਵਿਚ ਵੀ ਕਿਸਮਤ ਨੂੰ ਅਜ਼ਮਾਇਆ। ਉਨ੍ਹਾਂ ਦੀ ਸਭ ਤੋਂ ਪਹਿਲੀ ਹਿੰਦੀ ਫ਼ਿਲਮ 1975 ਵਿਚ ਆਈ ਸੀ, ‘ਪ੍ਰਤਿੱਗਿਆ, ਬਦਮਾਸ਼ੋਂ ਕਾ ਬਦਮਾਸ਼, ਜੀਨੇ ਨਹੀਂ ਦੂੰਗਾ, ਸੋਹਣੀ ਮਹੀਵਾਲ ਅਤੇ ਮਾਂ ਸੰਤੋਸ਼ੀ’ ਵਰਗੀਆਂ ਬਿਹਤਰੀਨ ਫ਼ਿਲਮਾਂ ਵਿਚ ਕੀਤੀ ਲਾਜਵਾਬ ਅਦਾਕਾਰੀ ਨਾਲ ਮਿਹਰ ਮਿੱਤਲ ਨੂੰ ਹਿੰਦੀ ਸਿਨੇਮਾ ਵਿਚ ਵੀ ਇਕ ਨਵੀਂ ਪਹਿਚਾਣ ਮਿਲੀ। ਮਿਹਰ ਮਿੱਤਲ ਰਾਜ ਕਪੂਰ ਨੂੰ ਅਪਣਾ ਗੁਰੂ ਮੰਨਦੇ ਸਨ ਅਤੇ ਰਾਜ ਕਪੂਰ ਨਾਲ ਫ਼ਿਲਮ ਕਰਨ ਦੀ ਇੱਛਾ ਰਖਦੇ ਸਨ। ਉਨ੍ਹਾਂ ਦਾ ਇਹ ਸੁਪਨਾ 1982 ਵਿਚ ਆਈ ਫ਼ਿਲਮ ਗੋਪੀਚੰਦ ਜਾਸੂਸ ਵਿਚ ਪੂਰਾ ਹੋਇਆ ਜਿਸ ਵਿਚ ਰਾਜ ਕਪੂਰ ਦੇ ਨਾਲ-ਨਾਲ ਜੀਨਤ ਅਮਾਨ, ਪ੍ਰੇਮ ਚੋਪੜਾ ਅਤੇ ਵਿਨੋਦ ਮਿਹਰਾ ਵਰਗੇ ਹਿੱਟ ਅਦਾਕਾਰਾਂ ਨੇ ਵੀ ਅਪਣੀ ਬਿਹਤਰੀਨ ਅਦਾਕਾਰੀ ਦਾ ਪ੍ਰਦਰਸ਼ਨ ਕੀਤਾ। ਉਹ ਮਿਹਰ ਮਿੱਤਲ ਹੀ ਸਨ ਜਿਨ੍ਹਾਂ ਨੇ ਵਿਨੋਦ ਖੰਨਾ, ਅਮਿਤਾਭ ਬਚਨ, ਤਨੂਜਾ ਅਤੇ ਰੀਨਾ ਰਾਏ ਵਰਗੇ ਅਦਾਕਾਰਾਂ ਨੂੰ ਪੰਜਾਬੀ ਸਿਨੇਮਾ ਵਿਚ ਆਉਣ ਲਈ ਪ੍ਰੇਰਿਤ ਕੀਤਾ।
ਪੰਜਾਬੀ ਅਤੇ ਹਿੰਦੀ ਸਿਨੇਮਾ ਵਿਚ ਪਾਏ ਵਡਮੁੱਲੇ ਯੋਗਦਾਨ ਬਦਲੇ ਮਿਹਰ ਮਿੱਤਲ ਨੂੰ ਕਈ ਵੱਕਾਰੀ ਪੁਰਸਕਾਰ ਅਤੇ ਮਾਣ ਸਨਮਾਨ ਹਾਸਲ ਹੋਏ। ਉਨ੍ਹਾਂ ਨੂੰ ਦਾਦਾ ਸਾਹਿਬ ਫਾਲਕੇ ਦੀ 136ਵੀਂ ਜਯੰਤੀ ’ਤੇ ਸਿਨੇਮਾ ਦੇ ਖੇਤਰ ਵਿਚ ਪਾਏ ਵਡਮੁੱਲੇ ਯੋਗਦਾਨ ਬਦਲੇ ‘ਦਾਦਾ ਸਾਹਿਬ ਫਾਲਕੇ ਅਕਾਦਮੀ’ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਮਿਹਰ ਮਿੱਤਲ ਲਈ ਅਦਾਕਾਰੀ ਰੂਹ ਦੀ ਖ਼ੁਰਾਕ ਸੀ। ਉਹ ਐਕਟਿੰਗ ਪੈਸੇ ਲਈ ਨਹੀਂ ਕਰਦੇ ਸਨ, ਜੇ ਉਨ੍ਹਾਂ ਨੇ ਪੈਸੇ ਹੀ ਕਮਾਉਣੇ ਹੁੰਦੇ ਤਾਂ ਉਹ ਵਕਾਲਤ ਕਿਉਂ ਛੱਡਦੇ। ਉਨ੍ਹਾਂ ਨੂੰ ਪੈਸੇ ਅਤੇ ਧਨ ਦੌਲਤ ਦਾ ਕੋਈ ਮੋਹ ਨਹੀਂ ਸੀ। ਉਹ ਸ਼ੌਹਰਤ ਭਰੀ ਜ਼ਿੰਦਗੀ ਤੋਂ ਕਿੰਨਾ ਦੂਰ ਸਨ, ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਦੋਂ ਉਨ੍ਹਾਂ ਨੇ ਅਪਣੀ ਪਹਿਲੀ ਫ਼ਿਲਮ ਕੀਤੀ ਤਾਂ ਉਨ੍ਹਾਂ ਨੂੰ ਕੇਵਲ ਪੰਜ ਰੁਪਏ ਮਿਲੇ ਜਿਸ ਨਾਲ ਕੇਵਲ ਉਨ੍ਹਾਂ ਦਾ ਬੱਸ ਦਾ ਕਿਰਾਇਆ ਹੀ ਪੂਰਾ ਹੋਇਆ ਪ੍ਰੰਤੂ ਉਨ੍ਹਾਂ ਨੇ ਅਪਣੀ ਮਿਹਨਤ ਤੇ ਸੰਘਰਸ਼ ਨਾਲ ਪੰਜਾਬੀ ਸਿਨੇਮਾ ’ਚ ਅਜਿਹਾ ਮੁਕਾਮ ਹਾਸਲ ਕੀਤਾ ਜੋ ਹਰ ਕਿਸੇ ਕਲਾਕਾਰ ਲਈ ਬਣਾਉਣਾ ਬਹੁਤ ਔਖਾ ਹੈ।
ਮਿਹਰ ਮਿੱਤਲ ਦੇ ਪ੍ਰਵਾਰ ਵਲ ਝਾਤ ਮਾਰੀਏ ਤਾਂ ਉਹ ਛੇ ਭਰਾ ਅਤੇ ਉਨ੍ਹਾਂ ਦੀਆਂ ਦੋ ਭੈਣਾਂ ਸਨ। ਉਨ੍ਹਾਂ ਦਾ ਵਿਆਹ ਸੁਦੇਸ਼ ਕੌਰ ਮਿੱਤਲ ਨਾਲ ਹੋਇਆ ਤੇ ਇਨ੍ਹਾਂ ਦੇ ਘਰ ਚਾਰ ਧੀਆਂ ਨੇ ਜਨਮ ਲਿਆ। ਮਿਹਰ ਮਿੱਤਲ ਚਾਰ ਦਹਾਕਿਆਂ ਤੋਂ ਜ਼ਿਆਦਾ ਸਮਾਂ ਫ਼ਿਲਮੀ ਪਰਦੇ ’ਤੇ ਛਾਏ ਰਹੇ।
ਅਪਣੇ ਅਖ਼ੀਰਲੇ ਸਮੇਂ ਵਿਚ ਉਨ੍ਹਾਂ ਨੇ ਮਨ ਦੀ ਸ਼ਾਂਤੀ ਲਈ ਅਧਿਆਤਮ ਦਾ ਰਾਹ ਚੁਣਿਆ। ਉਹ ‘ਬ੍ਰਹਮ ਕੁਮਾਰੀ’ ਅੰਦੋਲਨ ਵਿਚ ਸ਼ਾਮਲ ਹੋਏ ਅਤੇ ਅਪਣੇ ਅੰਤਮ ਸਾਹਾਂ ਤਕ ਰਾਜਸਥਾਨ ਦੇ ਮਾਊਂਟ ਆਬੂ ਵਿਚ ਹੀ ਰਹੇ। ਆਖ਼ਰ 22 ਅਕਤੂਬਰ 2016 ਨੂੰ ਕਰੋੜਾਂ ਦਰਸ਼ਕਾਂ ਦੇ ਚਿਹਰਿਆਂ ’ਤੇ ਉਦਾਸੀ ਅਤੇ ਅੱਖਾਂ ’ਚ ਹੰਝੂ ਛੱਡਦੇ ਹੋਏ ਮਿਹਰ ਮਿੱਤਲ ਇਸ ਫ਼ਾਨੀ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਏ। ਸਰੀਰਕ ਰੂਪ ਵਿਚ ਤਾਂ ਮਿੱਤਲ ਸਾਹਬ ਸਾਡੇ ਵਿਚਕਾਰ ਨਹੀਂ ਰਹੇ ਪ੍ਰੰਤੂ ਉਨ੍ਹਾਂ ਦੁਆਰਾ ਪੰਜਾਬੀ ਸਿਨੇਮਾ ਵਿਚ ਪਾਏ ਵਡਮੁੱਲੇ ਯੋਗਦਾਨ ਅਤੇ ਬਿਹਤਰੀਨ ਅਦਾਕਾਰੀ ਲਈ ਹਮੇਸ਼ਾ ਯਾਦ ਰਖਿਆ ਜਾਵੇਗਾ। ਪੈਸੇ ਦੀ ਭੱਜ ਦੌੜ ਲਈ ਅਪਣੇ ਵਿਰਸੇ ਅਤੇ ਬੋਲੀ ਤੋਂ ਬੇਮੁੱਖ ਹੋਣ ਵਾਲੇ ਅਜੋਕੇ ਕਲਾਕਾਰਾਂ ਅਤੇ ਅਦਾਕਾਰਾਂ ਲਈ ਉਨ੍ਹਾਂ ਦੀ ਸੰਘਰਸ਼ਮਈ ਅਤੇ ਪ੍ਰੇਰਨਾਦਾਇਕ ਜ਼ਿੰਦਗੀ ਹਮੇਸ਼ਾ ਰਾਹ ਦਸੇਰਾ ਬਣੀ ਰਹੇਗੀ।
ਰਜਵਿੰਦਰ ਪਾਲ ਸ਼ਰਮਾ
ਮੋ. 7087367969