ਮਨੁੱਖ ਦਾ ਸੱਚਾ ਮਿੱਤਰ ਹੈ ਪਲਾਹ ਦਾ ਰੁੱਖ
ਇਹ ਅਣਘੜ ਅਤੇ ਵਿੰਗਾ-ਟੇਢਾ ਰੁੱਖ ਹੈ, ਜੋ ਕਿ ਜ਼ਿਆਦਾਤਰ ਖੁਸ਼ਕ ਖੇਤਰਾਂ ਵਿਚ ਮਿਲਦਾ ਹੈ।
ਪੰਜਾਬ ਦੀ ਧਰਤੀ ਭਾਂਤ ਭਾਂਤ ਦੇ ਰੁੱਖਾਂ ਦੀ ਧਰਤੀ ਰਹੀ। ਉਨ੍ਹਾਂ ਵਿਚੋਂ ਇਕ ਰੁੱਖ ਪਲਾਹ ਵੀ ਹੈ। ਵੱਖ ਵੱਖ ਥਾਵਾਂ ਜਾਂ ਖ਼ਿੱਤਿਆਂ ਵਿਚ ਇਸ ਨੂੰ ਢੱਕ, ਢਾਕ, ਜੰਗਲ ਦੀ ਅੱਗ, ਪਲਾਹ, ਪਲਾਸ, ਕੇਸੂ, ਛਿਛਰਾ, ਵਣ-ਜਵਾਲਾ ਆਦਿ ਅਨੇਕਾਂ ਨਾਵਾਂ ਨਾਲ ਜਾਣਿਆ ਜਾਂਦਾ ਹੈ। ਪਲਾਹ ਦਾ ਰੁੱਖ ਛੋਟੇ ਅਤੇ ਦਰਮਿਆਨੇ ਆਕਾਰ ਦਾ ਰੁੱਖ ਹੈ। ਇਹ ਅਣਘੜ ਅਤੇ ਵਿੰਗਾ-ਟੇਢਾ ਰੁੱਖ ਹੈ, ਜੋ ਕਿ ਜ਼ਿਆਦਾਤਰ ਖੁਸ਼ਕ ਖੇਤਰਾਂ ਵਿਚ ਮਿਲਦਾ ਹੈ।
ਗਰਮੀ ਦੇ ਮੌਸਮ ਸਮੇਂ ਪਲਾਹ ਨੂੰ ਸੰਤਰੀ ਅਤੇ ਲਾਲ ਰੰਗ ਦੇ ਵੱਡੇ ਵੱਡੇ ਸੁੰਦਰ ਫੁੱਲ ਲਗਦੇ ਹਨ। ਇਨ੍ਹਾਂ ਫੁੱਲਾਂ ਕਰ ਕੇ ਹੀ ਪਲਾਹ ਨੂੰ ਜੰਗਲ ਦੀ ਅੱਗ ਵਜੋਂ ਜਾਣਿਆ ਜਾਂਦਾ ਹੈ। ਜਦੋਂ ਇਹ ਰੁੱਖ ਇਨ੍ਹਾਂ ਅਦਭੁਤ ਫੁੱਲਾਂ ਨਾਲ ਲੱਦਿਆ ਹੋਇਆ ਹੁੰਦਾ ਹੈ, ਉਦੋਂ ਇਸ ਦੀ ਸੁੰਦਰਤਾ ਅਤੇ ਦਿੱਖ ਬੜੀ ਸੁੰਦਰ, ਅਦਭੁਤ ਅਤੇ ਅਨੰਦਮਈ ਹੁੰਦੀ ਹੈ। ਪਲਾਹ ਰੁੱਖ ਦੀ ਲਕੜੀ ਬਹੁਤ ਸਖ਼ਤ ਹੁੰਦੀ ਹੈ ਅਤੇ ਇਹ ਕਾਫ਼ੀ ਸਮੇਂ ਤਕ ਪਾਣੀ ਵਿਚ ਖ਼ਰਾਬ ਨਹੀਂ ਹੁੰਦੀ। ਪਲਾਹ ਦੇ ਪੱਤੇ ਤਿੰਨ ਤਿੰਨ ਪੱਤਿਆਂ ਦੇ ਜੋੜਿਆਂ ਵਿਚ ਹੁੰਦੇ ਹਨ।
ਪਲਾਹ ਦੀ ਲੱਕੜ ਨੂੰ ਬਹੁਤ ਪਵਿੱਤਰ ਲੱਕੜ ਸਮਝਿਆ ਜਾਂਦਾ ਹੈ। ਇਸ ਰੁੱਖ ਨੂੰ ਜਦੋਂ ਕਿਸੇ ਥਾਂ ਟੱਕ ਲਾਇਆ ਜਾਂਦਾ ਹੈ, ਤਾਂ ਇਸ ਵਿਚੋਂ ਲਾਲ ਜਿਹੇ ਰੰਗ ਦਾ ਪਦਾਰਥ ਨਿਕਲਦਾ ਹੈ ਜੋ ਸੁੱਕ ਕੇ ਗੂੰਦ ਬਣ ਜਾਂਦਾ ਹੈ। ਪਲਾਹ ਦੀਆਂ ਜੜ੍ਹਾਂ , ਛਿੱਲੜ, ਗੂੰਦ ਅਤੇ ਕੋਮਲ ਪੱਤਿਆਂ ਤੋਂ ਜਾਣਕਾਰ ਲੋਕ ਦਵਾਈਆਂ ਵੀ ਬਣਾਉਂਦੇ ਹਨ। ਇਸ ਦੇ ਪੱਤਿਆਂ ਤੋਂ ਪੱਤਲਾਂ ਅਤੇ ਡੂਨੇ ਵੀ ਬਣਾਏ ਜਾਂਦੇ ਹਨ ਅਤੇ ਇਹ ਪੱਤੇ ਪਸ਼ੂਆਂ ਦੇ ਚਾਰੇ ਦੇ ਰੂਪ ਵਿਚ ਵੀ ਵਰਤੇ ਜਾਂਦੇ ਹਨ। ਪਲਾਹ ਦਾ ਪੌਦਾ ਅਨੇਕਾਂ ਅਦਭੁਤ ਔਸ਼ਧੀਆਂ ਬਣਾਉਣ ਦੇ ਕੰਮ ਆਉਂਦਾ ਹੈ। ਕਾਫ਼ੀ ਅਰਸਾ ਪਹਿਲਾਂ ਪੰਜਾਬ ਦੇ ਜੰਗਲਾਂ ਵਿਚ ਜਾਂ ਹੋਰ ਖੇਤਰਾਂ ਵਿਚ ਪਲਾਹ ਦਾ ਰੁੱਖ ਬਹੁਤ ਮਿਲਦਾ ਸੀ ਅਤੇ ਲੋਕ ਇਸ ਰੁੱਖ ਰਾਹੀਂ ਅਪਣੀਆਂ ਅਨੇਕਾਂ ਲੋੜਾਂ ਪੂਰੀਆਂ ਕਰ ਲੈਂਦੇ ਹੁੰਦੇ ਸੀ। ਪਲਾਹ ਸਬੰਧੀ ਕਈ ਅਖਾਣ ਵੀ ਲੋਕ ਸਾਹਿਤ ਵਿਚ ਮਿਲ ਜਾਂਦੇ ਹਨ। ਜਿਵੇਂ 'ਢਾਕ ਦੇ ਉਹੀ ਤਿੰਨ ਪਾਤ।' ਪਲਾਹ ਸਬੰਧੀ ਲੋਕ ਗੀਤ ਵੀ ਹੈ:
ਕੇਸੂ ਤੇਰੇ ਫੁੱਲ, ਵਾਂਗ ਹੀ ਝੜ ਜਾਣਗੇ,
ਕਿਸੇ ਨੀ ਲੈਣੇ ਮੁੱਲ।
ਕਈ ਥਾਵਾਂ ਤੇ ਹੋਲੀ ਆਦਿ ਖੇਡਣ ਲਈ ਵੀ ਪਲਾਹ ਦੇ ਪੱਤਿਆਂ ਦੀ ਵਰਤੋਂ ਬੜੀ ਖ਼ੁਸ਼ੀ ਅਤੇ ਸ਼ਰਧਾ ਨਾਲ ਕੀਤੀ ਜਾਂਦੀ ਰਹੀ। ਪਰ ਅੱਜ ਸਾਡੇ ਆਲੇ-ਦੁਆਲੇ ਦੇ ਖਿੱਤੇ ਵਿਚੋਂ ਪਲਾਹ ਦੇ ਰੁੱਖ ਖ਼ਤਮ ਹੀ ਹੋ ਗਏ ਹਨ। ਬੰਜਰ ਭੂਮੀ, ਜੰਗਲ, ਬੀਆਬਾਨ ਥਾਵਾਂ ਤੇ ਖੁੱਲ੍ਹੀਆਂ ਚਰਾਂਦਾਂ ਆਬਾਦੀ ਵਧਣ ਕਰ ਕੇ ਖ਼ਤਮ ਹੋ ਗਈਆਂ ਅਤੇ ਆਬਾਦ ਹੋ ਗਈਆਂ। ਸਿੱਟੇ ਵਜੋਂ ਇਹ ਰੁੱਖ ਹੁਣ ਕਿਸੇ ਕਿਸੇ ਵਿਰਲੇ-ਤਰਲੇ ਉਜਾੜ ਥਾਂ ਉਤੇ ਹੀ ਵੇਖਣ ਨੂੰ ਮਿਲਦਾ ਹੈ।
ਮਾਸਟਰ ਸੰਜੀਵ ਧਰਮਾਣੀ, ਸੰਪਰਕ : 94785-61356