ਸ਼ਰਧਾ ਦਾ ਸ਼ੁਦਾਅ (ਭਾਗ 4)

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸੋਚਦਾ ਹਾਂ ਕਦੇ ਅਪਣੀਆਂ ਅਪਣੀਆਂ ਭੇਡਾਂ ਪਛਾਣਨ ਲਈ ਉਨ੍ਹਾਂ ਨੂੰ ਰੰਗ ਲਾਏ ਜਾਂਦੇ ਸਨ ਪਰ ਅੱਜ ਦਾ ਤਾਂ ਇਨਸਾਨ ਵੀ ਪਸ਼ੂ ਬਣ ਗਿਆ ਹੈ। ਇਕ ਵੱਡੇ ਸ਼ਾਇਰ ਸਾਹਿਰ ...

Amin Malik

ਸੋਚਦਾ ਹਾਂ ਕਦੇ ਅਪਣੀਆਂ ਅਪਣੀਆਂ ਭੇਡਾਂ ਪਛਾਣਨ ਲਈ ਉਨ੍ਹਾਂ ਨੂੰ ਰੰਗ ਲਾਏ ਜਾਂਦੇ ਸਨ ਪਰ ਅੱਜ ਦਾ ਤਾਂ ਇਨਸਾਨ ਵੀ ਪਸ਼ੂ ਬਣ ਗਿਆ ਹੈ। ਇਕ ਵੱਡੇ ਸ਼ਾਇਰ ਸਾਹਿਰ ਲੁਧਿਆਣਵੀ ਨੇ ਸੱਚ ਹੀ ਤਾਂ ਆਖਿਆ ਸੀ ਕਿ “ਹਰ ਦੌਰ ਕਾ ਇਨਸਾਨ ਇਕ ਨਇਆ ਖ਼ੁਦਾ ਲੈ ਕੇ ਆਇਆ ਹੈ, ਮੈਂ ਕਿਸ ਖ਼ੁਦਾ ਕੀ ਪੂਜਾ ਕਰੂੰ'' ਇਸ ਸੱਚਾਈ ਨੂੰ ਵੇਖ ਲਵੋ ਕਿ ਹੁਣ ਹਰ ਫ਼ਿਰਕੇ ਦੀ ਵਖਰੀ ਸ਼ਰਧਾ ਮੂਜਬ ਵਖਰੀ ਵਖਰੀ ਮਸੀਤ ਵਿਚ ਵਖਰੇ ਵਖਰੇ ਟਾਈਮ ਨਾਲ ਮੌਲਵੀ ਬਾਂਗ ਦੇ ਰਿਹਾ ਹੈ।

ਸੋਚਦਾ ਹਾਂ ਕਿ ਮੈਂ ਕਿਹੜੇ ਸਮੇਂ ਅਨੁਸਾਰ ਨਮਾਜ਼ ਪੜ੍ਹਾਂ? ਹਰ ਮੌਲਵੀ ਦੀ ਵਖਰੀ ਈਦ! ਮੈਂ ਅਪਣੇ ਰੱਬ ਕੋਲੋਂ ਪੁੱਛਦਾ ਹਾਂ ਕਿ ਯਾ ਅੱਲਾਹ ਮੈਂ ਕਿਹੜੀ ਅਤੇ ਕਿਸ ਦਿਨ ਵਾਲੀ ਈਦ ਮਨਾਵਾਂ?ਮੇਰੀਆਂ ਇਹ ਗੱਲਾਂ ਸੁਣ ਕੇ ਕੋਈ ਲੰਮੀ ਸੋਚ ਵਾਲਾ ਹੀ ਕਿਸੇ ਨਤੀਜੇ ਉੱਤੇ ਅੱਪੜ ਸਕਦਾ ਏ ਕਿ ਇਹ ਸੱਭ ਕੁੱਝ ਕਿਸ ਨੇ ਕੀਤਾ ਅਤੇ ਕਿਉਂ ਹੋ ਗਿਆ। ਮੇਰੇ ਜਹੇ ਲਈ ਕੋਈ ਸਿੱਟਾ ਕਢਣਾ ਔਖਾ ਹੈ।

ਅਪਣੀ ਮਾੜੀ ਜਿਹੀ ਅਕਲ ਮੂਜਬ ਇਹ ਹੀ ਆਖ ਸਕਦਾ ਹਾਂ ਕਿ ਕੁੱਝ ਇਨਸਾਨੀਅਤ ਦੇ ਦੁਸ਼ਮਣ ਲੋਕਾਂ ਨੇ ਰੋਟੀ ਟੁਕ ਤੇ ਲੋਭ ਲਾਲਚ ਵਾਸਤੇ ਸ਼ੁਦਾਈਆਂ ਨੂੰ ਉਂਗਲੀ ਲਾਇਆ ਅਤੇ ਉਨ੍ਹਾਂ ਦਾ ਸ਼ੁਦਾਅ ਅੰਨ੍ਹਾ ਹੋ ਕੇ ਤਬਾਹੀ ਵਲ ਪਰਤ ਗਿਆ। ਹੁਣ ਇਸ ਸ਼ੁਦਾਅ ਨੂੰ ਹਕੂਮਤਾਂ ਕਰਨ ਵਾਲੇ ਇਨਸਾਨ-ਦੁਸ਼ਮਣ ਵਰਤ ਰਹੇ ਨੇ। ਪੈਸੇ ਨਾਲ ਸ਼ਰਧਾ ਵਿਕਦੀ ਹੈ, ਵੋਟ ਵਿਕਦੇ ਹਨ, ਇਨਸਾਨੀ ਜ਼ਿੰਦਗੀ ਵਿਕਦੀ ਹੈ।

ਇਸ ਹਥਿਆਰ ਨਾਲ ਚੌਧਰ ਅਤੇ ਸਿਆਸਤ ਦੀ ਕੁਰਸੀ ਵੀ ਹਥਿਆਈ ਜਾ ਰਹੀ ਹੈ। ਨਿੱਕੀ ਜਹੀ ਇਕ ਹਕੀਕਤ ਬਿਆਨ ਕਰ ਕੇ ਮੈਂ ਅਪਣੀਆਂ ਗੱਲਾਂ ਦੀ ਤਸਦੀਕ ਅਤੇ ਹਕੀਕਤ ਜ਼ਾਹਰ ਕਰਦੇ ਹੋਏ ਦਸਦਾ ਹਾਂ ਕਿ ਮੇਰੇ ਇਲਾਕੇ ਵਿਚ ਕਈ ਵਰ੍ਹਿਆਂ ਤੋਂ ਇਕ ਸਰਦਾਰ ਹੀ ਹਰ ਵਾਰੀ ਕੌਂਸਲਰ ਚੁਣਿਆ ਜਾਂਦਾ ਸੀ। ਉਹ ਬੜਾ ਹੀ ਸ਼ਰੀਫ਼ ਤੇ ਸਕੂਲੇ ਪੜ੍ਹਾਉਣ ਵਾਲਾ ਈਮਾਨਦਾਰ ਇਨਸਾਨ ਹੈ।

ਲੋਕ ਖ਼ੁਸ਼ੀ ਨਾਲ ਉਸ ਨੂੰ ਵੋਟ ਦੇ ਕੇ ਅਪਣੇ ਇਲਾਕੇ ਦਾ ਕੌਂਸਲਰ ਚੁਣ ਲੈਂਦੇ ਸਨ। ਇਸ ਨਾਲ ਹਰ ਫ਼ਿਰਕੇ ਅਤੇ ਹਰ ਮਜ਼ਹਬ ਦਾ ਬੰਦਾ ਖ਼ੁਸ਼ ਸੀ। ਇਕ ਪਾਕਿਸਤਾਨੀ ਵੀਰ ਦੇ ਦਿਮਾਗ਼ ਵਿਚ ਇਕ ਸ਼ਰਾਰਤ ਨੇ ਸਿਰ ਚੁਕਿਆ ਤੇ ਉਸ ਨੇ ਸੋਚਿਆ ਕਿ ਇਹ ਸ਼ਰਧਾ ਦਾ ਹਥਿਆਰ ਕਿਉਂ ਨਾ ਵਰਤਿਆ ਜਾਵੇ ਤੇ ਸ਼ੁਦਾਈਆਂ ਦੇ ਸ਼ੁਦਾਅ ਕੋਲੋਂ ਕਿਉਂ ਨਾ ਕੰਮ ਲਿਆ ਜਾਵੇ?

ਉਸ ਨੇ ਇਕ ਵੱਡੀ ਮਸੀਤ ਦੇ ਜਰਨੈਲ ਮੌਲਵੀ ਦੇ ਹੱਥ ਸਾਈ ਫੜਾਈ ਤੇ ਸੌਦਾ ਕੀਤਾ ਕਿ ਐਤਕੀ ਉਸ ਵਾਰਡ ਵਿਚੋਂ ਕੌਂਸਲਰ ਦੀ ਸੀਟ ਉੱਤੇ ਲੜਨਾ ਚਾਹੁੰਦਾ ਹਾਂ ਤੇ ਤੂੰ ਅਪਣੇ ਮੰਨਣ ਵਾਲੇ ਸ਼ੁਦਾਈਆਂ ਦੀ ਖੁਰਲੀ ਵਿਚ ਸ਼ਰਧਾ ਦਾ ਕੋਈ ਅਜਿਹਾ ਭਾਰਾ ਪਾ ਕਿ ਇਸ ਵਾਰ ਸਿਆਸਤ ਦਾ ਦੁੱਧ ਮੈਂ ਚੌਅ ਲਵਾਂ। ਮੌਲਵੀ ਨੇ ਕਿਹਾ “ਗੱਲ ਹੀ ਕੋਈ ਨਹੀਂ। ਸ਼ਰਧਾ ਮੌਜੂਦ ਹੈ ਅਤੇ ਸ਼ੁਦਾਈ ਜੀਊਂਦੇ ਨੇ।''

ਅਗਲੇ ਜੁੰਮੇ ਯਾਨੀ ਸ਼ੁਕਰਵਾਰ ਦੇ ਇਕੱਠ ਵਿਚ ਉਨ੍ਹਾਂ ਨੇ ਅਪਣੀ ਅੰਨ੍ਹੀ ਸ਼ਰਧਾ ਦਾ ਫ਼ਤਵਾ ਜਾਰੀ ਕੀਤਾ ਕਿ “ਜਿਹੜਾ ਬੰਦਾ ਮੁਸਲਮਾਨ ਨੂੰ ਛੱਡ ਕੇ ਹੋਰ ਮਜ਼ਹਬ ਵਾਲੇ ਨੂੰ ਵੋਟ ਦੇਵੇਗਾ, ਕਾਫ਼ਰ ਹੋ ਜਾਵੇਗਾ'' ਇਹ ਗੱਲ ਇਲਾਕੇ ਵਿਚ ਧੁੰਮ ਗਈ। ਇਕ ਦਿਨ ਮੈਨੂੰ ਉਹ ਸਰਦਾਰ ਮਿਲਿਆ ਤੇ ਮੈਂ ਸਰਸਰੀ ਗੱਲ ਕੀਤੀ ਤਾਂ ਉਹ ਫ਼ਕੀਰ ਤਬੀਅਤ ਆਖਣ ਲਗਾ, “ਮਲਿਕ ਜੀ ਮੈਨੂੰ ਵੀ ਪਤਾ ਲੱਗਾ ਸੀ ਪਰ ਮੈਂ ਤੇ ਕੌਂਸਲਰ, ਲੋਕਾਂ ਦੇ ਆਖੇ ਬਣ ਜਾਂਦਾ ਹਾਂ, ਇਹ ਮੇਰੀ ਜ਼ਰੂਰਤ ਨਹੀਂ।

ਅਸੀ ਮੀਆਂ ਬੀਵੀ ਅਧਿਆਪਕ ਤੇ ਪੁੱਤਰ ਡਾਕਟਰ ਹੈ। ਪਰ ਜੇ ਮੁਸਲਮਾਨ ਮੈਨੂੰ ਵੋਟ ਨਾ ਦੇ ਕੇ ਕੁਫ਼ਰ ਤੋਂ ਬਚ ਸਕਦੇ ਨੇ ਤਾਂ ਮੈਂ ਖ਼ੁਸ਼ ਹਾਂ।'' ਇੰਜ ਹੀ ਹੋਇਆ ਕਿ ਉਹ ਪਾਕਿਸਤਾਨੀ ਕੌਂਸਲਰ ਬਣ ਗਿਆ। ਇਸ ਤਰ੍ਹਾਂ ਮੇਰੀ ਇਸ ਗੱਲ ਦੀ ਤਸਦੀਕ ਹੋ ਜਾਂਦੀ ਹੈ ਕਿ ਸ਼ਰਧਾ ਸਿਆਸਤ ਉੱਤੇ ਵੀ ਰਾਜ ਕਰਦੀ ਹੈ ਅੱਜ। ਇਹ ਸ਼ਰਧਾ ਆਲਮੀ ਪੱਧਰ ਉੱਤੇ ਹਕੂਮਤਾਂ ਉਲਟਦੀ ਅਤੇ ਬਾਦਸ਼ਾਹੀਆਂ ਨੂੰ ਡਾਹ ਲਾਉਂਦੀ ਹੈ।

ਮਸੀਤ ਵਿਚ ਕੀਤੇ ਪਾਪ ਬਾਰੇ ਜਦੋਂ ਮੈਨੂੰ ਪਤਾ ਲੱਗਾ ਤਾਂ ਮੇਰੇ ਸਬਰ ਨੇ ਬਗ਼ਾਵਤ ਲਈ ਧੌਣ ਚੁੱਕੀ ਕਿਉਂਕਿ ਅੰਗਰੇਜ਼ ਦੇ ਮੁਲਕ ਵਿਚ ਕੌਂਸਲਰ ਬਣਨ ਲਈ ਸਿੱਖ ਜਾਂ ਮੁਸਲਮਾਨ ਹੋਣ ਦੀ ਲੋੜ ਨਹੀਂ, ਸਿਰਫ਼ ਇਨਸਾਨ ਹੋਣ ਦੀ ਲੋੜ ਹੁੰਦੀ ਹੈ। ਨਾ ਤੇ ਸਿੱਖ ਨੇ ਗੁਰਦਵਾਰੇ ਨੂੰ ਪੋਚਾ ਫੇਰਨਾ ਸੀ ਤੇ ਨਾ ਮੁਸਲਮਾਨ ਨੇ ਮਸਜਿਦ ਦੇ ਮਨਾਰੇ ਉੱਚੇ ਕਰਨੇ ਸਨ। ਲੇਕਿਨ ਮਜਬੂਰ ਹੋ ਕੇ ਮੈਂ ਅਪਣੇ ਸਬਰ ਨੂੰ ਪੁਚਕਾਰ ਸ਼ਿਸ਼ਕਾਰ ਕੇ ਅਕਲ ਦੇ ਪਿੰਜਰੇ ਵਿਚ ਡਕਿਆ ਕਿਉਂਕਿ ਅੱਗੇ ਹੀ ਮੈਨੂੰ ਅਪਣੀ ਮਾਂ ਬੋਲੀ ਪੰਜਾਬੀ ਨਾਲ ਪਿਆਰ ਕਰਨ ਦੇ ਜੁਰਮ ਵਿਚ ਛਿੱਤਰ ਪਤਾਂਗ ਹੋ ਚੁਕੀ ਸੀ ਕਿ ਸਿੱਖਾਂ ਦੀ ਬੋਲੀ ਦਾ ਪ੍ਰਚਾਰ ਕਰਦਾ ਹੈ ਅਮੀਨ ਮਲਿਕ। 

ਧਰਮ ਦੇ ਨਾਂ ਉੱਤੇ ਵੰਡੀ ਜਾਣ ਵਾਲੀ ਅੰਨ੍ਹੀ ਸ਼ਰਧਾ ਅੱਜ ਦੇ ਦੌਰ ਵਿਚ ਬੜਾ ਹੀ ਵਿਗਾੜ ਪਾ ਰਹੀ ਹੈ। ਮੈਂ ਇਹ ਵੀ ਨਹੀਂ ਆਖਦਾ ਕਿ ਧਰਮ ਜਹੀ ਠੰਢੀ ਛਾਂ ਛੱਡ ਕੇ ਕੁਫ਼ਰ ਦੀ ਅੱਗ ਵਿਚ ਛਾਲ ਮਾਰ ਦਿਉ। ਅੱਜ ਤਕ ਕਿਸੇ ਵੀ ਧਰਮ ਨੇ ਕੋਈ ਪੁੱਠੀ ਮੱਤ ਨਹੀਂ ਦਿਤੀ। ਪੂਜਾ ਦੇ ਰੰਗ ਢੰਗ ਵਖਰੇ ਹੋ ਸਕਦੇ ਨੇ ਪਰ ਰਾਹ ਹਰ ਧਰਮ ਨੇ ਸਿੱਧਾ ਹੀ ਦਸਿਆ ਹੈ। ਹਰ ਰਾਹ ਇਨਸਾਨੀਅਤ ਦੀ ਬਸਤੀ ਵਲ ਹੀ ਜਾਂਦਾ ਹੈ ਪਰ ਧਰਮਾਂ ਦੇ ਨਾਂ ਉੱਤੇ ਖੇਡਾਂ ਖੇਡਣ ਵਾਲੇ ਕਾਰੀਗਰ ਸ਼ਿਕਾਰੀਆਂ ਦੀ ਲੱਗੀ ਫਾਹੀ ਤੋਂ ਬਚਣਾ ਬੜਾ ਹੀ ਔਖਾ ਹੈ।

ਇਥੇ ਮੇਰੇ ਇਕ ਵਿਛੜੇ ਯਾਰ ਸਵ. ਅਲਤਾਫ਼ ਹੁਸੈਨ ਦੀ ਗੱਲ ਵਾਰ ਵਾਰ ਯਾਦ ਆਉਂਦੀ ਏ ਜੋ ਬੜੀ ਢੁਕਦੀ ਫਬਦੀ ਹੈ। ਉਹ ਕਹਿੰਦਾ ਹੁੰਦਾ ਸੀ “ਉਏ ਮਲਿਕਾ, ਜਾਹਿਲ ਦੀ ਸ਼ਰਧਾ ਅਤੇ ਖੋਤੇ ਦੀ ਅੜੀ ਜਿਥੇ ਅੜ ਗਈ ਸੋ ਅੜ ਗਈ।'' ਜਾਹਿਲ ਇਨਸਾਨ ਵਾਂਗ ਖੋਤੇ ਨੂੰ ਵੀ ਖੂਹ ਵਿਚ ਸੁਟਣਾ ਹੋਵੇ ਤਾਂ ਉਹਦੀ ਪਛਾੜੀ ਖੂਹ ਵਲ ਕਰ ਕੇ ਅਪਣੇ ਵਲ ਖਿੱਚੋ ਤਾਂ ਪੁੱਠੇ ਪਾਸੇ ਜਾ ਕੇ ਆਪੇ ਹੀ ਖੂਹ ਵਿਚ ਡਿੱਗ ਪੱਵੇਗਾ। ਇੰਜ ਹੀ ਇਕ ਅੱਖੀਂ ਡਿੱਠਾ ਇਸ ਅੰਨ੍ਹੀ ਤੇ ਜਾਹਿਲ ਸ਼ਰਧਾ ਦੀ ਕੁੱਖੋਂ ਜੰਮਿਆ ਇਕ ਦਰਦਨਾਕ ਹਾਦਸਾ ਸੁਣਾ ਰਿਹਾ ਹਾਂ।

1958 ਦੀ ਗੱਲ ਹੈ ਕਿ ਸਾਡੇ ਨਾਲ ਦੇ ਪਿੰਡ “ਚੂਹਲੇ'' ਵਿਚ ਇਕ ਪੀਰ ਨੇ ਅਪਣੇ ਸ਼ਰਧਾਲੂ ਨੂੰ ਸ਼ੁਦਾਅ ਦੀ ਸ਼ਰਦਾਈ ਦਾ ਪਿਆਲਾ ਪਿਆ ਕੇ ਆਖਿਆ ਕਿ “ਤੇਰੇ ਘਰ ਅਤੇ ਟੱਬਰ ਦੀ ਖ਼ੈਰ ਇਸੇ ਵਿਚ ਹੀ ਹੈ ਕਿ ਤੂੰ ਅਪਣੇ ਨਿੱਕੇ ਜਿਹੇ ਪੁੱਤਰ ਨੂੰ ਹੱਥੀਂ ਅੱਲਾਹ ਦੇ ਨਾਂ ਤੇ ਕੁਰਬਾਨ ਕਰ ਦੇ, ਕਿਉਂਕਿ ਇਹ ਰੱਬੀ ਹੁਕਮ ਹੋਇਆ ਹੈ। ਸ਼ਰਧਾਲੂ ਨੇ ਅਪਣੀ ਘਰਵਾਲੀ ਨੂੰ ਆਖਿਆ, ''ਮੈਨੂੰ ਰੋਜ਼ ਹੀ ਰਾਤੀਂ ਖ਼ਵਾਬ ਵਿਚ ਅੱਲਾਹ ਆਖਦਾ ਏ ਕਿ ਮੇਰੇ ਹੁਕਮ ਨਾਲ ਪੁੱਤਰ ਨੂੰ ਕੁਰਬਾਨ ਕਰ ਦੇ।''

ਘਰਵਾਲੀ ਨੇ ਬੜੇ ਹਾੜੇ, ਵਾਸਤੇ ਤੇ ਤਰਲੇ ਮਾਰੇ ਕਿ ਇੰਜ ਨਾ ਕਰੀਂ ਪਰ ਜਾਹਿਲ ਦੀ ਪਛਾੜੀ ਵੀ ਬਰਬਾਦੀ ਦੇ ਖੂਹ ਵਲ ਸੀ। ਉਸ ਨੇ ਡਿਗਣਾ ਹੀ ਡਿਗਣਾ ਸੀ। ਇਕ ਦਿਨ ਬਾਹਰ ਪੈਲੀਆਂ ਵਿਚ ਖਲੋ ਕੇ ਮਾਸੂਮ ਬਾਲ ਦੇ ਗਲ ਉੱਤੇ ਛੁਰੀ ਫੇਰ ਦਿਤੀ। ਇਹ ਮਾਰੂ ਸ਼ਰਧਾ ਨਾਮੁਮਕਿਨ ਨੂੰ ਵੀ ਮੁਮਕਿਨ ਬਣਾ ਸਕਦੀ ਹੈ। ਗੱਲ ਅੱਗ ਵਾਂਗ ਖਿੱਲਰ ਗਈ ਤੇ ਹਰ ਪਾਸੇ ਰੌਲਾ ਪੈ ਗਿਆ। ਪੁਲੀਸ ਨੇ ਕਤਲ ਕੇਸ ਬਣਾ ਕੇ ਭਾਲ ਸ਼ੁਰੂ ਕਰ ਦਿਤੀ ਤੇ ਅਖ਼ੀਰ ਪੀਰ ਸਾਹਬ ਵੀ ਨੱਪੇ ਗਏ।

ਦੋਹਾਂ ਨੂੰ ਛਿਤਰੌਲ ਹੋਈ ਤੇ ਵਿਚੋਂ ਥੋਹਰ ਵਰਗੀ ਕੰਡਿਆਲੀ ਅਸਲੀਅਤ ਨਿਕਲ ਆਈ ਕਿ ਪੁੱਤਰ ਦੀ ਕੁਰਬਾਨੀ ਦੇਣ ਵਾਲੇ ਬੰਦੇ ਦੇ ਸ਼ਰੀਕਾਂ ਨੇ ਪੀਰ ਸਾਹਬ ਨੂੰ ਪੈਸਾ ਚਾੜ੍ਹਿਆ ਤੇ ਜ਼ਮੀਨ ਦੇ ਲਾਲਚ ਲਈ ਪੀਰ ਨੂੰ ਵਰਤ ਕੇ ਇਹ ਕਾਰਾ ਕਰਵਾ ਦਿਤਾ। ਇਹ ਸ਼ਰਧਾ, ਸ਼ੁਦਾਅ ਵੀ ਇਕ ਅਜਿਹੀ ਸ਼ਰਦਾਈ ਹੈ ਜਿਸ ਨੂੰ ਪੀ ਕੇ ਅਕਲ ਦਾ ਮੱਕੂ ਠਪਿਆ ਜਾਂਦਾ ਹੈ। ਅਜਕਲ ਜਿਹੜੇ ਲੱਕ ਉੱਤੇ ਬੰਬ ਬੰਨ੍ਹ ਕੇ ਇਸਲਾਮ ਦੇ ਨਾਂ ਉੱਤੇ ਜੰਨਤ ਹਾਸਲ ਕਰਨ ਲਈ ਅਪਣੀ ਵੀ ਨਾਲ ਹਤਿਆ ਕਰ ਲੈਂਦੇ ਨੇ, ਉਨ੍ਹਾਂ ਇਸੇ ਹੀ ਸ਼ਰਦਾਈ ਦਾ ਘੁੱਟ ਪੀਤਾ ਹੁੰਦਾ ਹੈ। (ਚਲਦਾ)

-43 ਆਕਲੈਂਡ ਰੋਡ, ਲੰਡਨ-ਈ 15-2 ਏ ਐਨ,  
ਫ਼ੋਨ : 0208-519 21 39