ਚਿੱਠੀਆਂ : ਕੋਵਿਡ-19 ਦੇ ਚਲਦਿਆਂ ਸਾਡਾ ਵਰਤਮਾਨ ਤੇ ਭਵਿੱਖ
ਅਜੇ ਇਹ ਕਹਿਣਾ ਬਹੁਤ ਮੁਸ਼ਕਿਲ ਹੈ ਕਿ ਜਦੋਂ ਕੋਵਿਡ 19 ਦੀ ਸੁਰੰਗ ਵਿਚੋਂ ਨਿਕਲਾਂਗੇ ਤਾਂ ਦੁਨੀਆਂ ਕਿਹੋ ਜਹੀ ਵਿਖਾਈ ਦੇਵੇਗੀ
ਅਜੇ ਇਹ ਕਹਿਣਾ ਬਹੁਤ ਮੁਸ਼ਕਿਲ ਹੈ ਕਿ ਜਦੋਂ ਕੋਵਿਡ 19 ਦੀ ਸੁਰੰਗ ਵਿਚੋਂ ਨਿਕਲਾਂਗੇ ਤਾਂ ਦੁਨੀਆਂ ਕਿਹੋ ਜਹੀ ਵਿਖਾਈ ਦੇਵੇਗੀ। ਇਸ ਸਮੇਂ ਤਾਂ ਇਹ ਵੀ ਨਹੀਂ ਪਤਾ ਕਿ ਕੋਈ ਦਵਾਈ ਮਿਲ ਜਾਵੇਗੀ ਜਾ ਨਹੀਂ। ਜੇਕਰ ਨੇੜੇ ਭਵਿੱਖ ਵਿਚ ਇਸ ਵਾਇਰਸ ਦਾ ਕੋਈ ਤੋੜ ਨਾ ਮਿਲਿਆ ਤਾਂ ਸਮਾਜਕ ਦੂਰੀ ਤੇ ਕੰਮ-ਕਾਜ ਵਿਚ ਤਾਲਮੇਲ ਬਣਾਉਣ ਦਾ ਢੰਗ ਤਰੀਕਾ ਸਿਖਣਾ ਹੀ ਪਵੇਗਾ। ਇਸ ਤੋਂ ਬਿਨਾਂ ਵਰਤਮਾਨ ਤੇ ਭਵਿੱਖ ਵਿਚ ਗੁਜ਼ਾਰਾ ਕਰਨਾ ਨਾ ਮੁਮਕਿਨ ਹੈ। ਕੋਰੋਨਾ ਦੀ ਰੋਕਥਾਮ ਸਬੰਧੀ ਤੁਰਤ ਕਦਮ ਚੁੱਕਣ ਲਈ ਭਾਰਤ ਦੀ ਸਰਾਹਨਾ ਹੋਈ ਹੈ।
ਵਿਸ਼ਵ ਦੇ ਮੁਕਾਬਲੇ ਭਾਰਤ ਕੋਵਿਡ-19 ਨਾਲ ਨਿਪਟਣ ਦੀ ਬੇਹਤਰ ਸਥਿਤੀ ਵਿਚ ਹੈ। ਇਕ ਕਰੋੜ ਲੋਕ ਪਿੱਛੇ ਭਾਰਤ ਵਿਚ ਕੇਵਲ 5 ਲੋਕਾਂ ਦੀ ਜਾਨ ਗਈ ਹੈ। ਬੈਲਜੀਅਮ ਇਕ ਕਰੋੜ ਪਿੱਛੇ 5180 ਜਾਨਾਂ ਗਵਾ ਚੁੱਕਾ ਹੈ। ਅਮਰੀਕਾ ਵਿਚ ਇਹ ਅਨੁਪਾਤ 1370, ਸਪੇਨ ਵਿਚ 4550, ਇਟਲੀ ਵਿਚ 4080 ਤੇ ਇੰਗਲੈਂਡ ਵਿਚ 2550 ਹੈ। ਇਸ ਅਨੁਪਾਤ ਵਿਚ ਕੇਵਲ ਭਾਰਤ ਹੀ ਅਲੱਗ ਨਹੀਂ ਹੋਰ ਦੇਸ਼ ਵੀ ਹਨ। ਬੰਗਲਾਦੇਸ਼ ਵਿਚ ਇਹ ਅਨੁਪਾਤ-7, ਸ਼੍ਰੀਲੰਕਾ ਵਿਚ 3, ਪਾਕਿਸਤਾਨ ਵਿਚ 9, ਤਨਜ਼ਾਨੀਆ ਵਿਚ 2, ਨਾਈਜੀਰਿਆ ਵਿਚ 1 ਤੇ ਇਥੋਪੀਆ ਵਿਚ 0.3 ਹੈ।
ਯੂਰਪ, ਅਮਰੀਕਾ ਤੇ ਦੱਖਣੀ ਏਸ਼ੀਆ ਤੇ ਅਫ਼ਰੀਕਾ ਦਰਮਿਆਨ ਅਨੁਪਾਤ ਦਾ ਇਹ ਫ਼ਰਕ ਹੈਰਾਨੀਜਨਕ ਹੈ। ਵਾਇਰਸ ਨੂੰ ਹਰਾਉਣ ਲਈ ਸਾਡਾ ਮਕਸਦ ਇਸ ਦੀ ਪੈਦਾ ਹੋਣ ਦੀ ਦਰ ਜਾਂ ਆਰ.ਓ. ਨੂੰ ਇਕ ਤੋਂ ਥੱਲੇ ਲਿਆਉਣ ਦਾ ਹੋਣਾ ਚਾਹੀਦਾ ਹੈ। ਮਾਹਰਾਂ ਅਨੁਸਾਰ ਕਿਸੇ ਵੀ ਇਲਾਕੇ ਵਿਚ ਜੇਕਰ ਆਰ.ਓ. ਇਕ ਤੋਂ ਹੇਠ ਆ ਜਾਂਦਾ ਹੈ ਜਿਵੇਂ ਕੇਰਲ ਵਿਚ ਹੋਇਆ ਹੈ ਤਾਂ ਮੰਨਿਆ ਜਾ ਸਕਦਾ ਹੈ ਕਿ ਸਬੰਧਤ ਇਲਾਕੇ ਵਿਚ ਬੀਮਾਰੀ ਖ਼ਤਮ ਹੋਣ ਲੱਗ ਪਈ ਹੈ। ਤਾਲਾਬੰਦੀ ਖੋਲ੍ਹਣ ਸਮੇਂ ਸਾਵਧਾਨੀ ਤੇ ਫੁਰਤੀ ਤੋਂ ਕੰਮ ਲੈਣਾ ਪਵੇਗਾ।
ਕੇਂਦਰ ਸਰਕਾਰ ਨੇ ਤਾਲਾਬੰਦੀ ਦੀ ਮਿਆਦ ਕੁੱਝ ਕੁ ਛੋਟਾਂ ਨਾਲ ਵਧਾਉਣ ਦਾ ਫ਼ੈਸਲਾ ਕੀਤਾ ਹੈ ਜਿਸ ਦੀ ਰੌਸ਼ਨੀ ਵਿਚ ਕੇਂਦਰ ਸਰਕਾਰ ਨੂੰ ਨਿਜੀ ਖੇਤਰ, ਖ਼ਾਸ ਕਰ ਕੇ ਅਨਉਪਚਾਰਕ ਧੰਦੇ ਤੇ ਛੋਟੇ ਉਦਯੋਗ ਸ਼ੁਰੂ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਸੀਮਤ ਤਾਲਾਬੰਦੀ ਦੌਰਾਨ ਵਿਚਰਣ ਦੇ ਢੰਗ ਤਰੀਕੇ, ਜਿਵੇਂ ਸਮਾਜਕ ਦੂਰੀ, ਮਾਸਕ ਪਹਿਨਣਾ, ਹੱਥਾਂ ਦੀ ਸਾਫ਼ ਸਫ਼ਾਈ ਦੇ ਨਿਯਮ ਤਹਿ ਕਰਨੇ ਪੈਣਗੇ।
ਇਸ ਤੋਂ ਇਲਾਵਾ ਮਜ਼ਦੂਰਾਂ ਨੂੰ ਕੰਮ ਦੀ ਥਾਂ ਤੇ ਭੇਜਣ ਤੇ ਵਾਪਸ ਘਰਾਂ ਤਕ ਲਿਆਉਣ ਦੀਆਂ ਸਹੂਲਤਾਂ ਦਾ ਪ੍ਰਬੰਧ ਕਰਨਾ ਪਵੇਗਾ। ਅੱਜ ਭਾਰਤ ਸਮੇਤ ਪੂਰਾ ਵਿਸ਼ਵ ਇਸ ਸਮੇਂ ਦੋਰਾਹੇ ਤੇ ਖੜਾ ਹੈ। ਇਸ ਸਮੇਂ ਕੀਤੀ ਕੋਈ ਵੀ ਅਣਗਹਿਲੀ ਏਨੀ ਭਾਰੀ ਪੈ ਸਕਦੀ ਹੈ ਕਿ ਜਿਸ ਨੂੰ ਠੀਕ ਨਹੀਂ ਕੀਤਾ ਜਾ ਸਕੇਗਾ। ਕੇਂਦਰ ਸਰਕਾਰ ਨੂੰ ਆਪੇ ਪੈਦਾ ਕੀਤੀਆਂ ਸਮੱਸਿਆਵਾਂ ਤੋਂ ਮੂੰਹ ਮੋੜ ਕੇ ਸਾਰਾ ਧਿਆਨ ਇਸ ਮਹਾਂਮਾਰੀ ਤੋਂ ਛੁਟਕਾਰਾ ਪਾਉਣ ਵਲ ਦੇਣਾ ਚਾਹੀਦਾ ਹੈ।
-ਹਰਜਿੰਦਰ ਸਿੰਘ ਗੁਲਪੁਰ, ਮੈਲਬੌਰਨ (ਆਸਟਰੇਲੀਆ), ਸੰਪਰਕ : +61411218801
ਸੋਸ਼ਲ ਮੀਡੀਆ ਉਤੇ ਫੈਲਦੀਆਂ ਅਫ਼ਵਾਹਾਂ
ਅੱਜ ਸਾਰੇ ਪ੍ਰਿੰਟ ਮੀਡੀਆ, ਇਲੈਕਟ੍ਰਾਨਿਕ ਮੀਡੀਆ ਤੇ ਸੋਸ਼ਲ ਮੀਡੀਆ ਆਦਿ ਦਾ ਧਿਆਨ ਸਿਰਫ਼ ਕਰੋਨਾ ਨਾਲ ਜੁੜੀਆਂ ਖ਼ਬਰਾ ਦੇ ਵਲ ਹੈ। ਲੋਕ ਬਿਨਾਂ ਸੋਚੇ-ਸਮਝੇ ਬਿਨਾਂ ਸੱਚਾਈ ਜਾਣੇ ਫ਼ੋਟੋਆਂ, ਵੀਡੀਓਜ਼ ਤੇ ਹੋਰ ਸਮੱਗਰੀ ਅੱਗੇ ਭੇਜਣ ਵਿਚ ਲਗੇ ਹੋਏ ਹਨ। ਸਾਡੇ ਦੇਸ਼ ਵਿਚ ਇਹ ਪ੍ਰਵਿਰਤੀ ਹੋਰ ਦੇਸ਼ਾਂ ਦੇ ਲੋਕਾਂ ਨਾਲੋਂ ਕਿਤੇ ਜ਼ਿਆਦਾ ਹੈ। ਕੋਰੋਨਾ ਕਾਲ ਵਿਚ ਅਜਿਹਾ ਲਗਦਾ ਹੈ ਕਿ ਕੀ ਵੱਡੇ, ਕੀ ਛੋਟੇ, ਸੱਭ ਡਾਕਟਰ ਤੇ ਕੋਰੋਨਾ ਵਾਇਰਸ ਮਾਹਰ ਬਣ ਚੁੱਕੇ ਹਨ। ਅਜਿਹੇ ਜ਼ਿਆਦਾਤਰ ਮੈਸੇਜ, ਵੀਡੀਉ ਤੇ ਹੋਰ ਸਮੱਗਰੀ ਝੂਠੀ ਤੇ ਗੁਮਰਾਹਕੁਨ ਹੁੰਦੀ ਹੈ।
ਅਪਣੀ ਫ਼ੇਸਬੁਕ, ਵੱਟਸਐਪ ਜਾਂ ਟਵਿੱਟਰ ਅਕਾਊਂਟ ਰਾਹੀਂ ਅਫ਼ਵਾਹਾਂ ਫੈਲਾ ਕੇ ਜ਼ਿਆਦਾ ਤੋਂ ਜ਼ਿਆਦਾ ਲਾਈਕ ਹਾਸਲ ਕਰਨਾ ਹੀ ਅਜਿਹੇ ਲੋਕਾਂ ਦਾ ਇਕੋ-ਇਕ ਮਕਸਦ ਹੁੰਦਾ ਹੈ। ਕੋਰੋਨਾ ਵਾਇਰਸ ਨਾਲ ਵੀ ਅਜਿਹਾ ਹੀ ਹੋ ਰਿਹਾ ਹੈ। ਕਰੋੜਾਂ ਸਮਾਰਟਫ਼ੋਨ ਧਾਰਕ ਬਿਨਾਂ ਕਿਸੇ ਪੜਤਾਲ ਜਾਂ ਸਮਝ ਦੇ ਅਜਿਹੇ ਮੈਸੇਜ ਅੱਗੇ ਭੇਜਣੇ ਸ਼ੁਰੂ ਕਰ ਦਿੰਦੇ ਹਨ। ਅਜਿਹੀਆਂ ਅਫ਼ਵਾਹਾਂ ਤੇ ਫ਼ਰਜ਼ੀ ਖ਼ਬਰਾਂ ਹੀ ਸਮਾਜ ਤੇ ਦੇਸ਼ ਵਿਚ ਡਰ ਤੇ ਸਹਿਮ ਦਾ ਮਾਹੌਲ ਪੈਦਾ ਕਰ ਦਿੰਦੀਆਂ ਹਨ।
-ਹਰਪ੍ਰੀਤ ਸਿੰਘ ਬਰਾੜ, ਮੇਨ ਏਅਰ ਫੋਰਸ ਰੋਡ, ਬਠਿੰਡਾ।