11 ਲੱਖ ਡਾਲਰ 'ਚ ਨਿਲਾਮ ਹੋਈ ਹਿਟਲਰ ਦੀ ਘੜੀ, ਪੜ੍ਹੋ ਕੀ ਹੈ ਇਸ ਦੀ ਖ਼ਾਸੀਅਤ
ਅਮਰੀਕਾ ਵਿਖੇ ਹੋਈ ਨਿਲਾਮੀ ਦੌਰਾਨ ਲੱਗੀ ਬੋਲੀ
ਵਾਸ਼ਿੰਗਟਨ : ਅਡੌਲਫ਼ ਹਿਟਲਰ ਦੀ ਇੱਕ ਬੰਦ ਪਈ ਘੜੀ ਦੀ ਨਿਲਾਮੀ ਹੋਈ ਹੈ ਜਿਸ ਦੀ ਬੋਲੀ 11 ਲੱਖ ਡਾਲਰ ਲਗਾਈ ਗਈ। ਹਬਰ ਟਾਈਮਪੀਸ ਨਾਮ ਦੀ ਇਹ ਘੜੀ ਇੱਕ ਅਗਿਆਤ ਬੋਲੀ ਦੇਣ ਵਾਲੇ ਨੂੰ ਵੇਚੀ ਗਈ। ਦੱਸ ਦੇਈਏ ਕਿ ਇਸ ਘੜੀ 'ਤੇ ਸਵਾਸਤਿਕ ਦੇ ਨਾਲ ਹੀ ਏਐੱਚ (ਅਡੌਲਫ ਹਿਟਲਰ ਦਾ ਸੰਖੇਪ) ਉਕਰਿਆ ਹੋਇਆ ਹੈ।
ਮੈਰੀਲੈਂਡ ਦੇ ਐਲਗਜ਼ੈਂਡਰ ਹਿਸਟੋਰੀਕਲ ਔਕਸ਼ਨ ਤੋਂ ਪਹਿਲਾਂ ਯਹੂਦੀ ਆਗੂਆਂ ਵੱਲੋਂ ਇਸ ਨਿਲਾਮੀ ਦਾ ਵਿਰੋਧ ਕੀਤਾ ਗਿਆ। ਹਾਲਾਂਕਿ ਬੋਲੀ ਕਰਨ ਵਾਲੇ ਅਦਾਰੇ ਨੇ ਜਰਮਨੀ ਮੀਡੀਆ ਨੂੰ ਦੱਸਿਆ ਕਿ ਉਹ ਇਤਿਹਾਸ ਨੂੰ ਮਹਿਫ਼ੂਜ਼ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਦੱਸਣਯੋਗ ਹੈ ਕਿ ਅਡੌਲਫ਼ ਹਿਟਲਰ ਨੇ ਸਾਲ 1933 ਤੋਂ 1945 ਦੇ ਦਰਮਿਆਨ ਨਾਜ਼ੀ ਜਰਮਨੀ ਦੀ ਅਗਵਾਈ ਕੀਤੀ ਸੀ। ਉਨ੍ਹਾਂ ਦੇ ਕਾਰਜਕਾਲ ਦੌਰਾਨ ਲਗਭਗ ਇੱਕ ਕਰੋੜ 10 ਲੱਖ ਲੋਕਾਂ ਦਾ ਕਤਲੇਆਮ ਕੀਤਾ ਗਿਆ।
ਇਨ੍ਹਾਂ ਵਿੱਚੋਂ ਸੱਠ ਲੱਖ ਲੋਕ ਅਜਿਹੇ ਸਨ ਜਿਨ੍ਹਾਂ ਨੂੰ ਸਿਰਫ਼ ਇਸ ਲਈ ਕਤਲ ਕੀਤਾ ਗਿਆ ਕਿਉਂਕਿ ਕਿ ਉਹ ਯਹੂਦੀ ਸਨ। ਘੜੀ ਦੇ ਜਾਣਕਾਰੀ ਦਸਤਾਵੇਜ਼ (ਬਰਾਊਸ਼ਰ) ਵਿੱਚ ਦੱਸਿਆ ਗਿਆ ਕਿ ਘੜੀ ਸ਼ਾਇਦ ਹਿਟਲਰ ਨੂੰ ਸਾਲ 1933 ਵਿੱਚ ਉਨ੍ਹਾਂ ਦੇ ਜਨਮ ਦਿਨ ਦੇ ਤੋਹਫ਼ੇ ਵਜੋਂ ਦਿੱਤੀ ਗਈ ਸੀ।
ਹਿਟਲਰ ਉਸੇ ਸਾਲ ਜਰਮਨੀ ਦੇ ਚਾਂਸਲਰ ਬਣੇ ਸਨ। ਉਦੋਂ ਤੋਂ ਲੈਕੇ ਘੜੀ ਦੀ ਕਈ ਵਾਰ ਬੋਲੀ ਲੱਗ ਚੁੱਕੀ ਹੈ ਅਤੇ ਕਈ ਪੀੜ੍ਹੀਆਂ ਦੇ ਹੱਥਾਂ ਵਿੱਚੋਂ ਲੰਘ ਚੁੱਕੀ ਹੈ।
ਇਸ ਤੋਂ ਇਲਾਵਾ ਇਸ ਬੋਲੀ ਵਿਚ ਹੋਰ ਵੀ ਵਸਤੂਆਂ ਰੱਖੀਆਂ ਗਈਆਂ ਸਨ ਜਿਨ੍ਹਾਂ ਵਿਚ ਹਿਟਲਰੀ ਦੀ ਪਤਨੀ ਈਵਾ ਬਰਾਊਨ ਦੀ ਇੱਕ ਪੁਸ਼ਾਕ ਸੀ ਜਿਸ ਦੀ ਬੋਲੀ ਲਗਾਈ ਗਈ। ਇਸ ਦੇ ਨਾਲ ਹੀ ਨਾਜ਼ੀ ਅਧਿਕਾਰੀਆਂ ਦੇ ਸਵੈ-ਹਸਤਾਖ਼ਰਾਂ ਵਾਲੀਆਂ ਤਸਵੀਰਾਂ ਵੀ ਇਸ ਨਿਲਾਮੀ ਵਿੱਚ ਰੱਖੀਆਂ ਗਈਆਂ ਸਨ।