ਇੰਦਰਾ ਗਾਂਧੀ ਦੀ ਹੱਤਿਆ ਮਗਰੋਂ ਸ਼ੁਰੂ ਹੋਈ ਸੀ ਸਿੱਖਾਂ ਦੀ ਨਸਲਕੁਸ਼ੀ
31 ਅਕਤੂਬਰ ਦੀ ਸ਼ਾਮ ਨੂੰ ਸਾੜੇ ਗਏ ਸਿੱਖਾਂ ਦੀ ਵਾਹਨ, ਇਕ ਨਵੰਬਰ ਨੂੰ ਸਿੱਖਾਂ ਨੂੰ ਮਾਰਨ ਉਤਰੀ ਕਾਤਲਾਂ ਦੀ ਵੱਡੀ ਭੀੜ
ਚੰਡੀਗੜ੍ਹ (ਸ਼ਾਹ) : ਨਵੰਬਰ ਮਹੀਨਾ ਹੋਰਨਾਂ ਲੋਕਾਂ ਲਈ ਭਾਵੇਂ ਇਕ ਆਮ ਮਹੀਨੇ ਦੀ ਤਰ੍ਹਾਂ ਹੋਵੇ ਪਰ ਸਿੱਖਾਂ ਦੇ ਲਈ ਇਹ ਮਹੀਨਾ ਬਹੁਤ ਹੀ ਦੁਖਾਂਤ ਭਰਿਆ ਹੁੰਦੈ, ਜੋ 1984 ਦੌਰਾਨ ਮਿਲੇ ਸਿੱਖਾਂ ਦੇ ਜ਼ਖ਼ਮਾਂ ਨੂੰ ਫਿਰ ਤੋਂ ਕੁਰੇਦ ਕੇ ਰੱਖ ਦਿੰਦਾ ਏ। ਦਿੱਲੀ ਵਿਚ ਭਾਵੇਂ 31 ਅਕਤੂਬਰ ਨੂੰ ਇੰਦਰਾ ਗਾਂਧੀ ਦੀ ਹੱਤਿਆ ਦੇ ਮਹਿਜ਼ 10 ਘੰਟਿਆਂ ਦੇ ਅੰਦਰ ਅੰਦਰ ਸਾਰੀ ਰਾਜਧਾਨੀ ਵਿਚ ਸਿੱਖਾਂ ਦੀ ਲੁੱਟ ਖਸੁਟ, ਕਤਲੇਆਮ, ਬਲਾਤਕਾਰ ਅਤੇ ਗੁੰਡਾਗਰਦੀ ਦਾ ਨੰਗਾ ਨਾਚ ਸ਼ੁਰੂ ਹੋ ਗਿਆ ਸੀ ਪਰ ਇਕ ਨਵੰਬਰ 1984 ਤੋਂ ਇਕ ਵੱਡੀ ਭੀੜ ਖ਼ੂੰਖਾਰ ਭੇੜੀਆਂ ਵਾਂਗ ਸਿੱਖਾਂ ਨੂੰ ਨੋਚਣ ਲਈ ਗਲੀ ਕੂਚਿਆਂ ਵਿਚ ਉਤਰ ਗਈ। ਭਾਵੇਂ ਕਿ ਇਸ ਦੁਖਾਂਤ ਨੂੰ 41 ਸਾਲ ਬੀਤ ਚੁੱਕੇ ਨੇ ਪਰ ਅੱਜ ਵੀ ਇਸ ਨਾਲ ਜੁੜੀਆਂ ਘਟਨਾਵਾਂ ਨੂੰ ਯਾਦ ਕਰਕੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਨੇ। ਸੋ ਆਓ ਤੁਹਾਨੂੰ ਦੱਸਦੇ ਆਂ, ਇੰਦਰਾ ਦੀ ਹੱਤਿਆ ਤੋਂ ਤੁਰੰਤ ਬਾਅਦ ਦਿੱਲੀ ਵਿਚ ਸਿੱਖਾਂ ਨਾਲ ਕੀ ਕੁੱਝ ਵਾਪਰਿਆ?
ਦਿੱਲੀ ਵਿਚ 31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦੇ ਮਹਿਜ਼ 10 ਘੰਟਿਆਂ ਬਾਅਦ ਹੀ ਸਿੱਖਾਂ ’ਤੇ ਜ਼ੁਲਮ ਸ਼ੁਰੂ ਹੋ ਗਏ ਸੀ। ਭਾਵੇਂ ਕਿ ਇੰਦਰਾ ਦੀ ਹੱਤਿਆ ਨੂੰ ਮਹਿਜ਼ ਦੋ ਸਿੱਖਾਂ ਵੱਲੋਂ ਅੰਜ਼ਾਮ ਦਿੱਤਾ ਗਿਆ ਪਰ ਇਸ ਦੇ ਲਈ ਸਾਰਿਆਂ ਨੂੰ ਦੋਸ਼ੀ ਮੰਨ ਕੇ ਸਿੱਖਾਂ ਦੀ ਨਸਲਕੁਸ਼ੀ ਦੀ ਯੋਜਨਾ ਬਣਾਈ ਗਈ ਕਿਉਂਕਿ 31 ਅਕਤੂਬਰ ਦੀ ਰਾਤ ਨੂੰ ਹੀ ਸਿੱਖਾਂ ਦੇ ਕਈ ਘਰਾਂ ’ਤੇ ਚਾਕ ਦੇ ਨਿਸ਼ਾਨ ਲਗਾ ਦਿੱਤੇ ਗਏ ਤਾਂ ਜੋ ਭੀੜ ਨੂੰ ਘਰ ਪਛਾਣਨ ਵਿਚ ਆਸਾਨੀ ਹੋ ਸਕੇ। ਇੰਦਰਾ ਦੀ ਹੱਤਿਆ ਵਾਲੇ ਦਿਨ ਸ਼ਾਮੀਂ 6 ਵਜੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦੇ ਬਾਹਰ ਉਸ ਸਮੇਂ ਸਿੱਖਾਂ ਵਿਰੁੱਧ ਗੁੱਸੇ ਦੀ ਇਹ ਲਹਿਰ ਦਿਖਾਈ ਦਿੱਤੀ ਜਦੋਂ ਨੌਜਵਾਨਾਂ ਦੀ ਇਕ ਭੀੜ ਨੇ ਸਕੂਟਰ ’ਤੇ ਸਵਾਰ ਇਕ ਬਜ਼ੁਰਗ ਸਿੱਖ ਨੂੰ ਬੁਰੀ ਤਰ੍ਹਾਂ ਕੁੱਟਿਆ, ਉਸ ਦੀ ਦਸਤਾਰ ਲਾਹ ਦਿੱਤੀ,, ਉਹ ਬਜ਼ੁਰਗ ਤਾਂ ਭਾਵੇਂ ਕਿਸੇ ਤਰ੍ਹਾਂ ਬਚ ਕੇ ਨਿਕਲ ਗਿਆ ਪਰ ਉਸ ਦੇ ਸਕੂਟਰ ਨੂੰ ਅੱਗ ਲਗਾ ਦਿੱਤੀ ਗਈ। ਫਿਰ ਅਗਲਾ ਸ਼ਿਕਾਰ ਸਾਈਕਲ ’ਤੇ ਜਾਂਦੇ ਇਕ ਬਜ਼ੁਰਗ ਸਿੱਖ ਨੂੰ ਬਣਾਇਆ ਗਿਆ,, ਉਸ ਨੂੰ ਵੀ ਕੁੱਟਮਾਰ ਕਰਕੇ ਲਹੂ ਲੁਹਾਣ ਕਰ ਦਿੱਤਾ ਗਿਆ ਅਤੇ ਉਸ ਦੇ ਸਾਈਕਲ ਨੂੰ ਉਲਟਾ ਲਟਕਾ ਕੇ ਅੱਗ ਲਗਾ ਦਿੱਤੀ ਗਈ। ਇਹ ਸਭ ਕੁੱਝ ਉਸੇ ਇੰਸਟੀਚਿਊਟ ਨੇੜੇ ਹੋ ਰਿਹਾ ਸੀ, ਜਿੱਥੇ ਇੰਦਰਾ ਗਾਂਧੀ ਦੀ ਲਾਸ਼ ਪਈ ਹੋਈ ਸੀ।
ਇਸ ਮਗਰੋਂ ਇਹ ਖ਼ੂਨੀ ਵਰਤਾਰਾ ਹੋਰ ਤੇਜ਼ ਹੋ ਗਿਆ। ਲਗਭਗ ਚਾਰ ਹਜ਼ਾਰ ਗੁੰਡੇ ਬਦਮਾਸ਼ਾਂ ਦੀ ਇਕ ਬੇਕਾਬੂ ਹੋਈ ਭੀੜ ਨੇ ਇਕ ਬੱਸ ਨੂੰ ਰੋਕ ਲਿਆ, ਜਿਸ ਵਿਚੋਂ ਦੋ ਸਿੱਖ ਮੁੰਡਿਆਂ ਨੂੰ ਧੂਹ ਕੇ ਬਾਹਰ ਖਿੱਚਿਆ ਅਤੇ ਫਿਰ ਡਾਂਗਾਂ ਅਤੇ ਸਰੀਆਂ ਨਾਲ ਉਨ੍ਹਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ,, ਸੈਂਕੜਿਆਂ ਦੀ ਖੜ੍ਹੀ ਭੀੜ ਤਮਾਸ਼ੇ ਦੀ ਤਰ੍ਹਾਂ ਇਹ ਸਭ ਕੁੱਝ ਦੇਖ ਰਹੀ ਸੀ। ਸਭ ਭਲਾ ਚਾਹੁਣ ਵਾਲੇ ਅਤੇ ਲੋਕਾਂ ਲਈ ਲੰਗਰ ਲਗਾਉਣ ਵਾਲੇ ਸਿੱਖਾਂ ਦੀ ਮਦਦ ਲਈ ਕਿਸੇ ਨੇ ਵੀ ਅੱਗੇ ਆਉਣ ਦੀ ਹਿੰਮਤ ਨਹੀਂ ਦਿਖਾਈ,,, ਬਲਕਿ ਜ਼ਿਆਦਾਤਰ ਲੋਕਾਂ ਨੇ ਭੀੜ ਨਾਲ ਮਿਲ ਕੇ ‘ਸਿੱਖਾਂ ਨੂੰ ਮਾਰ ਮਕਾਓ’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। 31 ਅਕਤੂਬਰ ਦੀ ਰਾਤ ਦਿੱਲੀ ਵਿਚ ਸਿਰਫ਼ ਉਹ ਵਾਹਨ ਸਾੜੇ ਗਏ ਜੋ ਸਿੱਖਾਂ ਦੇ ਸਨ ਜਾਂ ਉਨ੍ਹਾਂ ਵਿਚ ਸਿੱਖ ਸਫ਼ਰ ਕਰ ਰਹੇ ਸੀ।
ਦੱਖਣੀ ਦਿੱਲੀ ਤੋਂ ਸ਼ੁਰੂ ਹੋਈ ਹਿੰਸਾ ਨੇ ਰਾਜਧਾਨੀ ਦੇ ਹਰ ਕੋਨੇ ਅਤੇ ਨੁੱਕੜ ਨੂੰ ਅਪਣੀ ਚਪੇਟ ’ਚ ਲੈ ਲਿਆ,, ਮੌਤ ਦੇ ਇਸ ਭਿਆਨਕ ਤਾਂਡਵ ਨੂੰ ਰੋਕਣ ਦੀ ਕੋਈ ਕੋਸ਼ਿਸ਼ ਕਿਧਰੇ ਵੀ ਦਿਖਾਈ ਨਹੀਂ ਦੇ ਰਹੀਆਂ ਸਨ। ਦੰਗਾਕਾਰੀਆਂ ਨੇ ਕਾਲੋਨੀਆਂ ਆਪਸ ਵਿਚ ਵੰਡ ਲਈਆਂ ਅਤੇ 200 ਤੋਂ 300 ਤੱਕ ਦੇ ਗਰੁੱਪਾਂ ਵਿਚ ਇਨ੍ਹਾਂ ਕਾਤਲ ਲੁਟੇਰਿਆਂ ਨੇ ਕਾਲੋਨੀਆਂ ’ਤੇ ਹਮਲਾ ਕਰ ਦਿੱਤਾ। ਉਹ ਸਿੱਖਾਂ ਦੇ ਘਰਾਂ ਨੂੰ ਲੁੱਟਦੇ ਤੇ ਫਿਰ ਸਣੇ ਮੈਂਬਰਾਂ ਦੇ ਅੱਗ ਲਗਾ ਦਿੰਦੇ। ਰਾਤ ਦੇ 10 ਵਜੇ ਤੱਕ ਪੂਰੇ ਸ਼ਹਿਰ ’ਤੇ ਕਾਲੇ ਘਣੇ ਧੂੰਏਂ ਦੇ ਬੱਦਲ ਛਾ ਚੁੱਕੇ ਸੀ। ਦਿੱਲੀ ਦੀਆਂ ਸੁੰਨਸਾਨ ਗਲੀਆਂ ਅਤੇ ਸੜਕਾਂ ’ਤੇ ਸੜ ਰਹੇ ਵਾਹਨ ਹੀ ਦਿਖਾਈ ਦੇ ਰਹੇ ਸੀ। ਮੌਜੂਦਾ ਸਰਕਾਰੀ ਤੰਤਰ ਚੁੱਪ ਚਾਪ ਇਹ ਸਾਰਾ ਤਮਾਸ਼ਾ ਦੇਖ ਰਿਹਾ ਸੀ, ਜਿਸ ਨੇ ਬਲਦੀ ਵਿਚ ਤੇਲ ਪਾਉਣ ਦਾ ਕੰਮ ਕੀਤਾ। ਹੋਰ ਤਾਂ ਹੋਰ ਕਈ ਥਾਵਾਂ ’ਤੇ ਤਾਂ ਪੁਲਿਸ ਇਸ ਕਤਲੇਆਮ ਵਿਚ ਦੋਸ਼ੀਆਂ ਦਾ ਹੱਥ ਵੰਡਾਉਂਦੀ ਨਜ਼ਰ ਆਈ।
ਇਕ ਨਵੰਬਰ ਦੀ ਰਾਤ ਹੋਰ ਵੀ ਜ਼ਿਆਦਾ ਭਿਆਨਕ ਹੋ ਚੁੱਕੀ ਸੀ। ਪੁਲਿਸ ਵਲੋਂ ਕੋਈ ਕਾਰਵਾਈ ਨਾ ਹੁੰਦੀ ਵੇਖ, ਗੁੰਡੇ ਬਦਮਾਸ਼ਾਂ ਨੂੰ ਪੂਰੀ ਖੁੱਲ੍ਹ ਮਿਲ ਚੁੱਕੀ ਸੀ। ਭੀੜ ਵਿਚ ਸ਼ਾਮਲ ਲੋਕਾਂ ਨੂੰ ਲੁੱਟਮਾਰ ਕਰਨ ਦਾ ਅਜਿਹਾ ਮੌਕਾ ਫਿਰ ਨਹੀਂ ਸੀ ਮਿਲ ਸਕਦਾ ਪਰ ਇਨ੍ਹਾਂ ਕਾਤਲ ਲੁਟੇਰਿਆਂ ਨੂੰ ਸਪੱਸ਼ਟ ਹਦਾਇਤ ਕੀਤੀ ਗਈ ਸੀ ਕਿ ਹਮਲਾ ਕੇਵਲ ਸਿੱਖਾਂ ’ਤੇ ਕਰਨਾ ਹੈ, ਦੁਕਾਨਾਂ ਕੇਵਲ ਸਿੱਖਾਂ ਦੀਆਂ ਲੁੱਟਣੀਆਂ ਨੇ ਅਤੇ ਘਰ ਕੇਵਲ ਸਿੱਖਾਂ ਦੇ ਹੀ ਸਾੜਨੇ ਨੇ। ਇਕ ਨਵੰਬਰ ਦੀ ਸਵੇਰ ਦਿੱਲੀ ਦੇ ਵੱਖ-ਵੱਖ ਹਿੱਸਿਆਂ ਵਿਚ ਇਕੋ ਸਮੇਂ ਹਿੰਸਾ ਸ਼ੁਰੂ ਹੋਈ। ਸਫ਼ਦਜੰਗ ਐਨਕਲੇਵ ਸਥਿਤ ਬਲਜੀਤ ਗੈਸਟ ਹਾਊਸ ਦੀ ਚਾਰ ਮੰਜ਼ਿਲਾ ਇਮਾਰਤ ਹਜੂਮ ਦੇ ਗੁੱਸੇ ਦਾ ਸ਼ਿਕਾਰ ਬਣੀ, ਜਿਸ ਦਾ ਮਾਲਕ ਇਕ ਸਿੱਖ ਸੀ। ਪਾਗਲ ਹੋਈ ਭੀੜ ਨੇ ਪੂਰੀ ਇਮਾਰਤ ਨੂੰ ਅੱਗ ਲਗਾ ਦਿੱਤੀ... ਅੰਦਰ ਫਸੇ ਲੋਕਾਂ ਦੇ ਨਿਕਲਣ ਲਈ ਕੋਈ ਰਾਹ ਨਹੀਂ ਸੀ। ਉਨ੍ਹਾਂ ਨੇ ਭੀੜ ਦਾ ਸਾਹਮਣਾ ਕਰਨ ਦੀ ਕੀਮਤ ਅਪਣੀਆਂ ਜਾਨਾਂ ਦੇ ਕੇ ਚੁਕਾਈ।
ਇਸੇ ਤਰ੍ਹਾਂ ਮੁਨਿਰਕਾ ਇਲਾਕੇ ਵਿਚ ਸਿੱਖਾਂ ਦੀਆਂ ਦੁਕਾਨਾਂ ਦੀ ਨਿਸ਼ਾਨਦੇਹੀ ਕੀਤੀ ਗਈ ਅਤੇ ਫਿਰ ਯੋਜਨਾਬੱਧ ਢੰਗ ਨਾਲ ਦੁਕਾਨਾਂ ਨੂੰ ਅੱਗਾਂ ਲਗਾ ਦਿੱਤੀਆਂ ਗਈਆਂ। ਗੁਰਦਵਾਰਾ ਸਾਹਿਬ ਨੂੰ ਵੀ ਅੱਗ ਲਗਾ ਦਿੱਤੀ ਗਈ, ਸਿੱਖ ਪਰਿਵਾਰ ਦੇ ਪੰਜਾਬ ਵੂਲਨ ਹਾਊਸ ਨੂੰ ਵੀ ਸਾੜ ਕੇ ਸੁਆਹ ਕਰ ਦਿਤਾ ਗਿਆ, ਇੱਥੋਂ ਤੱਕ ਕਿ ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲ ਵੀ ਅੱਗ ਦੀਆਂ ਲਪਟਾਂ ’ਚ ਘਿਰਿਆ ਦਿਖਾਈ ਦੇ ਰਿਹਾ ਸੀ। ਦੁਪਹਿਰ 12 ਕੁ ਵਜੇ 4000 ਦੀ ਗਿਣਤੀ ਵਿਚ ਇਕ ਹਜੂਮ ਗੁਰਦਵਾਰਾ ਬੰਗਲਾ ਸਾਹਿਬ ਦੇ ਬਾਹਰ ਇਕੱਠਾ ਹੋ ਗਿਆ, ਜਿਸ ਨੂੰ ਗੁਰੂ ਘਰ ਵਿਚ ਠਹਿਰੇ ਸਿੱਖਾਂ ਨੇ ਖਦੇੜ ਦਿੱਤਾ। ਫਿਰ ਇਸੇ ਭੀੜ ਨੇ ਗੁਰਦਵਾਰਾ ਰਕਾਬ ਗੰਜ ਵਿਖੇ ਵਾਹਨਾਂ ਨੂੰ ਲੱਗ ਲਗਾ ਦਿੱਤੀ।
ਉਸੇ ਹੀ ਦਿਨ ਚੇਤਕ ਐਕਸਪ੍ਰੈਸ ਵਿਚੋਂ ਦੋ ਸਿੱਖਾਂ ਮੁੰਡਿਆਂ ਨੂੰ ਕੱਢ ਕੇ ਰੇਲਵੇ ਲਾਈਨ ਨੇੜੇ ਹੀ ਜ਼ਿੰਦਾ ਸਾੜ ਦਿੱਤਾ ਗਿਆ। ਮਾਇਆਪੁਰੀ ਪੱਛਮੀ ਦਿੱਲੀ ਵਿਚ ਇਕ ਸਿੱਖ ਪਿਤਾ ਅਤੇ ਉਸ ਦੇ ਦੋ ਲੜਕਿਆਂ ਨੂੰ ਵੀ ਅਜਿਹੀ ਦਰਦਨਾਕ ਮੌਤ ਦਿੱਤੀ ਗਈ। ਪਾਲਮ ਰੋਡ ਅਤੇ ਜਨਕਪੁਰੀ ਨੇੜੇ ਦੋ ਸਿੱਖ ਭਰਾਵਾਂ ਨੂੰ ਉਨ੍ਹਾਂ ਦੇ ਘਰ ਮੂਹਰੇ ਹੀ ਜ਼ਿੰਦਾ ਸਾੜ ਦਿੱਤਾ ਗਿਆ,, ਹਾਲੇ ਉਨ੍ਹਾਂ ਦੇ ਸਰੀਰ ਸੜ ਹੀ ਰਹੇ ਸਨ ਕਿ ਗੁਆਂਢੀਆਂ ਨੇ ਕੁੱਝ ਲੱਕੜਾਂ ਅਤੇ ਸੁੱਕਾ ਗੋਹਾ ਇਕੱਠਾ ਕਰ ਕੇ ਉਨ੍ਹਾਂ ’ਤੇ ਪਾ ਦਿੱਤਾ ਤਾਕਿ ਚੰਗੀ ਤਰ੍ਹਾਂ ਉਨ੍ਹਾਂ ਦੀਆਂ ਲਾਸ਼ਾਂ ਦਾ ਅੰਤਮ ਸਸਕਾਰ ਹੋ ਸਕੇ। ਇੱਕ ਨਵੰਬਰ ਵਾਲੀ ਸ਼ਾਮ ਨੂੰ ਹੀ ਮਲਕਾਗੰਜ ਵਿਚ 11 ਸਿੱਖਾਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ।
ਦੱਸ ਦਈਏ ਕਿ ਇਹ ਮਹਿਜ਼ ਕੁੱਝ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਏ,, ਭੀੜ ਨੇ ਹੋਰ ਪਤਾ ਨਹੀਂ ਇਸ ਰਾਤ ਹੋਰ ਕਿੰਨੇ ਕੁ ਸਿੱਖਾਂ ਨੂੰ ਦਰਦਨਾਕ ਮੌਤ ਦਿੱਤੀ, ਸਿੱਖਾਂ ਦੀਆਂ ਧੀਆਂ ਭੈਣਾਂ ਨਾਲ ਜਬਰ ਜਨਾਹ ਕੀਤੇ ਗਏ, ਲੁੱਟ ਖਸੁੱਟ ਕਰਕੇ ਘਰਾਂ ਨੂੰ ਅੱਗ ਲਗਾਈ ਗਈ ਅਤੇ ਫਿਰ ਸਾਰੇ ਟੱਬਰ ਨੂੰ ਤੇਲ ਪਾ ਕੇ ਜ਼ਿੰਦਾ ਸਾੜ ਦਿੱਤਾ ਜਾਂਦਾ ਸੀ,,, ਰਾਤੀਂ 11 ਵਜੇ ਤੱਕ ਦਿੱਲੀ ਦੇ ਆਸਮਾਨ ’ਤੇ ਕਾਲਾ ਧੂੰਆਂ ਛਾਇਆ ਹੋਇਆ ਸੀ, ਜਿਸ ਵਿਚ ਸਿੱਖਾਂ ਦੀਆਂ ਲਾਸ਼ਾਂ ਦੇ ਸੜਨ ਦੇ ਬੋਅ ਆ ਰਹੀ ਸੀ। ਹੈਰਾਨੀ ਦੀ ਗੱਲ ਇਹ ਐ ਕਿ ਸਿੱਖਾਂ ਨੂੰ 41 ਸਾਲ ਬੀਤ ਜਾਣ ’ਤੇ ਵੀ ਇਸ ਖ਼ੂਨੀ ਵਰਤਾਰੇ ਦਾ ਇਨਸਾਫ਼ ਨਹੀਂ ਮਿਲ ਸਕਿਆ, ਜੋ ਕੋਈ ਦੰਗੇ ਨਹੀਂ ਸਨ ਬਲਕਿ ਗਿਣੀ ਮਿਥੀ ਸਾਜਿਸ਼ ਤਹਿਤ ਸਿੱਖਾਂ ਦੀ ਨਸਲਕੁਸ਼ੀ ਦਾ ਪਲਾਨ ਸੀ।