ਧਨ ਪਿਰੁ ਕਹੀਏ ਸੋਇ ||

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸਾਡੇ ਸਮਾਜ ਵਿਚ ਬਹੁਤ ਸਾਰੇ ਸਾਊ ਤੇ ਕਮਾਊ ਮੁੰਡੇ ਵੀ ਛੜੇ ਰਹਿ ਜਾਂਦੇ ਹਨ ਤੇ ਜ਼ਮੀਨਾਂ ਵਾਲੇ ਅਮੀਰ ਮੁੰਡੇ ਦੋ ਜਾਂ ਤਿੰਨ ਵਾਰ ਵੀ ਵਿਆਹੇ ਜਾਂਦੇ ਹਨ।

Guru Granth Sahib Ji

ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਮੁਹਾਲੀ: ਗੁਰਬਾਣੀ ਦਾ ਪ੍ਰਮਾਣ ਹੈ ਕਿ ਦੂਖ ਸੂਖ ਪ੍ਰਭ ਦੇਵਨਹਾਰੁ (ਸੁਖਮਨੀ ਸਾਹਿਬ) ਹਰ ਜੀਵ ਨੂੰ ਦੁੱਖ ਤੇ ਸੁੱਖ ਉਸ ਦੇ ਕਰਮਾਂ ਅਨੁਸਾਰ ਪ੍ਰਮਾਤਮਾ ਆਪ ਹੀ ਦਿੰਦਾ ਹੈ। ਜੇ ਇਹ ਗੱਲ ਮਾਪਿਆਂ ਦੇ ਵੱਸ ਵਿਚ ਹੋਵੇ ਤਾਂ ਫਿਰ ਸਾਰੀ ਦੁਨੀਆਂ ਹੀ ਸੁਖੀ ਹੋਵੇ ਕਿਉਂਕਿ ਅਪਣੀ ਔਲਾਦ ਨੂੰ ਦੁਖ ਕੌਣ ਦੇਵੇ? ਕਈ ਮਾਪੇ ਅਜਿਹੇ ਵੀ ਹਨ, ਜਿਨ੍ਹਾਂ ਦੀਆਂ ਸਿਰਫ਼ ਕੁੜੀਆਂ ਹੀ ਹਨ, ਮੁੰਡਾ ਨਹੀਂ ਹੈ। ਉਨ੍ਹਾਂ ਕੋਲ ਜ਼ਮੀਨ ਜਾਂ ਪੈਸਾ ਵੀ ਬਹੁਤ ਹੈ ਪਰ ਉਹ ਵੀ ਕੁੜੀ ਲਈ ਕੋਈ ਮਾਲਦਾਰ ਮੁੰਡਾ ਹੀ ਟੋਲਦੇ ਹਨ, ਸਾਊ ਤੇ ਗ਼ਰੀਬ ਨਹੀਂ। ਉਹ ਇਹ ਨਹੀਂ ਸੋਚਦੇ ਕਿ ਜ਼ਮੀਨ ਭਾਵੇਂ ਘੱਟ ਹੋਵੇ ਪਰ ਮੁੰਡਾ ਸਾਊ ਹੋਵੇ ਜਾਂ ਜ਼ਮੀਨ ਤੇ ਪੈਸਾ ਤਾਂ ਸਾਡੇ ਕੋਲ ਹੀ ਬਹੁਤ ਹੈ ਤੇ ਸਾਡੀ ਜਾਇਦਾਦ ਵੀ ਫਿਰ ਸਾਡੇ ਧੀ-ਜਵਾਈ ਦੀ ਹੀ ਹੈ।

ਉਹ ਤਾਂ ਸਗੋਂ ਅੱਗੋਂ ਹੋਰ ਵੱਧ ਜ਼ਮੀਨ ਵਾਲਾ ਮੁੰਡਾ ਭਾਲਦੇ ਨੇ। ਇਸ ਘਟੀਆ ਸੋਚ ਕਾਰਨ ਸਾਡੇ ਸਮਾਜ ਵਿਚ ਬਹੁਤ ਸਾਰੇ ਸਾਊ ਤੇ ਕਮਾਊ ਮੁੰਡੇ ਵੀ ਛੜੇ ਰਹਿ ਜਾਂਦੇ ਹਨ ਤੇ ਜ਼ਮੀਨਾਂ ਵਾਲੇ ਅਮੀਰ ਮੁੰਡੇ ਦੋ ਜਾਂ ਤਿੰਨ ਵਾਰ ਵੀ ਵਿਆਹੇ ਜਾਂਦੇ ਹਨ। ਦੁਬਾਰਾ ਉਨ੍ਹਾਂ ਦਾ ਰਿਸ਼ਤਾ ਕਰਨ ਵਾਲੇ ਮਾਪੇ ਵੀ ਉਨ੍ਹਾਂ ਦੀ ਜ਼ਮੀਨ ਤੇ ਪੈਸਾ ਹੀ ਵੇਖਦੇ ਹਨ ਪਰ ਇਹ ਨਹੀਂ ਸੋਚਦੇ ਕਿ ਇਸ ਦਾ ਪਹਿਲਾਂ ਤਲਾਕ ਕਿਉਂ ਤੇ ਕਿਵੇਂ ਹੋਇਆ? ਕਿਸੇ ਵਿਰਲੇ ਨੂੰ ਛੱਡ ਕੇ ਅਜਿਹੇ ਰਿਸ਼ਤਿਆਂ ਵਿਚ ਵੀ ਜਾਂ ਤਾਂ ਤਲਾਕ ਹੋ ਜਾਂਦਾ ਹੈ ਜਾਂ ਫਿਰ ਲੜਾਈ ਝਗੜੇ ਵਿਚ ਹੀ ਜ਼ਿੰਦਗੀ ਲੰਘਦੀ ਹੈ। ਅੱਜ ਲੋਕ ਇਕ ਦੂਜੇ ਵਲ ਵੇਖ ਕੇ ਵੀ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ, ਸਗੋਂ ਉਸੇ ਟੋਏ ਵਿਚ ਡਿਗਦੇ ਹਨ ਜਿਸ ਵਿਚ ਅੱਗੇ ਜਾਣ ਵਾਲਾ ਡਿਗਿਆ ਸੀ। ਸਾਨੂੰ ਇਹ ਗੱਲ ਸਮਝਣੀ ਪਵੇਗੀ ਕਿ ਜੇਕਰ ਚੰਗਾ ਜੀਵਨ ਸਾਥੀ ਮਿਲ ਜਾਵੇ, ਮਨੁੱਖ ਦੇ ਦੁੱਖ ਵੀ ਸੁੱਖਾਂ ਵਿਚ ਬਦਲ ਜਾਂਦੇ ਹਨ ਅਤੇ ਕੰਡਿਆਂ ਦੀ ਸੇਜ ਤੇ ਵੀ ਗੂੜ੍ਹੀ ਨੀਂਦ ਆਉਂਦੀ ਹੈ ਪਰ ਜੇਕਰ ਜੀਵਨ ਸਾਥੀ ਮਾੜਾ ਮਿਲ ਜਾਵੇ ਤਾਂ ਸੁੱਖ ਵੀ ਦੁੱਖਾਂ ਵਿਚ ਬਦਲ ਜਾਂਦੇ ਹਨ ਤੇ ਉਸ ਸਮੇਂ ਮਖ਼ਮਲੀ ਗੱਦਿਆਂ ਤੇ ਏ.ਸੀ. ਕਮਰਿਆਂ ਵਿਚ ਵੀ ਨੀਂਦ ਨਹੀਂ ਆਉਂਦੀ।

ਸੋ ਮੁਕਦੀ ਗੱਲ ਇਹ ਹੈ ਕਿ ਜੇਕਰ ਅਸੀ ਵਿਵਾਹਿਕ ਜੀਵਨ ਸਵਰਗ ਬਣਾਉਣਾ ਹੈ ਤਾਂ ਸਾਨੂੰ ਕਈ ਗੱਲਾਂ ਦਾ ਧਿਆਨ ਰਖਣਾ ਪਵੇਗਾ। ਜ਼ਮੀਨ ਤੇ ਪੈਸਾ ਤਾਂ ਬੱਦਲਾਂ ਦੀ ਛਾਂ ਵਾਂਗ ਹੈ, ਇਹ ਤਾਂ ਆਉਂਦਾ ਜਾਂਦਾ ਹੀ ਰਹਿੰਦਾ ਹੈ। ਸਿਆਣੇ ਕਹਿੰਦੇ ਹਨ ਕਿ ਪੈਸਾ ਤਾਂ ਹੱਥਾਂ ਦੀ ਮੈਲ ਵਾਂਗ ਹੈ। ਕਿਸੇ ਗਾਇਕ ਨੇ ਬੜਾ ਸੋਹਣਾ ਗਾਇਆ ਹੈ ਕਿ ਪੈਸਾ ਤੇ ਕਾਂ ਕਦੇ ਇਸ ਬਨੇਰੇ ਤੇ ਕਦੇ ਉਸ ਬਨੇਰੇ ਤੇ। ਗੁਰਬਾਣੀ ਵਿਚ ਵੀ ਇਸ ਦੇ ਬਹੁਤ ਸਾਰੇ ਪ੍ਰਮਾਣ ਮਿਲਦੇ ਹਨ। ਮਰਨ ਤੋਂ ਬਾਅਦ ਮਨੁੱਖ ਨਾਲ ਕੁੱਝ ਵੀ ਨਹੀਂ ਜਾਂਦਾ, ਬਸ ਇਸ ਦੁਨੀਆਂ ਤੇ ਸਚਿਆਰ ਮਨੁੱਖ ਬਣ ਕੇ ਜੀਵਨ ਜਿਊਣਾ ਹੀ ਅਸਲ ਮਨੋਰਥ ਹੈ। ਬੇਸ਼ਕ ਇਹ ਗੱਲ ਵੀ ਠੀਕ ਹੈ ਕਿ ਮਨੁੱਖ ਨੂੰ ਪੈਸੇ ਦੀ ਜ਼ਰੂਰਤ ਹੈ ਪਰ ਪੈਸੇ ਪਿੱਛੇ ਬਾਕੀ ਸੱਭ ਕੁੱਝ ਗੁਆ ਲੈਣਾ ਵੀ ਕੋਈ ਸਿਆਣਪ ਨਹੀਂ, ਪੈਸਾ ਬਹੁਤ ਕੁੱਝ ਤਾਂ ਹੋ ਸਕਦਾ ਹੈ ਪਰ ਸੱਭ ਕੁੱਝ ਨਹੀਂ। ਪਿਆਰ ਨਾਲ ਪੈਸਾ ਕਮਾਇਆ ਜਾ ਸਕਦਾ ਹੈ ਪਰ ਪੈਸੇ ਨਾਲ ਪਿਆਰ ਨਹੀਂ ਖ਼ਰੀਦਿਆ ਜਾ ਸਕਦਾ। ਇਸ ਲਈ ਪਤੀ-ਪਤਨੀ ਦਾ ਆਪਸੀ ਪਿਆਰ ਸੱਭ ਤੋਂ ਜ਼ਰੂਰੀ ਹੈ। ਸੁਖੀ ਵਿਵਾਹਿਕ ਜੀਵਨ ਜਿਊਣ ਲਈ ਪਤੀ-ਪਤਨੀ ਨੂੰ ਦੁਖ ਸੁਖ ਵਿਚ ਇਕ ਦੂਜੇ ਦਾ ਪੂਰਾ ਸਾਥ ਦੇਣਾ ਪਵੇਗਾ, ਇਕ ਦੂਜੇ ਤੇ ਵਿਸ਼ਵਾਸ ਕਰਨਾ ਪਵੇਗਾ। ਬਿਨਾ ਵਿਸ਼ਵਾਸ ਕੀਤੇ ਇਕ ਦੂਜੇ ਪ੍ਰਤੀ ਬਹੁਤ ਸਾਰੀਆਂ ਗ਼ਲਤ ਫ਼ਹਿਮੀਆਂ ਪੈਦਾ ਹੋ ਜਾਣਗੀਆਂ, ਜੋ ਕਿ ਦੋਹਾਂ ਦੀ ਜ਼ਿੰਦਗੀ ਵਿਚ ਦਰਾੜ ਪਾ ਦੇਣਗੀਆਂ। ਇਕ ਦੂਜੇ ਦੀਆਂ ਗ਼ਲਤੀਆਂ ਜਾਂ ਕਮਜ਼ੋਰੀਆਂ ਨੂੰ ਲੋਕਾਂ ਦੇ ਸਾਹਮਣੇ ਉਜਾਗਰ ਕਰਨ ਨਾਲੋਂ ਆਪਸ ਵਿਚ ਮਿਲ ਬੈਠ ਕੇ ਸੁਲਝਾਉਣ ਵਿਚ ਹੀ ਸਿਆਣਪ ਹੁੰਦੀ ਹੈ। ਕਈ ਵਾਰ ਨਿੱਕੀਆਂ-ਨਿੱਕੀਆਂ ਗੱਲਾਂ ਵੀ ਤਲਾਕ ਤਕ ਪਹੁੰਚ ਜਾਂਦੀਆਂ ਹਨ।

ਸਾਡੇ ਸਮਾਜ ਦਾ ਰਿਵਾਜ ਹੈ ਕਿ ਵਿਆਹ ਤੋਂ ਬਾਅਦ ਕੁੜੀ ਨੂੰ ਹੀ ਅਪਣਾ ਪੇਕਾ ਘਰ ਛੱਡ ਕੇ ਸਹੁਰੇ ਘਰ ਜਾਣਾ ਪੈਂਦਾ ਹੈ। ਇਸ ਪੁਰਾਣੇ ਰਿਵਾਜ ਨੂੰ ਤਾਂ ਅਸੀ ਛੇਤੀ ਬਦਲ ਨਹੀਂ ਸਕਦੇ ਪਰ ਅਸੀ ਅਪਣੀ ਕੁੜੀ ਨੂੰ ਐਨਾ ਯੋਗ ਤੇ ਨਿਪੁੰਨ ਬਣਾ ਦੇਈਏ ਕਿ ਉਹ ਸਹੁਰੇ ਘਰ ਵਿਚ ਆਉਣ ਵਾਲੀ ਹਰ ਮੁਸ਼ਕਲ ਅਤੇ ਦੁੱਖ ਦਾ ਮੁਕਾਬਲਾ ਅਸਾਨੀ ਨਾਲ ਕਰ ਸਕੇ। ਕੁੜੀ ਨੂੰ ਪੜ੍ਹਾਈ ਦੇ ਨਾਲ-ਨਾਲ ਘਰੇਲੂ ਕੰਮਾਂ ਵਿਚ ਵੀ ਪੂਰੀ ਜਾਣਕਾਰੀ ਤੇ ਦਿਲਚਸਪੀ ਲੈਣੀ ਚਾਹੀਦੀ ਹੈ ਕਿਉਂਕਿ ਇਹ ਜ਼ਰੂਰੀ ਨਹੀਂ ਕਿ ਜੇ ਮਾਪਿਆਂ ਦੇ ਘਰ ਰਸੋਈਏ ਰੱਖੇ ਹੋਏ ਹਨ ਜਾਂ ਖਾਣਾ ਬਣਿਆ ਬਣਾਇਆ ਹੋਟਲਾਂ-ਢਾਬਿਆਂ ਤੋਂ ਆਉਂਦਾ ਹੈ ਤਾਂ ਸਹੁਰੇ ਘਰ ਵੀ ਇਉਂ ਹੀ ਹੋਵੇ। ਕਈ ਮਾਪੇ ਕੁੜੀ ਨੂੰ ਬਹੁਤ ਜ਼ਿਆਦਾ ਲਾਡ ਪਿਆਰ ਨਾਲ ਰਖਦੇ ਹਨ।

ਇਹ ਕੋਈ ਮਾੜੀ ਗੱਲ ਨਹੀਂ ਪਰ ਨਾਲ-ਨਾਲ ਉਸ ਨੂੰ ਅਪਣੇ ਤੋਂ ਦੂਰ ਰਹਿਣ ਬਾਰੇ ਵੀ ਨਿਪੁੰਨ ਕੀਤਾ ਜਾਵੇ। ਬਾਕੀ ਸਹੁਰੇ ਘਰ ਵੀ ਜਦੋਂ ਕੁੜੀ ਜਾਂਦੀ ਹੈ ਤਾਂ ਉਸ ਲਈ ਸੱਭ ਕੁੱਝ ਨਵਾਂ ਹੁੰਦਾ ਹੈ। ਇਸ ਲਈ ਸਹੁਰੇ ਪ੍ਰਵਾਰ ਨੂੰ ਵੀ ਚਾਹੀਦਾ ਹੈ ਕਿ ਨੂੰਹ ਨਾਲ ਸਖ਼ਤੀ ਨਾਲ ਪੇਸ਼ ਆਉਣ ਦੀ ਬਜਾਏ ਪਿਆਰ ਤੇ ਸਤਿਕਾਰ ਨਾਲ ਰਖਿਆ ਜਾਵੇ। ਇਸ ਤਰ੍ਹਾਂ ਦੋਵੇਂ ਧਿਰਾਂ ਮਿਲ ਕੇ ਇਕ ਦੂਜੇ ਅਨੁਸਾਰ ਢਾਲਣ ਦੀ ਕੋਸ਼ਿਸ਼ ਕਰਨ। ਕੁੜੀ ਅਪਣੇ ਪੇਕੇ ਘਰ 20-25 ਸਾਲ ਰਹਿ ਕੇ ਗਈ ਹੈ, ਇਸ ਲਈ ਉਹ ਉਸ ਮਾਹੌਲ ਨੂੰ ਇਕਦਮ ਬਦਲ ਕੇ ਸਹੁਰੇ ਘਰ ਅਨੁਸਾਰ ਨਹੀਂ ਢਲ ਸਕਦੀ। ਉਸ ਨੂੰ ਕੁੱਝ ਸਮਾਂ ਜ਼ਰੂਰੀ ਮਿਲਣਾ ਚਾਹੀਦਾ ਹੈ। ਵਿਆਹ ਤੋਂ ਪਹਿਲਾਂ ਬੇਸ਼ਕ ਪਤੀ ਪਤਨੀ ਵਿਚੋਂ ਕਿਸੇ ਵਿਚ ਕੋਈ ਔਗੁਣ ਜਾਂ ਐਬ ਸੀ, ਵਿਆਹ ਤੋਂ ਬਾਅਦ ਉਸ ਨੂੰ ਛੱਡ ਕੇ ਅਤੇ ਭੁਲਾ ਕੇ ਹੀ ਨਵੀਂ ਜ਼ਿਦਗੀ ਸ਼ੁਰੂ ਕਰਨੀ ਚਾਹੀਦੀ ਹੈ। ਪਤੀ-ਪਤਨੀ ਵਿਵਾਹਿਤ ਜੀਵਨ ਦੀ ਗੱਡੀ ਦੇ ਦੋ ਪਹੀਏ ਹਨ।

ਜੇਕਰ ਦੋਵੇਂ ਪਹੀਏ ਇਕੱਠੇ ਮਿਲ ਕੇ ਇਕੋ ਦਿਸ਼ਾ ਵਲ ਚਲਣਗੇ ਤਾਂ ਹੀ ਇਹ ਗੱਡੀ ਅਪਣੀ ਮੰਜ਼ਲ ਤੇ ਪਹੁੰਚ ਸਕੇਗੀ ਨਹੀਂ ਤਾਂ ਵਿਚਕਾਰ ਹੀ ਰਹਿ ਜਾਵੇਗੀ। ਸੱਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿਚ ਲਈਆਂ ਗਈਆਂ ਚਾਰ ਲਾਵਾਂ ਸਿਰਫ਼ ਖ਼ਾਨਾ ਪੂਰਤੀ ਹੀ ਨਹੀਂ, ਸਗੋਂ ਇਨ੍ਹਾਂ ਲਾਵਾਂ ਦੇ ਪਾਠ ਨੂੰ ਸਮਝ ਕੇ ਉਸ ਅਨੁਸਾਰ ਜੀਵਨ ਜਿਊਣ ਲਈ ਹਨ। ਜੇਕਰ ਲਾਵਾਂ ਦੇ ਪਾਠ ਨੂੰ ਅਪਣੀ ਜ਼ਿੰਦਗੀ ਵਿਚ ਅਪਨਾਇਆ ਜਾਵੇ ਤਾਂ ਸ਼ਾਇਦ ਕਿਸੇ ਵੀ ਪਤੀ-ਪਤਨੀ (ਜੋੜੇ) ਦਾ ਤਲਾਕ ਕਦੇ ਵੀ ਨਹੀਂ ਹੋਵੇਗਾ ਅਤੇ ਉਹ ਏਕ ਜੋਤਿ ਦੁਇ ਮੂਰਤੀ ਹੋ ਜਾਣਗੇ।
                     ਬਲਵਿੰਦਰ ਸਿੰਘ ਖ਼ਾਲਸਾ,ਸੰਪਰਕ :  97802-64599