ਬਾਬੇ ਨਾਨਕ ਵਾਲੀ ਸਿੱਖੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਅੱਜ ਸਾਡੇ ਕੋਲ ਪੜ੍ਹੇ ਲਿਖੇ ਪ੍ਰਚਾਰਕ ਹਨ।

Sikh

ਮੁਹਾਲੀ: ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਨੂੰ ਬਾਬੇ ਨਾਨਕ ਦੀ ਸਿੱਖੀ ਕਿਹਾ ਗਿਆ ਸੀ। ਨਿਮਰਤਾ ਭਰਪੂਰ ਤੇ ਸਾਦਗੀ ਭਰਿਆ ਜੀਵਨ ਜਿਊਣ ਨੂੰ ਬਾਬੇ ਨਾਨਕ ਦੀ ਸਿੱਖੀ ਕਿਹਾ ਗਿਆ ਸੀ। ਦੁਰਭਾਵਨਾ ਤੇ ਵਖਰੇਵੇਂ ਰਹਿਤ ਜੀਵਨ ਨੂੰ, ਦੁੱਖ ਵੰਡਾਉਣ ਤੇ ਸੁੱਖ ਵੰਡਣ ਵਾਲੇ ਜੀਵਨ ਨੂੰ ਸਿੱਖੀ ਦਾ ਨਾਮ ਦਿਤਾ ਗਿਆ ਸੀ। ਭਾਵ ਸਿੱਖੀ ਇਕ ਕਿਰਦਾਰ ਦਾ ਨਾਂ ਸੀ। ਕਿਰਦਾਰ ਜਿਹੜਾ ਦੂਜੇ ਦਾ ਭਲਾ ਲੋਚਦਾ ਸੀ ਤੇ ਦੂਜੇ ਦੇ ਕੰਮ ਲਈ ਤਤਪਰ ਰਹਿੰਦਾ ਸੀ। ਲੋੜ ਪਵੇ ਤਾਂ ਅਪਣਾ ਆਪਾ ਵਾਰ ਦੇਣ ਵਾਲੇ ਕਿਰਦਾਰ ਦਾ ਨਾਮ ਸੀ ਸਿੱਖੀ। ਉਸ ਕਿਰਦਾਰ ਵਿਚ 'ਅਪਣੇ ਆਪ' ਲਈ ਕੋਈ ਥਾਂ ਨਹੀਂ ਸੀ। ਰੱਬੀ ਗੁਣਾਂ ਨਾਲ ਭਰਪੂਰ ਕਿਰਦਾਰ ਹੀ ਸਿੱਖੀ ਸੀ। ਬਾਹਰੀ ਸਰੂਪ ਦੀ ਮਹੱਤਤਾ ਏਨੀ ਨਹੀਂ ਸੀ। ਕਾਰਨ ਜਦ ਸਾਡਾ ਮਨ ਤੇ ਆਤਮਾ ਪਵਿੱਤਰ ਸੋਚ ਤੇ ਪਵਿੱਤਰ ਕਰਨੀ ਵਾਲੀ ਹੋ ਜਾਂਦੀ ਹੈ ਤਾਂ ਸ੍ਰੀਰ ਤਾਂ ਆਪੇ ਹੀ ਪਵਿੱਤਰ ਰਾਹੇ ਚਲ ਪੈਂਦਾ ਹੈ। ਸ੍ਰੀਰ ਤਾਂ ਮਿੱਟੀ ਹੈ। ਇਸ ਨੂੰ ਚਲਾਉਣ ਵਾਲੇ ਤਾਂ ਮਨ ਤੇ ਆਤਮਾ ਹਨ। ਬਾਬੇ ਨਾਨਕ ਨੇ ਸਾਡੇ ਮਨ ਤੇ ਆਤਮਾ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਨੂੰ ਉਪਰ ਚੁਕਿਆ ਤੇ ਨਤੀਜੇ ਵੀ ਬਹੁਤ ਚੰਗੇ ਨਿਕਲੇ।

 

ਹੁਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਬਾਬਾ ਨਾਨਕ ਬਿਨਾਂ ਕਿਸੇ ਕਿਸਮ ਦੇ ਵਸੀਲਿਆਂ ਤੋਂ (ਨਾ ਹੀ ਟਰਾਂਸਪੋਰਟ ਸੀ ਤੇ ਨਾ ਹੀ ਮਾਲੀ ਮਦਦ ਸੀ) ਅਪਣੇ ਇਕ ਸਾਥੀ ਨਾਲ ਦੁਨੀਆਂ ਦਾ ਭਰਮਣ ਕਰ ਆਏ ਤੇ ਨੇਕ ਜੀਵਨ ਜਿਊਣ ਦੀ ਜਾਚ ਲੋਕਾਂ ਨੂੰ ਸਮਝਾ ਆਏ। ਥੋੜੇ ਹੀ ਸਮੇਂ ਵਿਚ ਬਾਬੇ ਨਾਨਕ ਦੇ ਪੈਰੋਕਾਰਾਂ ਦੀ ਗਿਣਤੀ ਲੱਖਾਂ ਵਿਚ ਹੋ ਗਈ। ਉਨ੍ਹਾਂ ਦੇ ਪੈਰੋਕਾਰਾਂ ਵਿਚ ਹਿੰਦੂ, ਮੁਸਲਮਾਨ, ਪਾਰਸੀ, ਬੋਧੀ, ਜੈਨੀ ਸੱਭ ਸ਼ਾਮਲ ਸਨ ਜੋ ਸਾਰੀ ਦੁਨੀਆਂ ਦੇ ਵੱਖ-ਵੱਖ ਖੇਤਰਾਂ ਵਿਚੋਂ ਸਨ। ਕੋਈ ਤਾਂ ਖ਼ਾਸ ਗੱਲ ਹੋਵੇਗੀ ਬਾਬੇ ਨਾਨਕ ਦੇ ਵਿਚਾਰਾਂ ਵਿਚ, ਉਨ੍ਹਾਂ ਦੇ ਉਪਦੇਸ਼ਾਂ ਵਿਚ, ਜੋ ਹਰ ਧਰਮ ਤੇ ਹਰ ਖ਼ਿੱਤੇ ਦੇ ਲੋਕ ਉਨ੍ਹਾਂ ਵਲ ਖਿੱਚੇ ਆਏ। ਉਹ ਕੋਈ ਵੱਡੇ ਦੀਵਾਨ ਨਹੀਂ ਲਾਇਆ ਕਰਦੇ ਸਨ ਕਿਉਂਕਿ ਉਸ ਸਮੇਂ ਅੱਜ ਵਾਲੇ ਪ੍ਰਚਾਰ ਸਾਧਨ ਨਹੀਂ ਸਨ। ਛੋਟੇ-ਛੋਟੇ ਇਕੱਠਾਂ ਵਿਚ ਹੀ ਲੋਕਾਂ ਨੂੰ ਜੀਵਨ ਜਿਊਣ ਦੀ ਜਾਚ ਦਸਦੇ ਰਹਿੰਦੇ ਸਨ। ਰੱਬੀ ਗੁਣਾਂ ਵਾਲੇ ਜੀਵਨ ਦੀ ਮਹੱਤਤਾ ਉਤੇ ਜ਼ੋਰ ਦਿੰਦੇ ਰਹਿੰਦੇ ਸਨ। ਉਹ ਆਪ ਵੀ ਆਮ ਆਦਮੀ ਦੀ ਜ਼ਿੰਦਗੀ ਜਿਊਂਦੇ ਹੋਏ ਅਪਣੇ ਉਪਦੇਸ਼ਾਂ ਉਤੇ ਪਹਿਰਾ ਦਿੰਦੇ ਸਨ।

ਜਦ ਅਸੀ ਵਰਤਮਾਨ ਵਲ ਝਾਤੀ ਮਾਰਦੇ ਹਾਂ ਤਾਂ ਗੱਲ ਫੜ ਵਿਚ ਨਹੀਂ ਆਉਂਦੀ। ਅੱਜ ਸਾਡੇ ਕੋਲ ਪੜ੍ਹੇ ਲਿਖੇ ਪ੍ਰਚਾਰਕ ਹਨ। ਉਨ੍ਹਾਂ ਕੋਲ ਵੱਡੇ-ਵੱਡੇ ਵਸੀਲੇ ਹਨ। ਸੁਣਨ ਵਾਲੇ ਲੱਖਾਂ ਦੀ ਗਿਣਤੀ ਵਿਚ ਇਕੱਠੇ ਹੁੰਦੇ ਹਨ। ਵੱਡੀਆਂ ਵੱਡੀਆਂ ਸਟੇਜਾਂ ਤੋਂ ਜਿਥੇ ਵਧੀਆ ਰੌਸ਼ਨੀ ਤੇ ਵਧੀਆ ਸਾਊਂਡ ਸਿਸਟਮ ਲਗਾ ਕੇ ਕੀਰਤਨੀਏ ਤੇ ਕਥਾਵਾਚਕ ਸੰਗਤ ਨੂੰ ਨਿਹਾਲ ਕਰਦੇ ਹਨ। ਕੀਰਤਨ ਤੇ ਕਥਾ ਦਾ ਪ੍ਰਵਾਹ ਟੀ.ਵੀ. ਚੈਨਲਾਂ ਤੋਂ ਹਰ ਰੋਜ਼ ਚਲਦਾ ਰਹਿੰਦਾ ਹੈ। ਕੀਰਤਨ ਦਰਬਾਰ ਤੇ ਅਖੰਡਪਾਠਾਂ ਦੀ ਗਿਣਤੀ ਹਜ਼ਾਰਾਂ-ਲੱਖਾਂ ਵਿਚ ਪਹੁੰਚ ਜਾਂਦੀ ਹੈ। ਏਨਾ ਕੁੱਝ ਹੋਣ ਦੇ ਬਾਵਜੂਦ ਸਿੱਖੀ ਪਹਿਲਾਂ ਨਾਲੋਂ ਗਿਰਾਵਟ ਵਲ ਜਾ ਰਹੀ ਹੈ। ਬਾਬੇ ਨਾਨਕ ਨੇ ਜੋ ਰਸਤਾ ਵਿਖਾਇਆ ਸੀ ਉਸ ਨੂੰ ਅਸੀ ਬਹੁਤੀ ਦੇਰ ਤਕ ਨਹੀਂ ਅਪਣਾਅ ਸਕੇ। ਜਿਹੜੇ ਕਰਮਕਾਂਡਾਂ ਨੂੰ ਤਿਲਾਂਜਲੀ ਦੇ ਕੇ ਸਿੱਖੀ ਦੀ ਨੀਂਹ ਰੱਖੀ ਗਈ ਸੀ, ਉਨ੍ਹਾਂ ਨੂੰ ਸਿੱਧੇ ਜਾਂ ਅਸਿਧੇ ਤੌਰ 'ਤੇ ਜੀਵਨ ਵਿਚ ਦੁਬਾਰਾ ਲੈ ਆਏ। ਜੋ ਗੁਰੂ ਸਾਹਿਬ ਨੇ ਸਿੱਖੀ ਵਾਲਾ ਕਿਰਦਾਰ ਬਖ਼ਸ਼ਿਆ ਸੀ, ਉਸ ਨੂੰ ਤਿਲਾਂਜਲੀ ਦਿੰਦੇ ਜਾ ਰਹੇ ਹਾਂ ਤੇ ਕਰਮਕਾਂਡੀ ਬਣਦੇ ਜਾ ਰਹੇ ਹਾਂ। ਕਾਰਨ ਸਾਡੇ ਕਿਰਦਾਰ ਨੂੰ ਉੱਚਾ ਚੁੱਕਣ ਦਾ ਉਪਦੇਸ਼ ਘੱਟ ਅਤੇ ਸਰੂਪ ਵਲ ਜ਼ਿਆਦਾ ਜ਼ੋਰ ਦਿਤਾ ਜਾਂਦਾ ਹੈ। ਇਸ ਦਾ ਵੀ ਕਾਰਨ ਹੈ ਕਿਉਂਕਿ ਕਿਰਦਾਰ ਨਿਭਾਉਣ ਦਾ ਉਪਦੇਸ਼ ਉਸ ਦਾ ਹੀ ਕਾਰਗਰ ਹੋਵੇਗਾ ਜੋ ਆਪ ਉਸ ਤਰ੍ਹਾਂ ਦੇ ਕਿਰਦਾਰ ਦਾ ਧਾਰਨੀ ਹੋਵੇਗਾ, ਜੋ ਅਜੋਕੇ ਸਮੇਂ ਵਿਚ ਅਸੰਭਵ ਲਗਦਾ ਹੈ।

ਅੱਜ ਤੋਂ 60-70 ਸਾਲ ਪਹਿਲਾਂ ਸਾਧਾਰਣ ਜਾਂ ਅਖੰਡ ਪਾਠ ਵਾਲੇ ਕੋਈ ਭੇਟਾ ਨਹੀਂ ਲਿਆ ਕਰਦੇ ਸਨ। ਇਸ ਤਰ੍ਹਾਂ ਕੀਰਤਨੀਏ ਵੀ ਭੇਟਾ ਰਹਿਤ ਕੀਰਤਨ ਕਰਦੇ ਸਨ। ਇਹ ਦੋਵੇਂ ਕੰਮ ਕਰਨ ਵਾਲੇ ਸ਼ਰਧਾਲੂ ਅਪਣੇ-ਅਪਣੇ ਕੰਮਾਂ ਵਿਚੋਂ ਸਮਾਂ ਕੱਢ ਕੇ ਸੇਵਾ ਕਰਿਆ ਕਰਦੇ ਸਨ। ਪ੍ਰਵਾਰ ਦਾ ਪਾਲਣ ਪੋਸ਼ਣ ਉਹ ਆਪੋ ਅਪਣੇ ਕੰਮਾਂ ਤੋਂ ਕਰਦੇ ਸਨ। ਉਨ੍ਹਾਂ  ਨੇ ਇਸ ਨੂੰ ਰੋਟੀ ਦਾ ਜੁਗਾੜ ਨਹੀਂ ਸੀ ਬਣਾਇਆ ਹੋਇਆ। ਇਹ ਜਿਹੜਾ ਕੀਰਤਨੀਏ ਨੂੰ ਵਾਜੇ ਤੇ ਰੁਪਏ ਰੱਖਣ ਦਾ ਰਿਵਾਜ ਚਲਿਆ ਹੈ, ਉਸ ਦਾ ਕਾਰਨ ਇਹ ਹੈ ਕਿ ਉਸ ਸਮੇਂ ਕੀਰਤਨ ਕਰਨ ਵਾਲੇ ਜ਼ਿਆਦਾਤਰ ਜਮਾਂਦਰੂ ਸੂਰਮਾ ਸਿੰਘ ਹੁੰਦੇ ਸਨ। ਉਹ ਗੁਰਦਵਾਰਿਆਂ ਵਿਚ ਹੀ ਰਹਿੰਦੇ ਸਨ ਤੇ ਉਹ ਕੋਈ ਭੇਟਾ ਨਹੀਂ ਲਿਆ ਕਰਦੇ ਸਨ। ਇਕ ਅੱਧ ਰੁਪਿਆ ਉਨ੍ਹਾਂ ਦੀ ਨਿੱਕੀ ਮੋਟੀ ਲੋੜ ਪੂਰੀ ਕਰਨ ਲਈ ਦੇ ਦਿਤਾ ਜਾਂਦਾ ਸੀ। ਅੱਜ ਮੂੰਹ ਮੰਗੀ ਰਕਮ ਕਥਾਵਾਚਕ ਜਾਂ ਕੀਰਤਨੀਏ ਆਦਿ ਮੰਗਦੇ ਹਨ, ਸੰਗਤ ਫਿਰ ਵੀ ਗੁਰੂ ਦੀ ਹੀ ਹਜ਼ੂਰੀ ਵਿਚ ਉਨ੍ਹਾਂ ਨੂੰ ਭੇਟ ਦੇਣ ਤੋਂ ਸੰਕੋਚ ਨਹੀਂ ਕਰਦੀ। ਕਾਰਨ ਸਿਰਫ਼ ਅਪਣੀ ਹਉਮੈ ਨੂੰ ਚੋਗਾ ਪਾਉਣ ਦਾ ਹੈ। ਕੀਰਤਨ ਤੇ ਕਥਾ ਤਾਂ ਹਾਲੇ ਉਨ੍ਹਾਂ ਨੇ ਸੁਣਨੀ ਹੁੰਦੀ ਹੈ। ਚੰਗਾ ਲੱਗਾ ਜਾਂ ਨਹੀਂ, ਇਹ ਤਾਂ ਬਾਅਦ ਦੀ ਗੱਲ ਹੈ।

 

 

ਅੱਜ ਦੇ ਗੁਰਦਵਾਰਿਆਂ ਦੇ ਪ੍ਰਧਾਨ, ਸਕੱਤਰ ਅਤੇ ਮੈਨੇਜਰ ਆਦਿ ਸਾਰੇ ਹੀ ਏ.ਸੀ. ਕਮਰਿਆਂ ਵਿਚ ਮਖ਼ਮਲੀ ਗੱਦਿਆਂ ਵਿਚ ਸੌਣ ਦੇ ਆਦੀ ਹੋ ਚੁਕੇ ਹਨ, ਸੰਗਤ ਨੂੰ ਬੇਸ਼ਕ ਪ੍ਰਕਰਮਾ ਵਿਚ ਵੀ ਜਗ੍ਹਾ ਨਾ ਮਿਲੇ। ਸਾਖੀਆਂ ਸਾਦਗੀ ਦੀਆਂ ਉਹ ਵੀ ਗੁਰੂਆਂ ਤੇ ਮਹਾਂਪੁਰਸ਼ਾਂ ਵਲੋਂ ਵਿਖਾਈਆਂ ਗਈਆਂ ਦੀਆਂ ਸੁਣਾਈਆਂ ਜਾਂਦੀਆਂ ਹਨ। ਜੋ ਲੰਗਰ ਦੀ ਮਰਿਆਦਾ ਗੁਰੂਆਂ ਵਲੋਂ ਦੱਸੀ ਗਈ ਸੀ, ਨੂੰ ਤਾਰ-ਤਾਰ ਕਰ ਕੇ ਲੰਗਰ ਨੂੰ ਕਮਰਿਆਂ ਵਿਚ ਪਹੁੰਚਾਉਣਾ ਆਦਿ। ਬਾਬੇ ਨਾਨਕ ਨੇ ਜੋ ਪ੍ਰਚਾਰਿਆ ਉਸ ਨੂੰ ਅਪਣੇ ਸ੍ਰੀਰ 'ਤੇ ਹੰਢਾਇਆ। ਸੱਚਾਈ ਉਤੇ ਪਹਿਰਾ ਦਿਤਾ ਅਤੇ ਝੂਠ ਨੂੰ ਨਕਾਰਿਆ। ਉਨ੍ਹਾਂ ਨੇ ਮਾਇਆ ਇਕੱਠੀ ਕਰਨ ਨੂੰ ਨਹੀਂ ਕਿਹਾ। ਉਨ੍ਹਾਂ ਦੇ ਉਪਦੇਸ਼ ਤਾਂ ਕਿਰਤ ਕਰਨਾ, ਵੰਡ ਛਕਣਾ ਹੈ ਤੇ ਮਾਇਆ ਨੂੰ ਲੋੜਵੰਦਾਂ ਦੇ ਹਿਤ ਵਿਚ ਖ਼ਰਚ ਕਰ ਦੇਣਾ। ਬਾਬੇ ਨਾਨਕ ਨੇ ਧਰਮ ਦਾ ਪ੍ਰਚਾਰ ਵੱਡੇ-ਵੱਡੇ ਇਕੱਠਾਂ ਵਿਚ ਨਹੀਂ ਕੀਤਾ, ਸਗੋਂ ਲੋਕਾਂ ਵਿਚ ਵਿਚਰਦੇ ਹੋਏ ਹੀ ਲੋਕਾਂ ਨੂੰ ਰੱਬੀ ਗੁਣਾਂ ਵਾਲਾ ਜੀਵਨ ਜਿਊਣ ਲਈ ਕਹਿੰਦੇ ਰਹਿੰਦੇ ਸਨ। ਜੋ ਉਹ ਕਹਿੰਦੇ ਸਨ, ਉਸ ਉਪਰ ਆਪ ਪਹਿਰਾ ਦਿੰਦੇ ਸਨ।

 

 

ਬਾਬੇ ਨਾਨਕ ਨੇ ਜਦ ਘਰ-ਘਰ ਧਰਮਸਾਲ ਦੀ ਗੱਲ ਕੀਤੀ ਤਾਂ ਉਨ੍ਹਾਂ ਦਾ ਕੋਈ ਵਖਰੀ ਇਮਾਰਤ ਵਲ ਇਸ਼ਾਰਾ ਨਹੀਂ ਸੀ। ਉਨ੍ਹਾਂ ਦਾ ਭਾਵ ਸੀ ਕਿ ਹਰ ਘਰ ਵਿਚ ਧਰਮ ਦੀ ਗੱਲ ਹੋਵੇ। ਹਰ ਘਰ ਵਿਚ ਧਰਮ ਪ੍ਰਚਾਰਿਆ ਜਾਵੇ ਤਾਕਿ ਅਧਰਮ ਜਨਮ ਹੀ ਨਾ ਲੈ ਸਕੇ। ਬਾਬਾ ਨਾਨਕ ਸਾਡੇ ਅਪਣੇ ਅੰਦਰ ਧਰਮਸਾਲ ਦੀ ਰਚਨਾ ਕਰਨ ਨੂੰ ਕਹਿ ਰਹੇ ਹਨ। ਇਸ ਤਰ੍ਹਾਂ ਜਦ ਬਾਬਾ ਜੀ 'ਗੁਰੂ ਦੀ ਗੋਲਕ ਗ਼ਰੀਬ ਦਾ ਮੂੰਹ' ਕਹਿ ਰਹੇ ਹਨ ਤਾਂ ਭਾਵ ਹੈ ਕਿ ਗੁਰੂ ਘਰਾਂ ਵਿਚ ਆਈ ਮਾਇਆ ਵੀ ਗ਼ਰੀਬਾਂ ਦੇ ਕਲਿਆਣ ਲਈ ਹੀ ਹੈ। ਇਸ ਨੂੰ ਵਿਖਾਵੇ ਲਈ ਜਾਂ ਫ਼ਜ਼ੂਲ ਖ਼ਰਚ ਕਰਨਾ ਗੁਰੂਆਂ ਦੇ ਹੁਕਮ ਦੀ ਉਲੰਘਣਾ ਹੈ। ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ, ਪੜ੍ਹਨ, ਸਮਝਣ, ਵਿਚਾਰਨ ਤੇ ਅੰਤ ਵਿਚ ਉਪਦੇਸ਼ਾਂ ਨੂੰ ਜੀਵਨ ਵਿਚ ਹੰਢਾਉਣਾ ਪਵੇਗਾ। ਅੱਜ ਦਾ ਪ੍ਰਚਾਰ ਕਿਉਂ ਕਾਰਗਰ ਸਾਬਤ ਨਹੀਂ ਹੋ ਰਿਹਾ? ਵਿਚਾਰਨ ਦੀ ਲੋੜ ਹੈ ਕਿ ਬਾਬੇ ਨਾਨਕ ਵਾਲੀ ਸਿੱਖੀ ਤੋਂ ਲੋਕ ਕਿਉਂ ਦੂਰ ਜਾ ਰਹੇ ਹਨ?

 

ਕਰੋੜਾਂ ਵਿਚ ਧਨ ਹਰ ਸਾਲ ਪ੍ਰਚਾਰ ਉਤੇ ਲੱਗ ਰਿਹਾ ਹੈ, ਹਜ਼ਾਰਾਂ ਕਥਾਵਾਚਕ ਤੇ ਕੀਰਤਨੀਏ ਪ੍ਰਚਾਰ ਕਰ ਰਹੇ ਹਨ ਪਰ ਅਫਸੋਸ ਇਸ ਗੱਲ ਦਾ ਹੈ ਕਿ ਏਨਾ ਕੁੱਝ ਹੋਣ ਦੇ ਬਾਵਜੂਦ ਵੀ ਸਿੱਖੀ ਦਿਨ-ਬ-ਦਿਨ ਗ਼ਰਕਦੀ ਜਾ ਰਹੀ ਹੈ। ਸਾਨੂੰ ਸਾਰਿਆਂ ਨੂੰ ਖ਼ਾਸ ਕਰ ਕੇ ਬੁਧੀਜੀਵੀਆਂ ਨੂੰ ਇਸ ਵਿਸ਼ੇ ਉਤੇ ਮੰਥਨ ਕਰਨ ਦੀ ਲੋੜ ਹੈ ਤਾਕਿ ਕੋਈ ਰਸਤਾ ਲਭਿਆ ਜਾ ਸਕੇ ਤੇ ਬਾਬੇ ਨਾਨਕ ਵਾਲੀ ਸਿੱਖੀ ਦੁਬਾਰਾ ਉਜਾਗਰ ਹੋ ਸਕੇ। ਮਾਇਆ ਇਕੱਤਰ ਕਰਨ ਨਾਲੋਂ ਰੱਬੀ ਗੁਣਾਂ ਨੂੰ ਅਪਣਾਉਣ ਦਾ ਪ੍ਰਚਾਰ ਕੀਤਾ ਜਾਵੇ। ਮਾਇਆ ਦੀ ਵਰਤੋਂ ਲੋਕ ਭਲਾਈ ਜਿਵੇਂ ਕਿ ਬੱਚਿਆਂ ਦੀ ਪੜ੍ਹਾਈ, ਸੱਭ ਲਈ ਚੰਗੀ ਸਿਹਤ ਤੇ ਬਿਮਾਰੀ ਦਾ ਇਲਾਜ ਹੋਵੇ। ਬੇਲੋੜਾ ਤੇ ਵਿਖਾਵੇ ਵਾਲਾ ਖ਼ਰਚਾ ਬੰਦ ਕੀਤਾ ਜਾਵੇ। ਸਾਡੇ ਬੁਧੀਜੀਵੀ ਤੇ ਪ੍ਰਚਾਰਕ ਇਕ ਨਮੂਨਾ ਬਣ ਕੇ ਲੋਕਾਂ ਵਿਚ ਵਿਚਰਨ। ਜਦ ਤਕ ਅਸੀ ਇਨ੍ਹਾਂ ਗੱਲਾਂ ਵਲ ਧਿਆਨ ਨਹੀਂ ਦੇਵਾਂਗੇ, ਸਿੱਖੀ ਦਾ ਉਭਰ ਕੇ ਉਪਰ ਆਉਣਾ ਔਖਾ ਨਜ਼ਰ ਆ ਰਿਹਾ ਹੈ।       ਸੁਖਦੇਵ ਸਿੰਘ,ਸੰਪਰਕ : 70091-79107