ਗੁਰਬਾਣੀ ਵਿਚ ਕਰਾਮਾਤੀ ਸ਼ਕਤੀਆਂ?
ਕੋਈ ਇਨਸਾਨ ਮੁਸਲਮਾਨਾਂ ਦੇ ਰਾਜ ਵਿਚ ਨਮਾਜ਼ ਦਾ ਮਜ਼ਾਕ ਨਹੀਂ ਉਡਾ ਸਕਦਾ।
ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਮੁਹਾਲੀ: ਆਉ ਹੁਣ ਇਕ ਹੋਰ ਪੱਖੋਂ ਸਮਝਣ ਦੀ ਕੋਸ਼ਿਸ਼ ਕਰੀਏ। ਗੁਰਬਾਣੀ ਸਿੱਖਾਂ ਦੀ ਜ਼ਿੰਦਗੀ ਲਈ ਅਗਵਾਈ ਦਾ ਚਿਰਾਗ਼ ਸੀ ਤੇ ਹੈ। ਵਹਿਮ-ਭਰਮ, ਕਰਮ-ਕਾਂਡ, ਜਾਤ-ਪਾਤ, ਊਚ-ਨੀਚ, ਜਾਦੂ-ਮੰਤਰ, ਦਾਨ-ਪੁੰਨ ਆਦਿ ਨੂੰ ਗੁਰਬਾਣੀ ਪੂਰੀ ਤਰ੍ਹਾਂ ਰੱਦ ਕਰਦੀ ਹੈ। ਪੁਜਾਰੀ ਤਬਕੇ ਨੇ ਸਿੱਖਾਂ ਵਿਚ ਸੱਭ ਕੂੜ ਕੁਫ਼ਰ ਦਾਖ਼ਲ ਕਰ ਦਿਤਾ ਹੈ। ਸਗੋਂ ਗੁਰਬਾਣੀ ਨੂੰ ਮੰਤਰ ਬਣਾ ਕੇ ਪੜ੍ਹਿਆ ਜਾ ਰਿਹਾ ਹੈ। ਗੁਰਬਾਣੀ ਰਾਹੀਂ ਕੀ ਹੁਕਮ ਦਿਤਾ ਗਿਆ ਹੈ, ਕੋਈ ਪਤਾ ਨਹੀਂ। ਅਖੰਡ ਪਾਠ ਜ਼ਰੂਰ ਕਰਵਾਉਣਾ ਹੈ। ਜਨਮ ਸਮੇਂ ਪਾਠ, ਵਿਆਹ ਸਮੇਂ ਪਾਠ, ਮਰਨ ਤੇ ਪਾਠ। ਮੰਤਰ ਸਮਝ ਕੇ ਭਾੜੇ ਦੇ ਪਾਠੀਆਂ ਤੋਂ ਪਾਠ ਕਰਵਾ ਲੈਣਾ ਹੈ। ਸਮਾਂ ਬਰਬਾਦ ਕਰ ਲੈਣਾ ਹੈ। ਚੰਗੀ ਮੋਟੀ ਰਕਮ ਫੂਕ ਦੇਣੀ ਹੈ। ਹੱਥ ਪੱਲੇ ਕੁੱਝ ਵੀ ਨਹੀਂ ਆਉਂਦਾ। ਸਿੱਖਾਂ ਦੀ ਮਾਨਸਿਕ ਬਣਤਰ ਏਨੀ ਕਮਜ਼ੋਰ ਹੋ ਗਈ, ਅਕਲ ਏਨੀ ਘੱਟ ਗਈ, ਸਟੇਜ ਤੇ ਬੈਠਾ ਕਥਾਕਾਰ ਗੁਰੂ ਸਾਹਬ ਦੀ ਵਡਿਆਈ ਕਰੇ, ਚਾਹੇ ਅਪਮਾਨ ਕਰੇ। ਸ੍ਰੋਤਿਆਂ ਨੂੰ ਕੋਈ ਪਤਾ ਨਹੀਂ ਲਗਦਾ। ਕਥਾਕਾਰ ਨੂੰ ਸਵਾਲ ਕੋਈ ਨਹੀਂ ਕਰਦਾ। ਜੇ ਸਵਾਲ ਕਰ ਲਵੇ ਤਾਂ ਕਥਾਕਾਰ ਜਵਾਬ ਨਹੀਂ ਦੇ ਸਕਦਾ।
ਆਪੋ ਅਪਣੀ ਸ਼ਰਧਾ ਨਿਭਾ ਕੇ ਘਰਾਂ ਨੂੰ ਚਲੇ ਜਾਂਦੇ ਹਨ। ਸੰਗਤ ਵਿਚ ਆ ਕੇ ਪ੍ਰਾਪਤੀ ਕੀ ਹੋਈ? ਕੁੱਝ ਪਤਾ ਨਹੀਂ। ਜਿਨ੍ਹਾਂ ਕਿਤਾਬਾਂ ਨੂੰ ਇਤਿਹਾਸ ਦਸਿਆ ਜਾ ਰਿਹਾ ਹੈ, ਕੀ ਉਹ ਗੁਰਬਾਣੀ ਦੀ ਕਸੌਟੀ ਤੇ ਖਰੀਆਂ ਉਤਰਦੀਆਂ ਹਨ? ਕੀ ਗੁਰਬਾਣੀ ਦੇ ਅਰਥ ਅੱਜ ਦੀ ਲੋੜ ਮੁਤਾਬਕ ਹੋ ਰਹੇ ਹਨ? ਕੋਈ ਪਤਾ ਨਹੀਂ ਹੈ। ਇੰਜ ਮਹਿਸੂਸ ਹੁੰਦਾ ਹੈ ਕਿ ਸਿੱਖ ਸਮਾਜ ਅਰਧ ਚੇਤਨ ਅਵਸਥਾ ਵਿਚ ਚਲਾ ਗਿਆ ਹੈ, ਜਾਂ ਇੰਜ ਕਹਿ ਦੇਈਏ ਕਿ ਅੱਧਾ ਦਿਮਾਗ਼ ਕੰਮ ਕਰਨੋਂ ਰੁਕ ਗਿਆ ਹੈ। ਸਿੱਖਾਂ ਵਿਚ ਦਾਖ਼ਲ ਕੀਤੇ ਲੋਟੂ ਸਾਧਾਂ ਸੰਤਾਂ ਨੇ ਗੁਰਬਾਣੀ ਪੜ੍ਹਨ ਸਮਝਣ ਤੋਂ ਹਟਾ ਕੇ ਮੰਤਰ ਜਾਪਾਂ ਦੇ ਰਾਹ ਤੋਰ ਦਿਤਾ ਹੈ। ਮਿਹਨਤੀ ਬਣਾਉਣ ਦੀ ਥਾਂ ਅੱਖਾਂ ਬੰਦ ਕਰ ਕੇ ਚੌਕੜੇ ਮਾਰ ਕੇ ਬਿਠਾ ਦਿਤਾ ਹੈ। ਖ਼ੁਦ ਜ਼ਿੰਮੇਵਾਰੀਆਂ ਸੰਭਾਲਣ ਦੀ ਥਾਂ ਸਾਰੇ ਕੰਮ ਵਾਹਿਗੁਰੂ ਤੋਂ ਕਰਵਾਉਣ ਲਈ ਅਰਦਾਸਾਂ ਕਰਨ ਲਗਾ ਦਿਤਾ। ਗਿਆਨਵਾਨ, ਵਿਦਵਾਨ ਬਣਾਉਣ ਦੀ ਥਾਂ ਭੇਡਾਂ ਵਾਂਗ ਪਿਛਲਗੂ ਬਣਾ ਦਿਤਾ। ਵੱਡੇ ਅਹੁਦਿਆਂ ਤੇ ਪਹੁੰਚ ਕੇ ਸਮਾਜ ਦੀ ਵਡੇਰੀ ਸੇਵਾ ਨਾ ਕਰਵਾ ਕੇ ਸਾਰੇ ਸਿੱਖ ਪੰਥ ਨੂੰ ਮਜ਼ਦੂਰ ਤੇ ਘਸਿਆਰੇ ਬਣਾ ਦਿਤਾ ਹੈ। ਬਹਾਦਰ ਤੇ ਪ੍ਰਉਪਕਾਰੀ ਨਾ ਹੋ ਕੇ ਸਿੱਖਾਂ ਨੂੰ ਮੰਗਤੇ ਤੇ ਗੋਲਕ ਚੋਰ ਬਣਾ ਧਰਿਆ ਹੈ। ਸੁਲਝੇ ਹੋਏ ਰਾਜਨੀਤੀਵਾਨ ਸਿੱਖ ਨਹੀਂ ਬਣ ਸਕੇ, ਦੂਜਿਆਂ ਦੇ ਗ਼ੁਲਾਮ ਤੇ ਕੌਮ ਘਾਤੀ ਰਾਜ ਨੇਤਾ ਪੈਦਾ ਹੋਣ ਲੱਗ ਪਏ। ਦੂਜਿਆਂ ਨੂੰ ਅਪਣੇ ਧਰਮ ਵਿਚ ਨਾ ਲਿਆ ਸਕੇ, ਸਗੋਂ ਸਿੱਖ ਖ਼ੁਦ ਹੀ ਦੂਜੇ ਧਰਮਾਂ ਫ਼ਿਰਕਿਆਂ (ਰਾਧਾਸਵਾਮੀ, ਨਿਰੰਕਾਰੀ, ਸੱਚੇ ਸੌਦੇ, ਕੂਕੇ, ਅਸ਼ੂਤੋਸ਼ੀਏ, ਟਕਸਾਲੀਏ, ਨਾਨਕ ਸਰੀਏ ਆਦਿ) ਵਿਚ ਚਲੇ ਗਏ। ਏਕਤਾ ਦੇ ਸੂਤਰ ਵਿਚ ਪਰੋਏ ਨਹੀਂ ਜਾ ਸਕੇ, ਤੀਲਾ-ਤੀਲਾ ਹੋ ਕੇ ਬਿਖਰ ਗਏ।
ਇਸ ਨਿਘਰੀ ਹੋਈ ਮਨੋਦਸ਼ਾ ਕਾਰਨ ਸਿੱਖਾਂ ਵਿਚ ਅਣਗਿਣਤ ਕਰਾਮਾਤੀ (ਝੂਠੀਆਂ) ਸਾਖੀਆਂ ਪ੍ਰਚੱਲਤ ਕਰ ਦਿਤੀਆਂ ਹਨ। ਅਜੇਹੀਆਂ ਕਰਾਮਾਤੀ ਅਤੇ ਝੂਠੀਆਂ ਸਾਖੀਆਂ ਨੂੰ ਮੂਰਖ ਲੋਕ ਹੀ ਸਿਰ ਸੁੱਟ ਕੇ ਸ਼ਰਧਾ ਨਾਲ ਸੁਣ ਸਕਦੇ ਹਨ। ਸਿੱਖ ਕੌਮ ਦਾ ਬੇੜਾ ਗ਼ਰਕ ਕਰਨ ਲਈ ਇਹ ਸਾਖੀਆਂ ਕਥਾਕਾਰ ਸੁਣਾ ਰਹੇ ਹਨ। ਆਉ ਇਨ੍ਹਾਂ ਬਣਾਉਟੀ ਸਾਖੀਆਂ ਤੇ ਤਰਦੀ ਜਹੀ ਨਜ਼ਰ ਮਾਰ ਲਈਏ।
1. ਜਦੋਂ ਬਾਬਾ ਨਾਨਕ ਜੀ ਦਾ ਜਨਮ ਹੋਇਆ ਤਾਂ ਸਾਰੇ ਦੇਵੀਆਂ-ਦੇਵਤੇ, ਜੋਗੀ, ਪੀਰ ਨਮਸਕਾਰ ਕਰਨ ਆਏ। ਕੋਈ ਦੱਸ ਸਕੇਗਾ ਕਿ ਸਾਰੇ ਜੋਗੀਆਂ ਦੇਵਤਿਆਂ ਨੂੰ ਖ਼ਬਰ ਕਿਵੇਂ ਮਿਲੀ? ਕੀ ਤਦੋਂ ਅਖ਼ਬਾਰ, ਟੀ.ਵੀ. ਜਾਂ ਇੰਟਰਨੈੱਟ ਹੈ ਸੀ? ਦੇਵੀਆਂ ਦੇਵਤਿਆਂ ਦੀ ਕੋਈ ਹੈਸੀਅਤ ਹੈ?
2. ਬਾਲਕ ਬਾਬਾ ਨਾਨਕ ਨੇ ਪਾਂਧੇ ਨੂੰ ਹੀ ਸਵਾਲ ਕਰਨੇ ਸ਼ੁਰੂ ਕਰ ਦਿਤੇ। ਵਿਦਿਆ ਨਹੀਂ ਪੜ੍ਹੀ। ਮੌਲਵੀ ਤੋਂ ਵੀ ਉਪਰਾਮ ਹੋ ਗਏ। ਫਿਰ ਸੰਸਕ੍ਰਿਤ, ਅਰਬੀ, ਫ਼ਾਰਸੀ, ਪੰਜਾਬੀ, ਹਿਸਾਬ-ਕਿਤਾਬ, ਰਾਜਨੀਤੀ ਸਾਰੇ ਧਰਮਾਂ ਦਾ ਗਿਆਨ ਕਿਵੇਂ ਹਾਸਲ ਕੀਤਾ?
3. ਸਾਖੀ ਮੁਤਾਬਕ ਗੁਰੂ ਨਾਨਕ ਨੇ ਦੌਲਤ ਖਾਨ ਨਾਲ ਨਮਾਜ਼ ਨਹੀਂ ਪੜ੍ਹੀ, ਉਹਨਾਂ ਦਾ ਮਨ ਕਿੱਥੇ ਘੁੰਮਦਾ ਸੀ ਇਹੀ ਸੋਚਦੇ ਰਹੇ। ਪਰ ਭਾਈ ਗੁਰਦਾਸ ਜੀ ਲਿਖਦੇ ਹਨ ਕਿ ਬਾਬੇ ਨੇ ਬਾਂਗ ਦਿੱਤੀ। ਨਮਾਜ਼ ਪੜ੍ਹੀ।
ਬਾਬਾ ਫਿਰਿ ਮਕੇ ਗਇਆ, ਨੀਲ ਬਸਤ੍ਰ ਧਾਰੇ ਬਨਵਾਰੀ£ ਆਸਾ ਹਥਿ ਕਿਤਾਬ ਕਛਿ, ਕੂਜਾ ਬਾਂਗ ਮੁਸਲਾ ਧਾਰੀ£ (ਭਾ:ਗੁ:ਵਾਰ-1-32)
ਫਿਰਿ ਬਾਬਾ ਗਇਆ ਬਗਦਾਦਿ ਨੇ, ਬਾਹਰਿ ਜਾਇ ਕੀਆ ਅਸਥਾਨਾ£ ਇਕੁ ਬਾਬਾ ਅਕਾਲ ਰੂਪੁ, ਦੂਜਾ ਰਬਾਬੀ ਮਰਦਾਨਾ£ ਦਿਤੀ ਬਾਂਗਿ ਨਿਵਾਜਿ ਕਰਿ, ਸੁਨਿ ਸਮਾਨਿ ਹੋਆ ਜਹਾਨਾ£ (ਭਾ.ਗੁ.ਵਾਰ-1-35)
ਕੋਈ ਇਨਸਾਨ ਮੁਸਲਮਾਨਾਂ ਦੇ ਰਾਜ ਵਿਚ ਨਮਾਜ਼ ਦਾ ਮਜ਼ਾਕ ਨਹੀਂ ਉਡਾ ਸਕਦਾ।
4. ਬਾਬਾ ਨਾਨਕ ਜੀ ਨੇ ਵੇਈ ਨਦੀ ਵਿਚ ਚੁੱਭੀ ਮਾਰ ਦਿੱਤੀ। ਤਿੰਨ ਦਿਨਾਂ ਤਕ ਬਾਹਰ ਨਹੀਂ ਨਿਕਲੇ। ਅਖੇ ਨਦੀ ਵਿਚੋਂ ਸਿਧੇ ਉਡਾਰੀ ਮਾਰ ਕੇ ਕਿਧਰੇ ਉਪਰ ਬੈਠੇ ਧਰਮ ਰਾਜ ਅੱਗੇ ਜਾ ਮੱਥਾ ਟੇਕਿਆ। ਵਾਹ ਜੀ ਵਾਹ, ਉਪਰ ਜਾਣ ਵਾਸਤੇ ਕੀ ਨਦੀ ਵਿਚ ਗੋਤਾ ਲਗਾਉਣਾ ਜ਼ਰੂਰੀ ਸੀ? ਚੁੱਭੀ ਲਾਉਣ ਤੋਂ ਬਿਨਾਂ ਹੀ ਅਪਣੇ ਸੰਗੀ ਸਾਥੀਆਂ ਨੂੰ ਦੱਸ ਦਿੰਦੇ ਕਿ ਭਾਈ ਮੈਂ ਧਰਮਰਾਜ ਨੂੰ ਮਿਲਣ ਚਲਿਆ ਹਾਂ, ਛੇਤੀ ਆਵਾਂਗਾ, ਫਿਕਰ ਨਹੀਂ ਕਰਨਾ। ਫਿਰ ਧਰਮ ਰਾਜ ਉਪਰ ਕਿਥੇ ਮਹਿਲ ਉਸਾਰ ਕੇ ਬੈਠਾ ਹੈ? ਬਾਬਾ ਨਾਨਕ ਜੀ ਦੇ ਕਪੜੇ ਤਾਂ ਨਦੀ ਦੇ ਕਿਨਾਰੇ ਤੇ ਪਏ ਸਨ, ਸੇਵਕ ਰਾਖੀ ਬੈਠਾ ਸੀ। ਫਿਰ ਬਾਬਾ ਨਾਨਕ ਜੀ ਉਪਰ ਕਿਹੜਾ ਸੂਟ ਪਾ ਕੇ ਗਏ ਸਨ? ਜਾਂ ਫਿਰ ਨੰਗ ਮੁਨੰਗੇ ਹੀ ਚਲੇ ਗਏ? ਕੀ ਬਿਨਾਂ ਜਹਾਜ਼ ਤੋਂ ਕੋਈ ਇਨਸਾਨ ਉਡਾਰੀ ਮਾਰ ਕੇ ਉਪਰ ਜਾ ਸਕਦਾ ਹੈ? ਜੇ ਇਹ ਸੱਚ ਹੈ ਤਾਂ ਬਾਬਾ ਨਾਨਕ ਜੀ ਨੇ ਸਿੱਖਾਂ ਨੂੰ ਇਹ ਤਰੀਕਾ ਕਿਉਂ ਨਹੀਂ ਦਸਿਆ?
5. ਅਗਰ ਬਾਬਾ ਨਾਨਕ ਜੀ ਉਡਾਰੀ ਮਾਰ ਕੇ ਧਰਮ ਰਾਜ ਕੋਲ ਜਾ ਸਕਦੇ ਸਨ ਤਾਂ ਉਹ ਹਿੰਦੂ ਤੀਰਥਾਂ ਤੇ, ਜੋਗੀਆਂ ਦੇ ਮੱਠਾਂ ਵਿਚ, ਹਿਮਾਲਿਆ ਪਰਬਤ ਤੇ, ਮੱਕੇ ਮਦੀਨੇ ਤੇ ਲੰਕਾ ਵਗੈਰਾ ਵਿਚ ਉੱਡ ਕੇ ਕਿਉਂ ਨਹੀਂ ਗਏ? ਏਨੇ ਸਾਲ ਪ੍ਰਵਾਰ ਤੋਂ ਦੂਰ ਰਹਿਣ ਦੀ ਕੀ ਲੋੜ ਸੀ?
6. ਜਦੋਂ ਬਾਬਰ ਨੇ ਭਾਰਤ ਉਤੇ ਹਮਲਾ ਕੀਤਾ ਸੀ ਤਦੋਂ ਬਾਬਾ ਨਾਨਕ ਸਾਹਿਬ ਨੇ ਲੋਕ ਭਲਾਈ ਵਾਸਤੇ ਅਪਣੀ ਕਰਾਮਾਤੀ ਸ਼ਕਤੀ ਨਾਲ ਬਾਬਰ ਨੂੰ ਕਰਾਰਾ ਸਬਕ ਨਾ ਸਿਖਾਇਆ। ਅਪਣੀਆਂ ਅੱਖਾਂ ਨਾਲ ਬੇਦੋਸ਼ਿਆਂ ਨੂੰ ਕਤਲ ਹੁੰਦੇ ਵੇਖਦੇ ਰਹੇ। ਇੱਜ਼ਤਾਂ ਘੱਟੇ ਰੁਲਦੀਆਂ, ਘਰ ਲੁਟੀਦੇ ਵੇਖ ਕੇ ਵੀ, ਕੋਈ ਕਰਾਮਾਤ ਨਾ ਵਰਤਾਈ, ਕਿਉਂ?
7. ਬਾਬਾ ਨਾਨਕ ਸਾਹਿਬ ਜੋਤੀ ਜੋਤ ਸਮਾ ਗਏ। ਸ੍ਰੀਰ ਉਪਰ ਕਿਧਰੇ ਉਡਾਰੀ ਮਾਰ ਗਿਆ। ਕੱਫਣ ਵਾਲੀ ਚਾਦਰ ਅੱਧੀ ਮੁਸਲਮਾਨ ਲੈ ਗਏ, ਅੱਧੀ ਹਿੰਦੂ ਲੈ ਗਏ। ਦੋਵਾਂ ਧਿਰਾਂ ਨੇ ਆਪੋ ਅਪਣੀ ਮਨੌਤ ਅਨੁਸਾਰ ਅੰਤਮ ਕਿਰਿਆ ਕਰ ਦਿਤੀ। ਸਿਖਾਂ ਨੇ ਕੀ ਕੀਤਾ? ਕੀ ਸ੍ਰੀਰ ਉਡਾਰੀ ਮਾਰ ਸਕਦਾ ਹੈ? ਅੱਜ ਤਕ ਇਸ ਨੂੰ ਸੱਚ ਆਖਿਆ ਜਾ ਰਿਹਾ ਹੈ?
8. ਬਾਬਾ ਨਾਨਕ ਸਾਹਿਬ ਨੇ ਗੁਰਗੱਦੀ ਵੱਡੇ ਪੁੱਤਰ ਸ੍ਰੀ ਚੰਦ ਨੂੰ ਨਹੀਂ ਦਿਤੀ, ਗੁਰੂ ਅੰਗਦ ਜੀ ਨੂੰ ਜ਼ਿੰਮੇਵਾਰੀ ਸੌਂਪ ਦਿੱਤੀ। ਬਾਬਾ ਨਾਨਕ ਜੀ ਨੇ (ਸਾਖੀ ਮੁਤਾਬਕ) ਭਾਈ ਲਹਿਣਾ ਜੀ ਦੇ ਚਰਨਾਂ ਤੇ ਮੱਥਾ ਟੇਕ ਦਿਤਾ। ਕੋਲ ਖੜੇ ਸ੍ਰੀਚੰਦ ਨੇ ਗੁੱਸੇ ਵਿਚ ਆ ਕੇ ਕਹਿ ਦਿਤਾ, ''ਇਸ ਕੋਹੜੀ ਮਨੁੱਖ ਨੂੰ ਗੱਦੀ ਕਿਉਂ ਦਿਤੀ?'' ਇਸ ਸਰਾਪ ਕਾਰਨ ਸਾਰੀ ਉਮਰ ਗੁਰੂ ਅੰਗਦ ਸਾਹਿਬ ਨੂੰ ਕੋਹੜ ਦੇ ਰੋਗ ਦਾ ਕਸ਼ਟ ਝਲਣਾ ਪਿਆ। ਇਹ ਕੋਹੜ ਕਿਸੇ ਕਰਾਮਾਤੀ ਸ਼ਕਤੀ ਨਾਲ ਠੀਕ ਨਾ ਹੋਇਆ। ਨਾ ਬਾਣੀ ਪੜ੍ਹ ਕੇ ਠੀਕ ਹੋਇਆ। ਬਾਣੀ ਉਚਾਰਨ ਵਾਲੇ ਗੁਰੂ ਵੀ ਸ਼ਰਾਪ ਅੱਗੇ ਬੇਵਸ ਹੋ ਗਏ? ਗੁਰੂ ਅੰਗਦ ਸਾਹਿਬ ਕਮਜ਼ੋਰ ਤੇ ਦੁਖਿਆਰੇ, ਸ੍ਰੀ ਚੰਦ ਵੱਡੀਆਂ ਸ਼ਕਤੀਆਂ ਦਾ ਮਾਲਕ?
9. ਗੁਰੂ ਅੰਗਦ ਸਾਹਿਬ ਕੋਹੜ ਦੀ ਪੀੜ ਕਾਰਨ ਰਾਤ ਨੂੰ ਸੌਂ ਨਾ ਸਕਦੇ। ਪੈਰ ਵਿਚ ਪੱਸ ਪੈ ਗਈ ਸੀ। ਬਾਬਾ ਅਮਰਦਾਸ ਜੀ ਉਸ ਪੈਰ ਦੀ ਪੱਸ ਨੂੰ (ਸਾਖੀ ਮੁਤਾਬਕ) ਮੂੰਹ ਨਾਲ ਬਾਹਰ ਕਢਦੇ ਤਾਂ ਆਰਾਮ ਆ ਜਾਂਦਾ। ਇਹ ਰੋਗ ਵੀ ਬਾਣੀ ਦੇ ਮੰਤਰ ਜਾਪਾਂ ਨਾਲ ਠੀਕ ਨਹੀਂ ਹੋਇਆ, ਕੋਈ ਕਰਾਮਾਤ ਨਹੀਂ ਵਰਤੀ।
10. ਸੇਵਾ ਕਰਦਿਆਂ ਬਾਬਾ ਅਮਰਦਾਸ ਜੀ ਨੂੰ ਹਰ ਸਾਲ ਇਕ ਸਿਰੋਪਾਉ (ਦਸਤਾਰ) ਮਿਲਦਾ ਸੀ। ਉਹ ਪਹਿਲਾਂ ਵਾਲੀ ਦਸਤਾਰ ਦੇ ਉਪਰ ਹੀ ਨਵਾਂ ਸਿਰਪਾਉ ਬੰਨ੍ਹ ਲੈਂਦੇ ਸਨ। ਸਿਰ ਦੀ ਸਫ਼ਾਈ ਨਾ ਹੋਣ ਕਰ ਕੇ ਬਾਬਾ ਅਮਰਦਾਸ ਦੇ ਸਿਰ ਵਿਚ ਕਿਰਮ (ਜੂੰਆਂ) ਪੈ ਗਏ। ਕਿਰਮ ਏਨੇ ਜ਼ਿਆਦਾ ਹੋ ਗਏ ਕਿ ਸਿਰ ਵਿਚੋਂ ਨਿਕਲ ਕੇ ਧਰਤੀ ਤੇ ਡਿੱਗ ਪੈਂਦੇ। ਬਾਬਾ ਅਮਰਦਾਸ ਬਾਹਰ ਡਿੱਗੇ ਕਿਰਮ ਨੂੰ ਚੁੱਕ ਕੇ ਫਿਰ ਅਪਣੇ ਸਿਰ ਦੇ ਵਾਲਾਂ ਵਿਚ ਰੱਖ ਲੈਂਦੇ। ਕੀ ਏਨੇ ਸਤਿਕਾਰਯੋਗ ਮਹਾਂਪੁਰਖ ਦਾ ਜੀਵਨ ਅਜਿਹਾ ਹੋ ਸਕਦਾ ਹੈ ਕਿ ਜੂੰਆਂ ਮਾਰਨ ਵਾਸਤੇ ਵੀ ਕੋਈ ਕਰਾਮਾਤ ਕੰਮ ਨਾ ਆਈ?
11. ਗੋਬਿੰਦਵਾਲ ਵਿਖੇ ਗੁਰੂ ਅਮਰਦਾਸ ਜੀ ਸੰਗਤਾਂ ਨੂੰ ਉਪਦੇਸ਼ ਕਰ ਰਹੇ ਸਨ। ਗੁਰਗੱਦੀ ਨਾ ਮਿਲਣ ਤੋਂ ਨਾਰਾਜ਼ ਗੁਰੂ ਅੰਗਦ ਸਾਹਿਬ ਦੇ ਪੁੱਤਰ ਦਾਤੂ ਨੇ ਗੁਰੂ ਅਮਰਦਾਸ ਜੀ ਨੂੰ ਸਾਰੀ ਸੰਗਤ ਦੇ ਸਾਹਮਣੇ ਛਾਤੀ ਵਿਚ ਲੱਤ ਮਾਰ ਦਿਤੀ। ਗੁਰੂ ਅਮਰਦਾਸ ਨੇ ਦਾਤੂ ਦੇ ਪੈਰ ਘੁੱਟਣੇ ਸ਼ੁਰੂ ਕਰ ਦਿਤੇ। ਫਿਰ ਗੁਰੂ ਅਮਰਦਾਸ ਬਾਸਰਕੇ ਪਿੰਡ ਵਿਚ ਜਾ ਕੇ ਅੰਦਰ ਵੜ ਕੇ ਦਰਵਾਜ਼ੇ ਬੰਦ ਕਰ ਕੇ ਬੈਠ ਗਏ। ਲਿਖ ਕੇ ਦਰਵਾਜ਼ੇ ਤੇ ਲਗਾ ਦਿਤਾ ਕਿ ਜਿਹੜਾ ਬੰਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਆਵੇਗਾ, ਉਹ ਮੇਰਾ ਸਿੱਖ ਨਹੀਂ ਹੋਵੇਗਾ। ਇਹ ਤਾਂ ਭਾਈ ਬੁੱਢਾ ਜੀ ਸਿਆਣੇ ਨਿਕਲੇ ਉਸ ਨੇ ਕੰਧ ਵਿਚ ਪਾੜ ਲਗਾ ਕੇ ਗੁਰੂ ਅਮਰਦਾਸ ਜੀ ਨੂੰ ਬਾਹਰ ਕੱਢ ਲਿਆਂਦਾ। ਭੈਣੋਂ ਤੇ ਭਰਾਵੋ ਸੋਚੋ! ਸਾਰੇ ਸਿੱਖ ਏਨੇ ਮੂਰਖ ਸਨ ਕਿ ਦਾਤੂ ਨੇ ਗੁਰੂ ਸਾਹਿਬ ਦੀ ਛਾਤੀ ਵਿਚ ਲੱਤ ਮਾਰ ਦਿਤੀ, ਕੋਈ ਸਿੱਖ ਕੁਸਕਿਆ ਤਕ ਨਾ? ਫਿਰ ਗੁਰੂ ਜੀ ਇਕ ਘਰ ਵਿਚ ਦਰਵਾਜ਼ੇ ਬੰਦ ਕਰ ਕੇ ਲੁੱਕ ਕੇ ਬੈਠ ਗਏ, ਰਾਹ ਵਿਚ ਜਾਂ ਸੰਗਤ ਵਿਚ ਰੋਕਣ ਵਾਲਾ ਕੋਈ ਸਿੱਖ ਨਾ ਨਿਤਰਿਆ? ਫਿਰ ਗੁਰਬਾਣੀ ਵਿਚ, ਨਾਮ ਸਿਮਰਨ ਵਿਚ ਅਲੌਕਿਕ ਸ਼ਕਤੀਆਂ ਦਾ ਢੰਡੋਰਾ ਪਿਟਿਆ ਜਾਂਦਾ ਹੈ। ਇਸ ਮੁਸ਼ਕਲ ਘੜੀ ਵਿਚ ਗੁਰੂ ਜੀ ਨੇ ਉਸ ਸ਼ਕਤੀ ਦੀ ਵਰਤੋਂ ਕਿਉਂ ਨਾ ਕੀਤੀ? ਗੁਰੂ ਸਾਹਿਬ ਦਾ ਏਨਾ ਅਪਮਾਨ ਹੋ ਰਿਹਾ ਸੀ ਪਰ ਕਰਾਮਾਤ ਕੋਈ ਨਾ ਪ੍ਰਗਟ ਹੋਈ, ਕਿਉਂ?
(ਬਾਕੀ ਅਗਲੇ ਹਫ਼ਤੇ)
ਪ੍ਰੋ. ਇੰਦਰ ਸਿੰਘ ਘੱਗਾ,ਸੰਪਰਕ : 98551-51699