ਆਖਰ ਕਿੰਨਾ ਕੁ ਮਾੜਾ ਸੀ ਰਾਵਣ?
ਰਾਵਣ ਘੁਮੰਡੀ ਸੀ ਤੇ ਅੜੀਅਲ ਸੀ।
ਨਵੀਂ ਦਿੱਲੀ: ਰਾਵਣ ਲੰਕਾ ਦੇਸ਼ ਦਾ ਰਾਜਾ ਸੀ। ਇਤਿਹਾਸਕ ਤੱਥਾਂ ਮੁਤਾਬਕ ਰਾਵਣ ਦਾ ਜਨਮ 5224 ਬੀ.ਸੀ. ਦੇ ਲਾਗੇ ਹੋਇਆ ਸੀ ਅਤੇ 4 ਦਸੰਬਰ 5076 ਬੀ.ਸੀ. ਨੂੰ ਉਸ ਦੀ ਮੌਤ ਹੋ ਗਈ। ਮਹਿਜ਼ 42 ਸਾਲ ਦਾ ਜੀਵਨ ਬਸਰ ਕਰ ਕੇ ਉਹ ਇਸ ਸੰਸਾਰ ਤੋਂ ਚਲਾ ਗਿਆ। ਇਤਿਹਾਸ ਮੁਤਾਬਕ ਰਾਵਣ ਦਾ ਪਿਤਾ ਵਿਸਰਾਵਾ ਬਹੁਤ ਹੀ ਗੁਣੀ ਗਿਆਨੀ ਵਿਅਕਤੀ ਸੀ। ਰਾਵਣ ਦੀ ਮਾਤਾ ਦਾ ਨਾਂ ਕੈਕੇਸੀ ਸੀ। ਇਤਿਹਾਸ ਫਰੋਲਣ ਤੋਂ ਪਤਾ ਚਲਦਾ ਹੈ ਕਿ ਰਾਵਣ ਆਪ ਵੀ ਬਹੁਤ ਗੁਣੀ ਗਿਆਨੀ ਅਤੇ ਵਿਦਵਾਨ ਵਿਅਕਤੀ ਸੀ। ਉਸ ਨੂੰ ਚਾਰ ਵੇਦ ਅਤੇ ਛੇ ਸਾਸਤਰ ਜ਼ੁਬਾਨੀ ਕੰਠ ਸਨ। ਭਾਵੇਂ ਉਹ ਲੰਕਾ ਦਾ ਰਾਜਾ ਸੀ ਪਰ ਉਹ ਬਹੁਤ ਦਿਆਲੂ ਅਤੇ ਪ੍ਰਭਾਵਸ਼ਾਲੀ ਸ਼ਾਸਕ ਸੀ। ਉਸ ਦੇ ਰਾਜ ਵਿਚ ਲੰਕਾ ਇਕ ਅਤਿ ਵਿਕਸਤ ਦੇਸ ਸੀ। ਉਸ ਦੀ ਪਰਜਾ ਬਹੁਤ ਖ਼ੁਸ਼ ਸੀ। ਗ਼ਰੀਬ ਤੋਂ ਗ਼ਰੀਬ ਦੇ ਘਰ ਦੇ ਬਰਤਨ ਵੀ ਸੋਨੇ ਦੇ ਸਨ। ਇਹ ਵੀ ਸਾਹਮਣੇ ਆਇਆ ਹੈ ਕਿ ਉਹ ਬਹੁਤ ਹੀ ਬਲੀ ਅਤੇ ਯੋਧਾ ਪੁਰਸ਼ ਸੀ। ਇਤਿਹਾਸ ਮੁਤਾਬਕ ਰਾਵਣ ਦੇ ਦਸ ਸਿਰ ਅਤੇ ਵੀਹ ਹੱਥ ਸਨ। ਜਦੋਂ ਉਸ ਦਾ ਕੋਈ ਸਿਰ ਕਲਮ ਹੋ ਜਾਂਦਾ ਸੀ ਤਾਂ ਨਾਲ ਦੀ ਨਾਲ ਹੋਰ ਸਿਰ ਪੈਦਾ ਹੋ ਜਾਂਦਾ ਸੀ। ਇਹ ਵੀ ਪੜ੍ਹਨ ਨੂੰ ਮਿਲਿਆ ਹੈ ਕਿ ਰਾਵਣ ਦਾ ਸਿਰ ਤਾਂ ਇਕ ਹੀ ਸੀ ਪਰ ਉਹ ਦੁਸ਼ਮਣ ਜਾਂ ਵਿਰੋਧੀ ਨੂੰ ਭੁਲੇਖਾ ਪਾਉਣ ਲਈ ਕਈ ਸਿਰ ਪੈਦਾ ਕਰ ਲੈਂਦਾ ਸੀ। ਭਾਵੇਂ ਰਾਵਣ ਦੀ ਕਹਾਣੀ ਮਨੋਨੀਤ ਅਤੇ ਕਲਪਤ ਜਾਪਦੀ ਹੈ ਪਰ ਇਤਿਹਾਸ ਅਤੇ ਮਿਥਿਹਾਸ ਨੂੰ ਘੋਖਣ ਤੋਂ ਇਕ ਗੱਲ ਜ਼ਰੂਰ ਸਾਹਮਣੇ ਆਉਂਦੀ ਹੈ ਕਿ ਰਾਵਣ ਇਕ ਮਹਾਨ ਯੋਧਾ ਸੀ।
ਇਤਿਹਾਸ ਮੁਤਾਬਕ ਰਾਵਣ ਇਕ ਰਾਕਸ਼ਸ ਰਾਜਾ ਸੀ। ਉਹ ਦਰਾਵੜ ਵੰਸ਼ ਨਾਲ ਸਬੰਧਤ ਸੀ। ਰਾਵਣ ਦਾ ਜਨਮ ਉੱਤਰ ਪ੍ਰਦੇਸ਼ ਦੇ ਗੁਰੂਗ੍ਰਾਮ ਸ਼ਹਿਰ ਦੇ ਨੇੜੇ ਵਿਸਰਾਖ ਨਾਂ ਦੇ ਪਿੰਡ ਵਿਚ ਹੋਇਆ ਮੰਨਿਆ ਜਾਂਦਾ ਹੈ। ਇਹ ਕਿਹਾ ਜਾਂਦਾ ਹੈ ਕਿ ਪਿੰਡ ਦਾ ਨਾਂ ਰਾਵਣ ਦੇ ਪਿਤਾ ਵਿਸਰਾਵੇ ਦੇ ਨਾਂ ’ਤੇ ਚਲਦਾ ਹੈ। ਇਸ ਪਿੰਡ ਵਿਚ ਰਾਵਣ ਦੇ ਨਾਂ ’ਤੇ ਇਕ ਮੰਦਰ ਵੀ ਬਣਿਆ ਹੋਇਆ ਹੈ ਅਤੇ ਸਾਰਾ ਪਿੰਡ ਉਸ ਦੀ ਪੂਜਾ ਕਰਦਾ ਹੈ। ਇਸ ਮੰਦਰ ਤੋਂ ਬਿਨਾਂ ਪਿੰਡ ਵਿਚ ਹੋਰ ਕੋਈ ਮੰਦਰ ਨਹੀਂ। ਉਸ ਪਿੰਡ ਵਿਚ ਰਾਮਲੀਲਾ ਜਾਂ ਦੁਸਹਿਰਾ ਵੀ ਨਹੀਂ ਮਨਾਇਆ ਜਾਂਦਾ। ਇਕ ਹੋਰ ਮਿਥ ਮੁਤਾਬਕ ਰਾਵਣ ਦਾ ਜਨਮ ਤਾਮਿਲਨਾਡੂ ਵਿਚ ਹੋਇਆ ਮੰਨਿਆ ਜਾਂਦਾ ਹੈ। ਰਾਵਣ ਤਾਮਿਲ ਭਾਸ਼ਾ ਹੀ ਬੋਲਦਾ ਸੀ, ਉਸ ਨੂੰ ਆਰੀਅਨ ਭਗਵਾਨ ਸ੍ਰੀ ਰਾਮ ਨੇ ਮਾਰ ਦਿਤਾ ਸੀ। ਤਾਮਿਲ ਦੇ ਲੋਕ ਰਾਵਣ ਦੇ ਪੁਤਲੇ ਸਾੜਨ ਦਾ ਵਿਰੋਧ ਵੀ ਕਰਦੇ ਹਨ। ਉਹ ਅਪਣੇ ਆਪ ਨੂੰ ਦ੍ਰਾਵਿੜ ਕਹਾਉਂਦੇ ਹਨ। ਰਾਵਣ ਦਾ ਦਾਦਾ ਪੁਲਾਸਤਆ ਇਕ ਪਹੁੰਚਿਆ ਹੋਇਆ ਸੰਤ ਸੀ। ਰਾਵਣ ਦਾ ਪਿਤਾ ਵਿਸਰਾਵਾ ਬ੍ਰਹਮਾ ਦਾ ਪੱਕਾ ਭਗਤ ਸੀ। ਉਸ ਦੀ ਤਪਸਿਆ ਤੋਂ ਖ਼ੁਸ਼ ਹੋ ਕੇ ਭਗਵਾਨ ਬ੍ਰਹਮਾ ਨੇ ਉਸ ਨੂੰ ਸੋਨੇ ਦੀ ਲੰਕਾ ਦਾ ਵਰਦਾਨ ਦਿਤਾ ਸੀ। ਇਹ ਵੀ ਸਾਹਮਣੇ ਆਇਆ ਹੈ ਕਿ ਰਾਵਣ ਦਾ ਮਹਿਲ ਸੋਨੇ ਦਾ ਸੀ। ਇਤਿਹਾਸ ਮੁਤਾਬਕ ਰਾਵਣ ਇਕ ਰਾਕਸ਼ਸ ਸੀ ਅਤੇ ਉਸ ਨੇ ਮੰਦੋਦਰੀ ਨਾਲ ਵਿਆਹ ਕਰਾਇਆ ਸੀ। ਇਤਿਹਾਸ ਮੁਤਾਬਕ ਰਾਵਣ ਛੇ ਭਰਾਵਾਂ ਅਤੇ ਦੋ ਭੈਣਾਂ ਵਿਚੋਂ ਸੱਭ ਤੋਂ ਵੱਡਾ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਉਹ ਪਿਤਾ ਪੱਖ ਤੋਂ ਬ੍ਰਾਹਮਣ ਅਤੇ ਮਾਤਾ ਪੱਖ ਤੋਂ ਰਾਕਸ਼ਸ ਸੀ। ਉਸ ਦਾ ਅੰਤ ਲੰਕਾ ਵਿਚ ਹੀ ਹੋਇਆ ਸੀ। ਮਰਨ ਉਪਰੰਤ ਉਸ ਦੀਆਂ ਅੰਤ ਰਸਮਾਂ ਵੀ ਬ੍ਰ੍ਰਾਹਮਣ ਰੀਤੀ ਮੁਤਾਬਕ ਹੀ ਕੀਤੀਆਂ ਗਈਆਂ।
ਇਤਿਹਾਸ ਮੁਤਾਬਕ ਰਾਵਣ ਦੇ ਤਿੰਨ ਪੁੱਤਰ ਇੰਦਰਜੀਤ, ਅਤੀਕਾਆ ਅਤੇ ਅਕਸਾ ਕੁਮਾਰ ਦਸੇ ਜਾਂਦੇ ਹਨ ਅਤੇ ਉਸ ਦੀ ਇਕ ਧੀ ਸੀ ਜਿਸ ਦਾ ਨਾਂ ਵਾਸੂਡੇਵਾ ਹਿੰਦੀ ਸੀ। ਉਸ ਨੂੰ ਸੀਤਾ ਵੀ ਕਿਹਾ ਜਾਂਦਾ ਸੀ। ਰਾਵਣ ਦੇ ਪੁੱਤਰ ਅਕਸਾ ਦੇ ਵੀ ਤਿੰਨ ਸਿਰ ਦਸੇ ਜਾਂਦੇ ਹਨ। ਉਸ ਦਾ ਪੁੱਤਰ ਇੰਦਰਜੀਤ ਜਿਸ ਨੂੰ ਮੇਘਨਾਥ ਵੀ ਕਿਹਾ ਜਾਂਦਾ ਹੈ, ਉਹ ਅਪਣੇ ਆਪ ਨੂੰ ਅਲੋਪ ਕਰਨ ਦੀ ਸਮਰੱਥਾ ਰਖਦਾ ਸੀ। ਇਤਿਹਾਸ ਮੁਤਾਬਕ ਰਾਵਣ ਇਕ ਰਾਕਸ਼ਸ ਸੀ ਜੋ ਬਾਕੀ ਰਾਕਸ਼ਸਾਂ ਦਾ ਸ਼ਾਸਕ ਸੀ। ਰਾਵਣ ਦੇ ਦਸ ਸਿਰ ਹੋਣ ਕਰ ਕੇ ਉਸ ਨੂੰ ਦਸ ਕੰਥਾ ਵੀ ਕਿਹਾ ਜਾਂਦਾ ਸੀ। ਦਸ ਸਿਰ ਅਤੇ ਵੀਹ ਹੱਥ ਹੋਣ ਕਰ ਕੇ ਉਸ ਦੀ ਦਿਖ ਬਹੁਤ ਹੀ ਡਰਾਵਣੀ ਸੀ। ਉਸ ਨੇ ਦੇਵਤਿਆਂ ਨਾਲ ਲੜਾਈਆਂ ਲੜੀਆਂ ਸੀ ਜਿਸ ਕਰ ਕੇ ਉਸ ਦਾ ਸਰੀਰ ਦਾਗਾਂ ਨਾਲ ਭਰਿਆ ਪਿਆ ਸੀ। ਬ੍ਰਹਮਾ ਪ੍ਰਤੀ ਉਸ ਦੀ ਸੱਚੀ ਲਗਨ ਹੋਣ ਕਰ ਕੇ ਉਹ ਅਜਿਤ ਬਣ ਗਿਆ ਸੀ ਅਤੇ ਉਹ ਕੋਈ ਵੀ ਰੂਪ ਧਾਰਨ ਕਰ ਸਕਦਾ ਸੀ। ਉਹ ਐਨਾ ਸ਼ਕਤੀਸ਼ਾਲੀ ਦਸਿਆ ਜਾਂਦਾ ਹੈ ਕਿ ਉਹ ਭੂਚਾਲ ਅਤੇ ਝੱਖੜ ਝੋਲੇ ਪੈਦਾ ਕਰਨ ਦੀ ਵੀ ਸਮਰਥਾ ਰਖਦਾ ਸੀ। ਇਹ ਵੀ ਪੜ੍ਹਨ ਵਿਚ ਆਇਆ ਹੈ ਕਿ ਇਹ ਭਵਿੱਖਬਾਣੀ ਵੀ ਹੋ ਚੁਕੀ ਸੀ ਕਿ ਉਸ ਦਾ ਅੰਤ ਇਕ ਔਰਤ ਦੀ ਵਜ੍ਹਾ ਕਰ ਕੇ ਹੋਵੇਗਾ। ਇਸ ਕਰ ਕੇ ਉਹ ਇਸ ਮਾਮਲੇ ਵਿਚ ਬਹੁਤ ਚੁਕੰਨਾ ਰਹਿੰਦਾ ਸੀ। ਇਹ ਵੀ ਪੜ੍ਹਨ ਵਿਚ ਆਇਆ ਹੈ ਕਿ ਰਾਵਣ ਦਾ ਅੰਤ ਸਿਰਫ ਉਸ ਦੀ ਨਾਭੀ ਤੋਂ ਹੀ ਹੋ ਸਕਦਾ ਹੈ ਅਤੇ ਇਸ ਬਾਰੇ ਸਿਰਫ਼ ਉਸ ਦੇ ਪਰਵਾਰ ਨੂੰ ਹੀ ਪਤਾ ਸੀ।
ਰਾਮ ਵਲੋਂ ਵੀ ਰਾਵਣ ਦਾ ਅੰਤ ਸਿਰਫ਼ ਉਸ ਸਮੇਂ ਹੀ ਸੰਭਵ ਹੋ ਸਕਿਆ ਸੀ ਜਦੋਂ ਰਾਮ ਦਾ ਦੇਵ ਸ਼ਕਤੀ ਤੀਰ ਰਾਵਣ ਦੇ ਹਿਰਦੇ ਨੂੰ ਚੀਰਦਾ ਹੋਇਆ ਉਸ ਦੀ ਨਾਭੀ ਨੂੰ ਚੀਰ ਗਿਆ। ਰਾਮ ਨੂੰ ਅਜਿਹੀ ਸੂਹ ਰਾਵਣ ਦੇ ਭਰਾ ਭਵੀਸ਼ਣ ਨੇ ਦਿਤੀ ਸੀ, ਵਰਨਾ ਰਾਮ ਲਈ ਰਾਵਣ ’ਤੇ ਜਿੱਤ ਪਾਉਣੀ ਅਸਾਨ ਨਹੀਂ ਸੀ। ਇਹ ਭਵੀਸ਼ਣ ਦੀ ਗ਼ਦਾਰੀ ਸਦਕਾ ਹੀ ਹੋ ਸਕਿਆ, ਇਸ ਕਰ ਕੇ ਹੀ ਭਵੀਸ਼ਣ ਦਾ ਨਾਂ ਦੁਨੀਆਂ ਦੇ ਵੱਡੇ ਗ਼ਦਾਰਾਂ ਵਿਚ ਲਿਆ ਜਾਂਦਾ ਹੈ। ਇਹ ਵੀ ਪੜ੍ਹਨ ਵਿਚ ਆਇਆ ਹੈ ਕਿ ਰਾਵਣ ਦੇ ਮਰਨ ਤੋਂ ਬਾਅਦ ਲੰਕਾ ਦਾ ਰਾਜ-ਭਾਗ ਭਵੀਸ਼ਣ ਨੂੰ ਸੰਭਾਲ ਦਿਤਾ ਗਿਆ ਸੀ ਅਤੇ ਰਾਵਣ ਦੀ ਪਤਨੀ ਮੰਦੋਦਰੀ ਨੇ ਉਸ ਦੇ ਭਰਾ ਭਵੀਸ਼ਣ ਨਾਲ ਸ਼ਾਦੀ ਕਰਾ ਲਈ ਸੀ। ਇਹ ਵੀ ਪੜ੍ਹਨ ਵਿਚ ਆਇਆ ਹੈ ਕਿ ਰਾਵਣ ਦੇ ਅੰਤ ਸਮੇਂ ਰਾਮ ਨੇ ਅਪਣੇ ਭਰਾ ਲਛਮਣ ਨੂੰ ਉਸ ਤੋਂ ਸਿਆਸਤ ਅਤੇ ਇਕ ਕੁਸ਼ਲ ਸ਼ਾਸਕ ਦੇ ਫ਼ਰਜ਼ ਜਾਣਨ ਲਈ ਉਸ ਪਾਸ ਭੇਜਿਆ ਅਤੇ ਰਾਵਣ ਨੇ ਉਸ ਨੂੰ ਉਪਦੇਸ਼ ਦਿਤਾ ਕਿ ‘‘ਜ਼ਿੰਦਗੀ ਵਿਚ ਜੋ ਕੁੱਝ ਵੀ ਕਰਨਾ ਉਹ ਅਪਣੇ ਬਲ ’ਤੇ ਕਰੋ’’। ਇਸ ਦਾ ਮਤਲਬ ਇਹ ਹੋਇਆ ਕਿ ਰਾਵਣ ਬਹੁਤ ਹੀ ਮਹਾਨ ਹਸਤੀ ਸੀ ਜਿਸ ਨੇ ਅਪਣੇ ਵਿਰੋਧੀ ਨੂੰ ਵੀ ਸਿਖਿਆ ਦੇਣ ਤੋਂ ਗੁਰੇਜ਼ ਨਹੀਂ ਕੀਤਾ।
ਬਿਨਾਂ ਸ਼ੱਕ ਰਾਵਣ ਇਕ ਮਹਾਨ ਯੋਧਾ ਸੀ। ਉਹ ਮਹਾਨ ਵਿਦਵਾਨ ਵੀ ਸੀ। ਉਸ ਦੇ ਦਸ ਸਿਰਾਂ ਦਾ ਮਤਲਬ ਸੀ ਕਿ ਉਸ ਨੂੰ ਚਾਰ ਵੇਦਾਂ ਅਤੇ ਛੇ ਸਾਸਤਰਾਂ ਦਾ ਗਿਆਨ ਸੀ। ਉਸ ਨੂੰ ਸਾਇੰਸ ਸਮੇਤ 64 ਤਰ੍ਹਾਂ ਦੇ ਵਿਸ਼ਿਆਂ ਦਾ ਗਿਆਨ ਸੀ। ਉਹ ਅਪਣੇ ਸਮੇਂ ਦਾ ਬਹੁਤ ਹੀ ਸੂਝਵਾਨ ਵਿਅਕਤੀ ਸੀ। ਰਾਮ ਬਾਰੇ ਕਿਹਾ ਜਾਂਦਾ ਹੈ ਕਿ ਉਹ ਤਾਂ ਜੰਮਿਆ ਹੀ ਰਾਕਸ਼ਸਾਂ ਦਾ ਨਾਸ ਕਰਨ ਲਈ ਸੀ। ਰਮਾਇਣ ਵਿਚ ਰਾਮ ਦੀ ਬਹੁਤ ਉਪਮਾ ਕੀਤੀ ਗਈ ਹੈ। ਉਸ ਨੂੰ ਵਿਸ਼ਨੂੰ ਦਾ ਅਵਤਾਰ ਦਸਿਆ ਗਿਆ ਹੈ। ਇਹ ਕਿਹਾ ਜਾਂਦਾ ਹੈ ਕਿ ਉਹ ਧਰਤੀ ’ਤੇ ਡਰ ਅਤੇ ਬਹੁਸਿਰੇ ਰਾਵਣ ਦਾ ਅੰਤ ਕਰਨ ਲਈ ਹੀ ਆਇਆ ਸੀ। ਕਿਹਾ ਜਾਂਦਾ ਹੈ ਕਿ ਬਨਵਾਸ ਦੌਰਾਨ ਇਕ ਦਿਨ ਰਾਮ ਅਤੇ ਉਸ ਦਾ ਭਰਾ ਲਛਮਣ ਅਤੇ ਸੀਤਾ ਗੋਦਾਵਰੀ ਦਰਿਆ ਦੇ ਕੰਢੇ ਤੁਰੇ ਜਾ ਰਹੇ ਸਨ ਜੋ ਰਾਕਸ਼ਸਾਂ ਦਾ ਇਲਾਕਾ ਸੀ। ਇਹ ਕਿਹਾ ਜਾਂਦਾ ਹੈ ਕਿ ਰਾਵਣ ਦੀ ਭੈਣ ਸਰੂਪਨਖਾ ਰਾਮ ਚੰਦਰ ’ਤੇ ਮੋਹਿਤ ਹੋ ਗਈ। ਜਦੋਂ ਉਸ ਦੀਆਂ ਅਜਿਹੀਆਂ ਗਤੀਵਿਧੀਆਂ ਦਾ ਰਾਮ ਨੇ ਵਿਰੋਧ ਕੀਤਾ ਤਾਂ ਉਸ ਨੇ ਬਦਲੇ ਵਿਚ ਸੀਤਾ ’ਤੇ ਹਮਲਾ ਕਰ ਦਿਤਾ। ਲਛਮਣ ਨੇ ਜਵਾਬੀ ਕਾਰਵਾਈ ਵਿਚ ਸਰੂਪਨਖਾ ਦਾ ਨੱਕ ਕੱਟ ਦਿਤਾ। ਇਸ ਗੱਲ ਤੋਂ ਨਿਰਾਸ਼ ਹੋ ਕੇ ਰਾਮ, ਲਛਮਣ ਅਤੇ ਸੀਤਾ ’ਤੇ ਹਮਲਾ ਕਰਨ ਲਈ ਰਾਕਸ਼ਸ ਇਕੱਠੇ ਹੋ ਗਏ। ਲੜਾਈ ਵਿਚ ਰਾਮ ਨੇ ਉਨ੍ਹਾਂ ਨੂੰ ਹਰਾ ਦਿਤਾ।
ਸਰੂਪਨਖਾ ਨੇ ਰਾਵਣ ਨੂੰ ਸੀਤਾ ਦਾ ਆਪਹਰਣ ਕਰਨ ਲਈ ਉਕਸਾਇਆ ਅਤੇ ਰਾਵਣ ਨੇ ਰਾਮ ਦੇ ਨਿਵਾਸ ਦਾ ਪਤਾ ਲਗਾਇਆ। ਰਾਵਣ ਨੇ ਅਪਣੀ ਜਾਦੂਈ ਸ਼ਕਤੀ ਰਾਹੀਂ ਇਕ ਸੋਹਣਾ ਹਿਰਨ ਛਡਿਆ ਜਿਸ ਨੇ ਰਾਮ ਨੂੰ ਆਕਰਸ਼ਿਤ ਕੀਤਾ। ਰਾਵਣ ਸੀਤਾ ਨੂੰ ਉਧਾਲ ਕੇ ਅਪਣੇ ਹਵਾਈ ਰੱਥ ਰਾਹੀਂ ਲੰਕਾ ਲੈ ਆਇਆ ਅਤੇ ਰਾਵਣ ਨੇ ਸੀਤਾ ਨੂੰ ਅਪਣੇ ਮਹਿਲ ਦੀ ਅਤਿ ਸੁੰਦਰ ਜਗ੍ਹਾ ਅਸ਼ੋਕਾ ਬਾਗ਼ ਵਿਚ ਨਿਵਾਸ ਕਰਾਇਆ। ਇਤਿਹਾਸ ਮੁਤਾਬਕ ਸੀਤਾ ਰਾਵਣ ਦੇ ਕਬਜ਼ੇ ਵਿਚ ਤਕਰੀਬਨ ਇਕ ਸਾਲ ਰਹੀ, ਜਿਸ ਦੌਰਾਨ ਰਾਵਣ ਨੇ ਉਸ ਨਾਲ ਕੋਈ ਵੀ ਦੁਰਵਿਹਾਰ ਨਾ ਕੀਤਾ। ਰਾਮ ਨੇ ਪਿੱਛਾ ਕੀਤਾ ਅਤੇ ਲੰਮਾ ਪੈਂਡਾ ਤੈਅ ਕਰ ਕੇ ਰਾਵਣ ਨਾਲ ਯੁੱਧ ਕੀਤਾ। ਦੋਹਾਂ ਵਿਚ ਕਈ ਯੁੱਧ ਹੋਏ। ਰਾਮ ਦਾ ਇਕ ਤੀਰ ਰਾਵਣ ਦੀ ਛਾਤੀ ਵਿਚ ਸਿੱਧਾ ਲਗਿਆ ਜੋ ਰਾਵਣ ਦੇ ਦਿਲ ਅਤੇ ਨਾਭੀ ਨੂੰ ਚੀਰਦਾ ਹੋਇਆ ਪਾਰ ਹੋ ਗਿਆ ਅਤੇ ਮੁੜ ਰਾਮ ਦੇ ਤੀਰਾਂ ਵਾਲੇ ਭੱਥੇ ਵਿਚ ਚਲਾ ਗਿਆ। ਇਹ ਸੱਭ ਗੱਲਾਂ ਇਤਿਹਾਸ ਅਤੇ ਮਿਥਹਾਸ ਦਾ ਹਿੱਸਾ ਹਨ। ਇਸ ਵਿਚ ਕੋਈ ਵੀ ਗੱਲ ਮਨਘੜਤ ਅਤੇ ਬਾਹਰੀ ਨਹੀਂ ਹੈ। ਰਾਮ ਅਤੇ ਉਸ ਦੀ ਸੈਨਾ ਰਾਵਣ ਨੂੰ ਅਸਾਨੀ ਨਾਲ ਨਹੀਂ ਸੀ ਹਰਾ ਸਕੀ। ਦਸਵੇਂ ਦਿਨ ਵੀ ਭਵੀਸ਼ਣ ਵਲੋਂ ਰਾਮ ਨੂੰ ਰਾਵਣ ਦੀ ਮੌਤ ਦੇ ਗੁਪਤ ਭੇਦ ਦਸਣ ਨਾਲ ਰਾਮ, ਰਾਵਣ ਨੂੰ ਮਾਰਨ ਵਿਚ ਸਫ਼ਲ ਹੋ ਸਕਿਆ। ਰਾਵਣ ਕੋਈ ਆਮ ਮਨੁੱਖ ਨਹੀਂ ਸੀ। ਉਸ ਨੇ ਦੇਵਤਿਆਂ ’ਤੇ ਵੀ ਜਿੱਤਾਂ ਪ੍ਰਾਪਤ ਕੀਤੀਆਂ ਸਨ।
ਰਾਮ ਦੀ ਰਾਵਣ ’ਤੇ ਜਿੱਤ ਨੂੰ ਵਿਜੈ ਦਸਮੀ ਵਜੋਂ ਮਨਾਇਆ ਜਾਂਦਾ ਹੈ। ਦੁਸਹਿਰੇ ਵਾਲੇ ਦਿਨ ਰਾਵਣ ਅਤੇ ਉਸ ਦੇ ਪਰਵਾਰ ਦੇ ਮੈਂਬਰਾਂ ਦੇ ਹਰ ਸਾਲ ਪੁਤਲੇ ਸਾੜੇ ਜਾਂਦੇ ਹਨ। ਰਾਮ ਦੀ ਜਿੱਤ ਨੂੰ ਅਤੇ ਰਾਵਣ ਦੀ ਹਾਰ ਨੂੰ ਨੇਕੀ ਦੀ ਬਦੀ ’ਤੇ ਜਿੱਤ ਵਜੋਂ ਮਨਾਇਆ ਜਾਂਦਾ ਹੈ। ਸ੍ਰੀ ਰਾਮ ਨੂੰ ਆਗਿਆਕਾਰ ਪੁੱਤਰ ਅਤੇ ਯੋਗ ਪਤੀ ਵਜੋਂ ਜਾਣਿਆ ਜਾਂਦਾ ਹੈ। ਹਰ ਸਾਲ ਰਾਮਲੀਲਾ ਦਾ ਆਯੋਜਨ ਕਰ ਕੇ ਲੋਕਾਂ ਨੂੰ ਰਾਮ ਦੀ ਜਿੱਤ ਅਤੇ ਰਾਵਣ ਦੀ ਹਾਰ ਯਾਦ ਕਰਾਈ ਜਾਂਦੀ ਹੈ। ਪਰ ਰਾਵਣ ਉੱਚ ਕੋਟੀ ਦਾ ਵਿਦਵਾਨ, ਯੋਧਾ, ਇਕ ਕੁਸ਼ਲ ਸ਼ਾਸਕ ਅਤੇ ਉਹ ਦਿਆਲੂ ਰਾਜਾ ਹੋਣ ਦੇ ਨਾਲ ਨਾਲ ਇਕ ਚੰਗਾ ਭਰਾ ਵੀ ਸੀ, ਇਸ ਬਾਰੇ ਕੁੱਝ ਵੀ ਨਹੀਂ ਦਸਿਆ ਜਾਂਦਾ। ਰਾਵਣ ਦੇ ਭਰਾ ਵਜੋਂ ਨਿਭਾਏ ਫ਼ਰਜ਼ ਵੇਖ ਕੇ ਤਾਂ ਇਹ ਕਹਿਣਾ ਅਣਉਚਿਤ ਨਹੀਂ ਹੋਵੇਗਾ ਕਿ ਜੇਕਰ ਕਿਸੇ ਦਾ ਭਰਾ ਹੋਵੇ ਤਾਂ ਉਹ ਰਾਵਣ ਵਰਗਾ ਹੋਵੇ, ਜਿਸ ਨੇ ਭੈਣ ਦੀ ਖਾਤਰ ਅਪਣਾ ਜੀਵਨ ਅਤੇ ਰਾਜ ਭਾਗ ਦਾਅ ’ਤੇ ਲਾ ਦਿਤਾ। ਤਰਕ, ਵਿਤਰਕ ਵੇਖਣ ਤੋਂ ਬਾਅਦ ਤਾਂ ਨਹੀਂ ਲਗਦਾ ਕਿ ਰਾਵਣ ਨੂੰ ਤ੍ਰਿਸਕਾਰਿਆ ਜਾਣਾ ਚਾਹੀਦਾ ਹੈ। ਉਹ ਨਫ਼ਰਤ ਦਾ ਪਾਤਰ ਨਹੀਂ ਹੋਣਾ ਚਾਹੀਦਾ। ਉਸ ਦੀ ਇਕ ਗਲਤੀ ਕਾਰਨ ਜੋ ਉਸ ਨੇ ਅਪਣੀ ਭੈਣ ਦਾ ਬਦਲਾ ਲੈਣ ਲਈ ਕੀਤੀ ਸੀ, ਲਈ ਉਸ ਨੂੰ ਬਦੀ ਦਾ ਪ੍ਰਤੀਕ ਕਹਿਣਾ ਉਚਿਤ ਨਹੀਂ ਹੈ। ਰਾਵਣ ਨੇ ਰਾਮ ਅਤੇ ਲਛਮਣ ਤੋਂ ਅਪਣੀ ਭੈਣ ਦੀ ਬੇਇਜ਼ਤੀ ਦਾ ਬਦਲਾ ਲੈਣ ਲਈ ਹੀ ਸੀਤਾ ਦਾ ਅਪਹਰਣ ਕੀਤਾ ਸੀ। ਉਸ ਦੀ ਕੋਈ ਮੰਦੀ ਭਾਵਨਾ ਸੀਤਾ ਦੇ ਆਪਹਰਣ ਪਿਛੇ ਵਿਖਾਈ ਨਹੀਂ ਦਿੰਦੀ। ਸੀਤਾ ਨੂੰ ਉਸ ਨੇ ਬੜੇ ਹੀ ਅਦਬ ਨਾਲ ਅਪਣੇ ਮਹਿਲ ਵਿਚ ਠਹਿਰਾਇਆ ਅਤੇ ਉਸ ਨਾਲ ਕੋਈ ਵੀ ਦੁਰਵਿਹਾਰ ਨਾ ਕੀਤਾ। ਉਹ ਦੇਸ਼ ਦਾ ਸ਼ਾਸਕ ਸੀ ਤੇ ਉਹ ਕੋਈ ਆਮ ਵਿਅਕਤੀ ਨਹੀਂ ਸੀ। ਫਿਰ ਉਹ ਕਿਸ ਤਰ੍ਹਾਂ ਅਪਣੀ ਭੈਣ ਦੀ ਬੇਇਜ਼ਤੀ ਬਰਦਾਸ਼ਤ ਕਰ ਸਕਦਾ ਸੀ। ਕੋਈ ਵੀ ਅਪਣੀ ਧੀ ਭੈਣ ਦੀ ਬੇਇਜ਼ਤੀ ਨਹੀਂ ਸਹਾਰਦਾ। ਅੱਜ ਵੀ ਧੀ, ਭੈਣ ਦੀ ਇੱਜ਼ਤ ਦੀ ਖ਼ਾਤਰ ਮਰਨ ਮਰਾਈ ਹੋ ਜਾਂਦੀ ਹੈ ਤੇ ਕਤਲ ਹੋ ਜਾਂਦੇ ਹਨ। ਰਾਵਣ ਨੇ ਇਕ ਭਰਾ ਵਾਲਾ ਫ਼ਰਜ਼ ਨਿਭਾਇਆ ਸੀ। ਕਿਸੇ ਦੀ ਧੀ, ਭੈਣ ਦੀ ਬੇਇਜ਼ਤੀ ਹੋਵੇ ਤਾਂ ਇਕ ਭਰਾ ਉਹ ਕੁੱਝ ਹੀ ਕਰਦਾ ਹੈ।
ਰਾਵਣ ਘੁਮੰਡੀ ਸੀ ਤੇ ਅੜੀਅਲ ਸੀ। ਉਹ ਅਪਣੇ ਆਪ ਨੂੰ ਸਰਵ-ਸ੍ਰੇਸ਼ਟ ਸਮਝਦਾ ਸੀ, ਇਹ ਵੀ ਕੋਈ ਤਰਕ ਵਾਲੀ ਗੱਲ ਨਹੀਂ। ਰਾਵਣ ਦਾ ਇਤਿਹਾਸ ਪੜ੍ਹਨ ਤੋਂ ਅਜਿਹਾ ਕੁੱਝ ਵੀ ਸਾਹਮਣੇ ਨਹੀਂ ਆ ਰਿਹਾ ਹੈ ਕਿ ਉਹ ਘੁਮੰਡੀ ਸੀ ਅਤੇ ਨਾ ਹੀ ਉਸ ਵਿਚ ਕੋਈ ਵੱਡੀ ਬਦੀ ਵਿਖਾਈ ਦੇ ਰਹੀ ਹੈ। ਸ੍ਰੀ ਰਾਮ ਵਲੋਂ ਰਾਵਣ ਨੂੰ ਮਾਰਨ ਦੀ ਪ੍ਰਸੰਸ਼ਾ ਹੋ ਰਹੀ ਹੈ, ਇਹ ਸੱਭ ਕੁੱਝ ਇਕ ਪਾਸੜ ਸੋਚ ਦਾ ਇਜ਼ਹਾਰ ਹੈ। ਉਹ ਵਿਦਵਾਨ, ਯੋਧਾ, ਕੁਸ਼ਲ ਸਿਆਸਤਦਾਨ ਅਤੇ ਉਹ ਦਯਾਵਾਨ ਸੀ, ਇਸ ਬਾਰੇ ਕੁੱਝ ਨਹੀਂ ਕਿਹਾ ਜਾ ਰਿਹਾ। ਰਾਵਣ ਨੂੰ ਖਲਨਾਇਕ ਵਜੋਂ ਪੇਸ਼ ਕਰਨਾ ਉਚਿਤ ਨਹੀਂ ਅਤੇ ਉਸ ਦੇ ਵਾਹਦ ਗੁਣਾਂ ਨੂੰ ਅੱਖੋਂ ਪਰੋਖੇ ਕਰਨਾ ਗਲਤ ਹੈ। ਅਜਿਹੇ ਮਹਾਂਪੁਰਸ਼ ਤਾਂ ਯੁੱਗਾਂ ਬਾਅਦ ਇਸ ਧਰਤੀ ’ਤੇ ਆਉਂਦੇ ਹਨ। ਸਿਰਫ਼ ਇਕ ਮਾੜੇ ਕੰਮ ਨੇ ਉਸ ਨੂੰ ਅਤਿ ਦਾ ਮਾੜਾ ਬਣਾ ਦਿਤਾ ਹੈ। ਸੀਤਾ ਦੇ ਉਧਾਲੇ ਪਿਛੇ ਤਾਂ ਤਰਕ ਸੀ ਕੋਈ ਮੰਦੀ ਸੋਚ ਨਹੀਂ ਸੀ। ਬਦਲੇ ਦੀ ਭਾਵਨਾ ਤਹਿਤ ਅੱਜ ਵੀ ਅਪਹਰਣ ਹੁੰਦੇ ਹਨ, ਲੜਾਈਆਂ ਹੁੰਦੀਆਂ ਹਨ। ਇਸ ਘਟਨਾ ਤੋਂ ਸਵਾਏ ਰਾਵਣ ਦੇ ਹੋਰ ਔਗੁਣ ਕਿਹੜੇ ਸਨ, ਇਸ ਬਾਰੇ ਵੀ ਸਾਰੇ ਚੁੱਪ ਹਨ। ਉਸ ਨੂੰ ਬਦੀ ਦਾ ਪ੍ਰਤੀਕ ਕਹਿਣਾ ਵਾਜਬ ਨਹੀਂ। ਲੋੜ ਹੈ ਸੋਚ ਬਦਲਣ ਦੀ।
- ਕੇਹਰ ਸਿੰਘ ਹਿੱਸੋਵਾਲ, ਐਡਵੋਕੇਟ, ਚੇਅਰਮੈਨ ਯੂਨੀਵਰਸਲ ਮਨੁੱਖੀ ਅਧਿਕਾਰ ਬਿਊਰੋ
ਕੋਠੀ ਨੰ:847, ਸੈਕਟਰ-41-ਏ, ਚੰਡੀਗੜ੍ਹ।
ਮੋਬਾਇਲ: 98141-25593