ਗ਼ਦਰ, ਗ਼ਦਰ ਪਾਰਟੀ ਤੇ ਕਰਤਾਰ ਸਿੰਘ ਸਰਾਭਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਅਸਲੇ ਦੀ ਦੂਜੀ ਵੱਡੀ ਉਮੀਦ ਬੰਗਾਲ ਦੇ ਕ੍ਰਾਂਤੀਕਾਰੀਆਂ ਤੋਂ ਸੀ

Kartar Singh Sarabha

ਨਵੀਂ ਦਿੱਲੀ: ਅੰਗਰੇਜ਼ੀ ਸਾਮਰਾਜ ਅਧੀਨ ਕੈਨੇਡਾ ਦੀ ਕਾਨੂੰਨ ਘੜਨੀ ਕੌਂਸਲ ਨੇ 9 ਮਈ, 1907 ਨੂੰ ਇਕ ਨਵਾਂ ਕਾਨੂੰਨ ਪਾਸ ਕੀਤਾ। ਇਸ ਕਾਨੂੰਨ ਤਹਿਤ ਸਿਰਫ਼ ਉਹੀ ਭਾਰਤੀ ਕੈਨੇਡਾ ਵਿਚ ਦਾਖ਼ਲ ਹੋ ਸਕਦੇ ਸੀ ਜੋ ਭਾਰਤ ਤੋਂ ਸਿੱਧਾ ਕੈਨੇਡਾ ਵਿਚ ਉਤਰਨਗੇ। ਉਸ ਸਮੇਂ ਅਜਿਹਾ ਸੰਭਵ ਨਹੀਂ ਸੀ। ਇਹ ਕਾਨੂੰਨ ਅਸਲ ਵਿਚ ਜਾਣ-ਬੁੱਝ ਕੇ ਭਾਰਤੀਆਂ ਦੇ ਕੈਨੇਡਾ ਵਿਚ ਦਾਖ਼ਲੇ ਨੂੰ ਰੋਕਣ ਲਈ ਅਮਲ ਵਿਚ ਲਿਆਂਦਾ ਗਿਆ ਸੀ। ਸੁਭਾਵਕ ਹੀ ਇਸ ਨਾਲ ਭਾਰਤੀਆਂ ’ਚ ਰੋਸ ਪੈਦਾ ਹੋਇਆ। ਇਸ ਕਾਨੂੰਨ ਵਿਰੁਧ ਕਾਨੂੰਨੀ ਲੜਾਈ ਲੜਨ ਦੇ ਨਾਲ-ਨਾਲ ‘ਯੂਨਾਈਟਿਡ ਇੰਡੀਅਨ ਲੀਗ’ ਨਾਂ ਦੀ ਇਕ ਜਥੇਬੰਦੀ ਵੀ ਹੋਂਦ ਵਿਚ ਆਈ।
ਇਸ ਤੋਂ ਕਰੀਬ 6 ਵਰ੍ਹੇ ਬਾਅਦ ਜੂਨ, 1913 ਨੂੰ ਸਾਨਫ਼ਰਾਂਸਿਸਕੋ (ਅਮਰੀਕਾ) ਵਿਚ ਸ. ਸੋਹਣ ਸਿੰਘ ਭਕਨਾ ਦੀ ਅਗਵਾਈ ਵਿਚ ‘ਗ਼ਦਰ ਪਾਰਟੀ’ ਦਾ ਗਠਨ ਕੀਤਾ ਗਿਆ। ਇਹ ਜਥੇਬੰਦੀ ਵਿਦੇਸ਼ੀ ਮੁਲਕਾਂ ਵਿਚ ਇਕ ਗ਼ੁਲਾਮ ਮੁਲਕ ਦੇ ਵਾਸੀ ਹੋਣ ਦੇ ਨਾਤੇ ਵਿਦੇਸ਼ਾਂ ਵਿਚ ਭਾਰਤੀਆਂ ਨਾਲ ਹੁੰਦਾ ‘ਦੂਜੇ ਦਰਜੇ’ ਦਾ ਵਿਵਹਾਰ ਤੇ ਇਥੇ ਵਿਚਰ ਕੇ ਆਈ ਅਜ਼ਾਦੀ ਸਬੰਧੀ ਚੇਤਨਾ ਦੀ ਉਪਜ ਸੀ। ਗ਼ਦਰ ਪਾਰਟੀ ਦਾ ਉਦੇਸ਼ ਦੇਸ਼ ਵਿਚ ਜਾ ਕੇ ‘ਗ਼ਦਰ’ ਕਰ ਕੇ ਅੰਗਰੇਜ਼ੀ ਸਾਮਰਾਜ ਦਾ ਬੋਰੀਆ-ਬਿਸਤਰਾ ਗੋਲ ਕਰਨਾ ਸੀ।

13 ਨਵੰਬਰ, 1913 ਨੂੰ ਇਕ ਉੱਚੀ ਰਾਜਨੀਤਕ ਸੂਝ ਤੇ ਵਿਦਿਆ ਪ੍ਰਾਪਤ ਲਾਲਾ ਹਰਦਿਆਲ ਦੇ ਸ਼ਾਮਲ ਹੋਣ ਨਾਲ ਪਾਰਟੀ ’ਚ ਇਕ ਨਵੀਂ ਰੂਹ ਫੂਕੀ ਗਈ। ਲਾਲਾ ਜੀ ਦੀਆਂ ਕੋਸ਼ਿਸ਼ਾਂ ਸਦਕਾ ਪਾਰਟੀ ਅਪਣਾ ਸੰਦੇਸ਼ ਅਮਰੀਕਾ ਸਮੇਤ ਕਈ ਮੁਲਕਾਂ ’ਚ ਵਸਦੇ ਭਾਰਤੀਆਂ ਖਾਸ ਕਰ ਕੇ ਪੰਜਾਬੀਆਂ ਤਕ ਪਹੁੰਚਾਉਣ ਵਿਚ ਕਾਮਯਾਬ ਹੋ ਗਈ। ਸਾਨਫ਼ਰਾਂਸਿਸਕੋ ਵਿਚ ਜਲਦੀ ਹੀ ‘ਯੁਗਾਂਤਰ ਆਸ਼ਰਮ’ ਨਾਂ ਹੇਠ ਪਾਰਟੀ ਨੇ ਅਪਣਾ ਇਕ ਕੇਂਦਰ ਵੀ ਸਥਾਪਤ ਕਰ ਲਿਆ। ਅਪਣਾ ਉਦੇਸ਼ ਤੇ ਵਿਚਾਰਧਾਰਾ ਲੋਕਾਂ ਤਕ ਪਹੁੰਚਾਉਣ ਹਿਤ ‘ਗ਼ਦਰ’ ਨਾਂ ਦਾ ਅਖ਼ਬਾਰ ਵੀ ਸ਼ੁਰੂ ਕੀਤਾ ਗਿਆ। ਸਿਹਤ ਢਿੱਲੀ ਰਹਿਣ ਦੇ ਬਾਵਜੂਦ ਇਸ ਦੀ ਸੰਪਾਦਨਾ ਦਾ ਕੰਮ ਵੀ ਲਾਲਾ ਜੀ ਨੂੰ ਹੀ ਸੰਭਾਲਣਾ ਪਿਆ। ਪਾਰਟੀ, ਖ਼ਾਸ ਕਰ ਕੇ ਅਖ਼ਬਾਰ ਨੂੰ ਇਸ ਸਮੇਂ ਕੋਈ ਅਣਥੱਕ ਤੇ ਸਿਰੜੀ ਵਿਅਕਤੀ ਲੋੜੀਂਦਾ ਸੀ। 
ਇਕ ਦਿਨ ਅਠਾਰਾਂ ਕੁ ਵਰਿ੍ਹਆਂ ਦਾ ਮਲੂਕੜਾ ਜਿਹਾ ਮੁੰਡਾ ਲਾਲਾ ਜੀ ਕੋਲ ਆਇਆ ਤੇ ਪਾਰਟੀ ’ਚ ਸ਼ਾਮਲ ਹੋਣ ਦੀ ਇੱਛਾ ਪ੍ਰਗਟ ਕੀਤੀ। ਲਾਲਾ ਜੀ ਉਸ ਵਲ ਵੇਖ ਕੇ ਅੰਦਰੋ-ਅੰਦਰੀ ਹੱਸੇ ਕਿ ਇਹ ਨੌਜਵਾਨ ਪਾਰਟੀ ਦੀ ਭਾਰੀ ਜ਼ਿੰਮੇਵਾਰੀ ਅਪਣੇ ਮਲੂਕ ਜਿਹੇ ਮੋਢਿਆਂ ’ਤੇ ਕੀ ਚੁੱਕੇਗਾ? ਪਰ ਕੁੱਝ ਪਲਾਂ ’ਚ ਹੀ ਉਸ ਨੇ ਅਪਣੇ ਗੰਭੀਰ ਵਿਚਾਰਾਂ, ਦ੍ਰਿੜ ਇਰਾਦੇ ਤੇ ਦੇਸ਼ ਪ੍ਰਤੀ ਅਥਾਹ ਪ੍ਰੇਮ ਦੀ ਭਾਵਨਾ ਨਾਲ ਲਾਲਾ ਜੀ ਨੂੰ ਕਾਇਲ ਕਰ ਲਿਆ। ਇਹੀ ਨਹੀਂ, ਉਸ ਨੇ ਅਪਣੇ ਕੋਲ ਮੌਜੂਦ ਦੋ ਸੌ ਡਾਲਰ ਵੀ ਪਾਰਟੀ ਫ਼ੰਡ ਦੇ ਤੌਰ ’ਤੇ ਦੇ ਦਿਤੇ, ਜਿਸ ਨਾਲ ਵਿੱਤੀ ਵਸੀਲਿਆਂ ਕਾਰਨ ਠੰਢੀ ਚਾਲੇ ਚਲਦੇ ‘ਗ਼ਦਰ’ ਅਖ਼ਬਾਰ ਦੇ ਕੰਮ ਨੂੰ ਹੁਲਾਰਾ ਮਿਲ ਗਿਆ। ਇਹ ਨੌਜਵਾਨ ਸੀ ਕਰਤਾਰ ਸਿੰਘ ਸਰਾਭਾ।

ਕਰਤਾਰ ਸਿੰਘ ਸਰਾਭਾ ਉਸ ਸਮੇਂ ਬਰਕਲੇ ਯੂਨੀਵਰਸਿਟੀ ਵਿਚ ਰਸਾਇਣ ਵਿਗਿਆਨ ਦਾ ਵਿਦਿਆਰਥੀ ਸੀ। ਪਾਰਟੀ ’ਚ ਸ਼ਾਮਲ ਹੋਣ ਉਪਰੰਤ ਉਸ ਨੇ ਅਪਣੀ ਪੜ੍ਹਾਈ ਵਿਚੇ ਹੀ ਛੱਡ ਦਿਤੀ ਤੇ ਪੂਰੀ ਤਰ੍ਹਾਂ ਪਾਰਟੀ ਨੂੰ ਸਮਰਪਤ ਹੋ ਗਿਆ। ਅਪਣੀ ਵਿਲੱਖਣ ਸ਼ਖ਼ਸੀਅਤ ਸਦਕਾ ਸੱਭ ਤੋਂ ਘੱਟ ਉਮਰ ਹੋਣ ਦੇ ਹੁੰਦਿਆਂ ਵੀ ਉਹ ਪਾਰਟੀ ਦੀ ਜਿੰਦ-ਜਾਨ ‘ਗ਼ਦਰ’ ਅਖ਼ਬਾਰ ਦਾ ਸੰਚਾਲਕ ਬਣ ਗਿਆ। ਸਰਾਭਾ ਤੇ ਹਰਨਾਮ ਸਿੰਘ ਟੁੰਡੀਲਾਟ ਦੇਸ਼-ਪ੍ਰੇਮ ਦੀਆਂ ਕਵਿਤਾਵਾਂ ਲਿਖਦੇ; ਇਹ ਕਵਿਤਾਵਾਂ ‘ਗ਼ਦਰ ਦੀ ਗੂੰਜ’ ਵਿਚ ਛਪਦੀਆਂ। ਇਹ ਕਵਿਤਾਵਾਂ ਆਮ ਲੋਕਾਂ ਦੇ ਦਿਲੋ-ਦਿਮਾਗ਼ ’ਤੇ ਛਾ ਜਾਂਦੀਆਂ। ਅਮਰੀਕਾ ਵਿਚ ਉਸ ਨੇ ਹਵਾਈ ਜਹਾਜ਼ ਬਣਾਉਣ ਦਾ ਕੰਮ ਸਿਖਣ ਦਾ ਯਤਨ ਵੀ ਕੀਤਾ। ਉਧਰ ਲਾਲਾ ਹਰਦਿਆਲ ਅਪਣੀਆਂ ਜੋਸ਼ੀਲੀਆਂ ਤਕਰੀਰਾਂ ਨਾਲ ਅਮਰੀਕਾ ਵਿਚ ਵਸਦੇ ਭਾਰਤੀਆਂ ਨੂੰ ਦੇਸ਼ ਵਿਚ ਗ਼ਦਰ ਕਰਨ ਲਈ ਹਲੂਣਾ ਦੇ ਰਹੇ ਸਨ। ਉਨ੍ਹਾਂ ਦੀਆਂ 31 ਦਸੰਬਰ 1913 ਨੂੰ ਸੈਕਰਾਮੈਂਟੋ, 1 ਫ਼ਰਵਰੀ 1914 ਨੂੰ ਬਰਕਲੇ ਤੇ 15 ਫ਼ਰਵਰੀ ਨੂੰ ਸਟਾਕਟਨ ਵਿਚ ਹੋਈਆਂ ਤਕਰੀਰਾਂ ਦੌਰਾਨ ਜੁੜੇ ਭਰਵੇਂ ਇਕੱਠ, ਭਾਰਤੀਆਂ ਖਾਸ ਕਰ ਕੇ ਪੰਜਾਬੀਆਂ ਦੇ ਦਿਲਾਂ ਵਿਚ ਅੰਗੜਾਈਆਂ ਲੈ ਰਹੀ ਅਜ਼ਾਦੀ ਦੀ ਤਾਂਘ ਨੂੰ ਸਾਫ਼ ਵਿਖਾ ਰਹੇ ਸਨ।

ਇਧਰ ਜਦੋਂ ਵਿਦੇਸ਼ਾਂ ਵਿਚ ਵਸਦੇ ਭਾਰਤੀ ਅਪਣੇ ਦੇਸ਼ ਨੂੰ ਅਜ਼ਾਦ ਵੇਖਣ ਲਈ ਉਤਾਵਲੇ ਸਨ, ਇਹ ਵੇਖਣਾ ਜ਼ਰੂਰੀ ਸੀ ਕਿ ਕੀ ਅਪਣੇ ਦੇਸ਼ ਦੇ ਲੋਕਾਂ ਵਿਚ ਵੀ ਅਜ਼ਾਦੀ ਦੀ ਤਾਂਘ ਮੌਜੂਦ ਹੈ? ਕਿਤੇ ਸਥਿਤੀ ‘ਗਵਾਹ ਚੁਸਤ ਤੇ ਮੁਦਈ ਸੁਸਤ’ ਵਾਲੀ ਤਾਂ ਨਹੀਂ? ਇਹ ਪਤਾ ਕਰਨ ਦੀ ਜ਼ਿੰਮੇਵਾਰੀ ਭਾਈ ਬਲਵੰਤ ਸਿੰਘ ਸਮੇਤ ਤਿੰਨ ਮੈਂਬਰੀ ਕਮੇਟੀ ਨੂੰ ਸੌਂਪੀ ਗਈ। ਉਨ੍ਹਾਂ ਦੁਆਰਾ ਦਿਤੀ ਰੀਪੋਰਟ ਸੰਤੋਖਜਨਕ ਸੀ। ਰੀਪੋਰਟ ਅਨੁਸਾਰ ਦੇਸ਼ ਵਿਚ ਵੀ ਲੋਕ ਗ਼ਦਰ ਲਈ ਕਾਫ਼ੀ ਉਤਸ਼ਾਹ ਵਿਚ ਹਨ। ਇਹੀ ਨਹੀਂ, ਲੋੜ ਪੈਣ ’ਤੇ ਗੁਆਂਢੀ ਮੁਲਕਾਂ ਬਰਮਾ, ਈਰਾਨ, ਨੇਪਾਲ ਤੇ ਅਫ਼ਗ਼ਾਨਿਸਤਾਨ ਤੋਂ ਵੀ ਮਦਦ ਮਿਲਣ ਦਾ ਭਰੋਸਾ ਸੀ। ਬੇਸ਼ੱਕ ਇਹ ਰੀਪੋਰਟ ਸਤਹੀ ਪੱਧਰ ’ਤੇ ਖ਼ੁਸ਼ਫ਼ਹਿਮੀ ’ਚ ਹੀ ਤਿਆਰ ਕੀਤੀ ਗਈ ਸੀ ਪਰ ਫਿਰ ਵੀ ਇਸ ਨੂੰ ਕੇਂਦਰ ਵਿਚ ਰਖ ਕੇ ਗ਼ਦਰ ਦੀਆਂ ਤਿਆਰੀਆਂ ਵਿਢ ਦਿਤੀਆਂ ਗਈਆਂ। ਸ਼ਰੇਆਮ ਬਗ਼ਾਵਤ ਦੀਆਂ ਕੀਤੀਆਂ ਜਾ ਰਹੀਆਂ ਇਹ ਤਿਆਰੀਆਂ ਅੰਗਰੇਜ਼ ਹਕੂਮਤ ਤੋਂ ਗੁਝੀਆਂ ਕਿਵੇਂ ਰਹਿ ਸਕਦੀਆਂ ਸਨ? ਪਾਰਟੀ ਨੂੰ ਅਚਾਨਕ ਉਦੋਂ ਵੱਡਾ ਧੱਕਾ ਲੱਗਾ ਜਦੋਂ ਅਮਰੀਕੀ ਹਕੂਮਤ ਨੇ ਅੰਗਰੇਜ਼ ਹਕੂਮਤ ਦੇ ਦਬਾਅ ਹੇਠ ਆ ਕੇ ਲਾਲਾ ਹਰਦਿਆਲ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਦੇਸ਼ ਛੱਡ ਜਾਣ ਦਾ ਹੁਕਮ ਸੁਣਾ ਦਿਤਾ। ਝਟਕਾ ਵੱਡਾ ਸੀ ਪਰ ਤਸੱਲੀ ਇਸ ਗੱਲ ਦੀ ਸੀ ਕਿ ਉਦੋਂ ਤਕ ਸ. ਸੋਹਣ ਸਿੰਘ ਭਕਨਾ ਤੇ ਕਰਤਾਰ ਸਿੰਘ ਸਰਾਭਾ ਨੇ ਲਾਲਾ ਜੀ ਤੋਂ ਪਾਰਟੀ ਦੀ ਅਗਵਾਈ ਸਬੰਧੀ ਕਾਫ਼ੀ ਜਾਣਕਾਰੀ ਪ੍ਰਾਪਤ ਕਰ ਲਈ ਸੀ। ਇਧਰ ਦੇਸ਼ ਅੰਦਰ ਵੀ ਅੰਗਰੇਜ਼ ਹਕੂਮਤ ਨੇ ਸਖ਼ਤੀ ਕਰਦਿਆਂ 1914 ਦੇ ਸ਼ੁਰੂ ਵਿਚ ‘ਗ਼ਦਰ’ ਅਖ਼ਬਾਰ ’ਤੇ ਪਾਬੰਦੀ ਲਗਾ ਦਿਤੀ।

ਲਾਲਾ ਹਰਦਿਆਲ ਤੇ ਦੂਜੇ ਲੀਡਰਾਂ ਦਾ ਅਨੁਮਾਨ ਸੀ ਕਿ ਜੇਕਰ ਦੋ-ਤਿੰਨ ਸਾਲ ਤਕ ਵਿਸ਼ਵ-ਯੁੱਧ ਲੱਗ ਗਿਆ ਤਾਂ ਇਸ ਦਾ ਫ਼ਾਇਦਾ ਲਿਆ ਜਾ ਸਕਦਾ ਹੈ। ਉਨ੍ਹਾਂ ਇਸ ਜੰਗੀ-ਨੁਕਤੇ ਨੂੰ ਧਿਆਨ ਵਿਚ ਰਖਿਆ ਹੋਇਆ ਸੀ ਕਿ ‘ਜਦੋਂ ਦੁਸ਼ਮਣ ਦਾ ਧਿਆਨ ਤੇ ਤਾਕਤ ਕਿਸੇ ਹੋਰ ਪਾਸੇ ਲੱਗੀ ਹੋਵੇ, ਉਦੋਂ ਹੀ ਹੱਲਾ ਬੋਲ ਦੇਣਾ ਚਾਹੀਦਾ ਹੈ’। ਇਸ ਲਈ ਉਹ ਵਿਸ਼ਵ-ਯੁੱਧ ਛਿੜਨ ਨੂੰ ਗ਼ਦਰ ਲਈ ਸੱਭ ਤੋਂ ਅਨੁਕੂਲ ਸਮਾਂ ਮੰਨਦੇ ਸਨ। ਪਰ ਉਨ੍ਹਾਂ ਦੀ ਆਸ ਤੋਂ ਉਲਟ ਵਿਸ਼ਵ-ਯੁੱਧ ਕੁੱਝ ਕੁ ਮਹੀਨਿਆਂ ਬਾਅਦ ਹੀ ਜੁਲਾਈ, 1914 ਵਿਚ ਹੀ ਛਿੜ ਗਿਆ। ਇਹੀ ਨਹੀਂ, ਇਸ ਤੋਂ ਛੇਤੀ ਬਾਅਦ 04 ਅਗੱਸਤ ਨੂੰ ਬਰਤਾਨੀਆ ਵੀ ਲੜਾਈ ਵਿਚ ਕੁੱਦ ਪਿਆ। ਇਸ ਨਾਲ ਪਾਰਟੀ ਦੀ ਯੋਜਨਾ ਤੇ ਤਿਆਰੀਆਂ ਨੂੰ ਜ਼ਬਰਦਸਤ ਝਟਕਾ ਲੱਗਾ। ਆਗੂਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਪਾਰਟੀ ਦੀ ਹਾਲਤ ‘ਸੱਪ ਦੇ ਮੂੰਹ ਕੋਹੜ ਕਿਰਲੀ’ ਵਾਲੀ ਬਣ ਗਈ ਸੀ। ਪਿਛੇ ਹਟਣਾ ਸੰਭਵ ਨਹੀਂ ਸੀ ਲਗਦਾ, ਕੁੱਝ ਕਰ ਸਕਣ ਦੀ ਸਥਿਤੀ ਅਜੇ ਹੈ ਨਹੀਂ ਸੀ। ਇਸੇ ਗੱਲ ਨੂੰ ਲੈ ਕੇ ਪਾਰਟੀ ਦੋ-ਫਾੜ ਹੁੰਦੀ ਜਾ ਰਹੀ ਸੀ। ਇਕ ਧੜਾ ਜਲਦੀ ਗ਼ਦਰ ਕਰਵਾਉਣ ਦੇ ਹੱਕ ਵਿਚ ਸੀ ਜਦਕਿ ਦੂਜਾ ਧੜਾ ਗ਼ਦਰ ਲਈ ਲੋੜੀਂਦੀ ਤਿਆਰੀ ਦੀ ਘਾਟ ਕਾਰਨ ਕਾਹਲੀ ਕਰਨ ਦੇ ਹੱਕ ਵਿਚ ਨਹੀਂ ਸੀ। ਅੰਤ ਗਰਮ ਖ਼ਿਆਲੀ ਧੜੇ ਦੀ ਬਹੁ-ਗਿਣਤੀ ਤੇ ਦਬਾਅ ਕਾਰਨ ਅਤੇ ‘ਲੋਹਾ ਗਰਮ’ ਜਾਣ ਕੇ ਤੈਅ ਪ੍ਰੋਗਰਾਮ ਅਨੁਸਾਰ ਹੀ ਗ਼ਦਰ ਕਰਵਾਉਣ ਦੇ ਫ਼ੈਸਲੇ ’ਤੇ ਸਹੀ ਪਾ ਦਿਤੀ ਗਈ। ਇਹ ਡਰ ਵੀ ਸੀ ਕਿ ਜੇਕਰ ਹੁਣ ਗ਼ਦਰ ਦਾ ਫ਼ੈਸਲਾ ਟਾਲਿਆ ਗਿਆ ਤਾਂ ਪਾਰਟੀ ਨਾਲ ਵੱਡੀ ਗਿਣਤੀ ’ਚ ਜੁੜੇ ਵਰਕਰਾਂ ਵਿਚ ਨਿਰਾਸ਼ਾ ਫੈਲ ਜਾਵੇਗੀ ਤੇ ਗ਼ਦਰ ਪਾਰਟੀ ਦਾ ਵਜੂਦ ਹੀ ਖ਼ਤਰੇ ਵਿਚ ਪੈ ਸਕਦਾ ਹੈ।

ਉਧਰ ਲਾਲਾ ਹਰਦਿਆਲ, ਜੋ ਇਸ ਵੇਲੇ ਜਰਮਨੀ ਵਿਚ ਸਨ, ਗ਼ਦਰ ਲਈ ਅੰਤਰਰਾਸ਼ਟਰੀ ਮਦਦ ਜੁਟਾਉਣ ਦੇ ਉਦੇਸ਼ ਤਹਿਤ ਜਰਮਨੀ, ਤੁਰਕੀ, ਜਪਾਨ, ਈਰਾਨ ਤੇ ਅਫ਼ਗਾਨਿਸਤਾਨ ਆਦਿ ਦੇਸ਼ਾਂ ਦੀਆਂ ਹਕੂਮਤਾਂ ਦੇ ਸੰਪਰਕ ਵਿਚ ਸਨ। ਭਾਰਤ ਵਿਚ ਗ਼ਦਰ ਕਰਵਾਉਣ ਦਾ ਪ੍ਰੋਗਰਾਮ ਉਲੀਕਣ ਲਈ 8 ਅਗੱਸਤ ਨੂੰ ਪੋਰਟਲੈਂਡ ਤੇ 9 ਅਗੱਸਤ ਨੂੰ ਫ਼ਰਿਜ਼ਨੋ ਵਿਚ ਵੱਡੇ ਇਕੱਠ ਹੋਏ। ਸੱਭ ਤੋਂ ਵੱਡਾ ਤੇ ਰਿਕਾਰਡ-ਤੋੜ ਇਕੱਠ 11 ਅਗੱਸਤ ਨੂੰ ਸੈਕਰੋਮੈਂਟ ਵਿਚ ਹੋਇਆ। ਇਨ੍ਹਾਂ ਇਕੱਤਰਤਾਵਾਂ ਵਿਚ ਜੁੜੇ ਭਾਰੀ ਇਕੱਠ ਪਾਰਟੀ ਲੀਡਰਾਂ ਨੂੰ ਗ਼ਦਰ ਦੀ ਸਫ਼ਲਤਾ ਦੀ ਜ਼ਾਮਨੀ ਦਿੰਦੇ ਨਜ਼ਰ ਆਏ। ਗ਼ਦਰ ਦਾ ਪ੍ਰੋਗਰਾਮ ਫ਼ਾਈਨਲ ਕਰਦਿਆਂ ਭਾਰਤ ਨੂੰ ਕੂਚ ਕਰਨ ਲਈ ਜਹਾਜ਼ਾਂ ਦੀਆਂ ਟਿਕਟਾਂ ਅਤੇ ਅਸਲਾ ਖਰੀਦਣ ਹਿਤ ਕਾਫ਼ੀ ਧਨ ਵੀ ਇਕੱਠਾ ਕਰ ਲਿਆ ਗਿਆ। ਇਤਫ਼ਾਕਵਸ ਉਦੋਂ ਹੀ ‘ਕਾਮਾਗਾਟਾ ਮਾਰੂ’ ਦੀ ਘਟਨਾ ਵਾਪਰ ਗਈ। ਸ. ਗੁਰਦਿੱਤ ਸਿੰਘ ਨੇ ਅਪਣੇ 375 ਪੰਜਾਬੀ ਸਾਥੀਆਂ ਸਮੇਤ ਭਾਰਤ ਤੋਂ ਕੈਨੇਡਾ ਆਉਣ ਲਈ ‘ਕਾਮਾਗਾਟਾ ਮਾਰੂ’ ਨਾਂ ਦਾ ਇਕ ਜਪਾਨੀ ਜਹਾਜ਼ ਕਿਰਾਏ ’ਤੇ ਲਿਆ। ਇਹ ਜਹਾਜ਼ 23 ਮਈ, 1914 ਨੂੰ ਕੈਨੇਡਾ ਦੀ ਬੰਦਰਗਾਹ ’ਤੇ ਪੁੱਜਿਆ। ਭਾਵੇਂ ਕਿ ਸਿਧੇ ਭਾਰਤ ਤੋਂ ਚੱਲੇ ਹੋਣ ਕਾਰਨ ਨਵੇਂ ਕਨੂੰਨ ਤਹਿਤ ਉਨ੍ਹਾਂ ਨੂੰ ਰੋਕਿਆ ਨਹੀਂ ਸੀ ਜਾ ਸਕਦਾ ਪਰ ਫਿਰ ਵੀ ਉਨ੍ਹਾਂ ’ਚੋਂ 24 ਨੂੰ ਛੱਡ ਕੇ ਬਾਕੀਆਂ ਨੂੰ ਕੈਨੇਡਾ ’ਚ ਦਾਖ਼ਲ ਹੋਣ ਤੋਂ ਰੋਕ ਦਿਤਾ ਗਿਆ। ਲਗਭਗ ਦੋ ਮਹੀਨੇ ਉਹ ਉੱਥੇ ਜਹਾਜ਼ ਵਿਚ ਹੀ ਖੱਜਲ-ਖੁਆਰ ਹੁੰਦੇ ਰਹੇ।

ਆਖਰ ਦੋ ਮਹੀਨਿਆਂ ਬਾਅਦ ਸਖ਼ਤ ਨਿਰਾਸ਼ਾ ਨਾਲ ਉਨ੍ਹਾਂ ਨੂੰ ਵਾਪਸ ਮੁੜਨ ਲਈ ਮਜਬੂਰ ਕਰ ਦਿਤਾ ਗਿਆ। ਇਸ ਘਟਨਾ ਨੇ ਭਾਰਤੀਆਂ ਦੇ ਮਨਾਂ ਵਿਚਲੇ ਅੰਗਰੇਜ਼ਾਂ ਪ੍ਰਤੀ ਗੁੱਸੇ ਨੂੰ ਹੋਰ ਵੀ ਵਧਾ ਦਿਤਾ। ਉਧਰ ਸੋਹਣ ਸਿੰਘ ਭਕਨਾ ਤੇ ਕਰਤਾਰ ਸਿੰਘ ਸਰਾਭਾ 21 ਜੁਲਾਈ, 1914 ਨੂੰ ਸਾਨਫ਼ਰਾਂਸਿਸਕੋ ਤੋਂ ਅਪਣੇ ਹਜ਼ਾਰਾਂ ਸਾਥੀਆਂ ਸਮੇਤ ਅਪਣੇ ਅਸਲ ਉਦੇਸ਼ ‘ਗਦਰ’ ਲਈ ਚੱਲ ਪਏ। ਉਸ ਵਕਤ ਉਨ੍ਹਾਂ ਕੋਲ ਵੱਡੀ ਮਾਤਰਾ ਵਿਚ ਅਸਲਾ ਵੀ ਸੀ। ਸੰਯੋਗਵਸ ਦੋਵੇਂ ਜਹਾਜ਼ ਜਪਾਨ ਦੇ ਸ਼ਹਿਰ ਯੋਕੋਹਾਮਾ ਵਿਚ ਇਕੱਠੇ ਹੋ ਗਏ। ਦੋ ਮਹੀਨੇ ਤੋਂ ਵੱਧ ਦੀ ਖੱਜਲ-ਖੁਆਰੀ ਤੇ ਲੰਮੇ ਸਫ਼ਰ ਦੇ ਭੰਨੇ ‘ਕਾਮਾਗਾਟਾ ਮਾਰੂ’ ਦੇ ਮੁਸਾਫ਼ਰਾਂ ਦੀ ਹਾਲਤ ਕਾਫ਼ੀ ਤਰਸਯੋਗ ਬਣੀ ਹੋਈ ਸੀ। ਇਥੇ ਸੋਹਣ ਸਿੰਘ ਭਕਨਾ, ਕਰਤਾਰ ਸਿੰਘ ਸਰਾਭਾ ਤੇ ਗੁਰਦਿੱਤ ਸਿੰਘ ਵਿਚਕਾਰ ਮੁਲਾਕਾਤ ਹੋਈ। ਭੁੱਖੇ-ਪਿਆਸੇ ਮੁਸਾਫ਼ਰਾਂ ਲਈ ਭੋਜਨ-ਪਾਣੀ ਦਾ ਪ੍ਰਬੰਧ ਕੀਤਾ ਗਿਆ ਤੇ ਹਥਿਆਰ ਵੀ ਮੁਹਈਆ ਕਰਵਾਏ ਗਏ।

‘ਕਾਮਾਗਾਟਾ ਮਾਰੂ’ ਜਹਾਜ਼ ਜਦ ਵਾਪਸ ਭਾਰਤ ਆਇਆ ਤਾਂ ਇਥੇ ਵੀ ਅੰਗਰੇਜ਼ਾਂ ਦੁਆਰਾ ਕਲਕੱਤੇ (ਕੋਲਕਾਤਾ) ਦੇ ਬਜਬਜ ਘਾਟ ’ਤੇ ਉਨ੍ਹਾਂ ਦਾ ਸਵਾਗਤ ਗੋਲੀਆਂ ਨਾਲ ਕੀਤਾ ਗਿਆ, ਜਿਸ ਵਿਚ ਲਗਭਗ 20 ਜਣੇ ਮਾਰੇ ਗਏ। ਬੇਸ਼ੱਕ ਇਸ ਹਤਿਆ-ਕਾਂਡ ਦਾ ਗ਼ਦਰ ਨਾਲ ਸਿੱਧਾ ਸਬੰਧ ਨਹੀਂ ਸੀ ਪਰ ਇਸ ਗੋਲੀ ਕਾਂਡ ਨੇ ਭਾਰਤੀਆਂ ਦੇ ਮਨਾਂ ਵਿਚ ਅੰਗਰੇਜ਼ਾਂ ਪ੍ਰਤੀ ਨਫ਼ਰਤ ਤੇ ਗੁੱਸਾ  ਹੋਰ ਵੀ ਵਧਾ ਦਿਤਾ। ਇਸ ਨਾਲ ਭਾਰਤ ਆ ਰਹੇ ਕ੍ਰਾਂਤੀਕਾਰੀਆਂ ਨੂੰ ਇਹ ਸੁਨੇਹਾ ਗਿਆ ਕਿ ਦੇਸ਼ ਵਿਚ ਗ਼ਦਰ ਦਾ ਬਿਗਲ ਵੱਜ ਚੁੱਕਾ ਹੈ। ਇਧਰ ਅੰਗਰੇਜ਼ ਹਕੂਮਤ ਗ਼ਦਰੀਆਂ ’ਤੇ ਪਲ-ਪਲ ਨਜ਼ਰ ਰੱਖ ਰਹੀ ਸੀ। ਇਸ ਸੰਭਾਵੀ ਬਗ਼ਾਵਤ ਨੂੰ ਕੁਚਲਣ ਲਈ 5 ਸਤੰਬਰ, 1914 ਨੂੰ ਇਕ ਨਵਾਂ ਆਰਡੀਨੈਂਸ ਪਾਸ ਕਰ ਦਿਤਾ ਗਿਆ ਜੋ ਕ੍ਰਾਂਤੀਕਾਰੀਆਂ ਵਿਰੁਧ ਪੁਲਿਸ ਲਈ ਇਕ ਨਵਾਂ ਹਥਿਆਰ ਸੀ। ਇਸੇ ਆਰਡੀਨੈਂਸ ਤਹਿਤ ਕਰੀਬ ਪੌਣੇ ਦੋ ਸੌ ਕ੍ਰਾਂਤੀਕਾਰੀਆਂ ਨੂੰ ਜਹਾਜ਼ਾਂ ’ਚੋਂ ਉਤਰਦਿਆਂ ਹੀ ਦਬੋਚ ਲਿਆ ਗਿਆ, ਜਿਨ੍ਹਾਂ ਵਿਚ ਸੋਹਣ ਸਿੰਘ ਭਕਨਾ ਵੀ ਸੀ। ਇਹੀ ਨਹੀਂ, ਇਸ ਫੜੋ-ਫੜੀ ਦੇ ਚਲਦਿਆਂ ਪਿਛੇ ਆ ਰਹੇ ਕ੍ਰਾਂਤੀਕਾਰੀਆਂ ਨੂੰ ਅਪਣਾ ਅਸਲਾ ਸਮੁੰਦਰ ਵਿਚ ਹੀ ਸੁਟਣਾ ਪੈ ਗਿਆ। ਹਥਿਆਰਾਂ ਸਮੇਤ ਫੜੇ ਜਾਣ ਦਾ ਮਤਲਬ ਬਾਗ਼ੀ ਸਾਬਤ ਹੋਣਾ ਸੀ।

ਬੇਸ਼ੱਕ ਕਰਤਾਰ ਸਿੰਘ ਸਰਾਭਾ ਅਪਣੇ ਅਨੇਕਾਂ ਸਾਥੀਆਂ ਸਮੇਤ ਪੁਲਿਸ ਨੂੰ ਝਕਾਨੀ ਦੇ ਕੇ ਬਚ ਨਿਕਲਣ ’ਚ ਕਾਮਯਾਬ ਹੋ ਗਿਆ ਸੀ ਪਰ ਸੋਹਣ ਸਿੰਘ ਭਕਨਾ ਦਾ ਫੜਿਆ ਜਾਣਾ ਪਾਰਟੀ ਲਈ ਸੱਭ ਤੋਂ ਵੱਡਾ ਝਟਕਾ ਸੀ। ਭਕਨਾ ਸਮੇਤ ਅਨੇਕਾਂ ਕ੍ਰਾਂਤੀਕਾਰੀਆਂ ਦਾ ਫੜਿਆ ਜਾਣਾ ਤੇ ਵੱਡੀ ਮਾਤਰਾ ਵਿਚ ਅਸਲੇ ਨੂੰ ਸਮੁੰਦਰ ਵਿਚ ਵਹਾਏ ਜਾਣ ਨਾਲ ਮਿਸ਼ਨ ਗ਼ਦਰ ਦੇ ਅਰੰਭ ਹੋਣ ਤੋਂ ਪਹਿਲਾਂ ਹੀ ਬਿਖਰ ਜਾਣ ਦਾ ਡਰ ਪੈਦਾ ਹੋ ਗਿਆ। ਪਰ ਕਰਤਾਰ ਸਿੰਘ ਸਰਾਭਾ ਨੇ ਹੌਂਸਲਾ ਨਾ ਹਾਰਿਆ ਤੇ ਗ੍ਰਿਫ਼ਤਾਰੀ ਤੋਂ ਬਚੇ ਅਪਣੇ ਸਾਥੀਆਂ ਹਰਨਾਮ ਸਿੰਘ ਟੁੰਡੀਲਾਟ, ਜਗਤ ਸਿੰਘ, ਮਥਰਾ ਸਿੰਘ, ਪੰਡਤ ਜਗਤ ਰਾਮ, ਪ੍ਰਿਥਵੀ ਸਿੰਘ, ਰੁਲੀਆ ਸਿੰਘ, ਰੂੜ ਸਿੰਘ ਚੂਹੜਚੱਕ ਤੇ ਗੁਰਮੁਖ ਸਿੰਘ ਲਲਤੋਂ ਆਦਿ ਨਾਲ ਅਪਣੇ ਮਕਸਦ ਨੂੰ ਪੂਰਾ ਕਰਨ ਵਿਚ ਜੁਟ ਪਿਆ। ਉਦੋਂ ਤਕ ਬੇਸ਼ੱਕ ਦੇਸ਼ ਪੁੱਜੇ ਛੇ-ਸੱਤ ਹਜ਼ਾਰ ਕ੍ਰਾਂਤੀਕਾਰੀਆਂ ’ਚੋਂ ਕਾਫ਼ੀ ਗਿਣਤੀ ਵਿਚ ਫੜੇ ਜਾ ਚੁਕੇ ਸਨ ਪਰ ਅਜੇ ਵੀ ਛੋਟੇ-ਛੋਟੇ ਜਥੇ ਕਿਸੇ ਨਾ ਕਿਸੇ ਤਰ੍ਹਾਂ ਦੇਸ਼ ਪੁੱਜ ਰਹੇ ਸਨ।

ਹਾਲਾਤ ਹੁਣ ਹੋਰ ਵੀ ਜ਼ਿਆਦਾ ਮਿਹਨਤ ਦੀ ਮੰਗ ਕਰ ਰਹੇ ਸਨ। ਅੰਗਰੇਜ਼ ਹਕੂਮਤ ਨਾਲ ਮੱਥਾ ਲਾਉਣ ਲਈ ਹੁਣ ਕਾਫੀ ‘ਮੈਨ ਪਾਵਰ’ ਦੇ ਨਾਲ-ਨਾਲ ਹਥਿਆਰਾਂ ਦੀ ਲੋੜ ਹੁਣ ਦੁਬਾਰਾ ਪੈਦਾ ਹੋ ਗਈ ਸੀ। ਵਿਸ਼ਵ-ਯੁੱਧ ਕਾਰਨ ‘ਮੈਨ ਪਾਵਰ’ ਜੁਟਾਉਣਾ ਵੀ ਹੁਣ ਇੰਨਾ ਆਸਾਨ ਨਹੀਂ ਸੀ। ਮੁਰੱਬਿਆਂ ਦੇ ਲਾਲਚ ਵਿਚ ਪਿੰਡਾਂ ਦੇ ‘ਸਿਰਕੱਢ’ ਲੋਕ ਪਿੰਡਾਂ ’ਚੋਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਪ੍ਰੇਰਤ ਕਰ ਕੇ ਫ਼ੌਜ ਵਿਚ ਭੇਜ ਰਹੇ ਸਨ। ਇਕ ਹੀ ਜਗ੍ਹਾ ਸੀ ਜਿਥੋਂ ਇਹ ਦੋਵੇਂ ਖੱਪੇ ਪੂਰੇ ਜਾ ਸਕਦੇ ਸਨ, ਉਹ ਸਨ ਫੌਜੀ-ਛਾਉਣੀਆਂ। ਇਥੋਂ ਸਿਖਿਅਤ ਕ੍ਰਾਂਤੀਕਾਰੀਆਂ ਦੇ ਨਾਲ-ਨਾਲ ਅਸਲਾ ਵੀ ਅਪਣੇ ਆਪ ਮਿਲ ਜਾਣਾ ਸੀ ਤੇ ਅੰਗਰੇਜ਼ੀ ਤਾਕਤ ਨੂੰ ਵੀ ਖੋਰਾ ਲਗਣਾ ਸੀ। ਅੰਗਰੇਜ਼ੀ ਸੂਹੀਆ-ਤੰਤਰ ਨੂੰ ਗ਼ਦਰ ਪਾਰਟੀ ਦੀ ਪਲ-ਪਲ ਦੀ ਖ਼ਬਰ ਹੋਣ ਦੇ ਚਲਦਿਆਂ ਬਿਨਾਂ-ਸ਼ੱਕ ਇਹ ਕੰਮ ਅਤਿਅੰਤ ਖ਼ਤਰਿਆਂ ਭਰਿਆ ਸੀ ਪਰ ਕਰਤਾਰ ਸਿੰਘ ਸਰਾਭਾ ਇਨ੍ਹਾਂ ਸੱਭ ਖ਼ਤਰਿਆਂ ਦੀ ਪ੍ਰਵਾਹ ਕੀਤੇ ਬਿਨਾਂ ਇਸ ਮਕਸਦ ਵਿਚ ਜੁਟ ਗਿਆ ਤੇ ਅਪਣੇ ਵਿਲੱਖਣ ਸੁਭਾਅ ਤੇ ਯੋਗਤਾ ਸਦਕਾ ਉਸ ਨੂੰ ਇਸ ਕੰਮ ਵਿਚ ਕਾਫ਼ੀ ਸਫ਼ਲਤਾ ਵੀ ਮਿਲੀ।

ਅਸਲੇ ਦੀ ਦੂਜੀ ਵੱਡੀ ਉਮੀਦ ਬੰਗਾਲ ਦੇ ਕ੍ਰਾਂਤੀਕਾਰੀਆਂ ਤੋਂ ਸੀ। ਕਰਤਾਰ ਸਿੰਘ ਸਰਾਭਾ ਇਸ ਮਕਸਦ ਲਈ ਬੰਗਾਲ ਚਲਾ ਗਿਆ ਤੇ ਬੰਗਾਲੀ ਕ੍ਰਾਂਤੀਕਾਰੀ ਆਗੂ ਸਚਿੰਦਰ ਨਾਥ ਸਾਨਿਆਲ ਨੂੰ ਮਿਲ ਕੇ ਅਪਣੀ ਯੋਜਨਾ ਸਾਂਝੀ ਕਰਦਿਆਂ ਇਸ ਮਕਸਦ ਲਈ ਲੋੜੀਂਦੇ ਅਸਲੇ ਦੀ ਲੋੜ ਬਾਰੇ ਦਸਿਆ। ਸਾਨਿਆਲ ਨੇ ਨੈਤਿਕ ਸਮਰਥਨ ਦੇ ਨਾਲ-ਨਾਲ ਬੰਬ ਤੇ ਬੰਬ ਬਣਾਉਣ ਦੀ ਤਕਨੀਕ ਮੁਹਈਆ ਕਰਵਾਉਣ ਦਾ ਭਰੋਸਾ ਦਿਤਾ ਪਰ ਪਿਸਤੌਲ ਤੇ ਗੋਲੀ-ਸਿੱਕਾ ਦੇਣ ਤੋਂ ਅਸਮਰਥਤਾ ਪ੍ਰਗਟ ਕੀਤੀ, ਜਿਸ ਦੀ ਉਮੀਦ ਸਰਾਭਾ ਮੁੱਖ ਤੌਰ ’ਤੇ ਲੈ ਕੇ ਗਿਆ ਸੀ। ਉਂਝ ਸਾਨਿਆਲ ਗ਼ਦਰ ਪਾਰਟੀ ਵਿਚ ਪ੍ਰਪੱਕ ਲੀਡਰਸ਼ਿਪ ਦੀ ਘਾਟ, ਪਾਰਟੀ ਦੇ ਬਹੁਤੇ ਕਾਰਕੁਨਾਂ ਦੇ ਅਨਪੜ੍ਹ ਜਾਂ ਬਹੁਤ ਘੱਟ ਪੜ੍ਹੇ ਹੋਣ ਤੇ ਪਾਰਟੀ ਦਾ ਦੇਸ਼ ਵਿਚ ਅਪਣਾ ਕੋਈ ਕੇਂਦਰ ਨਾ ਹੋਣ ਆਦਿ ਕਾਰਨਾਂ ਕਰ ਕੇ ਗ਼ਦਰ ਦੀ ਸਫ਼ਲਤਾ ਬਾਰੇ ਕੋਈ ਬਹੁਤੇ ਆਸਵੰਦ ਵੀ ਦਿਖਾਈ ਨਾ ਦਿਤੇ।
                                                                      - ਜਸਬੀਰ ਸਿੰਘ ਕੰਗਣਵਾਲ, ਪਟਿਆਲਾ
                                                                      ਮੋਬਾਈਲ : 9465207626