ਸ੍ਰੀ ਨਨਕਾਣਾ ਸਾਹਿਬ 3 ਦਾ ਇਤਿਹਾਸਕ ਪਿਛੋਕੜ ਤੇ ਕੌਮੀ ਸੰਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਥੱਕ ਹਾਰ ਕੇ ਭਾਈ ਦਲੀਪ ਸਿੰਘ 20 ਫ਼ਰਵਰੀ ਦੇ ਤੜਕਸਾਰ ਸ੍ਰੀ ਨਨਕਾਣਾ ਸਾਹਿਬ ਵਿਖੇ ਭਾਈ ਉੱਤਮ ਸਿੰਘ ਦੇ ਕਾਰਖ਼ਾਨੇ ਪਹੁੰਚਾ

Sri Nankana Sahib

(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਥੱਕ ਹਾਰ ਕੇ ਭਾਈ ਦਲੀਪ ਸਿੰਘ 20 ਫ਼ਰਵਰੀ ਦੇ ਤੜਕਸਾਰ ਸ੍ਰੀ ਨਨਕਾਣਾ ਸਾਹਿਬ ਵਿਖੇ ਭਾਈ ਉੱਤਮ ਸਿੰਘ ਦੇ ਕਾਰਖ਼ਾਨੇ ਪਹੁੰਚਾ ਤੇ ਉਥੋਂ ਮੁਨਸ਼ੀ ਭਾਈ ਵਰਿਆਮ ਸਿੰਘ ਨੂੰ ਚਿੱਠੀ ਦੇ ਕੇ ਤੋਰਿਆ ਕਿ ਉਹ ਜਥੇਦਾਰ ਧਾਰੋਵਾਲ ਨੂੰ ਰੋਕਣ ਦਾ ਯਤਨ ਕਰਨ। ਇਤਿਹਾਸ ਕਹਿੰਦਾ ਹੈ ਜਥੇਦਾਰ ਜੀ ਤਾਂ ਭਾਈ ਦਲੀਪ ਸਿੰਘ ਦੇ ਸਨੇਹ ਕਾਰਨ ਰੁਕਣ ਲਈ ਤਿਆਰ ਹੋ ਗਿਆ ਪਰ ਭਾਈ ਟਹਿਲ ਸਿੰਘ ਨੇ ਕਿਹਾ ਕਿ ‘‘ਇਕ ਤਾਂ ਅਸੀ ਹੁਣ ਅਰਦਾਸ ਕਰ ਚੁੱਕੇ ਹਾਂ ਗੁਰੂ ਦਰਬਾਰ ਦੀਆਂ ਕੁਰੀਤੀਆਂ ਨੂੰ ਅਪਣੇ ਖ਼ੂਨ ਨਾਲ ਧੋਣ ਦੀ ਤੇ ਦੂਜੇ ਅੱਜ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ। ਅਪਣੇ ਬਚਨਾਂ ਤੋਂ ਫਿਰਨਾ ਸੂਰਮਿਆਂ ਦਾ ਕੰਮ ਨਹੀਂ। ਮੈਂ ਤਾਂ ਗੁਰਦਵਾਰਾ ਸਾਹਿਬ ਮੱਥਾ ਟੇਕਾਂਗਾ। ਕੋਈ ਤੁਰੇ ਜਾਂ ਨਾ।’’ ਇਉਂ ਕਹਿ ਉਹ ਜਿਉਂ ਹੀ ਚਲਿਆ, ਫਿਰ ਪਿੱਛੇ ਕਿਸ ਨੇ ਰਹਿਣਾ ਸੀ? ਬੱਚੋਆਣੇ ਦੇ ਚੌਧਰੀ ਪਾਲ ਸਿੰਘ ਨੇ ਜਥੇਦਾਰ ਲਛਮਣ ਸਿੰਘ ਨੂੰ ਜੱਫਾ ਮਾਰ ਕੇ ਰੋਕਣ ਦਾ ਯਤਨ ਕੀਤਾ ਪਰ ਉਹ ਵੀ ਸਿੰਘ ਦੇ ਜੋਸ਼ ਸਾਹਵੇਂ ਸਫ਼ਲ ਨਾ ਹੋ ਸਕਿਆ।

150 ਸਿੰਘਾਂ ਦਾ ਜਥਾ ਸਰੋਵਰ ਵਿਚੋਂ ਇਸ਼ਨਾਨ ਕਰਨ ਉਪਰੰਤ ਸਵੇਰੇ ਛੇ ਵਜੇ ਗੁਰਦਵਾਰਾ ਸਾਹਿਬ ਪੁੱਜਾ। ਜਥੇਦਾਰ ਲਛਮਣ ਸਿੰਘ ਨੇ ਥਾਂ-ਥਾਂ ਕੁੱਝ ਸਿੰਘਾਂ ਦੀਆਂ ਡਿਊਟੀਆਂ ਲਗਾਈਆਂ ਤੇ ਸਾਰਿਆਂ ਨੂੰ ਹਰ ਪੱਖੋਂ ਸ਼ਾਂਤ ਰਹਿਣ ਦੀਆਂ ਹਦਾਇਤਾਂ ਵੀ ਕੀਤੀਆਂ। ਉਹ ਆਪ ਗੁਰਦਵਾਰਾ ਸਾਹਿਬ (ਪ੍ਰਕਾਸ਼ ਅਸਥਾਨ) ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਉਤੇ ਬੈਠ ਗਏ। ਆਸਾ ਦੀ ਵਾਰ ਦਾ ਕੀਰਤਨ ਆਰੰਭ ਹੋਇਆ। ਉਥੇ ਬੈਠੇ ਕੁੱਝ  ਸਾਧੂ ਸਹਿਜੇ-ਸਹਿਜੇ ਖਿਸਕ ਗਏ ਗਏ। ਮਹੰਤ ਦੇ ਇਸ਼ਾਰੇ ਨਾਲ ਦੱਖਣ ਦੀ ਬਾਹੀ ਤੋਂ ਪਹਾੜੇ ਦੇ ਪਠਾਣਾਂ ਨੇ ਗੋਲੀਆਂ ਦੀ ਵਰਖਾ ਕੀਤੀ। ਦਖਣੀ ਦਰਵਾਜ਼ੇ ਉਤੇ ਪਹਿਰਾ ਦੇ ਰਹੇ ਭਾਈ ਟਹਿਲ ਸਿੰਘ ਧਾਰੋਵਾਲ ਸਮੇਤ ਬਹੁਤੇ ਸਿੰਘ ਗੋਲੀਆਂ ਦਾ ਨਿਸ਼ਾਨਾਂ ਬਣ ਗਏ। ਕੁੱਝ ਗੋਲੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੇਤ ਤਾਬਿਆ ਬੈਠੇ ਜਥੇਦਾਰ ਨੂੰ ਵੀ ਲਗੀਆਂ।

ਸਹਿਕਦੇ ਸਿੰਘਾਂ ਨੂੰ ਤਲਵਾਰਾਂ ਤੇ ਛਵ੍ਹੀਆਂ ਨਾਲ ਟੋਟੇ-ਟੋਟੇ ਕੀਤਾ ਗਿਆ। ਪਟਿਆਲੇ ਦੇ ਸ਼ਹੀਦ ਭਾਈ ਕੇਹਰ ਸਿੰਘ ਦਾ 12 ਸਾਲ ਦਾ ਬੱਚਾ, ਜਿਹੜਾ ਉਥੇ ਅਲਮਾਰੀ ਵਿਚ ਲੁਕਿਆ ਬੈਠਾ ਸੀ, ਉਸ ਨੂੰ ਚੁਕਿਆ ਤੇ ਜਿਊਂਦੇ ਨੂੰ ਹੀ ਭੱਠੀ ਵਿਚ ਸੁੱਟ ਕੇ ਸਾੜ ਦਿਤਾ। ਸਹਿਕਦੇ ਭਾਈ ਲਛਮਣ ਸਿੰਘ ਨੂੰ ਨੇੜਲੇ ਜੰਡ ਨਾਲ ਪੁੱਠਾ ਲਟਕਾਇਆ ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਕੇ ਸਾੜਿਆ। ਉਹ ਜੰਡ ਵੀ ਗਵਾਹੀ ਵਜੋਂ ਅਜੇ ਸੁਰੱਖਿਅਤ ਹੈ। ਭਾਈ ਵਰਿਆਮ ਸਿੰਘ ਧਾਰੋਵਾਲੀ ਜਥੇ ਦੇ ਫ਼ੈਸਲੇ ਸਬੰਧੀ ਭਾਈ ਦਲੀਪ ਸਿੰਘ ਨੂੰ ਦੱਸਣ ਲਈ ਅਜੇ ਸ੍ਰ. ਉਤਮ ਸਿੰਘ ਦੇ ਕਾਰਖ਼ਾਨੇ ਪਹੁੰਚਿਆ ਹੀ ਸੀ ਕਿ ਉਨ੍ਹਾਂ ਨੇ ਗੋਲੀਆਂ ਦੀ ਆਵਾਜ਼ ਸੁਣੀ। ਉਹ ਦੋਵੇਂ ਦੌੜੇ ਤੇ ਮਹੰਤ ਨੂੰ ਕਤਲੇਆਮ ਰੋਕਣ ਲਈ ਆਖਿਆ ਕਿਉਂਕਿ ਉਹ ਦੋਵੇਂ ਮਹੰਤ ਦੇ ਚੰਗੇ ਜਾਣੂ ਸਨ। ਭਾਈ ਦਲੀਪ ਸਿੰਘ ਨੇ ਮਹੰਤ ਨੂੰ ਕਿਹਾ ਕਿ ਜੇ ਤੂੰ ਰੁਕ ਜਾਏ ਤਾਂ ਮੈਂ ਤੈਨੂੰ ਅਜੇ ਵੀ ਪੰਥ ਪਾਸੋਂ ਮਾਫ਼ ਕਰਵਾ ਸਕਦਾ ਹਾਂ।

ਪ੍ਰੰਤੂ ਘੋੜੇ ’ਤੇ ਸਵਾਰ ਹਲਕਾਏ ਮਹੰਤ ਨੇ ਕੋਈ ਗੱਲ ਨਾ ਸੁਣੀ ਤੇ ਭਾਈ ਦਲੀਪ ਸਿੰਘ ਨੂੰ ਅਪਣੇ ਪਸਤੌਲ ’ਚੋਂ ਗੋਲੀ ਮਾਰੀ। ਭਾਈ ਵਰਿਆਮ ਸਿੰਘ ਨੂੰ ਮਹੰਤ ਦੇ ਗੁੰਡਿਆਂ ਨੇ ਤਲਵਾਰਾਂ ਨਾਲ ਟੋਟੇ ਕੀਤਾ ਅਤੇ ਫਿਰ ਦੋਹਾਂ ਨੂੰ ਸਹਿਕਦਿਆਂ ਹੀ ਘੁਮਿਆਰਾਂ ਦੀ ਨੇੜਲੀ ਭੱਠੀ ਵਿਚ ਸੁੱਟ ਦਿਤਾ ਗਿਆ। ਬਾਕੀ ਦੀਆਂ ਕੱਟੀਆਂ ਵੱਢੀਆਂ ਤੇ ਗੋਲੀਆਂ ਵਿੰਨ੍ਹੀਆਂ ਲਾਸ਼ਾਂ ਇਕੱਠਾ ਕਰਵਾ ਕੇ ਮਿੱਟੀ ਦਾ ਤੇਲ ਪਾ ਕੇ ਸਾੜ ਸੁੱਟਿਆ ਤਾਕਿ ਕਿਸੇ ਦੀ ਕੋਈ ਪਛਾਣ ਨਾ ਹੋ ਸਕੇ ਅਤੇ ਨਾ ਹੀ ਕੋਈ ਮੌਕੇ ਦਾ ਗਵਾਹ ਬਚੇ। ਕੇਵਲ ਚਾਰ ਸ੍ਰੀਰ ਸਨ, ਜੋ ਉਪਰੋਕਤ ਢੇਰ ਵਿਚ ਸਾੜੇ ਨਹੀਂ ਗਏ। ਇਨ੍ਹਾਂ ਵਿਚ ਇਕ ਸੀ ਜਥੇਦਾਰ ਧਾਰੋਵਾਲ ਦਾ ਪੁੱਤਰ ਬਣਿਆ ਭਾਈ ਮੰਗਲ ਸਿੰਘ ਜਿਸ ਨੂੰ ਮਜ਼ਹਬੀ ਸ਼ੂਦਰ ਜਾਣ ਕੇ ਹੱਥ ਨਾ ਲਗਾਇਆ ਤੇ ਦੂਜਾ ਸੀ ਕੋਈ ਉਦਾਸੀ ਸਾਧੂ, ਜਿਹੜਾ ਕਿਸੇ ਬਦਮਾਸ਼ ਦੀ ਗੋਲੀ ਦਾ ਅਚਾਨਕ ਸ਼ਿਕਾਰ ਹੋਇਆ। ਅਕਾਲੀਆਂ ਦੇ ਅਜਿਹੇ ਸ਼ਾਂਤਮਈ ਸੰਘਰਸ਼ ਤੇ ਸ਼ਹਿਨਸ਼ੀਲਤਾ ਨੂੰ ਜਾਣ ਕੇ ਹੀ ਮੁਸਲਮ ਅਖ਼ਬਾਰ ‘ਸਿਆਸਤ’ ਦੇ ਐਡੀਟਰ ਸਯਦ ਹਬੀਬ ਨੂੰ ਲਿਖਣਾ ਪਿਆ ਸੀ ‘‘ਬਹਾਦਰੀ ਮੇਂ ਵੁਹ ਯਕਤਾ ਹੈਂ ਲੇਕਿਨ, ਨਹੀਂ ਹੈਂ ਕੁਵੱਤੇ ਬਰਦਾਸ਼ਤ ਸੇ ਖਾਲੀ ਸਿੱਖ।’’

ਕਾਰਖ਼ਾਨੇਦਾਰ ਸ੍ਰ. ਉਤਮ ਸਿੰਘ ਨੇ ਸ੍ਰ. ਕਰਮ ਸਿੰਘ ਸਟੇਸ਼ਨ ਮਾਸਟਰ ਦੇ ਸਹਿਯੋਗ ਨਾਲ ਸ਼੍ਰੋਮਣੀ ਕਮੇਟੀ ਤੇ ਹੋਰ ਸਿੱਖ ਆਗੂਆਂ ਸਮੇਤ ਪੰਜਾਬ ਦੇ ਗਵਰਨਰ, ਲਹੌਰ ਦੇ ਕਮਿਸ਼ਨਰ, ਸਥਾਨਕ ਡੀ.ਸੀ. ਤੇ ਹੋਰ ਪੁਲਿਸ ਅਫ਼ਸਰਾਂ ਨੂੰ ਤਾਰਾਂ ਰਾਹੀਂ ਉਪਰੋਕਤ ਕਤਲੇਆਮ ਪ੍ਰਤੀ ਸੂਚਿਤ ਕੀਤਾ। ਦੇਸ਼ ਵਿਚ ਹਾਹਾਕਾਰ ਮੱਚ ਗਈ। ਸਰਕਾਰ ਨੇ ਸ੍ਰੀ ਨਨਕਾਣਾ ਸਾਹਿਬ ਦੇ ਸਾਰੇ ਰਸਤੇ ਬੰਦ ਕਰ ਦਿਤੇ। ਮਹੰਤ ਤੇ ਉਸ ਦੇ 26 ਪਠਾਣ ਪਿੱਠੂ ਬਦਮਾਸ਼ਾਂ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਨੂੰ ਇਕ ਸਪੈਸ਼ਲ ਟ੍ਰੇਨ ਰਾਹੀਂ ਲਾਹੌਰ ਭੇਜ ਦਿਤਾ। ਗੁਰਦਵਾਰਾ ਜਨਮ ਸਥਾਨ ਅੰਗਰੇਜ਼ ਸਰਕਾਰ ਨੇ ਅਪਣੇ ਕਬਜ਼ੇ ਹੇਠ ਕਰ ਕੇ ਬੰਦ ਕਰ ਦਿਤਾ। ਜਥੇਦਾਰ ਕਰਤਾਰ ਸਿੰਘ ਝੱਬਰ ਤਾਂ ਗੁਰਦਵਾਰਾ ਚੂਹੜਕਾਣਾ ਸਾਹਿਬ ਤੋਂ ਅਪਣੇ ਹਥਿਆਰਬੰਦ ਜਥੇ ਸਮੇਤ ਘੋੜਿਆਂ ਉਤੇ ਸਵਾਰ ਹੋ ਕੇ ਵੱਖ-ਵੱਖ ਥਾਈਂ ਹੋਕਾ ਦਿੰਦੇ ਹੋਏ ਹੋਏ 20 ਫ਼ਰਵਰੀ ਰਾਤ ਦੇ ਗਿਆਰਾ ਵਜੇ ਹੀ ਪਿੰਡ ਕੋਟ ਦਰਬਾਰ ਵਿਖੇ ਪਹੁੰਚ ਗਏ ।

ਉਸ ਵੇਲੇ ਤਕ ਉਨ੍ਹਾਂ ਨਾਲ 4000 ਤੋਂ ਉਪਰ ਮਾਈ ਭਾਈ ਇਕੱਤਰ ਹੋ ਚੁੱਕੇ ਸਨ। ਦਸਿਆ ਜਾਂਦਾ ਹੈ ਕਿ ਸ੍ਰੀ ਨਾਨਕਾਣਾ ਸਾਹਿਬ ਉਥੋਂ ਕੇਵਲ 2 ਮੀਲ ਦੀ ਦੂਰੀ ਸੀ। ਜਥੇਦਾਰ ਸਾਹਬ ਨੇ ਤੜਕਸਾਰ ਸ਼ਹੀਦ ਬਾਬਾ ਦੀਪ ਸਿੰਘ ਵਾਂਗ ਅੱਗੇ ਵੱਧ ਕੇ ਲਕੀਰ ਖਿੱਚੀ ਤੇ ਲਲਕਾਰ ਕੇ ਆਖਿਆ, ‘‘ਉਹੀ ਇਸ ਨੂੰ ਟੱਪਣ, ਜਿਨ੍ਹਾਂ ਗੁਰਦੁਆਰਾ ਸਾਹਿਬ ਦੀ ਅਜ਼ਾਦੀ ਲਈ ਸ਼ਹੀਦੀ ਪ੍ਰਾਪਤ ਕਰਨੀ ਹੈ । ਕਹਿੰਦੇ ਹਨ ਕਿ 2200 ਸਿੰਘ ਸਿੰਘਣੀਆਂ ਸਿਰਾਂ ਉਤੇ ਕਫ਼ਨ ਬੰਨ੍ਹ ਕੇ ਅੱਗੇ ਵਧੇ ਤੇ ਉਨ੍ਹਾਂ ਨੇ ਜਨਮ ਸਥਾਨ ਵਲ ਕੂਚ ਕਰ ਦਿਤਾ। ਜਥੇਦਾਰ ਦਾ ਸ਼ਹੀਦੀ ਜਥਾ ਜਦੋਂ ਰੇਲਵੇ ਲਾਈਨ ਨੇੜੇ ਪੁੱਜਾ ਤਾਂ ਲਾਹੌਰ ਦੇ ਕਮਿਸ਼ਨਰ ਤੇ ਸਥਾਨਕ ਡੀ.ਸੀ ਸਮੇਤ ਪੁਲਿਸ ਤੇ ਫ਼ੌਜੀ ਜਰਨੈਲ ਖੜੇ ਸਨ। ਉਨ੍ਹਾਂ ਨਾਲ ਸਨ ਪੰਜਾਬ ਸਰਕਾਰ ਦੇ ਵਕੀਲ ਸ. ਬ. ਬੀਰਮਹਿਤਾਬ ਸਿੰਘ, ਸ੍ਰ. ਹਰਿਬੰਸ ਸਿੰਘ ਅਟਾਰੀ, ਪ੍ਰੋ. ਭਾਈ ਜੋਧ ਸਿੰਘ ਤੇ ਲਾਹੌਰ ਦੇ ਸ੍ਰ. ਲਾਲ ਸਿੰਘ ਆਦਿ। ਡਿਪਟੀ ਕਮਿਸ਼ਨਰ ਮਿ. ਕੱਰੀ ਨੇ ਜਥੇਦਾਰ ਝੱਬਰ ਜੀ ਨੂੰ ਤਾੜਨਾ ਕੀਤੀ ਕਿ ਉਹ ਅੱਗੇ ਨਾ ਵਧਣ ਕਿਉਂਕਿ ਅੱਗੇ ਗੋਰਾ ਫ਼ੌਜ ਹੈ। ਉਹ ਗੋਲੀ ਚਲਾ ਸਕਦੀ ਹੈ।

ਝੱਬਰ ਜੀ ਨੇ ਬੇਖ਼ੌਫ਼ੀ ਨਾਲ ਆਖਿਆ, “ਆਪ ਗੋਲੀ ਚਲਾਉ ਔਰ ਮੇਰੇ ਜਵਾਨੋਂ ਕੇ ਹਾਥ ਵੇਖੋ।’’ ਅਜਿਹਾ ਬੇਬਾਕੀ ਭਰਿਆ ਉੱਤਰ ਸੁਣ ਕੇ ਡੀ.ਸੀ. ਆਖਿਆ, “ਆਪ  ਕੁੱਝ ਇੰਤਜ਼ਾਰ ਕਰੋ, ਗੁਰਦਵਾਰੇ ਕੀ ਚਾਬੀਆਂ ਕਲ ਸਵੇਰੇ ਮਿਲੇਂਗੀ’’ ਕਿਉਂਕਿ ਉਹ ਸਮਝਦੇ ਸਨ ਕਿ ਉਥੋਂ ਦੀ ਕਤਲੇਆਮ ਦਾ ਭਿਆਨਕ ਦ੍ਰਿਸ਼ ਵੇਖ ਕੇ ਸਿੱਖ ਸੰਗਤ ਹੋਰ ਭੜਕਾਹਟ ਵਿਚ ਆਵੇਗੀ। ਜਥੇਦਾਰ ਜੀ ਨੇ ਜਥੇ ਸਮੇਤ ਤਲਵਾਰਾਂ ਸੂਤ ਕੇ ਜੈਕਾਰਾ ਛੱਡਿਆ ਤੇ ਫਿਰ ਆਖਿਆ ਕਿ “ਮਿ. ਕੱਰੀ! ਚਾਬੀਆਂ ਭੀ ਅਭੀ ਲੇਨੀ ਹੈ ਔਰ ਗੋਰਾ ਫ਼ੌਜ ਭੀ ਅਭੀ ਹਟੇਗੀ।’’ ਮੁਕਦੀ ਗੱਲ, ਜਥੇਦਾਰ ਦੀ ਦ੍ਰਿੜਤਾ ਵੇਖ ਕੇ ਮਿ. ਕੱਰੀ ਨੇ ਚਾਬੀਆਂ ਝੱਬਰ ਜੀ ਦੇ ਹੱਥ ਫੜਾਈਆਂ ਤੇ ਫੌਜ ਨੂੰ ਪਿੱਛੇ ਹਟਾ ਦਿਤਾ। 

 ਸਿੱਖ ਜਰਨੈਲ ਸ੍ਰ ਸ਼ਾਮ ਸਿੰਘ ਅਟਾਰੀ ਦੇ ਖ਼ਾਨਦਾਨ ਵਿਚੋਂ ਸ੍ਰ. ਹਰਬੰਸ ਸਿੰਘ ਦੀ ਪ੍ਰਧਾਨਗੀ ਹੇਠ 7 ਮੈਂਬਰੀ ਕਮੇਟੀ ਬਣਾ ਕੇ ਉਨ੍ਹਾਂ ਦੀ ਅਗਵਾਈ ਵਿਚ ਜਥੇਦਾਰ ਜੀ ਸਮੇਤ ਕੁੱਝ ਸਿੰਘ ਗੁਰਦਵਾਰਾ ਸਾਹਿਬ ਦੇ ਅੰਦਰ ਦਾਖ਼ਲ ਹੋਏ। ਉਨ੍ਹਾਂ ਨੇ ਜੋ ਭਿਆਨਕ ਦ੍ਰਿਸ਼ ਵੇਖਿਆ, ਉਹ ਦਿਲ ਕੰਬਾਊ ਸੀ। ਸਿੰਘਾਂ ਦੀਆਂ ਸੜੀਆਂ ਖੋਪਰੀਆਂ ਤੇ ਕਕਾਰ ਖਿਲਰੇ ਹੋਏ ਸਨ। ਹਰ ਪਾਸੇ ਖ਼ੂਨ ਤੇ ਮਾਸ ਦੇ ਚੀਥੜੇ ਹੀ ਵਿਖਾਈ ਦੇ ਰਹੇ ਸਨ, ਜਿਨ੍ਹਾਂ ਨਾਲ ਵੱਡੇ-ਵੱਡੇ ਦੋ ਟੋਕਰੇ ਭਰ ਗਏ। 119 ਖੋਪੜੀਆਂ ਗੁਰਦਵਾਰਾ ਸਾਹਿਬ ਦੇ ਅੰਦਰੋਂ ਤੇ 7 ਖੋਪਰੀਆਂ ਤੇ ਕੜੇ ਆਦਿ ਕਕਾਰ ਬਾਹਰਲੀ ਭੱਠੀ ਵਿਚੋਂ ਮਿਲੇ। ਸੱਭ ਕੁੱਝ ਇਕੱਠਾ ਕਰ ਕੇ ਸ਼ਹੀਦੀ ਬਬਾਣ ਤਿਆਰ ਕੀਤਾ ਗਿਆ। 22 ਫ਼ਰਵਰੀ ਸਵੇਰੇ 11 ਵਜੇ 60 ਹਜ਼ਾਰ ਦੇ ਲਗਭਗ ਸਿੱਖ ਸੰਗਤ ਗੁਰਦਵਾਰਾ ਸਾਹਿਬ ਦਾਖ਼ਲ ਹੋਈ ਤਾਂ ਦਰਦਨਾਕ ਹਾਲਾਤ ਵੇਖ ਕੇ ਸਾਰਿਆਂ ਦੀਆਂ ਭੁੱਬਾਂ ਨਿਕਲ ਗਈਆਂ। ਰਾਗੀ ਭਾਈ ਹੀਰਾ ਸਿੰਘ ਹੁਰਾਂ ਨੇ ਗੋਲੀਆਂ ਵਿੰਨ੍ਹੀ ਪਾਵਨ ਬੀੜ ਦਾ ਪ੍ਰਕਾਸ਼ ਕਰ ਕੇ ਅੱਥਰੂ ਕੇਰਦਿਆਂ ਦਰਸ਼ਨ ਕਰਵਾਏ ਤੇ ਵੈਰਾਗਮਈ ਕੀਰਤਨ ਕਰ ਕੇ ਸਿੱਖ ਸੰਗਤ ਨੂੰ ਧੀਰਜਵਾਨ ਕੀਤਾ। ਇਹੀ ਤਾਂ ਗੁਰਬਾਣੀ ਦੁਆਰਾ ਪ੍ਰਾਪਤ ਹੋਏ ਨਾਮ ਦਾ ਪ੍ਰਤਾਪ ਹੈ ਜਿਸ ਨੂੰ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਇਉਂ ਕਲਮਬੰਦ ਕੀਤਾ ਹੈ:- ਧੀਰਜੁ ਧਰਮੁ ਗੁਰਮਤਿ ਹਰਿ ਪਾਇਆ, ਨਿਤ ਹਰਿ ਨਾਮੈ ਹਰਿ ਸਿਉ ਚਿਤੁ ਲਾਵੈ॥ (ਗੁ.ਗ੍ਰੰ.-ਪੰ. 494) ਹੁਣ ਉਹ ਸ਼ਹੀਦੀ ਬੀੜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੁਰੱਖਿਅਤ ਹੈ। ਪ੍ਰੰਤੂ ਸਥਾਨਕ ਪੱਤਰਕਾਰ ਚਰਨਜੀਤ ਸਿੰਘ ਦਾ ਕਥਨ ਹੈ ਕਿ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿ. ਗੁਰਮੁਖ ਸਿੰਘ ਨੇ ਚੇਪੀਆਂ ਲਗਾ ਕੇ ਗੋਲੀਆਂ ਦੇ ਨਿਸ਼ਾਨ ਮਿਟਾਉਣ ਦਾ ਯਤਨ ਕੀਤਾ ਹੈ।

23 ਫ਼ਰਵਰੀ 1921 ਦੀ ਸਵੇਰ ਨੂੰ ਪੰਜਾਬ ਦੇ ਗਵਰਨਰ ਮੈਕਲੇਗਨ ਤੇ ਕਈ ਹੋਰ ਅੰਰਗੇਜ਼ ਅਫ਼ਸਰਾਂ ਸਮੇਤ ਕੌਂਸਲਰ ਸ੍ਰ. ਸੁੰਦਰ ਸਿੰਘ ਮਜੀਠੀਆ, ਲਾਲਾ ਹਰਕ੍ਰਿਸ਼ਨ ਲਾਲ ਤੇ ਸਰ ਫ਼ਜ਼ਲ ਹੁਸੈਨ ਆਦਿਕ ਕਈ ਆਗੂ ਸ੍ਰੀ ਨਨਕਾਣਾ ਸਾਹਿਬ ਪਹੁੰਚੇ। ਡਾ. ਭਾਈ ਜੋਧ ਸਿੰਘ ਨੇ ਵੈਰਾਗਮਈ ਤੇ ਭਾਵਪੂਰਤ ਅਰਦਾਸਾ ਸੋਧਿਆ ਤੇ ਸ਼ਾਮ ਨੂੰ 7 ਵਜੇ ਸ਼ਹੀਦਾਂ ਦਾ ਮਰਯਾਦਾ ਪੂਰਵਕ ਅੰਤਮ ਸਸਕਾਰ ਹੋਇਆ। ਇਥੇ ਹੁਣ ਸ਼ਹੀਦਗੰਜ ਅਸਥਾਨ ਹੈ, ਜਿਹੜਾ ਗੁਰਦਵਾਰਾ ਜਨਮ ਅਸਥਾਨ ਤੇ ਸ਼ਹੀਦਾਂ ਦੇ ਗਵਾਹ ਬਣੇ ਇਤਿਹਾਸਕ ਜੰਡ ਦੇ ਵਿਚਕਾਰ ਹੈ। ਅੰਦਰ ਬਣੇ ਭੋਰੇ ਵਿਚ ਸ਼ੀਸ਼ੇ ਦੇ ਢੱਕਣ ਹੇਠ ਸ਼ਹੀਦਾਂ ਦੀਆਂ ਅਸਥੀਆਂ ਸੰਭਾਲੀਆਂ ਹੋਈਆਂ ਹਨ। ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਉਰਦੂ ਤੇ ਫ਼ਾਰਸੀ ਆਦਿ ਸੱਤ ਭਾਸ਼ਾਵਾਂ ਵਿਚ ਸਾਕੇ ਦਾ ਮੁਕੰਮਲ ਇਤਿਹਾਸ ਲਿਖ ਕੇ ਰਖਿਆ ਹੋਇਆ ਹੈ। ਕੁੱਲ ਸ਼ਹੀਦਾਂ ਦੀ ਗਿਣਤੀ ਤਾਂ 130 ਤੋਂ 150 ਤਕ ਮੰਨੀ ਜਾਂਦੀ ਹੈ ਪਰ ਉਨ੍ਹਾਂ ਵਿਚੋਂ ਕੇਵਲ 86 ਸਿੰਘਾਂ ਦੇ ਨਾਵਾਂ ਦੀ ਹੀ ਪਛਾਣ ਹੋ ਸਕੀ। ਇਸੇ ਲਈ ਸ਼ਹੀਦ ਗੰਜ ਦੇ ਮੁੱਖ ਦਰਵਾਜ਼ੇ ਨਾਲ 86 ਸ਼ਹੀਦਾਂ ਦੇ ਨਾਵਾਂ ਦੀ ਪਲੇਟ ਲੱਗੀ ਹੋਈ ਹੈ ਜਿਸ ਉੱਤੇ ਜਥੇਦਾਰ ਲਛਮਣ ਸਿੰਘ ਦਾ ਨਾਂ ਸੱਭ ਤੋਂ ਸਿਰਮੌਰ ਹੈ। ‘ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ’ ਉਨ੍ਹਾਂ ਸ਼ਹੀਦਾਂ ਦੀ ਹੀ ਯਾਦਗਰ ਹੈ।

ਇਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੁਆਰਾ ਸੰਨ 1927 ਵਿਚ ਸਥਾਪਤ ਕੀਤੀ ਗਈ ਕਿਉਂਕਿ ਉਪਰੋਕਤ ਸ਼ਹੀਦੀ ਸਾਕੇ ਨੇ 17ਵੀਂ ਤੇ 18ਵੀ ਸਦੀ ਦੇ ਉਨ੍ਹਾਂ ਸ਼ਹੀਦ ਸਿੱਖਾਂ ਦੀ ਯਾਦ ਨੂੰ ਮੁੜ ਤਾਜ਼ਾ ਕਰ ਦਿਤਾ ਜਿਨ੍ਹਾਂ ਸਿੱਖੀ ਨੂੰ ਕੇਸਾਂ ਸਵਾਸਾਂ ਨਾਲ ਨਿਭਾਉਂਦਿਆਂ ਦੇਗਾਂ ਵਿਚ ਉਬਾਲੇ ਖਾਧੇ, ਬੰਦ-ਬੰਦ ਕਟਵਾਏ ਤੇ ਚਰਖੜੀਆਂ ਤੇ ਚੜ੍ਹੇ।  6 ਮਾਰਚ 1921 ਨੂੰ ਜਦੋਂ ਸ੍ਰੀ ਅਖੰਡ ਪਾਠ ਦੀ ਸਮਾਪਤੀ ਉਪਰੰਤ ਅੰਤਮ ਅਰਦਾਸ ਦਾ ਸਮਾਗਮ ਹੋਇਆ ਤਾਂ ਉਸ ਵੇਲੇ ਸੱਭ ਤੋਂ ਵੱਡਾ ਕਾਂਗਰਸੀ ਆਗੂ ਮੋਹਨਦਾਸ ਕਰਮਚੰਦ ਗਾਂਧੀ ਤੇ ਮੁਸਲਮਾਨ ਲੀਡਰ ਸ਼ੌਕਤ ਅਲੀ ਤੇ ਮੁਹੰਮਦ ਅਲੀ ਵੀ ਸ੍ਰੀ ਨਨਕਾਣਾ ਸਾਹਿਬ ਪਹੁੰਚੇ। ਗਾਂਧੀ ਨੇ ਇਸ ਸ਼ਹੀਦੀ ਸਾਕੇ ਨੂੰ ਜਲਿਆਂਵਾਲੇ ਬਾਗ਼ ਤੋਂ ਵੀ ਖ਼ੌਫ਼ਨਾਕ ਦਸਿਆ ਤੇ ਆਖਿਆ ਕਿ ‘‘ਸਰਕਾਰ ਦੀ ਸ਼ਹਿ ਤੋਂ ਬਿਨਾਂ ਮਹੰਤ ਤੇ ਉਸ ਦੇ ਸਾਥੀ ਅਜਿਹਾ ਕਤਲੇਆਮ ਨਹੀਂ ਸਨ ਕਰ ਸਕਦੇ।’’ ਪ੍ਰੰਤੂ ਦੁੱਖ ਦੀ ਗੱਲ ਹੈ ਕਿ ਉਸ ਨੇ ਅਕਾਲੀਆਂ ਦੇ ਇਸ ਇਤਿਹਾਸਕ ਸੰਘਰਸ਼ ਲਈ ‘ਡਰਾਮਾ’ ਲਫ਼ਜ਼ ਦੀ ਵਰਤੋਂ ਕੀਤੀ

। ਮੈਂ ਲੁਧਿਆਣੇ ਦੇ ਅਕਾਲੀ ਬਜ਼ੁਰਗਾਂ ਪਾਸੋਂ ਸੁਣਿਆਂ ਸੀ ਕਿ 12 ਅਕਤੂਬਰ 1921 ਨੂੰ ਮਹੰਤ ਤੇ ਉਸ ਦੇ ਕੁੱਝ ਸਾਥੀਆਂ ਨੂੰ ਫ਼ਾਂਸੀ ਦੀ ਸਜ਼ਾ ਵੀ ਸੁਣਾਈ ਤੇ ਕੁੱਝ ਨੂੰ ਸੱਤ ਸਾਲਾਂ ਲਈ ਕਾਲੇ ਪਾਣੀ ਜੇਲ ਵਿਚ ਵੀ ਭੇਜਿਆ। ਪ੍ਰੰਤੂ ਮਹੰਤ ਦੇ ਖ਼ਾਸ ਸਲਾਹਕਾਰ ਲਾਲਾ ਲਾਜਪਤਰਾਏ ਦੀ ਗਵਾਹੀ ਦੇ ਬਹਾਨੇ ਉਸ ਨੂੰ ਚੁੱਪ-ਚਪੀਤੇ ਰਿਹਾ ਕਰ ਦਿਤਾ ਗਿਆ ਤੇ ਦੇਸ਼ ਦੀ ਆਜ਼ਾਦੀ ਪਿੱਛੋਂ ਭਾਰਤ ਸਰਕਾਰ ਨੇ 1971 ਵਿਚ ਉਸ ਦੀ ਮੌਤ ਤਕ ਉਤਰਾਖੰਡ ਦੇ ਕਿਸੇ ਇਲਾਕੇ ਵਿਚ ਸੁਰੱਖਿਅਤ ਰਖਿਆ। 
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਲੰਗਰ ਹਾਲ ਦੇ ਪਿਛਵਾੜੇ ‘ਸੰਗਲਾਂ ਵਾਲਾ’ ਪ੍ਰਸਿੱਧ ਉਦਾਸੀ ਅਖਾੜਾ ਹੈ। ਸੰਨ 1984 ਵਿਚ ਇਸ ਅਖਾੜੇ ਦਾ ਮੁਖੀ ਮਹੰਤ ਸਰੂਪ ਦਾਸ ਸੀ। ਉਸ ਨੇ ਨਿਊਯਾਰਕ ਰਹਿੰਦੇ ਅਪਣੇ ਇਕ ਖ਼ਾਸ ਚੇਲੇ ਸ੍ਰ. ਸਰਬਜੀਤ ਸਿੰਘ ਨੂੰ ਦਸਿਆ ਕਿ ਮਹੰਤ ਨਰੈਣੂ ਸ੍ਰੀ ਅੰਮ੍ਰਿਤਸਰ ਵਿਖੇ ਛੱਤਿਆਂ ਵਾਲੇ ਅਖਾੜੇ ਵਿਚ ਰਹਿੰਦਾ ਰਿਹਾ। ਪ੍ਰੰਤੂ ਮੈਂ ਕਿਸੇ ਅਖ਼ਬਾਰ ਵਿਚ ਪੜਿ੍ਹਆ ਸੀ ਕਿ ਉਸ ਦੀ ਮੌਤ ਦੇਹਰਾਦੂਨ (ਯੂ.ਪੀ) ਵਿਖੇ ਹੋਈ। ਗਾਂਧੀ ਵਰਗੇ ਹਿੰਦੂ ਆਗੂ ਕੁੱਝ ਵੀ ਕਹਿਣ ਪਰ ਉਪਰੋਕਤ ਚਰਚਾ ਤੋਂ ਇਹ ਪੱਖ ਸਪੱਸ਼ਟ ਹੋ ਜਾਂਦਾ ਹੈ ਕਿ ਉਸ ਦੇ ਸਾਥੀ ਆਗੂ ਅੰਗਰੇਜ਼ ਸਰਕਾਰ ਨਾਲ ਮਿਲ ਕੇ ਫ਼ਿਰਕਾਪ੍ਰਸਤੀ ਦਾ ਗੰਦਾ ਖੇਡ ਖੇਡਦੇ ਰਹੇ, ਜਿਹੜਾ ਜੂਨ 1984 ਵਿਚ ਸ੍ਰੀ ਦਰਬਾਰ ਦੇ ਫ਼ੌਜੀ ਹਮਲੇ ਤੇ ਨਵੰਬਰ ਦੀ ਦੇਸ਼ ਭਰ ਅੰਦਰਲੀ ਸਿੱਖ ਨਸਲਕੁਸ਼ੀ ਵੇਲੇ ਬਿਲਕੁਲ ਨੰਗਾ ਹੋ ਗਿਆ। 
ਜਗਤਾਰ ਸਿੰਘ ਜਾਚਕ,ਸੰਪਰਕ : jachakji0gmail.com