400 ਸਾਲਾ ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼ ਗੁਰੂ ਤੇਗ ਬਹਾਦਰ ਜੀ ਦੀ ਮਾਨਵਤਾ ਲਈ ਕੁਰਬਾਨੀ
ਧੀਰਜ, ਵੈਰਾਗ ਤੇ ਤਿਆਗ ਦੀ ਮੂਰਤ ਗੁਰੂ ਤੇਗ ਬਹਾਦਰ ਜੀ ਨੇ ਏਕਾਂਤ ਵਿਚ ਲਗਾਤਾਰ ਵੀਹ ਸਾਲਾਂ ਤਕ ਬਾਬਾ ਬਕਾਲਾ ਵਿਖੇ ਘੋਰ ਸਾਧਨਾ ਕੀਤੀ।
ਹਿੰਦੂ ਰਖਿਅਕ ਸਿੱਖ ਧਰਮ ਦੀ ਨੌਵੀਂ ਜੋਤ ਗੁਰੂ ਤੇਗ ਬਹਾਦਰ ਜੀ ਦਾ ਜਨਮ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਜੀ ਦੇ ਘਰ ਇਕ ਅਪ੍ਰੈਲ 1621 ਈਸਵੀ ਵਿਚ ਹੋਇਆ। ਆਪ ਗੁਰੂ ਹਰਗੋਬੰਦ ਜੀ ਦੇ ਸੱਭ ਤੋਂ ਛੋਟੇ ਪੁੱਤਰ ਸਨ। ਇਨ੍ਹਾਂ ਦੇ ਚਾਰ ਵੱਡੇ ਭਰਾ ਬਾਬਾ ਗੁਰਾਦਿਤਾ, ਬਾਬਾ ਅਟਲ ਰਾਏ, ਬਾਬਾ ਅਨੀ ਰਾਇ, ਬਾਬਾ ਸੂਰਜ ਮੱਲ ਤੇ ਇਕ ਛੋਟੀ ਭੈਣ ਬੀਬੀ ਵੀਰੋ ਸੀ। ਗੁਰੂ ਜੀ ਦਾ ਬਚਪਨ ਦਾ ਨਾਂ ਤਿਆਗ ਮੱਲ ਸੀ। ਤਿਆਗ ਮੱਲ ਜੀ ਦਾ ਪਾਲਣ ਪੋਸਣ ਤੇ ਵਿਦਿਆ ਪ੍ਰਾਪਤੀ ਮੀਰੀ-ਪੀਰੀ ਦੇ ਮਾਲਕ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਛਤਰ ਛਾਇਆ ਹੇਠ ਹੋਈ। ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਇਨ੍ਹਾਂ ਨੂੰ ਰਮਾਇਣ, ਗੀਤਾ, ਹਿੰਦੂ ਇਤਿਹਾਸ ਤੇ ਮਿਥਿਹਾਸ ਤੋਂ ਇਲਾਵਾ ਇਸਲਾਮੀ ਹਦੀਸ, ਕੁਰਾਨ, ਇਸਲਾਮੀ ਸ਼ਰੀਅਤ ਤੇ ਰਵਾਇਤਾਂ ਦੀ ਪੂਰੀ ਜਾਣਕਾਰੀ ਕਰਵਾਈ।
ਉਸ ਸਮੇਂ ਗੁਰੂ ਜੀ ਨੂੰ ਅੱਖਰੀ ਵਿਦਿਆ ਦੇ ਨਾਲ-ਨਾਲ ਸ੍ਰੀਰਕ ਕਸਰਤ, ਤੀਰ ਅੰਦਾਜ਼ੀ, ਨੇਜ਼ਾਬਾਜ਼ੀ, ਬੰਦੂਕ ਚਲਾਣੀ ਤੇ ਸ਼ਸਤਰ ਵਿਦਿਆ ਦੇ ਨਾਲ ਨਾਲ ਘੁੜ ਸਵਾਰੀ ਦੀ ਸਿਖਿਆ ਵੀ ਦਿਤੀ ਗਈ। ਫਿਰ ਗੁਰੂ ਤੇਗ ਬਹਾਦੁਰ ਜੀ ਅਪਣੇ ਪਿਤਾ ਗੁਰੂ ਹਰਗੋਬਿੰਦ ਜੀ ਦੀ ਫ਼ੌਜ ਵਿਚ ਇਕ ਸੈਨਿਕ ਦੇ ਤੌਰ ਉਤੇ ਸੇਵਾ ਨਿਭਾਉਂਦੇ ਰਹੇ। ਅੰਮ੍ਰਿਤਸਰ ਤੇ ਕਰਤਾਰਪੁਰ ਦੀ ਜੰਗ ਵਿਚ ਸਿਰਫ਼ 14 ਸਾਲਾਂ ਦੀ ਕਿਸ਼ੋਰ ਉਮਰ ਵਿੱਚ ਮੁਗ਼ਲਾਂ ਦੇ ਹਮਲੇ ਵਿਰੁਧ ਲੜਾਈ ਲੜ ਕੇ ਪਿਤਾ ਜੀ ਦਾ ਸਾਥ ਦਿੰਦਿਆਂ ਤਿਆਗ ਮੱਲ ਵਲੋਂ ਜੋ ਬਹਾਦਰੀ ਵਿਖਾਈ ਗਈ। ਉਸ ਤੋਂ ਖ਼ੁਸ਼ ਤੇ ਪ੍ਰਭਾਵਤ ਹੋ ਕੇ ਪਿਤਾ ਸ਼੍ਰੀ ਹਰਗੋਬਿੰਦ ਸਾਹਿਬ ਨੇ ਉਨ੍ਹਾਂ ਦਾ ਨਾਂ ਤੇਗ ਬਹਾਦਰ ਰਖਿਆ ਸੀ।
ਧੀਰਜ, ਵੈਰਾਗ ਤੇ ਤਿਆਗ ਦੀ ਮੂਰਤ ਗੁਰੂ ਤੇਗ ਬਹਾਦਰ ਜੀ ਨੇ ਏਕਾਂਤ ਵਿਚ ਲਗਾਤਾਰ ਵੀਹ ਸਾਲਾਂ ਤਕ ਬਾਬਾ ਬਕਾਲਾ ਵਿਖੇ ਘੋਰ ਸਾਧਨਾ ਕੀਤੀ। ਆਪ ਜੀ ਨੇ ਧਰਮ ਪ੍ਰਚਾਰ ਲਈ ਭਾਰਤ ਦੇ ਵੱਖ-ਵੱਖ ਸ਼ਹਿਰਾਂ ਕਸਬਿਆਂ ਦੀ ਯਾਤਰਾ ਵੀ ਕੀਤੀ। ਯਾਤਰਾ ਦੌਰਾਨ ਗੁਰੂ ਜੀ ਜਿਥੇ ਵੀ ਗਏ, ਉਨ੍ਹਾਂ ਅਧਿਆਤਮਕ, ਸਮਾਜਕ ਤੇ ਆਰਥਕ ਵਿਕਾਸ ਲਈ ਕਈ ਸਾਰਥਕ ਉਪਰਾਲੇ ਕੀਤੇ। ਬਾਬਾ ਜੀ ਨੇ ਰੂੜੀਵਾਦੀ ਤੇ ਅੰਧਵਿਸ਼ਵਾਸੀ ਸੋਚ ਦੀ ਕਰੜੀ ਆਲੋਚਨਾ ਕੀਤੀ। ਆਪ ਜੀ ਨੇ ਮਨੱੁਖਤਾ ਦੇ ਕਲਿਆਣ ਤੇ ਜਾਗਰਤੀ ਲਈ ਅਨੇਕਾਂ ਉਪਰਾਲੇ ਕੀਤੇ। ਲੋਕ ਕਲਿਆਣ ਹਿਤ ਉਨ੍ਹਾਂ ਅਪਣੀ ਦੇਖ-ਰੇਖ ਵਿਚ ਕਈ ਪਿਆਉ ਤੇ ਧਰਮਸ਼ਾਲਾਵਾਂ ਦਾ ਨਿਰਮਾਣ ਵੀ ਕਰਵਾਇਆ। ਗੁਰੂ ਜੀ ਜਿਥੇ ਵੀ ਗਏ ਉਨ੍ਹਾਂ ਦੇ ਪਵਿੱਤਰ ਕਥਨਾਂ ਤੋਂ ਪ੍ਰਭਾਵਤ ਹੋ ਕੇ ਲੋਕਾਂ ਨੇ ਨਾ ਕੇਵਲ ਨਸ਼ਿਆਂ ਦਾ ਤਿਆਗ ਕੀਤਾ ਬਲਕਿ ਤਮਾਕੂ ਆਦਿ ਦੀ ਖੇਤੀ ਕਰਨੀ ਵੀ ਬੰਦ ਕਰ ਦਿਤੀ।
ਗੁਰੂੁ ਜੀ ਨੇ ਦੇਸ਼ ਨੂੰ ਦੁਸ਼ਟਾਂ ਦੇ ਚੁੰਗਲ ਵਿਚੋਂ ਬਚਾਉਣ ਵਾਸਤੇ ਲੋਕ ਮਨਾਂ ਅੰਦਰ ਵਿਰੋਧ ਦੀ ਭਾਵਨਾ ਭਰ ਕੇ ਲੋਕਾਂ ਨੂੰ ਦੇਸ਼ ਕੌਮ ਲਈ ਕੁਰਬਾਨੀਆਂ ਵਾਸਤੇ ਤਿਆਰ ਕੀਤਾ। ਇਸ ਤਰ੍ਹਾਂ ਮੁਗ਼ਲਾਂ ਦੇ ਮਾਨਵਤਾ ਪ੍ਰਤੀ ਨਾਪਾਕ ਇਰਾਦਿਆਂ ਨੂੰ ਸਫ਼ਲ ਨਹੀਂ ਹੋਣ ਦਿਤਾ। ਗੁਰੂ ਤੇਗ ਬਹਾਦਰ ਜੀ ਦੁਆਰਾ ਬਹੁਤ ਸਾਰੀ ਸ਼ੁੱਧ ਤੇ ਸਰਲ ਭਾਸ਼ਾ ਵਿਚ ਰਚੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਗੁਰੂ ਤੇਗ ਬਹਾਦਰ ਜੀ ਦੁਆਰਾ ਰਚਿਤ ਬਾਣੀ ਦੇ ਪੰਦਰਾਂ ਰਾਗਾਂ ਵਿਚ 116 ਸ਼ਬਦ, ਸਲੋਕਾਂ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਗੁਰੂ ਜੀ ਨੇ ਅਪਣੀ ਰਚੀ ਬਾਣੀ ਦਵਾਰਾ ਮਾਨਵਤਾ ਲਈ ਉਪਦੇਸ਼ ਦਿੰਦਿਆਂ ਕਿਹਾ ਕਿ ਸੰਸਾਰ ਵਿਚ ਰਹਿੰਦਿਆਂ ਸਾਰੇ ਸਕਾਰਾਤਮਕ, ਨਕਰਾਤਮਕ ਭਾਵਾਂ ਨਾਲ ਓਤਪ੍ਰੋਤ ਹੋ ਕੇ ਹੀ ਸੁਖੀ ਸਹਿਜ ਜੀਵਨ ਜੀਵਿਆ ਜਾ ਸਕਦਾ ਹੈ।
ਕਾਹੇ ਰੇ ਬਨ ਖੋਜਨ ਜਾਈ॥ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ॥1॥ਰਹਾਉ॥
ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ॥ ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ॥1॥
ਜਦੋਂ ਔਰੰਗਜ਼ੇਬ ਨੇ ਅਪਣੇ ਸਮੇਂ ਸ਼ਰੀਆ ਕਾਨੂੰਨ ਲਾਗੂ ਕਰ ਦਿਤਾ, ਉਦੋਂ ਹਿੰਦੂ ਮੱਤ ਦੇ ਲੋਕਾਂ ਉਤੇ ਸੰਕਟ ਦਾ ਸਮਾਂ ਸੀ। ਉਦੋਂ ਉਸ ਨੇ ਬਹੁਤ ਸਾਰੇ ਲੋਕਾਂ ਨੂੰ ਜ਼ਬਰਦਸਤੀ ਇਸਲਾਮ ਧਰਮ ਕਬੂਲ ਕਰਨ ਲਈ ਮਜਬੂਰ ਕਰ ਦਿਤਾ। ਕਸ਼ਮੀਰੀ ਪੰਡਤਾਂ ਉਤੇ ਵੀ ਇਸਲਾਮ ਧਰਮ ਕਬੂਲ ਕਰਨ ਦੀ ਤਲਵਾਰ ਲਟਕ ਗਈ। ਔਰੰਗਜ਼ੇਬ ਦਾ ਫ਼ੁਰਮਾਨ ਸੁਣ ਕੇ ਕਸ਼ਮੀਰੀ ਪੰਡਤਾਂ ਵਿਚ ਭਾਜੜ ਮੱਚ ਗਈ। ਕਿਸੇ ਪਾਸਿਉਂ ਕੋਈ ਚਾਰਾ ਨਾ ਚਲਦਾ ਵੇਖ ਉਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿਚ ਆ ਗਏ। ਪੰਡਤਾਂ ਦੀ ਵਿਥਿਆ ਸੁਣ ਕੇ ਗੁਰੂ ਜੀ ਸੋਚ ਮਗਨ ਹੋ ਗਏ। ਸੋਚੀਂ ਡੁੱਬੇ ਗੁਰੂ ਜੀ ਨੂੰ 9 ਸਾਲਾਂ ਦੇ ਛੋਟੇ ਜਹੇ ਪੁੱਤਰ ਗੋਬਿੰਦ ਰਾਇ ਨੇ ਕੁਰਬਾਨੀ ਦੇਣ ਦੀ ਸਲਾਹ ਦਿਤੀ। ਗੋਬਿੰਦ ਰਾਇ ਜੋ ਬਾਅਦ ਵਿਚ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਨਾਂ ਨਾਲ ਪ੍ਰਸਿੱਧ ਅਪਣੇ ਪੁੱਤਰ ਦੀ ਬਹਾਦਰੀ ਭਰੀ ਸਲਾਹ ਮੰਨ ਕੇ ਗੁਰੂ ਤੇਗ ਬਹਾਦਰ ਜੀ ਇਸ ਧਾਰਮਕ ਕੱਟੜਵਾਦ ਦਾ ਟਾਕਰਾ ਕਰਨ ਲਈ ਦਿੱਲੀ ਚਲੇ ਗਏ। ਗੁਰੂ ਜੀ ਅਪਣੇ ਸਮੇਂ ਦੇ ਜ਼ਾਲਮ ਸ਼ਾਸਕ ਵਰਗ ਦੀ ਮਨੁੱਖਤਾ ਪ੍ਰਤੀ ਕਰੂਰ ਸੋਚ ਦੇ ਮਨਸੂਬਿਆਂ ਨੂੰ ਫ਼ੇਲ ਕਰਨ ਲਈ ਬਲੀਦਾਨ ਦਿਤਾ।
ਕੋਈ ਵਿਰਲਾ ਹੀ ਇਸ ਤਰ੍ਹਾਂ ਕੁਰਬਾਨੀ ਦੇ ਕੇ ਸਮੁੱਚੀ ਮਾਨਵਤਾ ਲਈ ਅਪਣੇ ਆਪ ਨੂੰ ਕੁਰਬਾਨ ਕਰ ਸਕਦਾ ਹੈ। ਗੁਰੂ ਜੀ ਨੇ ਧਰਮ ਦੀ ਰਖਿਆ ਤੇ ਧਾਰਮਕ ਆਜ਼ਾਦੀ ਲਈ ਅਪਣੇ ਸੱਭ ਸੁੱਖ ਸਾਧਨ ਤਿਆਗ ਕੇ 24 ਨਵੰਬਰ 1675 ਈਸਵੀ ਨੂੰ ਅਪਣੀ ਸ਼ਹਾਦਤ ਦੇ ਦਿਤੀ। ਉਨ੍ਹਾਂ ਨੇ ਇਨਸਾਨੀ ਧਰਮ, ਮਾਨਵੀ ਕਦਰਾਂ ਕੀਮਤਾਂ ਤੇ ਸਿਧਾਂਤਾਂ ਦੀ ਕਦਰ ਬਰਕਰਾਰ ਰਖਦੇ ਹੋਏ ਉਨ੍ਹਾਂ ਲੋਕਾਂ ਲਈ ਅਪਣਾ ਕੀਮਤੀ ਜੀਵਨ ਕੁਰਬਾਨ ਕਰ ਦਿੱਤਾ ਜਿਨ੍ਹਾਂ ਦਾ ਨਾਤਾ ਸਿੱਖ ਧਰਮ ਨਾਲ ਰੱਤੀ ਭਰ ਵੀ ਨਹੀਂ ਸੀ। ਉਨ੍ਹਾਂ ਦਾ ਬਲੀਦਾਨ ਕਸ਼ਮੀਰੀ ਹਿੰਦੂਆਂ ਅਤੇ ਗ਼ੈਰ ਮੁਸਲਿਮ ਜਾਤੀ ਦੇ ਲੋਕਾਂ ਦੀ ਸਵਤੰਤਰਤਾ ਲਈ ਸੀ। ਉਨ੍ਹਾਂ ਨੇ ਔਰੰਗਜ਼ੇਬ ਦੇ ਸ਼ਾਸਨ ਕਾਲ ਦੌਰਾਨ ਗ਼ੈਰ ਮੁਸਲਿਮ ਲੋਕਾਂ ਦੇ ਜਬਰੀ ਧਰਮ ਪਰਵਰਤਨ ਦਾ ਸਖ਼ਤੀ ਨਾਲ ਵਿਰੋਧ ਕੀਤਾ ਸੀ। ਗੁਰੂ ਤੇਗ ਬਹਾਦਰ ਜੀ ਨੂੰ ਮਾਨਵਤਾ ਦੀ ਨਿਰਸਵਾਰਥ ਸੇਵਾ ਲਈ ਯਾਦ ਕੀਤਾ ਜਾਂਦਾ ਹੈ। ਗੁਰੁੂ ਤੇਗ ਬਹਾਦਰ ਜੀ ਪਰੇਮ, ਤਿਆਗ ਤੇ ਬਲੀਦਾਨ ਦੇ ਸੱਚੇ ਪ੍ਰਤੀਕ ਹਨ।
ਓਮਕਾਰ ਸੂਦ ਬਹੋਨਾ,ਸੰਪਰਕ : 96540-36080