ਭਗਤ ਰਵੀਦਾਸ ਜੀ ਦੀ ਬਾਣੀ ਦਾ ਧੁਰਾ2 ਬੇਗਮਪੁਰੇ ਦਾ ਸੰਕਲਪ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਰਵਿਦਾਸ ਜੀ ਵਲੋਂ ਅਪਣੇ ਨਾਂ ਨਾਲ ਅਪਣੀ ਜਾਤੀ ਲਿਖਣਾ ਇਕ ਦਲੇਰੀ, ਬਗ਼ਾਵਤ ਤੇ ਦ੍ਰਿੜਤਾ ਦਾ ਲਖਾਇਕ ਹੈ।

Bhagat Ravidas Ji

(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਕਹਿ ਰਵਿਦਾਸ ਖਾਲਸ ਚਮਾਰਾ॥ ਜੋ ਹਮ ਸ਼ਹਿਰੀ ਸੁ ਮੀਤ ਹਮਾਰਾ॥
ਰਵਿਦਾਸ ਜੀ ਵਲੋਂ ਅਪਣੇ ਨਾਂ ਨਾਲ ਅਪਣੀ ਜਾਤੀ ਲਿਖਣਾ ਇਕ ਦਲੇਰੀ, ਬਗ਼ਾਵਤ ਤੇ ਦ੍ਰਿੜਤਾ ਦਾ ਲਖਾਇਕ ਹੈ। ਦਲੇਰੀ ਇਸ ਲਈ ਆਖ ਸਕਦੇ ਹਾਂ ਕਿ ਉਸ ਵੇਲੇ ਜਾਤਪਾਤੀ ਵਿਵਸਥਾ ਨੇ ਹੇਠਲੀਆਂ ਜਾਤੀਆਂ ਨੂੰ ਏਨਾ ਘਟੀਆ ਤੇ ਨੀਚ ਗਰਦਾਨਿਆ ਹੋਇਆ ਸੀ ਕਿ ਉਨ੍ਹਾਂ ਵਿਚ ਸ਼ਾਮਲ ਲੋਕਾਂ ਨੂੰ ਉਨ੍ਹਾਂ ਦੀ ਜਾਤੀ ਨਾਲ ਸੰਬੋਧਤ ਹੋਣ ਦੇ ਅਹਿਸਾਸ ਨਾਲ ਹੀ ਉਹ ਹੀਣ ਭਾਵਨਾ ਦੇ ਸ਼ਿਕਾਰ ਹੋ ਜਾਂਦੇ ਸਨ। ਅਜਿਹੀ ਹੀਣ ਭਾਵਨਾ ਨੂੰ  ਦੂਰ ਕਰਨ ਲਈ ਹੀ ਰਵਿਦਾਸ ਜੀ ਨੇ ਇਸ ਜਾਤੀ ਸੂਚਕ ਸ਼ਬਦ ਨੂੰ ਅਪਣੇ ਨਾਂ ਨਾਲ ਵਾਰ-ਵਾਰ ਵਰਤਿਆ ਹੈ। ਇਸ ਦਾ ਅਸਰ ਅੱਜ ਦੁਆਬੇ ਵਿਚ ਬੜੀ ਤੀਬਰਤਾ ਨਾਲ ਵੇਖਿਆ ਜਾ ਸਕਦਾ ਹੈ, ਜਿਥੇ ਇਸ ਸ਼ਬਦ ਨੂੰ ਲੋਕੀ ਅਪਣੀਆਂ ਕਾਰਾਂ, ਸਕੂਟਰਾਂ ਤੇ ਲਿਖਵਾਈ ਫਿਰਦੇ ਹਨ ਤੇ ਅਪਣੇ ਆਪ ਨੂੰ ਇਸ ਨਾਂ ਨਾਲ ਜੋੜ ਕੇ ਮਾਣਮੱਤਾ ਮਹਿਸੂਸ ਕਰਦੇ ਹਨ।

ਕਿੰਨੇ ਹੀ ਗਾਣੇ ਇਸ ਭਾਵਨਾ ਨਾਲ ਲਿਖੇ ਤੇ ਗਾਏ ਜਾ ਚੁੱਕੇ ਹਨ ਪਰ ਅਜਿਹਾ ਕਰਨ ਲਗਿਆਂ ਇਕ ਸਮੁੱਚੀ ਸਾਵਧਾਨੀ ਦੀ ਸਖ਼ਤ ਲੋੜ ਹੈ ਕਿਉਂਕਿ ਡਰ ਹੈ ਕਿ ਇਸੇ ਤਰ੍ਹਾਂ ਹਰ ਕੋਈ ਅਪਣੀ ਜਾਤੀ ਨੂੰ ‘ਸਨਮਾਨਯੋਗ’ ਬਣਾਉਂਦਿਆਂ ਜਾਤਪਾਤੀ ਸਿਸਟਮ ਨੂੰ ਫਿਰ ਤੋਂ ਪੱਕਾ ਤੇ ਹੋਰ ਪਕੇਰਾ ਨਾ ਬਣਾ ਦੇਵੇ। ਯਾਦ ਰਹੇ ਇਸ ਜਾਤਪਾਤੀ ਪ੍ਰਣਾਲੀ ਨੇ ਦੇਸ਼ ਅਤੇ ਸਮਾਜ ਦਾ ਬਹੁਤ ਕੁੱਝ ਤਬਾਹ ਕਰ ਦਿਤਾ ਹੈ।  ਰਵਿਦਾਸ ਜੀ ਵਲੋਂ ਇਸ ਜਾਤੀਸੂਚਕ ਸ਼ਬਦ ਨੂੰ ਬਗ਼ਾਵਤ ਦੇ ਤੌਰ ੳਤੇ ਇਸ ਲਈ ਆਖਿਆ ਜਾ ਸਕਦਾ ਹੈ ਕਿ ਉਸ ਵੇਲੇ ਵਰਣ/ਜਾਤੀ ਦੇ ਕੰਮ ਜਾਤੀ ਅਨੁਸਾਰ ਸਖ਼ਤੀ ਨਾਲ ਨਿਸ਼ਚਿਤ ਕੀਤੇ ਹੋਏ ਸਨ ਤੇ ਸਖ਼ਤੀ ਨਾਲ ਹੀ ਉਨ੍ਹਾਂ ਦੀ ਪਾਲਣਾ ਕਰਵਾਈ ਜਾਂਦੀ ਸੀ। ਪਰ ਰਵਿਦਾਸ ਜੀ ਅਪਣੀ ਜਾਤੀ ਨੂੰ ਸੌਂਪੇ ਚਮੜੇ ਦੇ ਕੰਮ ਤੋਂ ਇਲਾਵਾ ਉਸ ਦਬੇ ਤੇ ਕੁਚਲੇ ਸਮਾਜ ਨੂੰ ਜਗਾਉਣ ਦਾ ਕੰਮ ਵੀ ਕਰਦੇ ਸਨ ਜਿਸ ਨੂੰ ਸਦੀਆਂ ਤੋਂ ਸਮਾਜਕ ਅਨਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਹ ਵਰਤਾਰਾ ਜਾਤਪਾਤੀ ਵਿਵਸਥਾ ਦੇ ਸਖ਼ਤ ਕਾਨੂੰਨਾਂ ਵਿਰੁਧ ਇਕ ਬਗ਼ਾਵਤ ਦਾ ਚਿੰਨ੍ਹ ਹੀ ਤਾਂ ਹੈ ਸੀ। ਇਸ ਤਰ੍ਹਾਂ ਉਹ ਬਾਗ਼ੀ ਹੋ ਕੇ ਨਿਧੜਕਤਾ ਨਾਲ ਪ੍ਰਚਾਰ ਕਰਦੇ ਰਹੇ। 

ਇਸੇ ਤਰ੍ਹਾਂ ਦ੍ਰਿੜਤਾ ਇਸ ਲਈ ਆਖੀ ਜਾ ਸਕਦੀ ਹੈ ਕਿ ਰਵਿਦਾਸ ਜੀ ਨੂੰ ਪਤਾ ਸੀ ਕਿ ਉਹ ਜਾਬਰ ਨਾਲ ਟੱਕਰ ਲੈਣ ਦਾ ਕੰਮ ਕਰ ਰਹੇ ਹਨ, ਗ਼ਲਤ ਕਦਰਾਂ ਕੀਮਤਾਂ ਨੂੰ ਵੰਗਾਰ ਰਹੇ ਹਨ, ਅਪਣੀਆਂ ਨਿਸ਼ਚਿਤ ਹੱਦਾਂ ਨੂੰ ਤੋੜਨ ਦਾ ਕੰਮ ਕਰ ਰਹੇ ਹਨ ਜਿਸ ਦਾ ਨਤੀਜਾ ਭੈੜੇ ਤੋਂ ਭੈੜਾ ਵੀ ਹੋ ਸਕਦਾ ਹੈ, ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਪਰ ਉਹ ਇਹ ਸੱਭ ਕੁੱਝ ਜਾਣਦਿਆਂ ਵੀ ਪੂਰੀ ਸ਼ਿੱਦਤ, ਦ੍ਰਿੜਤਾ ਤੇ ਨਿਡਰਤਾ ਨਾਲ ਅਪਣੇ ਕੰਮ ਵਿਚ ਲੱਗੇ ਰਹੇ। ਦ੍ਰਿੜਤਾ ਨਾਲ ਅਪਣੇ ਆਪ ਨੂੰ ਖ਼ਾਲਸ ਮੰਨਦੇ ਰਹੇ। ਅਪਣੇ ਵਰਗੇ ਵਿਚਾਰਾਂ ਵਾਲਿਆਂ ਨੂੰ ਉਨ੍ਹਾਂ ਬੇਗਮਪੁਰਾ ਵਾਸੀ ਤੇ ਅਪਣਾ ਮਿੱਤਰ ਪਿਆਰਾ ਤੇ ਹਮ-ਸ਼ਹਿਰੀ ਮੰਨਦੇ ਹਨ। ਬੜੀ ਦ੍ਰਿੜਤਾ ਤੇ ਦਲੇਰੀ ਨਾਲ ਉਨ੍ਹਾਂ ਨੇ ਦੋ ਸਭਿਅਤਾਵਾਂ ਵਿਚ ਲਕੀਰ ਖਿੱਚ ਦਿਤੀ। ਇਸ ਸਮਾਜ ਨੂੰ ਜਾਤਾਂ-ਪਾਤਾਂ ਵਿਚ ਤੋੜਨ ਵਾਲੀ ਤੇ ਦੂਜੀ ਸਮਾਜ ਨੂੰ ਆਜ਼ਾਦੀ, ਬਰਾਬਰੀ ਤੇ ਸਭਿਆਚਾਰਕ ਸਾਂਝ ਪ੍ਰਦਾਨ ਕਰਨ ਵਾਲੀ। ਉਨ੍ਹਾਂ ਦਾ ਟੀਚਾ ਸਾਫ਼ ਸੀ ਜਿਸ ਦੀ ਪ੍ਰਾਪਤੀ ਲਈ ਵਧਾਏ ਗਏ ਕਦਮਾਂ ਦਾ ਉਹ ਕੋਈ ਵੀ ਮੁੱਲ ਤਾਰਨ ਲਈ ਤਿਆਰ ਸਨ। ਇਸ ਪ੍ਰਤੀ ਓਸ਼ੋ ਰਜਨੀਸ਼ ਦਾ ਇਕ ਕਥਨ ਬੜਾ ਢੁਕਵਾਂ ਹੈ ਜਿਸ ਵਿਚ ਉਹ ਦਸਦੇ ਹਨ ਕਿ ਰਵਿਦਾਸ ਜੀ ਨੂੰ ਵਿਰੋਧੀ ਤਾਕਤਾਂ ਲੱਖ ਚਾਹੁੰਦਿਆਂ ਵੀ ਉਸ ਨੂੰ ਜੜ੍ਹੋਂ ਨਹੀਂ ਪੁੱਟ ਸਕੇ, ਉਨ੍ਹਾਂ ਦੇ ਵਿਚਾਰਾਂ ਨੂੰ ਸਕੀਆਂ ਨਹੀਂ ਸਕੇ।

ਉਹ ਰਵਿਦਾਸ ਬਾਣੀ ਵਿਚ ਲਿਖਦੇ ਹਨ, ‘‘ਭਾਰਤ ਦਾ ਆਕਾਸ਼ ਸੰਤਾਂ ਦੇ ਸਿਤਾਰਿਆਂ ਨਾਲ ਭਰਿਆ ਪਿਆ ਹੈ। ਅਨੰਤ ਆਨੰਤ ਸਿਤਾਰੇ ਹਨ ਹਾਲਾਂਕਿ ਜੋਤ ਸੱਭ ਦੀ ਇਕ ਹੈ। ਸੰਤ ਰਵਿਦਾਸ ਉਨ੍ਹਾਂ ਸੱਭ ਸਿਤਾਰਿਆਂ ਵਿਚੋਂ ਧਰੂ ਤਾਰਾ ਹਨ ਇਸ ਲਈ ਕਿ ਸ਼ੂਦਰ ਦੇ ਘਰ ਵਿਚ ਪੈਦਾ ਹੋ ਕੇ ਵੀ ਕਾਸ਼ੀ ਦੇ ਪੰਡਤਾਂ ਨੂੰ ਵੀ ਮਜਬੂਰ ਕਰ ਦਿਤਾ ਮੰਨਣ ਲਈ। ਪੰਡਤਾਂ ਨੇ ਅਪਣੇ ਸ਼ਾਸਤਰਾਂ ਵਿਚ ਮਹਾਂਵੀਰ ਦਾ ਜ਼ਿਕਰ ਨਹੀਂ ਕੀਤਾ। ਬੁਧ ਦੀਆਂ ਜੜ੍ਹਾਂ ਵੀ ਕੱਟ ਸੁੱਟੀਆਂ, ਬੁੱਧ ਦੇ ਵਿਚਾਰਾਂ ਨੂੰ ਪੁਟ ਸੁਟਿਆ। ਪਰ ਰਵਿਦਾਸ ਵਿਚ ਕੁੱਝ ਗੱਲ ਹੈ ਕਿ ਉਸ ਨੂੰ ਨਹੀਂ ਪੁੱਟ ਸਕੇ, ਨਾ ਹੀ ਕੱਟ ਸਕੇ ਤੇ ਰਵਿਦਾਸ ਨੂੰ ਸਵੀਕਾਰ ਕਰਨਾ ਪਿਆ। ਰਜਨੀਸ਼ ਆਖਦੇ ਹਨ, ‘‘ਬ੍ਰਾਹਮਣਾਂ ਦੀਆਂ ਲਿਖੀਆਂ ਗਈਆਂ ਸਿਮਰਤੀਆਂ ਵਿਚ ਰਵਿਦਾਸ ਮਿਸ਼ਰਤ ਕੀਤੇ ਗਏ। ਚਮਾਰ ਦੇ ਘਰ ਵਿਚ ਪੈਦਾ ਹੋਣ ਤੇ ਵੀ ਬ੍ਰਾਹਮਣਾਂ ਨੇ ਸਵਿਕਾਰ ਕੀਤਾ, ਉਹ ਵੀ ਕਾਸ਼ੀ ਦੇ ਬ੍ਰਾਹਮਣਾਂ ਨੇ ਕਿ ਗੱਲ ਕੁੱਝ ਅਨੋਖੀ ਹੈ, ਨਿਆਰੀ ਹੈ।’’ ‘‘ਮਹਾਂਵੀਰ ਨੂੰ ਸਵਿਕਾਰ ਕਰਨ ਵਿਚ ਅੜਚਨ ਹੈ, ਬੁੱਧ ਨੂੰ ਸਵਿਕਾਰ ਕਰਨ ਵਿਚ ਅੜਚਨ ਹੈ। ਦੋਵੇਂ ਰਾਜਪੁੱਤਰ ਹਨ, ਜਿਨ੍ਹਾਂ ਨੂੰ ਸਵਿਕਾਰ ਕਰਨਾ ਜ਼ਿਆਦਾ ਆਸਾਨ ਹੁੰਦਾ। ਦੋਵੇਂ ਸ਼੍ਰੇਸ਼ਠ ਵਰਣ ਦੇ ਸਨ, ਦੋਵੇਂ ਖਤਰੀ ਸਨ ਪਰ ਉਨ੍ਹਾਂ ਨੂੰ ਸਵਿਕਾਰ ਕਰਨਾ ਮੁਸ਼ਕਲ ਹੋਇਆ। ਰਵਿਦਾਸ ਵਿਚ ਕੁੱਝ ਰਸ ਹੈ, ਕੋਈ ਸੁਗੰਧੀ ਹੈ- ਜੋ ਮਦਹੋਸ਼ ਕਰ ਦੇਵੇ....।’’ 

ਰਵਿਦਾਸ ਦੀ ਬਾਣੀ ਨੇ ਉੱਚਤਾ ਦਾ ਇਮਤਿਹਾਨ ਤਾਂ ਉਸ ਵੇਲੇ ਹੀ ਪਾਸ ਕਰ ਲਿਆ ਸੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾਂ ਵੇਲੇ ਉਸ ਵਿਚ ਰਵਿਦਾਸ ਦੀ ਬਾਣੀ ਸ਼ਾਮਲ ਹੋ ਗਈ। ਇਹ ਸਮੁੱਚੀ ਨਾਨਕ ਬਾਣੀ ਸਮੁੱਚੀ ਮਾਨਵਤਾ ਲਈ ਇਕ ਚਾਨਣ ਮੁਨਾਰਾ, ਇਕ ਧੁਰਾ, ਇਕ ਫ਼ਲਸਫ਼ਾ ਹੈ ਤਾਂ ਨਿਸ਼ਚੇ ਹੀ ਰਵਿਦਾਸ ਬਾਣੀ ਵੀ ਇਸ ਦਾ ਹਿੱਸਾ ਹੈ। ਰਵਿਦਾਸ ਜੀ ਨੇ ਛੇ ਸਦੀਆਂ ਪਹਿਲਾਂ ਕਿੰਨੇ ਸੋਹਣੇ ਸਮਰੱਥ ਲੋਕ ਰਾਜ, ਸਮਾਜਵਾਦ ਤੇ ਖ਼ੁਸ਼ਹਾਲ ਰਾਜ ਦੀ ਕਲਪਨਾ ਕੀਤੀ ਸੀ। ਉਨ੍ਹਾਂ ਤੋਂ ਤਾਂ ਸਦੀਆਂ ਬਾਅਦ ਹੀ ਕਾਰਲ ਮਾਰਕਸ ਦਾ ਸਮਾਜਵਾਦੀ ਫ਼ਲਸਫ਼ਾ ਹੋਂਦ ਵਿਚ ਆਇਆ ਸੀ। ਡਾ. ਅੰਬੇਦਕਰ ਨੇ ਵੀ ਜਾਪਦਾ ਹੈ ਸੰਵਿਧਾਨ ਲਿਖਣ ਮੌਕੇ ਮੁਢਲੇ ਅਧਿਕਾਰ ਦੇਣ ਲਗਿਆਂ ਬੇਗਮਪੁਰੇ ਵਰਗੇ ਦੇਸ਼ ਦੀ ਕਲਪਨਾ ਕੀਤੀ ਹੋਵੇਗੀ। ਇਸੇ ਲਈ ਸੱਭ ਨੂੰ ਬਿਨਾਂ ਜਾਤ, ਰੰਗ, ਨਸਲ, Çਲੰਗ ਭੇਦ ਦੇ ਬਰਾਬਰੀ ਦਾ ਅਧਿਕਾਰ, ਪੜ੍ਹਨ ਲਿਖਣ ਦਾ ਅਧਿਕਾਰ, ਕੋਈ ਵੀ ਕਿੱਤਾ ਅਪਨਾਉਣ ਦਾ ਅਧਿਕਾਰ, ਸਾਰੇ ਦੇਸ਼ ਵਿਚ ਆਜ਼ਾਦੀ ਨਾਲ ਕਿਤੇ ਵੀ ਘੁੰਮਣ ਫਿਰਨ ਦਾ ਅਧਿਕਾਰ ਆਦਿ ਸਾਰੇ ਇਸ ਬੇਗ਼ਮਪੁਰੇ ਵਲ ਹੀ ਤਾਂ ਇਸ਼ਾਰਾ ਕਰ ਰਹੇ ਜਾਪਦੇ ਹਨ। ਜੇ ਇਨ੍ਹਾਂ ਅਧਿਕਾਰਾਂ ਨੂੰ ਇਮਾਨਦਾਰੀ ਨਾਲ ਲਾਗੂ ਕਰ ਦਿਤਾ ਜਾਵੇ ਤਾਂ ਉਹ ਰਵਿਦਾਸ ਜੀ ਦਾ ਬੇਗਮਪੁਰਾ ਹੀ ਵੱਸਣ ਵਰਗਾ ਹੋਵੇਗਾ। 
                                                                      ਫ਼ਤਿਹਜੰਗ ਸਿੰਘ,ਸੰਪਰਕ : 98726-70278